ਧੜਗਾਓਂ ਇਲਾਕੇ ਦੇ ਅਕਰਾਨੀ ਤਾਲੁਕਾ ਵਿੱਚ ਲੂੰਹਦੀ ਦੁਪਹਿਰੇ, ਸ਼ੇਵਾਂਤਾ ਤੜਵੀ ਆਪਣੇ ਸਿਰ ਨੂੰ ਸਾੜੀ ਦੇ ਪੱਲੂ ਨਾਲ਼ ਢੱਕੀ ਬੱਕੀਆਂ ਦੇ ਇੱਕ ਛੋਟੇ ਜਿਹੇ ਝੁੰਡ ਮਗਰ ਭੱਜਦੀ ਹਨ। ਜਦੋਂ ਬੱਕਰੀਆਂ ਦਾ ਕੋਈ ਬੱਚਾ ਝਾੜੀਆਂ ਵਿੱਚ ਜਾ ਵੜ੍ਹਦਾ ਜਾਂ ਫਿਰ ਕਿਸੇ ਦੂਸਰੇ ਦੇ ਖੇਤਾਂ ਵਿੱਚ ਤਫ਼ਰੀਹ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਜ਼ਮੀਨ 'ਤੇ ਡੰਡਾ ਮਾਰ ਕੇ ਕਹਿੰਦੀ ਹਨ,''ਮੈਨੂੰ ਉਨ੍ਹਾਂ ਛੋਟੇ ਸ਼ੈਤਾਨਾਂ 'ਤੇ ਘੋਖਵੀਂ ਨਜ਼ਰ ਰੱਖਣੀ ਪੈਂਦੀ ਹੈ। ਇਹ ਛੋਟੇ ਮੇਮਣੇ ਜਿੱਧਰ ਮਰਜ਼ੀ ਭੱਜ ਜਾਂਦੇ ਹਨ, ਹੁਣ ਤਾਂ ਇਹੀ ਮੇਰੀਆਂ ਔਲਾਦਾਂ ਹਨ।''
ਉਹ ਜੰਗਲ ਵੱਲ ਤੁਰ ਪੈਂਦੀ ਹਨ ਜੋ ਕਿ ਨੰਦੁਰਬਾਰ ਜ਼ਿਲ੍ਹੇ ਦੇ ਹਰਣਖੁਰੀ ਪਿੰਡ ਦੇ ਮਹਾਰਾਜਪਾੜਾ ਬਸਤੀ ਸਥਿਤ ਉਨ੍ਹਾਂ ਦੇ ਘਰ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰੀ 'ਤੇ ਹੈ। ਇੱਥੇ ਉਹ ਆਪਣੀਆਂ ਬੱਕਰੀਆਂ, ਚਹਿਕਦੇ ਪੰਛੀਆਂ ਅਤੇ ਝੂਮਦੇ ਰੁੱਖਾਂ ਦੇ ਵਿਚਾਲੇ ਇਕੱਲੀ ਸਮਾਂ ਬਿਤਾਉਂਦੀ ਹਨ। ਇਹ ਸਮਾਂ ਜੋ ਵਣਜ਼ੋਟੀ (ਬਾਂਝ ਔਰਤ), ਦਲਭਦਰੀ (ਸ਼ਰਾਪੀ ਔਰਤ) ਅਤੇ ਦੁਸ਼ਟ (ਸ਼ੈਤਾਨ) ਜਿਹੇ ਤਾਅਨਿਆਂ ਤੋਂ ਵੀ ਮੁਕਤ ਹਨ, ਜਿਨ੍ਹਾਂ ਨੂੰ ਸੁਣਦਿਆਂ ਉਨ੍ਹਾਂ ਨੂੰ 12 ਸਾਲ ਹੋ ਚੁੱਕੇ ਹਨ।
''ਜੋ ਆਦਮੀ ਖ਼ੁਦ ਬੱਚਾ ਪੈਦਾ ਨਹੀਂ ਸਕਦੇ, ਉਨ੍ਹਾਂ ਲਈ ਇੰਨੀ ਅਪਮਾਨਜਨਕ ਸ਼ਬਦਾਵਲ਼ੀ ਕਿਉਂ ਨਹੀਂ ਬਣੀ?'' ਸ਼ੇਵਾਂਤਾ ਪੁੱਛਦੀ ਹਨ।
ਹੁਣ 25 ਸਾਲਾ, ਸ਼ੇਵਾਂਤਾ (ਅਸਲੀ ਨਾਮ ਨਹੀਂ) ਦਾ ਮਹਿਜ 14 ਸਾਲਾਂ ਦੀ ਉਮਰੇ ਵਿਆਹ ਹੋ ਗਿਆ ਸੀ। ਉਨ੍ਹਾਂ ਦੇ 32 ਸਾਲਾ ਪਤੀ ਰਵੀ, ਇੱਕ ਖ਼ੇਤ-ਮਜ਼ਦੂਰ ਹਨ, ਜੋ ਦਿਹਾੜੀ ਲੱਗਣ 'ਤੇ ਵੀ ਕਰੀਬ 150 ਰੁਪਏ ਹੀ ਕਮਾ ਪਾਉਂਦੇ ਹਨ। ਉਹ ਸ਼ਰਾਬ ਪੀਂਦਾ ਹੈ। ਮਹਾਰਾਸ਼ਟਰ ਦੇ ਆਦਿਵਾਸੀ ਬਹੁ-ਗਿਣਤੀ ਜ਼ਿਲ੍ਹੇ ਨਾਲ਼ ਸਬੰਧ ਰੱਖਦੇ ਹਨ। ਸੇਵਾਂਤਾ ਦੱਸਦੀ ਹਨ ਕਿ ਰਵੀ (ਬਦਲਿਆ ਨਾਮ) ਨੇ ਉਨ੍ਹਾਂ ਨੂੰ ਕੱਲ੍ਹ ਰਾਤੀਂ ਕੁੱਟਿਆ। ਮੋਢੇ ਛੰਡਦਿਆਂ ਉਹ ਕਹਿੰਦੀ ਹਨ,''ਇਸ ਵਿੱਚ ਕੀ ਨਵਾਂ ਹੈ। ਮੈਂ ਉਨ੍ਹਾਂ ਨੂੰ ਬੱਚਾ ਨਹੀਂ ਦੇ ਸਕਦੀ। ਡਾਕਟਰ ਨੇ ਕਿਹਾ ਸੀ ਕਿ ਮੇਰੀ ਬੱਚੇਦਾਨੀ ਵਿੱਚ ਨੁਕਸ ਹੈ, ਇਸਲਈ ਮੇਰੇ ਦੋਬਾਰਾ ਕਦੇ ਗਰਭ ਨਹੀਂ ਠਹਿਰ ਸਕਦਾ।''
2010 ਵਿੱਚ ਧੜਗਾਓਂ ਦੇ ਗ੍ਰਾਮੀਣ ਹਸਪਤਾਲ ਵਿੱਚ ਸ਼ੇਵਾਂਤਾ ਦੇ ਗਰਭਪਾਤ ਦੇ ਸਮੇਂ ਉਨ੍ਹਾਂ ਦੀ ਪੌਲੀਸਿਸਟਿਕ ਓਵੇਰਿਅਨ ਸਿੰਡ੍ਰੋਮ (ਪੀਸੀਓਐੱਸ) ਦੀ ਦਿੱਕਤ ਤਸ਼ਖੀਸ ਹੋਈ, ਇਸੇ ਨੂੰ ਸ਼ੇਵਾਂਤਾ ਨੁਕਸਦਾਰ ਬੱਚੇਦਾਨੀ ਕਹਿ ਰਹੀ ਹਨ। ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਗਰਭਪਾਤ ਹੋਇਆ ਜੋ ਕਿ ਤਿੰਨ ਮਹੀਨਿਆਂ ਦਾ ਭਰੂਣ ਸੀ ਤਾਂ ਉਸ ਵੇਲ਼ੇ ਉਹ ਮਹਿਜ 15 ਸਾਲਾਂ ਦੀ ਸਨ।
