ਕੋਵਿਡ-19 ਪੌਜੀਟਿਵ ਆਉਣ ਤੋਂ ਅੱਠ ਦਿਨਾਂ ਬਾਅਦ, ਰਾਮਲਿੰਗ ਸਨੇਪ ਦੀ ਹਸਤਪਾਲ ਵਿੱਚ ਹੀ ਮੌਤ ਹੋ ਗਈ, ਜਿੱਥੇ ਉਨ੍ਹਾਂ ਦਾ ਕੋਵਿਡ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰ ਉਨ੍ਹਾਂ ਦੀ ਮੌਤ ਦਾ ਕਾਰਨ ਵਾਇਰਸ ਨਹੀਂ ਸੀ।

ਮੌਤ ਤੋਂ ਕੁਝ ਘੰਟੇ ਪਹਿਲਾਂ, 40 ਸਾਲਾ ਰਾਮਲਿੰਗ ਨੇ ਹਸਪਤਾਲ ਤੋਂ ਆਪਣੀ ਪਤਨੀ ਰਾਜੂਬਾਈ ਨੂੰ ਫੋਨ ਕੀਤਾ। ''ਜਦੋਂ ਉਨ੍ਹਾਂ ਨੂੰ ਆਪਣੇ ਇਲਾਜ  ਖ਼ਰਚੇ ਬਾਰੇ ਪਤਾ ਲੱਗਿਆ ਤਾਂ ਉਹ ਰੋਣ ਲੱਗੇ,'' ਉਨ੍ਹਾਂ ਦੇ 23 ਸਾਲਾ ਭਤੀਜਾ ਰਵੀ ਮਾਰੋਲੇ ਦੱਸਦੇ ਹਨ। ''ਉਨ੍ਹਾਂ ਨੂੰ ਜਾਪਿਆ ਜਿਵੇਂ ਹਸਪਤਾਲ ਦਾ ਬਿੱਲ ਭਰਨ ਲਈ ਉਨ੍ਹਾਂ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣੀ ਪੈਣੀ ਹੈ।''

ਰਾਜੂਬਾਈ ਦੇ ਭਰਾ ਪ੍ਰਮੋਦ ਮੋਰਾਲੇ ਦਾ ਕਹਿਣਾ ਹੈ ਕਿ ਰਾਮਲਿੰਗ ਨੂੰ 13 ਮਈ ਨੂੰ ਮਹਾਰਾਸ਼ਟਰ ਦੇ ਬੀਡ ਦੇ ਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਇਲਾਜ ਦਾ ਬਿੱਲ 1.6 ਲੱਖ ਰੁਪਏ ਬਣਾ ਦਿੱਤਾ। ''ਅਸੀਂ ਕਿਸੇ ਤਰ੍ਹਾਂ ਦੋ ਕਿਸ਼ਤਾਂ ਵਿੱਚ ਇਹ ਰਕਮ ਅਦਾ ਕੀਤੀ ਪਰ ਹਸਪਤਾਲ ਵਾਲੇ ਹੋਰ 2 ਲੱਖ ਰੁਪਏ ਮੰਗ ਰਹੇ ਸਨ,'' ਉਹ ਕਹਿੰਦੇ ਹਨ। ''ਉਹ ਪੈਸੇ ਪਰਿਵਾਰ ਕੋਲੋਂ ਮੰਗਣ ਦੀ ਬਜਾਇ ਮਰੀਜ਼ ਤੋਂ ਹੀ ਮੰਗਣ ਲੱਗੇ। ਤੁਸੀਂ ਦੱਸੋ ਮਰੀਜ਼ 'ਤੇ ਬੋਝ ਪਾਉਣ ਦੀ ਕੀ ਲੋੜ ਸੀ?''

ਹਸਪਤਾਲ ਦਾ ਬਿੱਲ, ਜੋ ਪਰਿਵਾਰ ਦੀ ਸਲਾਨਾ ਆਮਦਨੀ ਨਾਲ਼ੋਂ ਕਰੀਬ ਦੋਗੁਣਾ ਸੀ, ਰਾਮਲਿੰਗ ਦੀ ਕਲਪਨਾ ਤੋਂ ਵੀ ਬਾਹਰ ਸੀ। 21 ਮਈ ਨੂੰ ਦੇਰ ਰਾਤ ਉਹ ਕੋਵਿਡ ਵਾਰਡ ਵਿੱਚੋਂ ਬਾਹਰ ਗਏ ਅਤੇ ਹਸਪਤਾਲ ਦੇ ਬਰਾਂਡੇ ਵਿੱਚ ਖੁਦ ਨੂੰ ਫਾਹੇ ਲਾ ਲਿਆ।

20 ਮਈ ਦੀ ਰਾਤ ਜਦੋਂ ਉਨ੍ਹਾਂ ਨੇ ਆਪਣੀ ਪਤਨੀ 35 ਸਾਲਾ ਰਾਜੂਬਾਈ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਆਪਣੇ ਪਤੀ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਆਪਣੀ ਮੋਟਰਸਾਈਕਲ ਵੇਚ ਸਕਦੇ ਹਾਂ ਜਾਂ ਪੱਛਮੀ ਮਹਾਰਾਸ਼ਟਰ ਦੀ ਉਸ ਖੰਡ ਮਿੱਲ ਤੋਂ ਪਾਸੇ ਉਧਾਰ ਚੁੱਕ ਸਕਦੇ ਹਾਂ, ਜਿੱਥੇ ਉਹ ਦੋਵੇਂ ਕੰਮ ਕਰਦੇ ਹਨ। ਉਨ੍ਹਾਂ ਨੇ ਰਾਮਲਿੰਗ ਨੂੰ ਕਿਹਾ ਕਿ ਉਨ੍ਹਾਂ ਦੀ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਪਰ ਰਾਮਲਿੰਗ ਨੂੰ ਸ਼ਾਇਦ ਇੰਨੇ ਪੈਸੇ ਇਕੱਠੇ ਹੋਣ ਨੂੰ ਲੈ ਕੇ ਯਕੀਨ ਨਹੀਂ ਸੀ।

ਰਾਮਲਿੰਗ ਅਤੇ ਰਾਜੂਬਾਈ ਹਰ ਸਾਲ ਪੱਛਮੀ ਮਹਾਰਾਸ਼ਟਰ ਦੇ ਕਮਾਦ ਦੇ ਖੇਤਾਂ ਵਿੱਚ ਕੰਮ ਕਰਨ ਲਈ ਉਹ ਬੀਡ ਜਿਲ੍ਹੇ ਦੇ ਕੈਜ ਤਾਲੁਕਾ ਵਿੱਚ ਪੈਂਦੀ ਆਪਣੀ ਬਸਤੀ ਤੋਂ ਪਲਾਇਨ ਕਰਿਆ ਕਰਦੇ ਸਨ। ਨਵੰਬਰ ਤੋਂ ਅਪ੍ਰੈਲ ਤੱਕ ਹੱਢ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਉਹ 180 ਦਿਨਾਂ ਵਿੱਚ ਰਲ਼ ਕੇ 60,000 ਰੁਪਏ ਕਮਾਉਂਦੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ 8 ਸਾਲ ਤੋਂ 16 ਸਾਲ ਦੇ ਉਨ੍ਹਾਂ ਦੇ ਤਿੰਨੋਂ ਬੱਚੇ, ਆਪਣੇ ਦਾਦੇ ਦੀ ਦੇਖਰੇਖ ਵਿੱਚ ਰਹਿੰਦੇ ਹੁੰਦੇ ਸਨ।

Ravi Morale says they took his uncle Ramling Sanap to a private hospital in Beed because there were no beds in the Civil Hospital
PHOTO • Parth M.N.

ਰਵੀ ਮੋਰਾਲੇ ਦੱਸਦੇ ਹਨ ਕਿ ਉਹ ਆਪਣੇ ਚਾਚਾ ਰਾਮਲਿੰਗ ਸਨੇਪ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਖਾਲੀ ਬੈੱਡ ਨਹੀਂ ਸਨ

ਬੀਡ ਸ਼ਹਿਰ ਤੋਂ 50 ਕਿਲੋਮੀਟਰ ਦੂਰ ਟੰਡਲਾਚਿਵਾੜੀ, ਆਪਣੀ ਬਸਤੀ ਮੁੜਨ ਤੋਂ ਬਾਅਦ, ਰਾਮਲਿੰਗ ਅਤੇ ਰਾਜੂਬਾਈ ਜਵਾਰ, ਬਾਜਰਾ ਅਤੇ ਸੋਇਆਬੀਨ ਉਗਾਉਂਦੇ ਸਨ। ਰਾਮਲਿੰਗ ਵੀ ਹਫ਼ਤੇ ਵਿੱਚ ਤਿੰਨ ਦਿਨ ਵੱਡੇ ਖੇਤਾਂ ਵਿੱਚ ਟਰੈਕਟਰ ਚਲਾ ਕੇ 300 ਰੁਪਏ ਦਿਹਾੜੀ ਕਮਾ ਲੈਂਦੇ ਸਨ।

ਆਪਣਾ ਗੁਜਾਰਾ ਚਲਾਉਣ ਲਈ ਸੰਘਰਸ਼ ਕਰ ਰਹੇ ਪਰਿਵਾਰ ਵਾਸਤੇ ਬੀਮਾਰ ਪਏ ਰਾਮਲਿੰਗ ਦੇ ਇਲਾਜ ਲਈ ਬੀਡ ਦੇ ਸਰਕਾਰੀ ਹਸਪਤਾਲ ਜਾਣਾ ਹੀ ਪਹਿਲਾ ਤੇ ਆਖ਼ਰੀ ਵਿਕਲਪ ਸੀ। ''ਪਰ ਉੱਥੇ ਕੋਈ ਖਾਲੀ ਬੈੱਡ ਨਹੀਂ ਸਨ,'' ਰਵੀ ਕਹਿੰਦੇ ਹਨ। ''ਇਸੇ ਕਰਕੇ ਸਾਨੂੰ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਣਾ ਪਿਆ।''

ਦੂਸਰੀ ਲਹਿਰ ਦੌਰਾਨ ਕਰੋਨਾ ਵਾਇਰਸ ਦੇ ਤੇਜ ਫੈਲਾਅ ਨੇ ਗ੍ਰਾਮੀਣ ਭਾਰਤ ਵਿੱਚ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਨੰਗਿਆ ਕਰ ਦਿੱਤਾ। ਮਿਸਾਲ ਵਜੋਂ, ਬੀਡ ਅੰਦਰ ਜਿਲ੍ਹੇ ਦੀ 26 ਲੱਖ ਦੀ ਅਬਾਦੀ ਦੀ ਸੇਵਾ ਵਿੱਚ ਸਿਰਫ਼ ਦੋ ਸਰਕਾਰੀ ਹਸਪਤਾਲ ਮੌਜੂਦ ਹਨ।

ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਰੋਗੀਆਂ ਦੀ ਸੰਖਿਆ ਦੀ ਬਹੁਲਤਾ ਕਾਰਨ, ਲੋਕਾਂ ਨੂੰ ਨਿੱਜੀ ਹਸਪਤਾਲਾਂ ਦਾ ਰਾਹ ਫੜ੍ਹਨਾ ਪੈਂਦਾ ਹੈ,ਭਾਵੇਂ ਉਹ ਇਨ੍ਹਾਂ ਦਾ ਖ਼ਰਚਾ ਨਾ ਵੀ ਝੱਲ ਸਕਦੇ ਹੋਣ।

ਕਈ ਲੋਕਾਂ ਲਈ, ਇੱਕ ਵਾਰ ਦੀ ਐਮਰਜੈਂਸੀ ਨੇ ਉਨ੍ਹਾਂ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ।

ਸੰਯੁਕਤ ਰਾਜ ਅਧਾਰਤ ਪਿਊ ਰਿਸਰਚ ਸੈਂਟਰ ਦੀ ਮਾਰਚ 2021 ਵਿੱਚ ਛਪੀ ਰਿਪੋਰਟ ਕਹਿੰਦੀ ਹੈ,''ਕੋਵਿਡ-19 ਕਾਰਨ ਛਾਈ ਮੰਦੀ ਦੇ ਸਦਕਾ ਭਾਰਤ ਵਿੱਚ ਗਰੀਬ ਲੋਕਾਂ ਦੀ ਸੰਖਿਆ (ਰੋਜਾਨਾ $2 ਤੋਂ ਘੱਟ/ਜਾਂ ਇੰਨੀ ਆਮਦਨੀ ਵਾਲੇ) ਵਿੱਚ 75 ਮਿਲੀਅਨ ਦਾ ਵਾਧਾ ਹੋਣ ਦਾ ਅਨੁਮਾਨ ਹੈ।'' ਭਾਰਤ ਅੰਦਰ 2020 ਵਿੱਚ ਇਸ ਤਬਕੇ ਅਤੇ ਮੱਧ ਵਰਗ ਦੇ ਸੁੰਗੜਨ ਦਾ ਅੰਦਾਜਾ 32 ਮਿਲੀਅਨ ਹੈ, ਜੋ ਕਿ ਵਿਸ਼ਵ-ਵਿਆਪੀ ਗਰੀਬੀ ਦਾ 60 ਫੀਸਦੀ ਹੈ।

ਮਹਾਂਮਾਰੀ ਦਾ ਅਸਰ ਖਾਸ ਤੌਰ 'ਤੇ ਬੀਡ ਅਤੇ ਓਸਮਾਨਾਬਾਦ ਵਿੱਚ ਵੱਧ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਕਿ ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ ਦੇ ਗੁਆਂਢੀ ਜਿਲ੍ਹੇ ਹਨ ਜੋ ਪਹਿਲਾਂ ਤੋਂ ਹੀ ਜਲਵਾਯੂ ਪਰਿਵਰਤਨ, ਪਾਣੀ ਦੀ ਘਾਟ ਅਤੇ ਖੇਤੀ ਸੰਕਟ ਦਾ ਟਾਕਰਾ ਕਰ ਰਹੇ ਹਨ ਅਤੇ ਹੁਣ ਕੋਵਿਡ ਨਾਲ਼ ਦੋ ਹੱਥ ਹੋ ਰਹੇ ਹਨ। 20 ਜੂਨ 2021 ਤੱਕ, ਬੀਡ ਅੰਦਰ 91,600 ਕੋਵਿਡ ਕੇਸ ਦਰਜ ਹੋਏ ਅਤੇ 2,450 ਮੌਤਾਂ ਹੋਈਆਂ ਅਤੇ ਓਸਮਾਨਾਬਾਦ ਵਿੱਚ ਕਰੀਬ 61,000 ਕੇਸ ਆਏ ਅਤੇ 1,500 ਤੋਂ ਵੱਧ ਮੌਤਾਂ ਹੋਈਆਂ।

Left: A framed photo of Vinod Gangawane. Right: Suresh Gangawane fought the hospital's high charges when his brother was refused treatment under MJPJAY
PHOTO • Parth M.N.
Suvarna Gangawane (centre) with her children, Kalyani (right) and Samvidhan

ਖੱਬੇ : ਵਿਨੋਦ ਗੰਗਵਨੇ ਦੀ ਫਰੇਮ ਕੀਤੀ ਫੋਟੋ। ਸੱਜੇ : ਸੁਵਰਨਾ ਗੰਗਵਨੇ (ਵਿਚਕਾਰ) ਆਪਣੇ ਬੱਚਿਆਂ, ਕਲਿਆਣੀ (ਸੱਜੇ) ਅਤੇ ਸਮਵਿਧਾਨ ਦੇ ਨਾਲ਼

ਹਾਲਾਂਕਿ ਕਾਗ਼ਜ਼ਾਂ ਵਿੱਚ ਤਾਂ ਗ਼ਰੀਬਾਂ ਦਾ ਖਿਆਲ ਰੱਖਿਆ ਹੀ ਜਾ ਰਿਹਾ ਹੈ।

ਮਹਾਰਾਸ਼ਟਰ ਸਰਕਾਰ ਨੇ ਨਿੱਜੀ ਹਸਪਤਾਲਾਂ ਦੀ ਫੀਸ ਦੀ ਇੱਕ ਸੀਮਾ ਤੈਅ ਕੀਤੀ ਹੈ ਤਾਂਕਿ ਇਹ ਯਕੀਨੀ ਬਣਾਇਆ ਜਾਵੇ ਤਾਂਕਿ ਕੋਵਿਡ ਮਰੀਜਾਂ ਦੇ ਇਲਾਜ ਵਿੱਚ ਉਨ੍ਹਾਂ ਦੀ ਬੱਚਤ ਦੇ ਪੂਰੇ ਪੈਸੇ ਨਾ ਖ਼ਰਚ ਹੋ ਜਾਣ। ਹਸਪਤਾਲਾਂ ਨੂੰ ਸਧਾਰਣ ਵਾਰਡ ਦੇ ਇੱਕ ਦਿਨ ਦੇ ਬਿਸਤਰੇ ਲਈ 4000 ਰੁਪਏ, ਆਈਸੀਯੂ ਦੇ ਬੈੱਡ ਲਈ 7,500 ਅਤੇ ਆਈਸੀਯੂ ਦੇ ਵੈਂਟੀਲੇਟਰ ਬੈੱਡ ਲਈ 9,000 ਰੁਪਏ ਤੋਂ ਵੱਧ ਪੈਸੇ ਉਗਰਾਹੁਣ ਦੀ ਆਗਿਆ ਨਹੀਂ।