ਪੀਸੀਓਐੱਸ ਹਾਰਮੋਨਾਂ ਦੀ ਅਜਿਹੀ ਗੜਬੜੀ ਹੁੰਦੀ ਹੈ ਜੋ ਕਈ ਔਰਤਾਂ ਵਿੱਚ ਪਾਈ ਜਾਂਦੀ ਹੈ ਅਤੇ ਇਹਦੇ ਕਾਰਨ ਉਨ੍ਹਾਂ ਅੰਦਰ ਪ੍ਰਜਨਨ ਤੰਤਰ ਦਾ ਕਮਜ਼ੋਰ ਹੋਣਾ, ਮਾਹਵਾਰੀ ਚੱਕਰ ਦੀ ਬੇਨਿਯਮੀ, ਐਂਡਰੋਜਨ (ਨਰ-ਹਾਰਮੋਨ) ਪੱਧਰ ਦਾ ਵੱਧਣਾ, ਆਂਡਿਆਂ ਦੇ ਆਸਪਾਸ ਦੀ ਫੌਲੀਕਲ (ਕੋਸ਼) ਦੇ ਨਾਲ਼ ਅੰਡੇਦਾਨੀ ਦਾ ਫ਼ੈਲ ਜਾਣਾ ਸ਼ਾਮਲ ਹੁੰਦਾ ਹੈ। ਇਸ ਵਿਕਾਰ ਦੇ ਕਾਰਨ ਬਾਂਝਪੁਣਾ, ਗਰਭਪਾਤ ਅਤੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।
''ਪੀਸੀਓਐੱਸ ਤੋਂ ਇਲਾਵਾ, ਖ਼ੂਨ ਦੀ ਘਾਟ, ਸਿਕਲ ਸੈਲ (ਲਹੂ ਦੀ ਕੋਸ਼ਿਕਾ) ਰੋਗ, ਸਾਫ਼-ਸਫ਼ਾਈ ਦੇ ਪ੍ਰਤੀ ਜਾਗਰੂਕਤਾ ਦੀ ਘਾਟ ਅਤੇ ਯੌਨ ਸੰਚਾਰਤ ਰੋਗ ਵੀ ਔਰਤਾਂ ਵਿੱਚ ਬਾਂਝਪੁਣੇ ਦੇ ਕਾਰਨ ਬਣਦੇ ਹਨ,'' ਡਾ. ਕੋਮਲ ਚਾਵਨ ਕਹਿੰਦੀ ਹਨ, ਜੋ ਮੁੰਬਈ ਸਥਿਤ ਭਾਰਤ ਦੇ ਪ੍ਰਸੂਤੀ ਅਤੇ ਜਨਾਨਾ-ਰੋਗ ਸਬੰਧੀ ਫੇਡਰੇਸ਼ਨ ਦੀ ਪ੍ਰਧਾਨ ਹਨ।
ਸ਼ੇਵਾਂਤਾ ਦੇ ਜ਼ਿਹਨ ਵਿੱਚ ਮਈ 2010 ਦਾ ਉਹ ਦਿਨ ਉਵੇਂ ਹੀ ਤਾਜ਼ਾ ਪਿਆ ਹੈ, ਜਦੋਂ ਉਨ੍ਹਾਂ ਦਾ ਗਰਭਪਾਤ ਹੋਇਆ ਸੀ ਅਤੇ ਉਨ੍ਹਾਂ ਨੂੰ ਪੀਸੀਓਐੱਸ ਦਾ ਪਤਾ ਚੱਲਿਆ ਸੀ। ਇੱਕ ਤੱਪਦੀ ਦੁਪਹਿਰ ਉਹ ਆਪਣੇ ਖੇਤ ਵਾਹ ਰਹੀ ਸਨ, ਸੂਰਜ ਉਨ੍ਹਾਂ ਦਾ ਸਿਰ ਲੂਹ ਰਿਹਾ ਸੀ। ਉਹ ਚੇਤੇ ਕਰਦਿਆਂ ਕਹਿੰਦੀ ਹਨ,''ਸਵੇਰ ਤੋਂ ਹੀ ਮੇਰੇ ਢਿੱਡ ਵਿੱਚ ਸ਼ਦੀਦ ਪੀੜ੍ਹ ਹੋ ਰਹੀ ਸੀ। ਮੇਰੇ ਪਤੀ ਨੇ ਮੇਰੇ ਨਾਲ਼ ਡਾਕਟਰ ਕੋਲ਼ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ, ਇਸਲਈ ਮੈਂ ਪੀੜ੍ਹ ਨੂੰ ਅੱਖੋਂ-ਪਰੋਖੇ ਕੀਤਾ ਅਤੇ ਕੰਮ 'ਤੇ ਚਲੀ ਗਈ।'' ਦੁਪਹਿਰ ਆਉਂਦੇ-ਆਉਂਦੇ ਪੀੜ੍ਹ ਬਰਦਾਸ਼ਤ ਤੋਂ ਬਾਹਰ ਹੋ ਗਈ। ''ਮੇਰੇ ਖ਼ੂਨ ਪੈਣ ਲੱਗਿਆ। ਮੇਰੀ ਸਾੜੀ ਲਹੂ ਨਾਲ਼ ਭਿੱਜ ਗਈ। ਮੈਨੂੰ ਸਮਝ ਹੀ ਨਾ ਸਕੀ ਕਿ ਕੀ ਹੋ ਰਿਹਾ ਹੈ,'' ਉਹ ਕਹਿੰਦੀ ਹਨ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਬਾਕੀ ਦੇ ਖੇਤ ਮਜ਼ਦੂਰ ਉਨ੍ਹਾਂ ਨੂੰ ਚੁੱਕ ਕੇ ਧੜਗਾਓਂ ਦੇ ਹਸਪਤਾਲ ਲੈ ਗਏ, ਜੋ ਕਰੀਬ 2 ਕਿਲੋਮੀਟਰ ਦੂਰ ਹੈ।
ਪੀਸੀਓਐੱਸ ਦੀ ਤਸ਼ਖੀਸ ਹੁੰਦਿਆਂ ਹੀ, ਉਨ੍ਹਾਂ ਦੀ ਜ਼ਿੰਦਗੀ ਫਿਰ ਪਹਿਲਾਂ ਵਾਂਗਰ ਨਾ ਰਹੀ।
ਉਨ੍ਹਾਂ ਦੇ ਪਤੀ ਤਾਂ ਇਹ ਤੱਕ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਸ਼ੇਵਾਂਤਾ ਨੂੰ ਕੋਈ ਸਰੀਰਕ ਬੀਮਾਰੀ ਹੈ ਜੋ ਬਾਂਝਪਣ ਦਾ ਕਾਰਨ ਬਣਦੀ ਹੈ। ''ਜੇ ਉਹ ਮੇਰੇ ਨਾਲ਼ ਡਾਕਟਰ ਕੋਲ਼ ਜਾਵੇਗਾ ਹੀ ਨਹੀਂ ਤਾਂ ਦੱਸੋਂ ਕਿਵੇਂ ਪਤਾ ਚੱਲੇਗਾ ਕਿ ਮੈਂ ਮਾਂ ਕਿਉਂ ਨਹੀਂ ਬਣ ਸਕਦੀ?'' ਸ਼ੇਵਾਂਤਾ ਪੁੱਛਦੀ ਹਨ। ਮਾਮਲੇ ਨੂੰ ਸਮਝਣ ਦੀ ਬਜਾਇ ਉਹ ਸੇਵਾਂਤਾ ਨਾਲ਼ ਅਕਸਰ ਅਸੁਰੱਖਿਅਤ ਸੰਭੋਗ ਕਰਦਾ ਹੈ ਅਤੇ ਯੌਨ ਹਿੰਸਾ 'ਤੇ ਵੀ ਉੱਤਰ ਆਉਂਦਾ ਹੈ। ਸ਼ੇਵਾਂਤਾ ਦੱਸਦੀ ਹਨ,''ਬਾਰ-ਬਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਮੈਨੂੰ ਮਾਹਵਾਰੀ ਆਉਂਦੀ ਹੈ ਅਤੇ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ ਹਨ ਤਾਤਂ ਉਹਦਾ ਵਤੀਰਾ ਹੋਰ ਹਮਲਾਵਰ ਹੋ ਜਾਂਦਾ ਹੈ।'' ਉਹ ਰਤਾ ਫੁਸਫੁਸਾ ਕੇ ਕਹਿੰਦੀ ਹਨ,''ਮੈਨੂੰ ਸੰਭੋਗ ਮਾਸਾ ਚੰਗਾ ਨਹੀਂ ਲੱਗਦਾ। ਮੈਨੂੰ ਬਹੁਤ ਪੀੜ੍ਹ ਹੁੰਦੀ ਹੈ। ਕਦੇ-ਕਦੇ ਸਾੜ ਵੀ ਪੈਂਦਾ ਹੈ ਅਤੇ ਖ਼ੁਰਕ ਵੀ ਹੁੰਦੀ ਹੈ। ਇਹ ਸਭ 10 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਸ਼ੁਰੂ-ਸ਼ੁਰੂ ਵਿੱਚ ਮੈਂ ਰੋ ਪਿਆ ਕਰਦੀ ਸਾਂ, ਪਰ ਸਮੇਂ ਦੇ ਨਾਲ਼-ਨਾਲ਼ ਮੈਂ ਰੋਣਾ ਬੰਦ ਕਰ ਦਿੱਤਾ।''
ਹੁਣ ਉਨ੍ਹਾਂ ਨੂੰ ਜਾਪਦਾ ਹੈ ਕਿ ਬਾਂਝਪੁਣਾ ਅਤੇ ਉਹਦੇ ਤੋਂ ਪੈਦਾ ਹੋਇਆ ਸਮਾਜਿਕ ਕਲੰਕ, ਅਸਰੁੱਖਿਆ ਅਤੇ ਲੇਖੇ ਆਇਆ ਇਕਲਾਪਾ ਹੀ ਮੇਰੀ ਕਿਸਮਤ ਹਨ। ਉਹ ਕਹਿੰਦੀ ਹਨ,''ਵਿਆਹ ਤੋਂ ਪਹਿਲਾਂ ਮੈਂ ਬੜੀ ਗਾਲ੍ਹੜੀ ਹੋਇਆ ਕਰਦੀ ਸਾਂ। ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸਾਂ, ਤਦ ਮੁਹੱਲੇ ਦੀਆਂ ਔਰਤਾਂ ਨਾਲ਼ ਕੁਝ ਕੁਝ ਸਹੇਲਪੁਣਾ ਰੱਖਿਆ ਕਰਦੀ ਸਾਂ। ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਮੇਰੇ ਵਿਆਹ ਤੋਂ 2 ਸਾਲ ਬੀਤ ਜਾਣ ਬਾਅਦ ਵੀ ਬੱਚਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਮੈਨੂੰ ਅਣਗੋਲ਼ਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਨਵਜਾਤ ਬੱਚਿਆਂ ਤੱਕ ਨੂੰ ਵੀ ਮੇਰੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀਆਂ। ਉਹ ਕਹਿੰਦੀਆਂ ਮੈਂ ਪਾਪੀ ਹਾਂ।''
ਆਪਣੇ ਪਰਿਵਾਰ ਦੇ ਇੱਕ ਕਮਰੇ ਦੇ ਇਸ ਘਰ ਵਿੱਚ, ਜਿੱਥੇ ਉਨ੍ਹਾਂ ਕੋਲ਼ ਗਿਣਤੀ ਦੇ ਭਾਂਡੇ ਹਨ ਅਤੇ ਇੱਟਾਂ ਦਾ ਚੁੱਲ੍ਹਾ ਹੈ, ਇਕੱਲੇ ਰਹਿੰਦਿਆਂ ਸ਼ੇਵਾਂਤਾ ਨੂੰ ਡਰ ਹੈ ਕਿ ਉਨ੍ਹਾਂ ਦਾ ਪਤੀ ਦੂਸਰਾ ਵਿਆਹ ਕਰ ਲਵੇਗਾ। ਉਹ ਕਹਿੰਦੀ ਹਨ,''ਮੈਂ ਕਿਤੇ ਹੋਰ ਜਾਣ ਜੋਗੀ ਵੀ ਨਹੀਂ ਰਹੀ। ਮੇਰੇ ਮਾਪੇ ਘਾਹ-ਫੂਸ ਦੀ ਝੌਂਪੜੀ ਵਿੱਚ ਰਹਿੰਦੇ ਹਨ ਅਤੇ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਕੇ ਮਸਾਂ ਹੀ 100 ਰੁਪਏ ਦਿਹਾੜੀ ਕਮਾਉਂਦੇ ਹਨ। ਮੇਰੀਆਂ ਚਾਰ ਛੋਟੀਆਂ ਭੈਣਾਂ ਵੀ ਹਨ ਜੋ ਆਪੋ-ਆਪਣੀ ਦੁਨੀਆ ਵਿੱਚ ਮਸ਼ਰੂਫ਼ ਹਨ। ਮੇਰਾ ਸਹੁਰਾ ਪਰਿਵਾਰ ਮੇਰੇ ਪਤੀ ਨੂੰ ਦੂਸਰਾ ਵਿਆਹ ਕਰਨ ਲਈ ਕੁੜੀਆਂ ਦਿਖਾਉਂਦੇ ਰਹਿੰਦੇ ਹਨ। ਜੇ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਤਾਂ ਮੈਂ ਕਿੱਥੇ ਜਾਊਂਗੀ?''
ਸ਼ੇਵਾਂਤਾ ਨੂੰ ਖੇਤੀ ਮਜ਼ਦੂਰੀ ਵਾਸਤੇ ਇੱਕ ਸਾਲ ਦੇ 160 ਦਿਨ 100 ਰੁਪਏ ਦਿਹਾੜੀ 'ਤੇ ਕੰਮ ਮਿਲ਼ ਜਾਂਦਾ ਹੈ। ਕਿਸੇ-ਕਿਸੇ ਮਹੀਨੇ ਕਿਸਮਤ ਠੀਕ ਰਹੇ ਤਾਂ ਉਹ ਮਹੀਨੇ ਦਾ 1,000-1,500 ਰੁਪਿਆ ਕਮਾ ਲੈਂਦੀ ਹਨ, ਪਰ ਇੰਨੀ ਕੁ ਕਮਾਈ ਕਰਨਾ ਵੀ ਉਨ੍ਹਾਂ ਦੇ ਆਪਣੇ ਹੱਥ ਨਹੀਂ ਹੈ। ਉਹ ਦੱਸਦੀ ਹਨ,''ਮੇਰੇ ਕੋਲ਼ ਰਾਸ਼ਨ ਕਾਰਡ ਤੱਕ ਨਹੀਂ ਹੈ। ਮਹੀਨੇ ਵਿੱਚ ਕਰੀਬ 500 ਰੁਪਏ ਚੌਲ਼, ਜਵਾਰ ਦਾ ਆਟਾ, ਤੇਲ ਅਤੇ ਮਿਰਚ 'ਤੇ ਖਰਚ ਹੋ ਜਾਂਦੇ ਹਨ। ਬਾਕੀ ਪੈਸੇ ਮੇਰਾ ਪਤੀ ਖੋਹ ਲੈਂਦਾ ਹੈ... ਜੋ ਬੰਦਾ ਮੈਨੂੰ ਘਰ ਚਲਾਉਣ ਲਈ ਵੀ ਪੈਸੇ ਨਹੀਂ ਦਿੰਦਾ, ਉਸ ਕੋਲ਼ੋਂ ਇਲਾਜ, ਦਵਾਈਆਂ ਦੇ ਖਰਚੇ ਦੀ ਤਵੱਕੋ ਕਰਨਾ ਤਾਂ ਗੱਲ ਹੀ ਦੂਰ ਦੀ ਰਹੀ, ਉਹ ਜੋ ਹਰ ਵੇਲ਼ੇ ਮੈਨੂੰ ਕੁੱਟਣ ਨੂੰ ਤਿਆਰ ਰਹਿੰਦਾ ਹੈ। ਮੈਂ ਨਹੀਂ ਜਾਣਦੀ ਕਿ ਉਹ ਆਪਣੀ ਕਦੇ-ਕਦਾਈਂ ਹੋਣ ਵਾਲ਼ੀ ਕਮਾਈ ਨਾਲ਼ ਸ਼ਰਾਬ ਪੀਣ ਤੋਂ ਇਲਾਵਾ ਹੋਰ ਕੀ ਕੰਮ ਕਰਦਾ ਹੈ।''
ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਕੋਲ਼ 20 ਬੱਕਰੀਆਂ ਹੁੰਦੀਆਂ ਸਨ, ਪਰ ਉਨ੍ਹਾਂ ਦਾ ਪਤੀ ਇੱਕ-ਇੱਕ ਕਰਕੇ ਬੱਕਰੀਆਂ ਵੇਚੀ ਗਿਆ ਅਤੇ ਹੁਣ ਉਨ੍ਹਾਂ ਕੋਲ਼ ਸਿਰਫ਼ 12 ਬੱਕਰੀਆਂ ਹੀ ਬਚੀਆਂ ਹਨ।
ਖਸਤਾ ਹਾਲਤੀ ਦੇ ਬਾਵਜੂਦ ਸ਼ੇਵਾਂਤਾ ਨੇ ਆਪਣੀ ਬਸਤੀ ਤੋਂ 61 ਕਿਲੋਮੀਟਰ ਦੂਰ ਸਥਿਤ ਸ਼ਹਾੜੇ ਕਸਬੇ ਦੇ ਇੱਕ ਡਾਕਟਰ ਦੇ ਨਿੱਜੀ ਕਲੀਨਿਕ ਵਿਖੇ ਆਪਣੇ ਬਾਂਝਪੁਣੇ ਦਾ ਇਲਾਜ ਕਰਵਾਉਣ ਲਈ ਪੈਸੇ ਬਚਾਏ ਹੋਏ ਹਨ। ਉਨ੍ਹਾਂ ਨੇ ਓਵਯੁਲੇਸ਼ਨ ਦੇ ਇਲਾਜ ਲਈ 2015 ਵਿੱਚ ਤਿੰਨ ਮਹੀਨਿਆਂ ਅਤੇ 2016 ਵਿੱਚ ਤਿੰਨ ਹੋਰ ਮਹੀਨਿਆਂ ਲਈ ਕਲੋਮੀਫ਼ੀਨ ਥੈਰੇਪੀ ਕਰਾਉਣ ਲਈ 6,000 ਰੁਪਏ ਦਿੱਤੇ ਹਨ। ਉਹ ਦੱਸਦੀ ਹਨ,''ਤਦ ਧੜਗਾਓਂ ਦੇ ਹਸਪਤਾਲ ਵਿੱਚ ਕੋਈ ਦਵਾਈ ਵੀ ਮੌਜੂਦ ਨਹੀਂ ਸੀ, ਇਸਲਈ ਮੈਂ ਆਪਣੀ ਮਾਂ ਦੇ ਨਾਲ਼ ਸ਼ਹਾੜੇ ਦੇ ਨਿੱਜੀ ਕਲੀਨਿਕ ਵਿਖੇ ਇਲਾਜ ਕਰਵਾਉਣ ਗਈ।''
ਸਾਲ 2018 ਵਿੱਚ ਉਨ੍ਹਾਂ ਨੂੰ ਉਹੀ ਇਲਾਜ ਧੜਗਾਓਂ ਗ੍ਰਾਮੀਣ ਹਸਪਤਾਲ ਵਿੱਚ ਮੁਫ਼ਤ ਮੁਹੱਈਆ ਹੋਇਆ, ਪਰ ਤੀਜੀ ਵਾਰ ਵੀ ਸਫ਼ਲਤਾ ਹੱਥ ਨਾ ਲੱਗੀ। ਉਹ ਨਿਰਾਸ਼ ਹੋ ਕੇ ਕਹਿੰਦੀ ਹਨ,''ਉਸ ਤੋਂ ਬਾਅਦ ਮੈਂ ਇਲਾਜ ਕਰਾਉਣ ਬਾਰੇ ਸੋਚਣਾ ਹੀ ਛੱਡ ਦਿੱਤਾ ਹੈ। ਹੁਣ ਮੇਰੀਆਂ ਬੱਕਰੀਆਂ ਹੀ ਮੇਰੀਆਂ ਔਲਾਦਾਂ ਹਨ।''
30 ਬੈਡ ਦੀ ਸੁਵਿਧਾ ਵਾਲ਼ੇ ਧੜਗਾਓਂ ਗ੍ਰਾਮੀਣ ਹਸਪਤਾਲ ਵਿੱਚ ਆਸਪਾਸ ਦੇ 150 ਪਿੰਡਾਂ ਦੇ ਮਰੀਜ਼ ਆਉਂਦੇ ਹਨ ਅਤੇ ਹਰ ਰੋਜ਼ ਓਪੀਡੀ ਵਿੱਚ ਤਕਰੀਬਨ 400 ਰੋਗੀ ਰਜਿਸਟਰ ਕੀਤੇ ਜਾਂਦੇ ਹਨ। ਉੱਥੋਂ ਦੇ ਜਨਾਨਾ-ਰੋਗ ਮਾਹਰ ਅਤੇ ਗ੍ਰਾਮੀਣ ਸਿਹਤ ਅਧਿਕਾਰੀ, ਡਾ. ਸੰਤੋਸ਼ ਪਰਮਾਰ ਦੱਸਦੇ ਹਨ ਕਿ ਹਰ ਇਲਾਜ ਮਾਮਲੇ ਦੇ ਹਿਸਾਬ ਨਾਲ਼ ਅੱਡ-ਅੱਡ ਹੁੰਦਾ ਹੈ। ਉਹ ਕਹਿੰਦੇ ਹਨ,''ਕਲੋਮੀਫ਼ੀਨ ਸਿਟ੍ਰੇਟ, ਗੇਨੋਡੋਟ੍ਰੌਪਿੰਸ ਅਤੇ ਬ੍ਰੋਮੋਕ੍ਰਿਪਟੀਨ ਵਰਗੀਆਂ ਦਵਾਈਆਂ ਕੁਝ ਹੀ ਲੋਕਾਂ 'ਤੇ ਕੰਮ ਕਰਦੀਆਂ ਹਨ। ਦੂਸਰੇ ਮਾਮਲਿਆਂ ਵਿੱਚ ਨਕਲੀ ਗਰਭਧਾਰਨ (ਆਈਵੀਐੱਫ਼) ਅਤੇ ਬੱਚੇਦਾਨੀ ਅੰਦਰ ਹੀ ਗਰਭਧਾਰਨ (ਆਈਯੂਆਈ/ਸ਼ੁਕਰਾਣੂ ਅਤੇ ਅੰਡੇ ਦਾ ਖ਼ੁਦ ਮੇਲ਼ ਕਰਾਉਣਾ) ਜਿਹੀਆਂ ਵਿਕਸਿਤ ਪ੍ਰਜਨਨ ਤਕਨੀਕਾਂ ਨੂੰ ਇਸਤੇਮਾਲ ਵਿੱਚ ਲਿਆਂਦੇ ਜਾਣ ਦੀ ਲੋੜ ਹੈ।''
ਪਰਮਾਰ ਦੱਸਦੇ ਹਨ ਕਿ ਧੜਗਾਓਂ ਦੇ
ਹਸਪਤਾਲ ਵਿੱਚ ਵੀਰਜ ਦੀ ਜਾਂਚ, ਸ਼ੁਕਰਾਣੂਆਂ ਦੀ ਗਿਣਤੀ, ਖ਼ੂਨ ਅਤੇ ਪੇਸ਼ਾਬ ਦੀ ਜਾਂਚ ਅਤੇ ਗੁਪਤ