ਰਾਜ ਸਿਹਤ ਬੀਮਾ ਯੋਜਨਾ-ਮਹਾਤਮਾ ਜਯੋਤਿਰਾਓ ਫੂਲੇ ਜਨ ਅਰੋਗਯ ਯੋਜਨਾ (MJPJAY) 2.5 ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚਾ ਕਵਰ ਕਰਦੀ ਹੈ। ਇਸ ਯੋਜਨਾ ਦੇ ਲਾਭਪਾਤਰੀ ਪਰਿਵਾਰ ਉਹ ਹਨ ਜਿਨ੍ਹਾਂ ਦੀ ਸਲਾਨਾ ਆਮਦਨੀ 1 ਲੱਖ ਰੁਪਏ ਤੋਂ ਵੀ ਘੱਟ ਹੈ ਅਤੇ ਖੇਤੀ ਸੰਕਟ ਦਾ ਸਾਹਮਣਾ ਕਰਨ ਵਾਲ਼ੇ 14 ਜਿਲ੍ਹੇ ਜਿਵੇਂ ਬੀਡ ਤੇ ਓਸਮਾਨਾਬਾਦ ਦੇ ਪਰਿਵਾਰ ਵੀ ਸ਼ਾਮਲ ਹਨ। MJPJAY ਨੈੱਟਵਰਕ ਵਿੱਚ 447 ਜਨਤਕ ਅਤੇ ਨਿੱਜੀ ਹਸਤਪਾਲ ਸ਼ਾਮਲ ਹਨ ਜੋ ਇਸ ਯੋਜਨਾ ਤਹਿਤ ਪਛਾਣੀਆਂ ਗਈਆਂ ਬੀਮਾਰੀਆਂ ਅਤੇ ਓਪਰੇਸ਼ਨ ਸਬੰਧੀ ਪ੍ਰਕਿਰਿਆਵਾਂ ਦਾ ਮੁਫ਼ਤ ਇਲਾਜ ਕਰਦੇ ਹਨ।

ਪਰ ਅਪ੍ਰੈਲ ਮਹੀਨ ਵਿੱਚ, ਓਸਮਾਨਾਬਾਦ ਦੇ ਚਿਰਾਊ ਹਸਪਤਾਲ ਨੇ MJPJAY ਤਹਿਤ 48 ਸਾਲਾ ਵਿਨੋਦ ਗੰਗਵਨੇ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ''ਗੱਲ ਅਪ੍ਰੈਲ ਦੇ ਪਹਿਲੇ ਹਫ਼ਤੇ ਦੀ ਹੈ ਜਦੋਂ ਓਸਮਾਨਾਬਾਦ ਵਿੱਚ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ। ਕਿਤੇ ਵੀ ਬੈੱਡ ਲੱਭਣਾ ਬਹੁਤ ਮੁਸ਼ਕਲ ਹੋ ਰਿਹਾ ਸੀ,'' ਵਿਨੋਦ ਨੂੰ ਨਿੱਜੀ ਹਸਪਤਾਲ ਲਿਜਾਣ ਵਾਲੇ ਉਨ੍ਹਾਂ ਦੇ 50 ਸਾਲਾ ਭਰਾ ਸੁਰੇਸ਼ ਗੰਗਵਨੇ ਕਹਿੰਦੇ ਹਨ। ''ਚਿਰਾਊ ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ,'ਸਾਡੇ ਕੋਲ਼ ਇਹ ਯੋਜਨਾ ਨਹੀਂ ਹੈ, ਇਸਲਈ ਸਾਨੂੰ ਦੱਸੋ ਕਿ ਤੁਹਾਨੂੰ ਬੈੱਡ ਦੀ ਲੋੜ ਹੈ ਜਾਂ ਨਹੀਂ।' ਉਸ ਸਮੇਂ, ਅਸੀਂ ਘਬਰਾਏ ਹੋਏ ਸਾਂ ਇਸਲਈ ਅਸੀਂ ਉਨ੍ਹਾਂ ਨੂੰ ਇਲਾਜ ਸ਼ੁਰੂ ਕਰਨ ਲਈ ਕਹਿ ਦਿੱਤਾ।''

ਜਦੋਂ ਓਸਮਾਨਾਬਾਦ ਦੇ ਜ਼ਿਲ੍ਹਾ ਪਰਿਸ਼ਦ ਵਿੱਚ ਕੰਮ ਕਰਨ ਵਾਲ਼ੇ ਸੁਰੇਸ਼ ਨੇ ਸੁਤੰਤਰ ਰੂਪ ਵਿੱਚ ਜਾਂਚ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਹਸਪਤਾਲ  MJPJAY ਯੋਜਨਾ ਨਾਲ਼ ਜੁੜਿਆ ਹੋਇਆ ਸੀ। ''ਮੈਂ ਇਸ ਸਬੂਤ ਨੂੰ ਆਪਣੇ ਨਾਲ਼ ਲੈ ਗਿਆ ਤਾਂ ਹਸਪਤਾਲ ਵਾਲ਼ਿਆਂ ਨੇ ਮੈਨੂੰ ਪੁੱਛਿਆ ਕਿ ਮੈਨੂੰ ਯੋਜਨਾ ਚਾਹੀਦੀ ਹੈ ਜਾਂ ਆਪਣਾ ਭਰਾ,'' ਉਹ ਕਹਿੰਦੇ ਹਨ। ''ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੇਕਰ ਅਸੀਂ ਨਿਰੰਤਰ ਬਿੱਲ ਜਮ੍ਹਾ ਨਾ ਕਰਵਾਏ ਤਾਂ ਉਹ ਇਲਾਜ ਬੰਦ ਕਰ ਦੇਣਗੇ।''

Left: A framed photo of Vinod Gangawane. Right: Suresh Gangawane fought the hospital's high charges when his brother was refused treatment under MJPJAY
PHOTO • Parth M.N.

ਜਦੋਂ ਹਸਪਤਾਲ ਨੇ MJPJAY ਦੇ ਤਹਿਤ ਉਨ੍ਹਾਂ ਦੇ ਭਰਾ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਸੁਰੇਸ਼ ਗੰਗਵਾਨੇ ਨੇ ਹਸਤਪਾਲ ਦੁਆਰਾ ਉਗਰਾਹੇ ਵਾਧੂ ਬਿੱਲ ਖਿਲਾਫ਼ ਅਵਾਜ਼ ਚੁੱਕੀ

ਓਸਮਾਨਾਬਾਦ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਚਾਰ ਏਕੜ ਦੇ ਮਾਲਕ ਗੰਗਵਨੇ ਪਰਿਵਾਰ ਨੇ ਵਿਨੋਦ ਦੇ 20 ਦਿਨਾਂ ਦੇ ਇਲਾਜ ਵਿੱਚ ਦਵਾਈਆਂ, ਲੈਬ ਟੈਸਟ ਅਤੇ ਹਸਪਤਾਲ ਦੇ ਬੈੱਡ ਲਈ 3.5 ਲੱਖ ਰੁਪਏ ਅਦਾ ਕੀਤੇ। ਜਦੋਂ 26 ਅਪ੍ਰੈਲ ਨੂੰ ਵਿਨੋਦ ਦੀ ਮੌਤ ਹੋਈ ਤਾਂ ਹਸਪਤਾਲ ਨੇ ਸਾਡੇ ਕੋਲ਼ੋਂ ਹੋਰ 2 ਲੱਖ ਰੁਪਏ ਦੀ ਮੰਗ ਕੀਤੀ, ਸੁਰੇਸ਼ ਦੱਸਦੇ ਹਨ, ਜਿਨ੍ਹਾਂ ਨੇ ਉਹ ਰਾਸ਼ੀ ਦੇਣ ਤੋਂ ਮਨ੍ਹਾ ਕਰ ਦਿੱਤਾ। ਹਸਪਤਾਲ ਦੇ ਸਟਾਫ਼ ਅਤੇ ਉਨ੍ਹਾਂ ਵਿਚਕਾਰ ਵਿਵਾਦ ਖੜ੍ਹਾ ਹੋ ਗਿਆ। ''ਮੈਂ ਕਿਹਾ ਮੈਂ ਲਾਸ਼ ਨਹੀਂ ਲਿਜਾਵਾਂਗਾ,'' ਉਨ੍ਹਾਂ ਨੇ ਦੱਸਿਆ। ਵਿਨੋਦ ਦੀ ਲਾਸ਼ ਪੂਰਾ ਦਿਨ ਹਸਪਤਾਲ ਵਿੱਚ ਹੀ ਪਈ ਰਹੀ ਜਦੋਂ ਤੱਕ ਕਿ ਹਸਪਤਾਲ ਨੇ ਪੈਸੇ ਦੀ ਆਪਣੀ ਮੰਗ ਵਾਪਸ ਨਹੀਂ ਲੈ ਲਈ।

ਚਿਰਾਊ ਹਸਪਤਾਲ ਦੇ ਮਾਲਕ ਡਾ. ਵਰਿੰਦਰ ਗਾਵਲੇ ਕਹਿੰਦੇ ਹਨ ਕਿ ਵਿਨੋਦ ਨੂੰ ਸਿਹਤ ਬੀਮਾਰ ਸਕੀਮ ਤਹਿਤ ਦਾਖਲ ਨਹੀਂ ਕੀਤਾ ਗਿਆ ਸੀ ਕਿਉਂਕਿ ਸੁਰੇਸ਼ ਨੇ ਉਨ੍ਹਾਂ ਦਾ ਅਧਾਰ ਕਾਰਡ ਜਮ੍ਹਾ ਨਹੀਂ ਕਰਵਾਇਆ। ਇਹ ਗੱਲ ਸੱਚ ਨਹੀਂ ਹੈ, ਸੁਰੇਸ਼ ਕਹਿੰਦੇ ਹਨ: ''ਹਸਪਤਾਲ ਨੇ  MJPJAY ਬਾਰੇ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।''

ਡਾ. ਗਾਵਲੇ ਕਹਿੰਦੇ ਹਨ ਕਿ ਚਿਰਾਊ ਵਿਖੇ  ਬੁਨਿਆਦੀ ਸੁਵਿਧਾਵਾਂ ਹਨ। ''ਪਰ ਜਦੋਂ ਮਾਮਲੇ ਵੱਧਣੇ ਸ਼ੁਰੂ ਹੋਏ, ਤਾਂ ਪ੍ਰਸ਼ਾਸਨ (ਜਿਲ੍ਹਾ) ਨੇ ਸਾਨੂੰ ਕੋਵਿਡ ਮਰੀਜ਼ ਦਾਖਲ ਕਰਨ ਦੀ ਬੇਨਤੀ ਕੀਤੀ। ਮੈਨੂੰ ਮੌਖਿਕ ਰੂਪ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ ਜਾਵੇ,'' ਉਹ ਕਹਿੰਦੇ ਹਨ।

ਇਸਲਈ ਜਦੋਂ ਵਿਨੋਦ ਦੇ ਭਰਤੀ ਹੋਣ ਤੋਂ 12-15 ਦਿਨਾਂ ਬਾਅਦ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਤਾਂ ਡਾ. ਗਾਵਲੇ ਮੁਤਾਬਕ ਉਨ੍ਹਾਂ ਨੇ ਪਰਿਵਾਰ ਨੂੰ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ''ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ 25 ਅਪ੍ਰੈਲ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ।''

ਸੁਰੇਸ਼ ਦਾ ਕਹਿਣਾ ਹੈ ਕਿ ਵਿਨੋਦ ਨੂੰ ਕਿਸੇ ਦੂਸਰੇ ਹਸਪਤਾਲ ਲਿਜਾਣ ਦਾ ਮਤਲਬ ਸੀ ਓਸਮਾਨਾਬਾਦ ਵਿੱਚ ਇੱਕ ਹੋਰ ਆਕਸੀਜਨ ਬੈੱਡ ਦਾ ਤਲਾਸ਼ ਕਰਨਾ। ਪਰਿਵਾਰ ਤਾਂ ਇੱਕ ਹਫਤੇ ਤੋਂ ਪਹਿਲਾਂ ਹੀ ਸਦਮੇ ਵਿੱਚੋਂ ਲੰਘ ਰਿਹਾ ਸੀ। ਵਿਨੋਦ ਅਤੇ ਸੁਰੇਸ਼ ਦੇ 75 ਸਾਲਾ ਪਿਤਾ, ਵਿਠਾਲ ਗੰਗਵਨੇ ਦੀ ਕੁਝ ਦਿਨ ਪਹਿਲਾਂ ਹੀ ਕੋਵਿਡ-19 ਕਾਰਨ ਮੌਤ ਹੋ ਗਈ ਸੀ। ਪਰ ਪਰਿਵਾਰ ਨੇ ਵਿਨੋਦ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। 40 ਸਾਲਾ ਵਿਨੋਦ ਦੀ ਪਤਨੀ ਸੁਵਰਣਾ ਕਹਿੰਦੀ ਹਨ, ''ਉਹ ਤਾਂ ਪਹਿਲਾਂ ਤੋਂ ਹੀ ਡਰੇ ਹੋਏ ਸਨ। ਜਦੋਂ ਉਨ੍ਹਾਂ ਦੇ ਵਾਰਡ ਵਿੱਚ ਕਿਸੇ ਮਰੀਜ਼ ਦੀ ਮੌਤ ਹੁੰਦੀ ਤਾਂ ਉਹ ਪਰੇਸ਼ਾਨ ਹੋ ਉੱਠਦੇ।''

The Gangawane family at home in Osmanabad. From the left: Suvarna, Kalyani, Lilawati and Suresh with their relatives
PHOTO • Parth M.N.

ਓਸਮਾਨਾਬਾਦ ਵਿੱਚ ਆਪਣੇ ਘਰੇ ਗੰਗਵਾਨੇ ਪਰਿਵਾਰ। ਖੱਬੇ ਪਾਸਿਓ : ਸੁਵਰਣਾ, ਕਲਿਆਣੀ, ਲੀਲਾਵਤੀ, ਸੁਰੇਸ਼, ਸਮਵੀਧਾਨ ਅਤੇ ਇੱਕ ਪਰਿਵਾਰਕ ਮਿੱਤਰ

ਵਿਨੋਦ ਦੀ 15 ਸਾਲਾ ਧੀ ਕਲਿਆਣੀ ਕਹਿੰਦੀ ਹਨ ਕਿ ਉਹ ਹਰ ਵਾਰ ਆਪਣੇ ਪਿਤਾ ਨੂੰ ਮਿਲ਼ਣ ਲਈ ਕਹਿੰਦੇ ਰਹਿੰਦੇ ਸਨ। ''ਪਰ ਹਰ ਵਾਰ ਸਾਨੂੰ ਕੋਈ ਝੂਠਾ ਬਹਾਨਾ ਬਣਾਉਂਦਾ ਪੈਂਦਾ। ਉਨ੍ਹਾਂ ਦੀ ਮੌਤ ਤੋਂ ਦੋ ਦਿਨ ਪਹਿਲਾਂ ਅਸੀਂ ਆਪਣੀ ਦਾਦੀ ਮਾਂ ਨੂੰ ਉਨ੍ਹਾਂ ਨੇ ਬੇਟੇ ਨਾਲ਼ ਮਿਲਵਾਉਣ ਲੈ ਗਏ ਤਾਂ ਕਿ ਉਹ ਪਾਪਾ ਨੂੰ ਦੇਖ ਸਕਣ।''

ਆਪਣੀ ਫੇਰੀ ਦੌਰਾਨ, ਲੀਲਾਵਤੀ (ਵਿਨੋਦ ਦੀ ਮਾਂ) ਨੇ ਆਪਣੇ ਮੱਥੇ 'ਤੇ ਬਿੰਦੀ ਵੀ ਲਗਾਈ- ਹਾਲਾਂਕਿ ਹਿੰਦੂ ਵਿਧਵਾ ਔਰਤ ਲਈ ਇਸ ਦੀ ਆਗਿਆ ਨਹੀਂ। ''ਅਸੀਂ ਉਹਨੂੰ ਕੋਈ ਸ਼ੱਕ ਨਹੀਂ ਪਵਾਉਣਾ ਚਾਹੁੰਦੇ ਸਾਂ,'' ਉਹ ਕਹਿੰਦੀ ਹਨ, ਜੋ ਥੋੜ੍ਹੇ ਹੀ ਦਿਨਾਂ ਵਿੱਚ ਆਪਣੇ ਪਤੀ ਅਤੇ ਬੇਟੇ ਨੂੰ ਗੁਆਉਣ ਦੀ ਤਬਾਹੀ ਝੱਲ ਰਹੀ ਹਨ।

ਗ੍ਰਹਿਣੀ, ਸੁਵਰਣਾ ਕਹਿੰਦੀ ਹਨ ਕਿ ਪਰਿਵਾਰ ਨੂੰ ਮਾਲੀ ਹਾਲਤ ਵਿੱਚੋਂ ਨਿਕਲ਼ਣ ਲਈ ਸੰਘਰਸ਼ ਕਰਨਾ ਪਵੇਗਾ। ''ਮੈਂ ਆਪਣੇ ਗਹਿਣੇ ਵੇਚ ਦਿੱਤੇ ਅਤੇ ਆਪਣੇ ਪਰਿਵਾਰ ਦੀ ਸਾਰੀ ਜਮ੍ਹਾਂ ਪੂੰਜੀ ਹਸਪਤਾਲ ਦਾ ਬਿੱਲ ਚਕਾਉਣ ਵਿੱਚ ਖਰਚ ਹੋ ਗਈ,'' ਉਹ ਕਹਿੰਦੀ ਹਨ ਕਿ ਕਲਿਆਣੀ ਇੱਕ ਡਾਕਟਰ ਬਣਨਾ ਚਾਹੁੰਦੀ ਹੈ। ''ਮੈਂ ਉਹਦੇ ਸੁਪਨੇ ਕਿਵੇਂ ਪੂਰੇ ਕਰਾਂ? ਜੇ ਹਸਪਤਾਲ ਨੇ ਸਾਨੂੰ ਯੋਜਨਾ ਦਾ ਲਾਭ ਦਿੱਤਾ ਹੁੰਦਾ ਤਾਂ ਮੇਰੀ ਧੀ ਦਾ ਭਵਿੱਖ ਖਤਰੇ ਵਿੱਚ ਨਾ ਪੈਂਦਾ।''

ਜਿਲ੍ਹੇ ਵਿੱਚ ਯੋਜਨਾ ਦੇ ਕੋਆਰਡੀਨੇਟਰ ਵਿਜੈ ਭੁਤੇਕਰ ਦਾ ਕਹਿਣਾ ਹੈ ਕਿ 1 ਮਈ ਤੋਂ 12 ਮਈ ਤੱਕ MJPJAY ਦੇ ਤਹਿਤ ਓਸਮਾਨਾਬਾਦ ਦੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ-19 ਦੇ ਸਿਰਫ਼ 82 ਮਰੀਜਾਂ ਦਾ ਹੀ ਇਲਾਜ ਕੀਤਾ ਗਿਆ। ਬੀਡ ਜਿਲ੍ਹੇ ਦੇ ਕੋਆਰਡੀਨੇਟਰ ਅਸ਼ੋਕ ਗਾਇਕਵੜ ਕਹਿੰਦੇ ਹਨ ਕਿ 17 ਅਪ੍ਰੈਲ ਤੋਂ 27 ਮਈ ਤੱਕ ਉੱਥੇ ਦੇ ਨਿੱਜੀ ਹਸਪਤਾਲਾਂ ਵਿੱਚ 179 ਮਰੀਜਾਂ ਨੂੰ ਯੋਜਨਾ ਦਾ ਲਾਭ ਮਿਲ਼ਿਆ। ਇਹ ਅੰਕੜੇ ਹਸਪਤਾਲਾਂ ਵਿੱਚ ਭਰਤੀ ਮਰੀਜਾਂ ਦੀ ਕੁੱਲ ਸੰਖਿਆ ਦਾ ਇੱਕ ਛੋਟਾ ਜਿਹਾ ਅੰਸ਼ ਹੈ।

ਬੀਡ ਦੇ ਅੰਬੇਜੋਗਾਈ ਕਸਬੇ ਵਿੱਚ ਸਥਿਤ ਗ੍ਰਾਮੀਣ ਵਿਕਾਸ ਸੰਗਠਨ ਮਾਨਵਲੋਕ ਦੇ ਸਕੱਤਰ ਅਨੀਕੇਤ ਲੋਹੀਆ ਦਾ ਕਹਿਣਾ ਹੈ ਕਿ ਜਨਤਕ ਸਿਹਤ ਢਾਂਚੇ ਨੂੰ ਸੁਧਾਰਣ ਅਤੇ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂਕਿ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਖੁਆਰ ਨਾ ਹੋਣਾ ਪਵੇ। ''ਸਾਡੇ ਪ੍ਰਾਥਮਿਕ ਦੇਖਭਾਲ਼ ਕੇਂਦਰ (ਪੀਐੱਚਸੀ) ਅਤੇ ਗ੍ਰਾਮੀਣ ਉਪ-ਕੇਂਦਰ ਸਟਾਫ ਦੀ ਘਾਟ ਦੇ ਮਾਰੇ ਹਨ, ਇਸਲਈ ਲੋਕਾਂ ਨੂੰ ਸਿਹਤ ਸਬੰਧੀ ਚੰਗੀ ਦੇਖਭਾਲ਼ ਨਹੀਂ ਮਿਲ਼ਦੀ,'' ਉਹ ਕਹਿੰਦੇ ਹਨ।

Ever since the outbreak of coronavirus in March 2020, the MJPJAY office in Mumbai has received 813 complaints from across Maharashtra – most of them against private hospitals. So far, 186 complaints have been resolved and the hospitals have returned a total of Rs. 15 lakhs to the patients
PHOTO • Parth M.N.

ਰਾਗਿਨੀ ਫਾਡਕੇ ਅਤੇ ਮੁਕੰਦਰਾਜ

ਮਾਰਚ 2020 ਵਿੱਚ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਬਾਅਦ, ਮੁੰਬਈ ਸਥਿਤ MJPJAY ਦਫ਼ਤਰ ਨੂੰ ਪੂਰੇ ਮਹਾਰਾਸ਼ਟਰ ਵਿੱਚੋਂ 813 ਸ਼ਿਕਾਇਤਾਂ ਮਿਲ਼ੀਆਂ ਹਨ- ਜਿਨ੍ਹਾਂ ਵਿੱਚੋਂ ਬਹੁਤੇਰੀਆਂ ਨਿੱਜੀ ਹਸਪਤਾਲਾਂ ਬਾਰੇ ਸਨ। ਹੁਣ ਤੱਕ ਉਨ੍ਹਾਂ ਵਿੱਚੋਂ 186 ਸ਼ਿਕਾਇਤਾਂ ਦਾ ਹੱਲ ਕੱਢਿਆ ਜਾ ਚੁੱਕਿਆ ਹੈ ਅਤੇ ਹਸਪਤਾਲਾਂ ਨੇ ਮਰੀਜਾਂ ਦੇ ਕੁੱਲ 15 ਲੱਖ ਰੁਪਏ ਵਾਪਸ ਕਰ ਦਿੱਤੇ ਹੋਏ ਹਨ।

''ਇੱਥੋਂ ਤੱਕ ਕਿ ਵੱਡੇ ਜਨਤਕ (ਸਰਕਾਰੀ)ਹਸਪਤਾਲ ਸਟਾਫ਼ ਦੀ ਘਾਟ ਦੇ ਮਾਰੇ ਹੋਏ ਹਨ ਅਤੇ  ਡਾਕਟਰਾਂ ਅਤੇ ਨਰਸਾਂ ਵੀ ਮਰੀਜਾਂ ਵੱਲ ਓਨਾ ਧਿਆਨ ਨਹੀਂ ਦੇ ਪਾਉਂਦੇ ਜਿੰਨਾ ਧਿਆਨ ਉਨ੍ਹਾਂ ਨੂੰ ਦਿੱਤੇ ਜਾਣ ਦੀ ਲੋੜ ਹੈ,'' ਲੋਹੀਆ ਕਹਿੰਦੇ ਹਨ। ''ਕਈ ਮਾਮਲਿਆਂ ਵਿੱਚ, ਲੋਕ ਨਿੱਜੀ ਹਸਪਤਾਲਾਂ ਦਾ ਰਾਹ ਫੜ੍ਹਦੇ ਹਨ ਭਾਵੇਂ ਉਹ ਉਨ੍ਹਾਂ ਨੂੰ ਝੱਲ ਨਹੀਂ ਸਕਦੇ ਕਿਉਂਕਿ ਜਨਤਕ ਹਸਪਤਾਲ ਉਨ੍ਹਾਂ 'ਤੇ ਭਰੋਸਾ ਨਹੀਂ ਕਰਦੇ ਹਾਂ।''

ਇਸਲਈ ਮਈ ਵਿੱਚ ਜਦੋਂ ਵਿਠਾਲ ਫਾਡਕੇ ਕੋਵਿਡ ਲੱਛਣਾਂ ਕਰਕੇ ਬੀਮਾਰ ਪੈ ਗਏ ਤਾਂ ਉਨ੍ਹਾਂ ਨੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਬਿਸਤਰਾ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਉੱਥੇ ਦੋ ਦਿਨ ਪਹਿਲਾਂ ਉਨ੍ਹਾਂ ਦੇ ਭਰਾ ਲਕਸ਼ਮਣ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕੋਵਿਡ ਦੇ ਕਾਰਨ ਨਿਮੋਨੀਆ ਹੋ ਗਿਆ ਸੀ।

ਲਕਸ਼ਮਣ ਨੂੰ ਅਪ੍ਰੈਲ 2021 ਦੇ ਅੰਤ ਵਿੱਚ ਆਪਣੇ ਅੰਦਰ ਕੋਵਿਡ ਦੇ ਲੱਛਣ ਦਿਖਾਈ ਦੇਣ ਲੱਗੇ। ਜਦੋਂ ਉਨ੍ਹਾਂ ਦੀ ਸਿਹਤ ਤੇਜੀ ਨਾਲ਼ ਵਿਗੜਨ ਲੱਗੀ, ਤਾਂ ਵਿਠਲ ਉਨ੍ਹਾਂ ਨੂੰ ਆਪਣੇ ਹੋਮਟਾਊਨ ਪਾਰਲੀ ਤੋਂ 25 ਕਿਲੋਮੀਟਰ ਦੂਰ ਅੰਬੇਜੋਗਾਈ ਵਿੱਚ ਸਵਾਮੀ ਰਾਮਾਨੰਦ ਤੀਰਥ ਗ੍ਰਾਮੀਣ ਸਰਕਾਰੀ ਮੈਡੀਕਲ ਕਾਲਜ (SRTRMCA) ਲੈ ਗਏ। ਲਕਸ਼ਮਣ ਦੋ ਦਿਨਾਂ ਤੱਕ ਹਸਪਤਾਲ ਵਿੱਚ ਰਹੇ।

ਸਰਕਾਰੀ ਹਸਪਤਾਲ ਵਿੱਚ ਭਰਾ ਦੀ ਮੌਤ ਤੋਂ ਡਰੇ ਵਿਠਲ ਨੇ ਨਿੱਜੀ ਹਸਪਤਾਲ ਦਾ ਰਾਹ ਫੜ੍ਹਿਆ , ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਔਖਿਆਈ ਹੋਣੀ ਸ਼ੁਰੂ ਹੋਈ। ''ਇਹ ਹਸਪਤਾਲ ਵਿੱਚ (SRTRMCA) ਵਿੱਚ ਰੋਜਾਨਾ ਆਕਸੀਜਨ ਦੀ ਕਿੱਲਤ ਨਾਲ਼ ਜੂਝ ਰਿਹਾ ਹੈ। ਜਦੋਂ ਤੱਕ ਤੁਸੀਂ ਚੀਕਦੇ ਨਹੀਂ, ਓਨਾ ਚਿਰ ਡਾਕਟਰ ਅਤੇ ਸਟਾਫ਼ ਮਰੀਜ਼ ਵੱਲ ਧਿਆਨ ਨਹੀਂ ਦਿੰਦੇ। ਉਹ ਇੱਕੋ ਵਾਰ ਵਿੱਚ ਕਈ ਰੋਗੀਆਂ ਨੂੰ ਦੇਖਦੇ ਹਨ,'' ਲਕਸ਼ਮਣ ਦੀ ਪਤਨੀ 28 ਸਾਲਾ ਰਾਗਿਨੀ ਕਹਿੰਦੀ ਹਨ। ''ਲੋਕ ਇਸ ਵਾਇਰਸ ਤੋਂ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਤਵੱਜੋ ਦੀ ਲੋੜ ਹੈ। ਉਨ੍ਹਾਂ ਨੂੰ ਅਜਿਹੇ ਡਾਕਟਰਾਂ ਦੀ ਲੋੜ ਹੈ ਜੋ ਉਨ੍ਹਾਂ ਦਾ ਯਕੀਨ ਪਕੇਰਾ ਕਰ ਸਕਣ। ਇਸਲਈ ਵਿੱਠਲ ਨੇ (ਇਲਾਜ ਲਈ ਨਿੱਜੀ ਹਸਪਤਾਲ ਚੁਣਿਆ) ਪੈਸੇ ਬਾਰੇ ਨਹੀਂ ਸੋਚਿਆ।''