ਅੰਗ ਦੀ ਜਾਂਚ ਜਿਹੀਆਂ ਬੁਨਿਆਦੀ ਜਾਂਚਾਂ ਹੀ ਸੰਭਵ ਹਨ, ਪਰ ਬਾਂਝਪੁਣੇ ਦਾ ਵਿਕਸਤ ਇਲਾਜ ਇੱਥੇ
ਤਾਂ ਛੱਡੋ ਨੰਦੁਰਬਾਰ ਸਿਵਲ ਹਸਪਤਾਲ ਵਿੱਚ ਵੀ ਸੰਭਵ ਨਹੀਂ ਹੈ। ਉਹ ਦੱਸਦੇ ਹਨ,''ਇਸਲਈ ਲੋਕ ਇਸ ਇਲਾਜ ਖ਼ਾਤਰ ਨਿੱਜੀ
ਕਲੀਨਿਕਾਂ 'ਤੇ ਹੀ ਨਿਰਭਰ ਰਹਿੰਦੇ ਹਨ, ਜਿੱਥੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਪੂਜਣੇ ਪੈਂਦੇ ਹਨ।'' ਹਸਪਤਾਲ ਵਿੱਚ ਪਰਮਾਰ ਇੱਕੋ-ਇੱਕ ਜਨਾਨਾ
ਰੋਗ ਮਾਹਰ ਹਨ ਜਿਨ੍ਹਾਂ ਸਿਰ ਗਰਭਨਿਰੋਧਕ ਸੇਵਾਵਾਂ ਤੋਂ ਲੈ ਕੇ ਜੱਚਾ-ਬੱਚਾ ਸਿਹਤ ਦੇਖਭਾਲ਼ ਤੱਕ
ਦੀ ਜ਼ਿੰਮੇਦਾਰੀ ਹੈ।
ਸਾਲ 2009 ਵਿੱਚ ਸਿਹਤ ਨੀਤੀ ਅਤੇ ਯੋਜਨਾ ਨਾਮਕ ਮੈਗ਼ਜ਼ੀਨ ਵਿੱਚ ਛਪੇ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬਾਂਝਪੁਣੇ ਦੇ ਪ੍ਰਸਾਰ ਬਾਰੇ ਸਬੂਤ ''ਬਹੁਤ ਵਿਰਲ਼ੇ ਅਤੇ ਪੁਰਾਣੇ ਹਨ।'' ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਨਐੱਫ਼ਐੱਚਐੱਸ-4 ; 2015-16) ਦੇ ਹਵਾਲੇ ਨਾਲ਼ ਗੱਲ ਕਰੀਏ ਤਾਂ 40-45 ਉਮਰ ਵਰਗ ਦੀਆਂ ਔਰਤਾਂ ਵਿੱਚੋਂ 3.6 ਫੀਸਦ ਨੂੰ ਕਦੇ ਗਰਭ ਨਹੀਂ ਠਹਿਰਿਆ। ਜਨਸੰਖਿਆ ਸਥਿਰੀਕਰਨ 'ਤੇ ਧਿਆਨ ਦੇਣ ਕਾਰਨ, ਬਾਂਝਪੁਣੇ ਦੀ ਰੋਕਥਾਮ ਅਤੇ ਦੇਖਭਾਲ਼ ਵਰਗਾ ਕੰਮ ਜਨ-ਸਿਹਤ ਸੇਵਾ ਦਾ ਘੱਟ ਤਰਜੀਹ ਵਾਲ਼ਾ ਅਤੇ ਅਣਗੌਲ਼ਿਆ ਕੰਮ ਹੀ ਰਿਹਾ ਹੈ।
ਸ਼ੇਵਾਂਤਾ ਇਹ ਪੁੱਛ ਕੇ ਬਿਲਕੁਲ ਵਾਜਬ ਨੁਕਤਾ ਚੁੱਕਦੀ ਹਨ,''ਜੇ ਸਰਕਾਰ ਗਰਭਨਿਰੋਧ ਵਾਸਤੇ ਕੰਡੋਮ ਅਤੇ ਦਵਾਈਆਂ ਭੇਜ ਸਕਦੀ ਹੈ; ਤਾਂ ਕੀ ਉਹ ਬਾਂਝਪੁਣੇ ਲਈ ਇੱਥੇ ਮੁਫ਼ਤ ਇਲਾਜ ਮੁਹੱਈਆ ਨਹੀਂ ਕਰਵਾ ਸਕਦੀ?''
ਇੰਡੀਅਨ ਜਨਰਲ ਆਫ਼ ਕਮਿਊਨਿਟੀ ਮੈਡੀਸੀਨ ਵਿੱਚ 2012-2013 ਵਿੱਚ ਪ੍ਰਕਾਸ਼ਤ 12 ਰਾਜਾਂ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਚੱਲਿਆ ਕਿ ਜ਼ਿਆਦਾਤਰ ਜ਼ਿਲ੍ਹਾ ਹਸਪਤਾਲਾਂ ਵਿੱਚ ਰੋਕਥਾਮ ਅਤੇ ਪ੍ਰਬੰਧਨ ਦੀਆਂ ਬੁਨਿਆਦੀ ਢਾਂਚਾਗਤ ਅਤੇ ਤਸ਼ਖੀਸੀ ਸੁਵਿਧਾਵਾਂ ਉਪਲਬਧ ਸਨ, ਪਰ ਬਹੁਤੇਰੇ ਭਾਈਚਾਰਕ ਸਿਹਤ ਕੇਂਦਰਾਂ (ਸੀਐੱਚਸੀ), ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਵਿੱਚ ਇਹ ਉਪਲਬਧਤਾ ਨਹੀਂ ਸੀ। ਵੀਰਜ ਦੀ ਜਾਂਚ ਦੀ ਸੇਵਾ 94 ਫੀਸਦ ਪੀਐੱਚਸੀ ਅਤੇ 79 ਫੀਸਦ ਸੀਐੱਚਸੀ ਵਿੱਚ ਉਪਲਬਧ ਨਹੀਂ ਸੀ। ਐਡਵਾਂਸ ਲੇਬੋਰਟਰੀ ਸਰਵਿਸ 42 ਫੀਸਦ ਜ਼ਿਲ੍ਹਾ ਹਸਪਤਾਲਾਂ ਵਿੱਚ ਉਪਲਬਧ ਸੀ, ਪਰ ਸੀਐੱਚਸੀ ਦੇ ਮਾਮਲੇ ਵਿੱਚ ਇਹ ਅੰਕੜਾ ਮਹਿਜ਼ 8 ਫੀਸਦ ਦਾ ਹੀ ਸੀ। ਡਾਇਗਨੋਸਟਿਕ (ਤਸ਼ਖੀਸੀ) ਲੇਪ੍ਰੋਸਕਾਪੀ ਦੀ ਸੁਵਿਧਾ ਸਿਰਫ਼ 25 ਫੀਸਦ ਜ਼ਿਲ੍ਹਾ ਹਸਪਤਾਲਾਂ ਵਿੱਚ ਸੀ ਅਤੇ ਹਿਸਟੇਰੋਸਕੋਪੀ ਉਨ੍ਹਾਂ ਵਿੱਚੋਂ ਸਿਰਫ਼ 8 ਫੀਸਦ ਵਿੱਚ ਹੀ ਸੀ। ਕਲੋਮੀਫ਼ੀਨ ਦੁਆਰਾ ਓਵਯੂਲੇਸ਼ਨ ਇੰਡਕਸ਼ਨ ਦੀ ਸੁਵਿਧਾ 83 ਪ੍ਰਤੀਸ਼ਤ ਜ਼ਿਲ੍ਹਾ ਹਸਪਤਾਲਾਂ ਵਿੱਚ ਅਤੇ ਗੋਨੈਡੋਟ੍ਰੌਪਿੰਸ ਦੀ ਸੁਵਿਧਾ ਉਨ੍ਹਾਂ ਵਿੱਚੋਂ ਸਿਰਫ਼ 33 ਫੀਸਦੀ ਵਿੱਚ ਹੀ ਸੀ। ਇਸ ਸਰਵੇਖਣ ਤੋਂ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਸਿਹਤ ਕੇਂਦਰਾਂ ਦਾ ਸਰਵੇਅ ਕੀਤਾ ਗਿਆ, ਉੱਥੋਂ ਦੇ ਕਰਮਚਾਰੀਆਂ ਵਿੱਚੋਂ ਕਿਸੇ ਨੂੰ ਵੀ ਉਨ੍ਹਾਂ ਦੇ ਕੇਂਦਰਾਂ ਦੁਆਰਾ ਬਾਂਝਪਣ-ਪ੍ਰਬੰਧਨ ਦੀ ਸਿਖਲਾਈ ਹੀ ਨਹੀਂ ਦਿੱਤੀ ਗਈ ਸੀ।