ਵਿੱਠਲ ਠੀਕ ਹੋ ਗਏ ਅਤੇ ਇੱਕ ਹਫ਼ਤੇ ਦੇ ਅੰਦਰ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲ਼ ਗਈ, ਪਰ ਇਹ ਰਾਹਤ ਜਿਆਦਾ ਸਮੇਂ ਨਾ ਟਿਕ ਸਕੀ।

ਹਸਪਤਾਲ ਨੇ 41,000 ਰੁਪਏ ਲਏ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਵਾਈਆਂ 'ਤੇ 56,000 ਰੁਪਏ ਖ਼ਰਚ ਕੀਤੇ- ਜੋ ਕਿ ਲਕਸ਼ਮਣ ਦੀ ਕਰੀਬ 280 ਦਿਨਾਂ ਦੀ ਕਮਾਈ ਦੇ ਬਰਾਬਰ ਹੈ। ਉਨ੍ਹਾਂ ਨੇ ਹਸਪਤਾਲ ਪਾਸੋਂ ਥੋੜ੍ਹੀ ਛੂਟ ਮੰਗੀ ਪਰ ਕੋਈ ਫਾਇਦਾ ਨਾ ਹੋਇਆ। ਰਾਗਿਨੀ ਕਹਿੰਦੀ ਹਨ, ''ਸਾਨੂੰ ਬਿੱਲ ਅਦਾ ਕਰਨ ਲਈ ਕਰਜ਼ ਲੈਣਾ ਪਿਆ।''

Ragini Phadke with her children outside their one-room home in Parli. The autorickshaw is the family's only source of income
PHOTO • Parth M.N.

ਰਾਗਿਨੀ ਫਾੜਕੇ ਆਪਣੇ ਬੱਚਿਆਂ ਦੇ ਨਾਲ਼ ਪਾਰਲੀ ਵਿੱਚ ਆਪਣੇ ਇੱਕ ਕਮਰੇ ਦੇ ਘਰ ਦੇ ਬਾਹਰ। ਪਰਿਵਾਰ ਦੀ ਆਮਦਨੀ ਦਾ ਇਕਲੌਤਾ ਵਸੀਲਾ ਇਹੀ ਆਟੋਰਿਕਸ਼ਾ ਹੈ

ਵਿੱਠਲ ਤੇ ਲਕਸ਼ਮਣੇ ਪਾਰਲੀ ਵਿੱਚ ਆਟੋਰਿਕਸ਼ਾ ਚਲਾ ਕੇ ਗੁਜਾਰਾ ਕਰਦੇ ਸਨ। ''ਲਕਸ਼ਮਣ ਦਿਨ ਸਮੇਂ ਆਟੋ ਚਲਾਉਂਦਾ ਅਤੇ ਵਿੱਠਲ ਰਾਤ ਵੇਲ਼ੇ,'' ਰਾਗਿਨੀ ਕਹਿੰਦੀ ਹਨ। ''ਉਹ ਰੋਜਾਨਾ ਦੇ 300-350 ਰੁਪਏ ਬਣਾ ਲੈਂਦੇ ਸਨ। ਪਰ ਮਾਰਚ 2020 ਦੀ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਨੇ ਸ਼ਾਇਦ ਹੀ ਕੁਝ ਕਮਾਇਆ ਹੋਵੇ। ਮੁਸ਼ਕਲ ਹੀ ਕੋਈ ਆਟੋਰਿਕਸ਼ਾ ਕਿਰਾਏ 'ਤੇ ਲੈਂਦਾ। ਸਿਰਫ਼ ਅਸੀਂ ਹੀ ਜਾਣਦੇ ਹਾਂ ਕਿ ਅਸੀਂ ਕਿਵੇਂ ਗੁਜਾਰਾ ਕੀਤਾ।

ਰਾਗਿਨੀ ਕੋਲ਼ ਐੱਮ.ਏ. ਦੀ ਡਿਗਰੀ ਹੈ ਅਤੇ ਉਹ ਇੱਕ ਗ੍ਰਹਿਣੀ ਹਨ, ਪਰ ਹੁਣ ਉਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆ ਰਹੀ ਕਿ ਉਹ ਆਪਣੇ ਦੋ ਬੱਚਿਆਂ- ਸੱਤ ਸਾਲਾ ਕਾਰਤਿਕੀ ਅਤੇ ਮੁਕੰਦਰਾਜ ਦਾ ਪਾਲਣ-ਪੋਸ਼ਣ ਕਿਵੇਂ ਕਰੇਗੀ। ''ਮੈਨੂੰ ਡਰ ਹੈ ਕਿ ਲਕਸ਼ਮਣ ਤੋਂ ਬਗੈਰ ਮੈਂ ਇਨ੍ਹਾਂ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰ ਪਾਊਂਗੀ। ਮੈਨੂੰ ਤਾਂ ਉਨ੍ਹਾਂ ਦੇ ਦਾਹ-ਸਸਕਾਰ ਵਾਸਤੇ ਵੀ ਉਧਾਰ ਚੁੱਕਣਾ ਪਿਆ।

ਪਰਿਵਾਰ ਦੇ ਇੱਕ ਕਮਰੇ ਦੇ ਘਰ ਦੇ ਐਨ ਨਾਲ਼ ਇੱਕ ਰੁੱਖ ਦੇ ਹੇਠਾਂ ਦੋਵਾਂ ਭਰਾਵਾਂ ਦਾ ਆਟੋ-ਰਿਕਸ਼ਾ ਖੜ੍ਹਾ ਹੈ- ਜਿੱਥੇ ਉਹ ਆਪਣੇ ਮਾਪਿਆਂ ਦੇ ਨਾਲ਼ ਰਹਿੰਦੇ ਸਨ-ਇਹੀ ਆਟੋਰਿਕਸ਼ਾ ਉਨ੍ਹਾਂ ਦਾ ਕਰਜ਼ਾ ਲਾਹੁਣ ਦਾ ਇਕਲੌਤਾ ਵਸੀਲਾ ਹੈ। ਪਰ ਕਰਜ਼ ਵਿੱਚੋਂ ਮੁਕਤੀ ਮਿਲ਼ਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ- ਕਿਉਂਕਿ ਉਨ੍ਹਾਂ ਦੇ ਸਾਰੇ ਪੈਸੇ ਮੁੱਕ ਗਏ ਹਨ ਅਤੇ ਇੰਨਾ ਹੀ ਨਹੀਂ ਪਾਰਲੀ ਦੀਆਂ ਭੀੜੀਆਂ ਗਲੀਆਂ ਵਿੱਚ ਆਟੋ ਚਲਾਉਣ ਲਈ ਕੋਈ ਡਰਾਈਵਰ ਵੀ ਨਹੀਂ ਮਿਲ਼ ਰਿਹਾ।

ਇਸੇ ਦਰਮਿਆਨ, ਓਸਮਾਨਾਬਾਦ ਦੇ ਜਿਲ੍ਹਾ ਅਧਿਕਾਰੀ, ਕੌਸਤੁਬ ਦਿਵਾਗੌਂਕਰ ਨਿੱਜੀ ਹਸਪਤਾਲਾਂ ਦੁਆਰਾ ਉਗਰਾਹੇ ਗਈ ਵਾਧੂ ਰਕਮ ਦੇ ਮਸਲਿਆਂ ਬਾਬਤ ਸਮੱਸਿਆ ਦਾ ਹੱਲ ਕਰ ਰਹੇ ਹਨ। ਉਨ੍ਹਾਂ ਨੇ 9 ਮਈ ਨੂੰ ਓਸਮਾਨਾਬਾਦ ਦੇ ਸਹਿਯਾਦਰੀ ਮਲਟੀ-ਸਪੈਸ਼ਲਿਟੀ ਹਸਪਤਾਲ ਨੂੰ ਇੱਕ ਨੋਟਿਸ ਭੇਜ ਕੇ ਕਿਹਾ ਹੈ ਕਿ ਭਾਵੇਂ ਕਿ ਹਸਪਤਾਲ ਨੇ 1 ਅਪ੍ਰੈਲ ਤੋਂ 6 ਮਈ ਤੱਕ ਕੁੱਲ 486 ਕੋਵਿਡ ਮਰੀਜਾਂ ਨੂੰ ਭਰਤੀ ਕੀਤਾ ਸੀ, ਪਰ ਉਨ੍ਹਾਂ ਵਿੱਚੋਂ ਸਿਰਫ਼ 19 ਮਰੀਜਾਂ ਦਾ MJPJAY ਦੇ ਤਹਿਤ ਇਲਾਜ ਕੀਤਾ ਗਿਆ ਸੀ।

ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸਹਿਯਾਦਰੀ ਹਸਪਤਾਲ ਦੇ ਨਿਰਦੇਸ਼ਕ ਡਾ. ਦਿਗਜ ਦੀਪਕ ਦੀਪਕੇ-ਦੇਸ਼ਮੁਖ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਕਨੂੰਨੀ ਟੀਮ ਮੈਜਿਸਟ੍ਰੇਟ ਦੇ ਨੋਟਿਸ 'ਤੇ ਵਿਚਾਰ ਕਰ ਰਹੀ ਹੈ।

Pramod Morale
PHOTO • Parth M.N.

ਪ੍ਰਮੋਦ ਮੋਰਾਲੇ

ਦਸਬੰਰ 2020 ਵਿੱਚ, ਦਿਵਾਗੌਂਕਰ ਨੇ ਸਟੇਟ ਹੈਲਥ ਇੰਸ਼ੌਰੈਂਸ ਸੋਸਾਇਟੀ ਨੂੰ ਲਿਖਿਆ, ਜਿਸਨੂੰ  MJPJAY ਤਹਿਤ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਸ਼ੈਂਡੇਜ ਹਸਪਤਾਲ ਅਤੇ ਰਿਸਰਚ ਸੈਂਟਰ ਨੂੰ ਇਸ ਸੂਚੀ ਵਿੱਚੋਂ ਬਾਹਰ ਕੱਢਣ ਲਈ ਕਿਹਾ। ਉਨ੍ਹਾਂ ਨੇ ਆਪਣੇ ਪੱਤਰ ਦੇ ਨਾਲ਼ ਹਸਪਤਾਲ ਦੇ ਖਿਲਾਫ਼ ਸ਼ਿਕਾਇਤ ਕਰਨ ਵਾਲੇ ਮਰੀਜਾਂ ਦੀ ਸੂਚੀ ਵੀ ਨੱਥੀ ਕੀਤੀ, ਇਹ ਹਸਪਤਾਲ ਓਸਮਾਨਾਬਾ ਸ਼ਹਿਰ ਤੋਂ ਕਰੀਬ 100 ਕਿਲੋਮੀਟਰ ਦੂਰ ਉਮਰਗਾ ਵਿੱਚ ਸਥਿਤ ਹੈ।

ਸ਼ੈਂਡੇਜ਼ ਹਸਪਤਾਲ ਖਿਲਾਫ਼ ਪ੍ਰਾਪਤ ਸ਼ਿਕਾਇਤਾਂ ਵਿੱਚੋਂ ਇੱਕ ਇਹ ਸੀ ਕਿ ਇਹਨੇ ਕਈ ਰੋਗੀਆਂ ਵਿੱਚ ਧਮਣੀ ਲਹੂ ਗੈਸ ਦੀ ਫਰਜੀ ਜਾਂਚ ਕੀਤੀ। ਹਸਪਤਾਲ 'ਤੇ ਇੱਕ ਦੋਸ਼ ਇਹ ਵੀ ਹੈ ਕਿ ਇਹਨੇ ਇੱਕ ਮਰੀਜ਼ ਨੂੰ ਵੈਂਟੀਲੇਟਰ ਬੈੱਡ ਦਾ ਨਕਲੀ ਬਿੱਲ ਦਿੱਤਾ।

ਮੈਜਿਸਟ੍ਰੇਟ ਦੀ ਕਾਰਵਾਈ ਦੇ ਫਲਸਰੂਪ, ਹਸਪਤਾਲ ਹੁਣ MJPJAY ਨੈੱਟਵਰਕ ਦੇ ਪੈਨਲ ਵਿੱਚ ਨਹੀਂ ਹੈ। ਹਾਲਾਂਕਿ ਇਹ ਮਾਲਕ, ਡਾ. ਆਰ.ਡੀ. ਸ਼ੈਂਡੇਜ਼ ਦਾ ਕਹਿਣਾ ਹੈ ਕਿ ਦੂਸਰੀ ਲਹਿਰ ਦੌਰਾਨ ਉਨ੍ਹਾਂ ਦੀ ਉਮਰ ਦੇ ਕਾਰਨ ਉਹ ਆਪਣੇ ਆਪ ਹੀ ਪੈਨਲ ਵਿੱਚੋਂ ਬਾਹਰ ਹੋ ਗਏ। ''ਮੈਨੂੰ ਤਾਂ ਸ਼ੂਗਰ ਦੀ ਬਿਮਾਰੀ ਹੈ,'' ਉਨ੍ਹਾਂ ਨੇ ਆਪਣੇ ਹਸਪਤਾਲ ਖਿਲਾਫ਼ ਕਿਸੇ ਵੀ ਸ਼ਿਕਾਇਤ ਤੋਂ ਮੁਨਕਰ ਹੁੰਦਿਆਂ ਅੱਗੇ ਕਿਹਾ।

ਨਿੱਜੀ ਹਸਪਤਾਲਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ MJPJAY ਆਰਥਿਕ ਰੂਪ ਨਾਲ਼ ਮਜ਼ਬੂਤ ਯੋਜਨਾ ਨਹੀਂ ਹੈ। ''ਹਰੇਕ ਕਾਰਜਸ਼ੀਲ ਯੋਜਨਾ ਨੂੰ ਸਮੇਂ ਦੇ ਨਾਲ਼ ਅਪਡੇਟ ਕਰਨ ਦੀ ਲੋੜ ਹੁੰਦੀ ਹੈ। ਇਹਨੂੰ ਪੇਸ਼ ਕੀਤਿਆਂ ਨੌ ਸਾਲ ਬੀਤ ਗਏ ਹਨ ਪਰ ਇਹਦੇ ਪੈਕੇਜ ਦੀ ਲਾਗਤ ਨੂੰ ਸੂਬਾ ਸਰਕਾਰ (2012 ਵਿੱਚ) ਦੁਆਰਾ ਪਹਿਲੀ ਵਾਰ ਤੈਅ ਕੀਤੀ ਜਾਣ ਤੋਂ ਬਾਅਦ ਸ਼ਾਇਦ ਹੀ ਅਪਡੇਟ ਕੀਤਾ ਗਿਆ ਹੋਵੇ,'' ਨੰਦੇੜ ਅਧਾਰਤ ਪਲਾਸਟਿਕ ਸਰਜਨ ਡਾ. ਸੰਜੈ ਕਦਮ ਦਾ ਕਹਿਣਾ ਹੈ। ਉਹ ਹਸਪਤਾਲ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਹਨ, ਜਿਹਨੂੰ ਹਾਲ ਹੀ ਵਿੱਚ ਰਾਜ ਦੇ ਨਿੱਜੀ ਹਸਪਤਾਲਾਂ ਦੀ ਨੁਮਾਇੰਦਗੀ ਕਰਨ ਲਈ ਬਣਾਇਆ ਗਿਆ ਸੀ। ''ਜੇਕਰ ਤੁਸੀਂ 2012 ਦੀ ਮੁਦਰਾ-ਸਫੀਤੀ ਨੂੰ ਦੇਖੋ ਤਾਂ MJPJAY ਪੈਕੇਜ ਦੀ ਰਾਸ਼ੀ ਬਹੁਤ ਹੀ ਘੱਟ ਹੈ-ਜੋ ਸਧਾਰਣ ਲਾਗਤਾਂ ਦੇ ਅੱਧ ਤੋਂ ਵੀ ਘੱਟ ਬਣਦੀ ਹੈ,'' ਉਹ ਦੱਸਦੇ ਹਨ।

ਪੈਨਲ ਦੇ ਹਸਪਤਾਲ ਨੂੰ MJPJAY ਦੇ ਤਹਿਤ ਇਲਾਜ ਕਰਾ ਰਹੇ ਮਰੀਜਾਂ ਲਈ 25 ਫੀਸਦ ਬੈੱਡ ਰਾਖਵੇਂ ਕਰਨੇ ਚਾਹੀਦੇ ਹਨ। ''ਜੇਕਰ 25 ਫੀਸਦ ਦਾ ਇਹ ਕੋਟਾ ਪੂਰਾ ਹੋ ਜਾਵੇ ਤਾਂ ਹਸਪਤਾਲ ਇਸ ਯੋਜਨਾ ਤਹਿਤ ਕਿਸੇ ਵੀ ਮਰੀਜ਼ ਨੂੰ ਭਰਤੀ ਨਾ ਕਰ ਸਕਣ,'' ਡਾ. ਕਦਮ ਅੱਗੇ ਕਹਿੰਦੇ ਹਨ।

MJPJAY ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੁਧਾਕਰ ਸ਼ਿੰਦੇ ਦੱਸਦੇ ਹਨ ਕਿ ''ਨਿੱਜੀ ਹਸਪਤਾਲਾਂ ਵਿੱਚ ਭ੍ਰਿਸ਼ਟਾਚਾਰ ਅਤੇ ਬੇਨਿਯਮੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਸੀਂ ਜਾਂਚ ਕਰ ਰਹੇ ਹਾਂ।''