''ਇਲਾਜ ਤੱਕ ਪਹੁੰਚ ਬਣਨਾ ਜਿੱਥੇ ਇੱਕ ਮੁੱਦਾ ਹੈ, ਉੱਥੇ ਹੀ ਗ੍ਰਾਮੀਣ ਸਿਹਤ ਢਾਂਚੇ ਵਿੱਚ ਜਨਾਨਾ ਰੋਗ ਮਾਹਰਾਂ ਦੀ ਘਾਟ ਹੋਣਾ ਉਸ ਤੋਂ ਵੀ ਕਿਤੇ ਵੱਧ ਗੰਭੀਰ ਮੁੱਦਾ ਹੈ। ਬਾਂਝਪੁਣੇ ਦੇ ਇਲਾਜ ਵਿੱਚ ਸਿਖਲਾਈ-ਪ੍ਰਾਪਤ ਅਤੇ ਕਾਬਲ ਸਟਾਫ਼ ਅਤੇ ਉੱਚ ਤਕਨੀਕੀ ਉਪਕਰਣਾਂ ਦੀ ਲੋੜ ਹੁੰਦੀ ਹੈ। ਕਿਉਂਕਿ ਸਰਕਾਰ ਜੱਚਾ-ਬੱਚਾ ਸਿਹਤ ਦੇਖਭਾਲ਼ ਨੂੰ ਤਰਜੀਹ ਦਿੰਦੀ ਹੈ, ਇਸਲਈ ਸਿਵਲ ਹਸਪਤਾਲਾਂ ਅਤੇ ਪੀਐੱਚਸੀ ਵਿੱਚ ਬਾਂਝਪੁਣੇ ਦਾ ਸਸਤਾ ਇਲਾਜ ਮੁਹੱਈਆ ਕਰਵਾ ਪਾਉਣਾ ਆਰਥਿਕ ਕਾਰਨਾ ਕਰਕੇ ਮੁਸ਼ਕਲ ਹੈ।''
ਸ਼ੇਵਾਂਤਾ ਦੇ ਪਿੰਡੋਂ ਕਰੀਬ 5 ਕਿਲੋਮੀਟਰ ਦੂਰ ਸਥਿਤ ਪਿੰਡ ਬਰਿਸਪਾੜਾ ਵਿੱਚ, ਗੀਤਾ ਵਲਵੀ (ਬਦਲਿਆ ਨਾਮ) ਆਪਣੀ ਝੌਂਪੜੀ ਦੇ ਬਾਹਰ ਖਾਟ (ਮੰਜੀ) 'ਤੇ ਸੇਮ ਸੁਕਾ ਰਹੀ ਹਨ। 30 ਸਾਲਾ ਗੀਤਾ ਅਤੇ ਸੂਰਜ (45 ਸਾਲ) ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ, ਸੂਰਜ (ਬਦਲਿਆ ਨਾਮ) ਇੱਕ ਖੇਤ ਮਜ਼ਦੂਰ ਹਨ। ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ। ਇਹ ਲੋਕ ਵੀ ਭੀਲ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ। ਆਸ਼ਾ ਵਰਕਰ ਦੇ ਬੜੀ ਵਾਰੀਂ ਕਹਿਣ 'ਤੇ ਸੂਰਜ ਨੇ 2010 ਵਿੱਚ ਜਾਂਚ ਕਰਵਾਈ ਅਤੇ ਫਿਰ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਅੰਦਰ ਸ਼ੁਕਰਾਣੂਆਂ ਦੀ ਘਾਟ ਹੈ। ਉਹਦੇ ਕੁਝ ਸਾਲ ਪਹਿਲਾਂ 2005 ਵਿੱਚ ਇਸ ਜੋੜੇ ਨੇ ਇੱਕ ਬੱਚੀ ਗੋਦ ਲਈ ਸੀ, ਪਰ ਗੀਤਾ ਦੀ ਸੱਸ ਅਤੇ ਉਨ੍ਹਾਂ ਦਾ ਪਤੀ ਗੀਤਾ ਨੂੰ ਬੱਚਾ ਨਾ ਜੰਮਣ ਕਾਰਨ ਤਸੀਹੇ ਦਿੰਦੇ ਸਨ। ਗੀਤਾ ਕਹਿੰਦੀ ਹਨ,''ਉਹ ਬੱਚਾ ਨਾ ਹੋਣ ਦਾ ਦੋਸ਼ ਮੇਰੇ ਸਿਰ ਮੜ੍ਹਦੇ ਹਨ, ਜਦੋਂ ਕਿ ਕਮੀ ਤਾਂ ਉਨ੍ਹਾਂ ਦੇ ਖ਼ੁਦ ਅੰਦਰ ਹੈ, ਮੇਰੇ ਅੰਦਰ ਨਹੀਂ। ਪਰ ਮੈਂ ਔਰਤ ਜੋ ਹਾਂ, ਇਸਲਈ ਦੂਸਰਾ ਵਿਆਹ ਨਹੀਂ ਕਰ ਸਕਦੀ।''
ਗੀਤਾ ਨੇ 2019 ਵਿੱਚ ਆਪਣੇ ਇੱਕ ਏਕੜ ਖੇਤ ਵਿੱਚ 20 ਕਿਲੋ ਸੇਮ ਅਤੇ ਇੱਕ ਕੁਇੰਟਲ ਜਵਾਰ ਉਗਾਇਆ। ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਗੀਤਾ ਕਹਿੰਦੀ ਹਨ,''ਇਹ ਸਾਰਾ ਤਾਂ ਘਰ ਖਾਣ ਲਈ ਹੀ ਹੈ। ਮੇਰਾ ਪਤੀ ਖੇਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ। ਉਹ ਬਤੌਰ ਖ਼ੇਤ ਮਜ਼ਦੂਰ ਜੋ ਵੀ ਦਿਹਾੜੀ ਕਮਾਉਂਦਾ ਹੈ ਉਹ ਸਭ ਸ਼ਰਾਬ ਅਤੇ ਜੂਏ ਵਿੱਚ ਉਡਾ ਦਿੰਦਾ ਹੈ। ''ਉਹ ਬੱਸ ਮੁਫ਼ਤ ਵਿੱਚ ਬੁਰਕੀਆਂ ਤੋੜਦਾ ਹੈ!''
''ਜਦੋਂ ਉਹ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਮੈਨੂੰ ਲੱਤ ਮਾਰਦਾ ਹੈ ਅਤੇ ਕਦੇ-ਕਦੇ ਡੰਡੇ ਨਾਲ਼ ਵੀ ਕੁੱਟ ਸੁੱਟਦਾ ਹੈ। ਜਦੋਂ ਨਸ਼ਾ ਨਹੀਂ ਕੀਤਾ ਹੁੰਦਾ ਤਾਂ ਮੈਨੂੰ ਬੁਲਾਉਂਦਾ ਤੱਕ ਨਹੀਂ।'' ਇੰਨੇ ਸਾਲਾਂ ਤੋਂ ਲਗਾਤਾਰ ਘਰੇਲੂ ਕੁੱਟਮਾਰ ਖਾਣ ਕਰਕੇ ਮੇਰੇ ਲੱਕ, ਧੌਣ ਅਤੇ ਮੋਢਿਆਂ ਵਿੱਚ ਬਹੁਤ ਦਰਦ ਰਹਿੰਦਾ ਹੈ।
ਗੀਤਾ ਕਹਿੰਦੀ ਹਨ,''ਅਸੀਂ ਮੇਰੇ ਦਿਓਰ ਦੀ ਧੀ ਗੋਦ ਲਈ ਸੀ, ਪਰ ਮੇਰੇ ਪਤੀ ਨੂੰ ਆਪਣਾ ਬੱਚਾ ਚਾਹੀਦਾ ਸੀ, ਉਹ ਵੀ ਮੁੰਡਾ, ਇਸਲਈ ਆਸ਼ਾ ਤਾਈ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਕੰਡੋਮ ਦਾ ਇਸਤੇਮਾਲ ਕਰਨ ਅਤੇ ਸਰਾਬ ਪੀਣੀ ਬੰਦ ਕਰਨ ਤੋਂ ਇਨਕਾਰ ਕਰਦਾ ਹੈ।'' ਆਸ਼ਾ ਵਰਕਰ ਹਰ ਹਫ਼ਤੇ ਉਨ੍ਹਾਂ ਦਾ ਹਾਲਚਾਲ ਪੁੱਛਣ ਜਾਂਦੀ ਹਨ ਅਤੇ ਉਨ੍ਹਾਂ ਨੂੰ ਸਲਾਹ ਵੀ ਦਿੰਦੀ ਹਨ ਕਿ ਉਨ੍ਹਾਂ ਦਾ ਪਤੀ ਕੰਡੋਮ ਇਸਤੇਮਾਲ ਕਰਿਆ ਕਰੇ, ਕਿਉਂਕਿ ਗੀਤਾ ਨੂੰ ਸੰਭੋਗ ਦੌਰਾਨ ਪੀੜ੍ਹ, ਜ਼ਖ਼ਮ, ਪੇਸ਼ਾਬ ਵਿੱਚ ਸਾੜ, ਅਸਧਾਰਣ ਰੂਪ ਵਿੱਚ ਚਿੱਟਾ ਪਾਣੀ ਆਉਣ ਅਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਪੀੜ੍ਹ ਦੀ ਸ਼ਿਕਾਇਤ ਰਹਿੰਦੀ ਹੈ। ਇਹ ਸਭ ਯੌਨ ਸੰਚਾਰਤ ਰੋਗ ਦੇ ਜਾਂ ਪ੍ਰਜਨਨ ਨਲ਼ੀ ਦੇ ਸੰਕਰਮਣ ਦੇ ਲੱਛਣ ਹਨ।
ਸਿਹਤ ਕਰਮੀ ਨੇ ਗੀਤਾ ਨੂੰ ਵੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ, ਪਰ ਉਨ੍ਹਾਂ ਨੇ ਧਿਆਨ ਦੇਣਾ ਬੰਦ ਕਰ ਦਿੱਤਾ ਹੈ, ਉਹ ਇਲਾਜ ਨਹੀਂ ਕਰਵਾਉਣਾ ਚਾਹੁੰਦੀ ਹਨ। ਗੀਤਾ ਪੁੱਛਦੀ ਹਨ,''ਹੁਣ ਡਾਕਟਰ ਨਾਲ਼ ਮਿਲ਼ਣ ਜਾਂ ਇਲਾਜ ਕਰਵਾਉਣ ਦਾ ਕੀ ਫ਼ਾਇਦਾ ਹੈ? ਦਵਾਈਆਂ ਰਾਹੀਂ ਹੋ ਸਕਦੀ ਹੈ ਕਿ ਮੇਰੇ ਸਰੀਰ ਦੀ ਪੀੜ੍ਹ ਚਲੀ ਜਾਵੇ, ਪਰ ਕੀ ਮੇਰੇ ਪਤੀ ਸ਼ਰਾਬ ਪੀਣਾ ਬੰਦ ਕਰ ਦਵੇਗਾ? ਕੀ ਉਹ ਮੈਨੂੰ ਕੁੱਟਣਾ-ਮਾਰਨਾ ਬੰਦ ਕਰ ਦਵੇਗਾ?''
ਡਾਕਟਰ ਪਰਮਾਰ ਦਾ ਕਹਿਣਾ ਹੈ ਕਿ ਉਹ ਹਰ ਹਫ਼ਤੇ ਘੱਟ ਤੋਂ ਘੱਟ ਚਾਰ ਤੋਂ ਪੰਜ ਅਜਿਹੇ ਜੋੜਿਆਂ ਨੂੰ ਦੇਖਦੇ ਹਨ, ਜਿੱਥੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਸ਼ੁਕਰਾਣੂਆਂ ਦੀ ਕਮੀ, ਬਾਂਝਪੁਣੇ ਦੀ ਮੁੱਖ ਵਜ੍ਹਾ ਹੁੰਦਾ ਹੈ। ਉਹ ਦੱਸਦੇ ਹਨ,''ਬਾਂਝਪੁਣੇ ਦੇ ਸੰਦਰਭ ਵਿੱਚ ਪੁਰਸ਼ਾਂ ਦੇ ਸਰੀਰਕ ਦੋਸ਼ਾਂ ਬਾਰੇ ਅਗਿਆਨਤਾ ਹੋਣ ਕਾਰਨ ਔਰਤਾਂ ਦੇ ਨਾਲ਼ ਜ਼ਾਲਿਮਾਨਾ ਵਰਤਾਓ ਕੀਤਾ ਜਾਂਦਾ ਹੈ, ਪਰ ਜ਼ਿਆਦਾਤਰ ਔਰਤਾਂ ਇਕੱਲੇ ਹੀ ਆਉਂਦੀਆਂ ਹਨ। ਔਰਤਾਂ ਦੇ ਸਿਰ ਹੀ ਸਾਰਾ ਦੋਸ਼ ਮੜ੍ਹਨ ਦੀ ਬਜਾਇ ਜ਼ਰੂਰੀ ਇਹ ਹੈ ਕਿ ਪੁਰਸ਼ ਇਸ ਗੱਲ ਨੂੰ ਸਮਝਣ ਅਤੇ ਆਪਣੀ ਜਾਂਚ ਕਰਵਾਉਣ।''
ਜਨਸੰਖਿਆ ਸਥਿਰੀਕਰਨ 'ਤੇ ਧਿਆਨ ਦੇਣ ਕਾਰਨ, ਬਾਂਝਪੁਣੇ ਦੀ ਰੋਕ-ਥਾਮ ਅਤੇ ਉਸ ਸਬੰਧ ਵਿੱਚ ਜ਼ਰੂਰੀ ਦੇਖਭਾਲ਼, ਲੋਕ-ਸਿਹਤ ਸੇਵਾਵਾਂ ਦੀ ਪ੍ਰਾਥਮਿਕਤਾ ਵਿੱਚ ਨਹੀਂ ਹੈ ਅਤੇ ਇਹਨੂੰ ਅਣਗੌਲ਼ਿਆ ਜਾਂਦਾ ਹੈ। ਬਾਂਝਪੁਣੇ ਵਿੱਚ ਪੁਰਸ਼ਾਂ ਦੇ ਸਰੀਰਕ ਦੋਸ਼ਾਂ ਬਾਰੇ ਅਗਿਆਨਤਾ ਹੋਣ ਕਰਕੇ ਔਰਤਾਂ ਦੇ ਨਾਲ਼ ਜ਼ਾਲਿਮਾਨਾ ਵਰਤਾਓ ਕੀਤਾ ਜਾਂਦਾ ਹੈ
ਡਾਕਟਰ ਰਾਣੀ ਬਾਂਗ, ਜੋ ਪਿਛਲੇ ਤੀਹ ਸਾਲਾਂ ਤੋਂ ਪੂਰਬੀ ਮਹਾਰਾਸ਼ਟਰ ਦੇ ਗੜਚਿਰੌਲੀ ਆਦਿਵਾਸੀ ਇਲਾਕੇ ਵਿੱਚ ਪ੍ਰਜਨਨ ਸਿਹਤ ਨਾਲ਼ ਜੁੜੇ ਮੁੱਦਿਆਂ 'ਤੇ ਕੰਮ ਕਰਦੀ ਆਈ ਹਨ, ਦੱਸਦੀ ਹਨ ਕਿ ਬਾਂਝਪੁਣਾ ਇਲਾਜ ਦੇ ਮੁੱਦੇ ਨਾਲ਼ੋਂ ਸਮਾਜਿਕ ਮੁੱਦਾ ਵੱਧ ਹੈ। ਉਹ ਕਹਿੰਦੀ ਹਨ,''ਪੁਰਸ਼ਾਂ ਵਿੱਚ ਬਾਂਝਪੁਣਾ ਇੱਕ ਵੱਡੀ ਸਮੱਸਿਆ ਹੈ, ਪਰ ਬਾਂਝਪੁਣਾ ਸਿਰਫ਼ ਔਰਤਾਂ ਦੀ ਸਮੱਸਿਆ ਹੀ ਮੰਨੀ ਜਾਂਦੀ ਹੈ। ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ।''
ਹੈਲਥ ਪਾਲਿਸੀ ਐਂਡ ਪਲੈਨਿੰਗ ਪੇਪਰ ਵਿੱਚ, ਲੇਖਕ ਇਸ ਗੱਲ ਨੂੰ ਰੇਖਾਂਕਿਤ ਕਰਦੇ ਹਨ: ''ਹਾਲਾਂਕਿ ਬਹੁਤ ਹੀ ਘੱਟ ਔਰਤਾਂ ਅਤੇ ਪਤੀ-ਪਤਨੀ ਹੀ ਬਾਂਝਪੁਣੇ ਤੋਂ ਪ੍ਰਭਾਵਤ ਹੁੰਦੇ ਹਨ, ਇਹ ਪ੍ਰਜਨਨ ਸਿਹਤ ਅਤੇ ਅਧਿਕਾਰ ਸਬੰਧਤ ਇੱਕ ਬੇਹੱਦ ਅਹਿਮ ਮੁੱਦਾ ਹੈ।'' ਲੇਖ ਅਨੁਸਾਰ ਹਾਲਾਂਕਿ ਬਾਂਝਪੁਣੇ ਦੇ ਮੁੱਖ ਅਤੇ ਗੌਣ ਕਾਰਨ ਪੁਰਸ਼ਾਂ ਅਤੇ ਔਰਤਾਤਂ ਦੋਵਾਂ ਨਾਲ਼ ਜੁੜੇ ਹੋਏ ਹਨ, ਪਰ ''ਬਾਂਝਪੁਣੇ ਦਾ ਡਰ ਔਰਤਾਂ ਅੰਦਰ ਵੱਧ ਹੁੰਦਾ ਹੈ, ਉਨ੍ਹਾਂ ਦੀ ਪਛਾਣ, ਉਨ੍ਹਾਂ ਦੀ ਹੈਸੀਅਤ ਅਤੇ ਸੁਰੱਖਿਆ ਸਾਰੇ ਕਾਸੇ 'ਤੇ ਇਹਦਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਨੂੰ ਅਪਰਾਧਬੋਧ ਅਤੇ ਇਕਲਾਪੇ ਦਾ ਸਾਹਮਣਾ ਕਰਵਾਇਆ ਜਾਂਦਾ ਹੈ ਅਤੇ ਔਰਤਾਂ ਪਰਿਵਾਰ ਅਤੇ ਸਮਾਜ ਵਿੱਚ ਆਪਣੀ ਗੱਲ ਰੱਖਣ ਅਤੇ ਆਪਣੇ ਸ਼ਕਤੀਕਰਨ ਦਾ ਮੌਕਾ ਗੁਆ ਲੈਂਦੀਆਂ ਹਨ।''
ਗੀਤਾ ਨੇ 8 ਜਮਾਤਾਂ ਤੱਕ ਪੜ੍ਹੀ ਹਨ ਅਤੇ 2003 ਵਿੱਚ 13 ਸਾਲਾਂ ਦੀ ਉਮਰੇ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਉਨ੍ਹਾਂ ਨੇ ਕਦੇ ਗ੍ਰੈਜੁਏਟ ਹੋਣ ਦਾ ਸੁਪਨਾ ਪਾਲ਼ਿਆ ਸੀ। ਹੁਣ ਉਹ ਆਪਣੀ 20 ਸਾਲਾ ਧੀ ਲਤਾ (ਬਦਲਿਆ ਨਾਮ) ਨੂੰ ਆਪਣਾ ਸੁਪਨਾ ਪੂਰਿਆਂ ਕਰਦੇ ਦੇਖਣਾ ਲੋਚਦੀ ਹਨ। ਅਜੇ ਤਾਂ ਉਹ ਧੜਗਾਓਂ ਦੇ ਜੂਨੀਅਰ ਕਾਲਜ ਵਿੱਚ 12ਵੀਂ ਦੀ ਪੜ੍ਹਾਈ ਕਰ ਰਹੀ ਹੈ। ਗੀਤਾ ਕਹਿੰਦੀ ਹਨ,''ਫਿਰ ਕੀ ਹੋਇਆ ਜੇ ਇਹ ਮੇਰੀ ਕੁੱਖੋਂ ਤਾਂ ਨਹੀਂ ਜੰਮੀ। ਪਰ ਮੈਂ ਨਹੀਂ ਚਾਹੁੰਦੀ ਕਿ ਉਹਦੀ ਜ਼ਿੰਦਗੀ ਵੀ ਮੇਰੇ ਵਾਂਗ ਬਰਬਾਦ ਹੋਵੇ।''
ਕਿਸੇ ਜ਼ਮਾਨੇ ਵਿੱਚ ਗੀਤਾ ਨੂੰ ਹਾਰ-ਸ਼ਿੰਗਾਰ ਕਰਨਾ ਪਸੰਦ ਸੀ। ਉਹ ਕਹਿੰਦੀ ਹਨ,''ਮੈਨੂੰ ਵਾਲ਼ਾਂ ਵਿੱਚ ਤੇਲ ਲਾਉਣਾ, ਸ਼ਿਕਾਕਾਈ ਨਾਲ਼ ਉਨ੍ਹਾਂ ਨੂੰ ਧੋਣਾ ਅਤੇ ਸ਼ੀਸ਼ੇ ਮੂਹਰੇ ਖੜ੍ਹੇ ਹੋ ਕੇ ਖ਼ੁਦ ਨੂੰ ਨਿਹਾਰਨਾ ਬੜਾ ਭਾਉਂਦਾ ਸੀ।'' ਉਨ੍ਹਾਂ ਨੂੰ ਚਿਹਰੇ 'ਤੇ ਪਾਊਡਰ ਲਾਉਣਾ, ਬਾਲ ਸੰਵਾਰਨ ਅਤੇ ਵਧੀਆ ਸਾੜੀ ਪਾਉਣ ਲਈ ਕਿਸੇ ਮੌਕੇ ਦੀ ਤਲਾਸ਼ ਨਹੀਂ ਹੁੰਦੀ ਸੀ। ਪਰ ਵਿਆਹ ਦੇ 2 ਸਾਲ ਬਾਅਦ ਵੀ ਗਰਭ ਨਾ ਠਹਿਰਣ ਦੀ ਹਾਲਤ ਵਿੱਚ ਉਨ੍ਹਾਂ ਦੀ ਸੱਸ ਅਤੇ ਪਤੀ ਨੇ ਉਨ੍ਹਾਂ ਨੂੰ 'ਬੇਸ਼ਰਮ' ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੀਤਾ ਨੇ ਖ਼ੁਦ ਵੱਲ ਧਿਆਨ ਦੇਣਾ ਹੀ ਬੰਦ ਕਰ ਦਿੱਤਾ। ਉਹ ਪੁੱਛਦੀ ਹਨ,''ਮੈਨੂੰ ਆਪਣਾ ਬੱਚਾ ਨਾ ਜੰਮਣ ਦਾ ਕੋਈ ਮਲਾਲ ਨਹੀਂ ਹੈ; ਮੈਨੂੰ ਹੁਣ ਆਪਣਾ ਬੱਚਾ ਚਾਹੀਦਾ ਵੀ ਨਹੀਂ। ਪਰ ਸੋਹਣੇ ਦਿੱਸਣ ਵਿੱਚ ਬੁਰਾਈ ਕਿਉਂ ਦੇਖੀ ਜਾਂਦੀ ਹੈ?''
ਸਮਾਂ ਬੀਤਣ ਦੇ ਨਾਲ਼ ਨਾਲ਼ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਿਆਹਾਂ, ਬੱਚੇ ਦਾ ਨਾਂ ਧਰਨ ਅਤੇ ਪਰਿਵਾਰ ਸਮਾਗਮਾਂ ਵਿੱਚ ਸੱਦਣਾ ਬੰਦ ਕਰ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਸਮਾਜਿਕ ਬਾਈਕਾਟ ਦੀ ਪ੍ਰਕਿਰਿਆ ਪੂਰੀ ਹੋ ਗਈ। ਗੀਤਾ ਦੱਸਦੀ ਹਨ,''ਲੋਕ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਬੁਲਾਉਂਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਘਾਟ ਮੇਰੇ ਪਤੀ ਅੰਦਰ ਹੈ ਨਾ ਕੀ ਮੇਰੇ ਅੰਦਰ। ਜੇ ਉਹ ਇਸ ਸੱਚ ਜਾਣ ਵੀ ਜਾਂਦੇ ਤਾਂ ਕੀ ਫਿਰ ਵੀ ਉਹ ਉਨ੍ਹਾਂ ਨੂੰ ਬੁਲਾਉਣ ਬੰਦ ਕਰਦੇ?''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