ਮਾਰਚ ਵਿੱਚ ਹੋਈ ਕਰੋਨਾ ਵਿਸਫੋਟ ਤੋਂ ਬਾਅਦ, ਮੁੰਬਈ ਸਥਿਤ MJPJAY  ਦਫ਼ਤਰ ਨੂੰ ਪੂਰੇ ਮਹਾਰਾਸ਼ਟਰ ਵਿੱਚੋਂ 813 ਸ਼ਿਕਾਇਤਾ ਮਿਲ਼ੀਆਂ-ਜਿਨ੍ਹਾਂ ਵਿੱਚੋਂ ਬਹੁਤੇਰੀਆਂ ਨਿੱਜੀ ਹਸਪਤਾਲਾਂ ਖਿਲਾਫ਼ ਸਨ। ਹੁਣ ਤੱਕ, 186 ਸ਼ਿਕਾਇਤਾਂ ਦਾ ਨਿਵਾਰਣ ਕੀਤਾ ਗਿਆ ਹੈ ਅਤੇ ਹਸਪਤਾਲਾਂ ਨੇ ਮਰੀਜਾਂ ਨੂੰ ਕੁੱਲ 15 ਲੱਖ ਦੀ ਰਕਮ ਵਾਪਸ ਕੀਤੀ ਹੈ।

ਮਾਨਵਲੋਕ ਦੇ ਲੋਹੀਆ ਦਾ ਕਹਿਣਾ ਹੈ ਕਿ ਨੇੜਿਓਂ ਦੇਖਣ 'ਤੇ ਪਤਾ ਚੱਲਦਾ ਹੈ ਕਿ ਕਦਾਚਾਰ ਅਤੇ ਭ੍ਰਿਸ਼ਟ ਇਨ੍ਹਾਂ  ਨਿੱਜੀ ਹਸਪਤਾਲਾਂ ਦੀ ਪਿੱਠ ਪ੍ਰਭਾਵਸ਼ਾਲੀ ਲੋਕ ਥਾਪੜ ਰਹੇ ਹਨ। ''ਇਸ ਵਰਤਾਰਾ ਉਨ੍ਹਾਂ ਖਿਲਾਫ਼ ਕਾਰਵਾਈ ਕਰਨਾ ਮੁਸ਼ਕਲ ਬਣਾ ਦਿੰਦਾ ਹੈ।''

ਪਰ ਰਾਮਲਿੰਗ ਸਨੇਪ ਦੀ ਆਤਮਹੱਤਿਆ ਦੀ ਸਵੇਰ, ਉਨ੍ਹਾਂ ਦਾ ਗੁੱਸੇ ਵਿੱਚ ਆਇਆ ਪਰਿਵਾਰ ਚਾਹੁੰਦਾ ਸੀ ਕਿ ਦੀਪ ਹਸਪਤਾਲ ਨੂੰ ਕਸੂਰਵਾਰ ਗਰਦਾਨਿਆ ਜਾਵੇ। ਉਸ ਦਿਨ ਜਦੋਂ ਉਹ ਪਹੁੰਚੇ ਤਾਂ ਕੋਈ ਡਾਕਟਰ ਮੌਜੂਦ ਨਹੀਂ ਸਨ। ਰਵੀ ਨੇ ਕਿਹਾ,''ਸਟਾਫ਼ ਨੇ ਸਾਨੂੰ ਦੱਸਿਆ ਕਿ ਲਾਸ਼ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।''

Ramling Sanap's extended family outside the superintendent of police's office in Beed on May 21
PHOTO • Parth M.N.

ਰਾਮਲਿੰਗ ਸਨੇਪ ਦੇ ਰਿਸ਼ਤੇਦਾਰ 21 ਮਈ ਨੂੰ ਬੀਡ ਸ਼ਹਿਰ ਵਿੱਚ ਪੁਲਿਸ ਸੁਪਰੀਟੈਂਡੈਂਟ (ਨਿਗਰਾਨ) ਦੇ ਦਫ਼ਤਰ ਦੇ ਬਾਹਰ ਉਡੀਕ ਕਰਦੇ ਹੋਏ

ਪਰਿਵਾਰ ਦੇ ਲੋਕ ਸਿੱਧੇ ਪੁਲਿਸ ਨਿਗਰਾਨ ਦੇ ਕੋਲ਼ ਗਏ ਅਤੇ ਸ਼ਿਕਾਇਤ ਦਰਜ਼ ਕਰਾਈ ਕਿ ਹਸਪਤਾਲ ਨੇ ਰਾਮਲਿੰਗ ਪਾਸੋਂ ਹੀ ਪੈਸੇ ਮੰਗਣੇ ਜਾਰੀ ਰੱਖੇ ਅਤੇ ਉਹਨੂੰ ਆਤਮਹੱਤਿਆ ਤੱਕ ਕਰ ਲੈਣ ਲਈ ਉਕਸਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਦੁਖਦ ਮੌਤ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਈ ਹੈ ਕਿਉਂਕਿ ਉਸ ਸਮੇਂ ਵਾਰਡ ਵਿੱਚ ਕੋਈ ਸਟਾਫ਼ ਮੈਂਬਰ ਮੌਜੂਦ ਨਹੀਂ ਸੀ।

ਦੀਪ ਹਸਪਤਾਲ ਨੇ ਪ੍ਰੈੱਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਰਾਮਲਿੰਗ ਨੇ ਅਜਿਹੀ ਥਾਂ ਚੁਣੀ ਜਿੱਥੇ ਕੋਈ ਸਟਾਫ ਮੈਂਬਰ ਉਨ੍ਹਾਂ ਨੂੰ ਦੇਖ ਨਾ ਪਾਵੇ। ''ਇਹ ਦੋਸ਼ ਕਿ ਹਸਪਤਾਲ ਨੇ ਉਨ੍ਹਾਂ ਪਾਸੋਂ ਬਾਰ-ਬਾਰ ਪੈਸੇ ਦੀ ਮੰਗ ਕੀਤੀ ਹੈ, ਕੋਰਾ ਝੂਠ ਹੈ। ਹਸਪਤਾਲ ਨੇ ਪਰਿਵਾਰ ਪਾਸੋਂ ਸਿਰਫ਼ 10,000 ਰੁਪਏ ਲਏ ਸਨ। ਉਨ੍ਹਾਂ ਦੀ ਆਤਮਹੱਤਿਆ ਇੱਕ ਮੰਦਭਾਗੀ ਘਟਨਾ ਹੈ। ਅਸੀਂ ਉਨ੍ਹਾਂ ਮਾਨਸਿਕ ਹਾਲਤ ਦਾ ਅੰਦਾਜਾ ਨਹੀਂ ਲਾ ਸਕੇ,'' ਬਿਆਨ ਕਹਿੰਦਾ ਹੈ।

ਪ੍ਰਮੋਦ ਮੋਰਾਲੇ ਇਸ ਗੱਲ ਨਾਲ਼ ਸਹਿਮਤ ਹਨ ਕਿ ਹਸਪਤਾਲ ਨੇ 10,000 ਰੁਪਏ ਦਾ ਬਿੱਲ ਦਿੱਤਾ ਸੀ। ''ਪਰ ਉਨ੍ਹਾਂ ਨੇ ਸਾਡੇ ਪਾਸੋਂ 1.6 ਲੱਖ ਰੁਪਏ ਲਏ ਹਨ।''

ਰਾਜੂਬਾਈ ਕਹਿੰਦੀ ਹਨ, ਰਾਮਲਿੰਗ ਖੁਸ਼ ਜਾਪਦੇ ਸਨ। ''ਮਰਨ ਤੋਂ ਇੱਕ ਜਾਂ ਦੋ ਦਿਨ ਪਹਿਲਾਂ, ਉਨ੍ਹਾਂ ਨੇ ਮੈਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਨੇ ਆਂਡੇ ਅਤੇ ਮਾਸ ਖਾਧਾ ਹੈ। ਉਨ੍ਹਾਂ ਨੇ ਬੱਚਿਆਂ ਬਾਰੇ ਪੁੱਛਿਆ।'' ਫਿਰ ਉਨ੍ਹਾਂ ਨੂੰ ਹਸਪਤਾਲ ਦੇ ਖਰਚੇ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਆਪਣੀ ਆਖਰੀ ਫੋਨ ਕਾਲ ਵਿੱਚ ਉਨ੍ਹਾਂ ਨੂੰ ਆਪਣਾ ਸਾਰਾ ਦਰਦ ਦੱਸਿਆ ਸੀ।

ਪ੍ਰਮੋਦ ਕਹਿੰਦੇ ਹਨ,''ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ, ਪਰ ਹਸਪਤਾਲ ਖਿਲਾਫ਼ ਹਾਲੇ ਤੀਕਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇੰਝ ਜਾਪਦਾ ਹੈ ਜਿਵੇਂ ਗਰੀਬਾਂ ਨੂੰ ਸਿਹਤ ਸੰਭਾਲ ਦਾ ਕੋਈ ਅਧਿਕਾਰ ਹੀ ਨਹੀਂ ਹੈ।''

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur