''ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਸੁੱਤੀ ਨਾ ਰਹੇ...''

ਇਹ ਹੌਸਾਬਾਈ ਹੀ ਸਨ ਜੋ ਇੱਕ ਅਡਿੱਗ, ਜੁਝਾਰੂ ਸੁਤੰਤਰਤਾ ਵਿਰਾਂਗਣਾ, ਲਾਸਾਨੀ ਨੇਤਾ ਹੋਣ ਦੇ ਨਾਲ਼-ਨਾਲ਼ ਕਿਸਾਨਾਂ, ਗ਼ਰੀਬਾਂ ਅਤੇ ਹਾਸ਼ੀਆਗਤ ਲੋਕਾਂ ਦੇ ਪੱਖ-ਪੂਰਨ ਵਾਲ਼ੀ ਅਦਭੁੱਤ ਹਮਾਇਤੀ ਵੀ ਸਨ। ਇਹ ਸਾਰੇ ਅਲਫ਼ਾਜ਼ ਉਸ ਵੀਡਿਓ ਸੰਦੇਸ਼ ਦਾ ਹਿੱਸਾ ਸਨ ਜੋ ਸੰਦੇਸ਼ ਉਨ੍ਹਾਂ ਨੇ ਨਵੰਬਰ 2018 ਨੂੰ ਸੰਸਦ ਵਿਖੇ ਕਿਸਾਨਾਂ ਦੇ ਵਿਸ਼ਾਲ ਮਾਰਚ ਨੂੰ ਭੇਜਿਆ ਸੀ।

''ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਢੁੱਕਵਾਂ ਭਾਅ ਮਿਲ਼ਣਾ ਹੀ ਚਾਹੀਦਾ ਹੈ,'' ਵੀਡਿਓ ਅੰਦਰ ਉਨ੍ਹਾਂ ਨੇ ਗਰਜ਼ਵੀਂ ਅਵਾਜ਼ ਵਿੱਚ ਕਿਹਾ ਸੀ। ''ਇਸ ਨਿਆ ਦੀ ਲੜਾਈ ਵਿੱਚ, ਮੈਂ ਖ਼ੁਦ ਜਾਵਾਂਗੀ ਅਤੇ ਉਸ ਮਾਰਚ ਦਾ ਹਿੱਸਾ ਬਣਾਂਗੀ, ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ। ਇਸ ਗੱਲ ਦੀ ਪਰਵਾਹ ਕੀਤਿਆਂ ਬਗ਼ੈਰ ਕਿ ਉਹ ਆਪਣੀ ਉਮਰ ਦੇ 93ਵੇਂ  ਸਾਲ ਵਿੱਚ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਸਾਜ਼ਗਾਰ ਨਹੀਂ ਸੀ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ''ਬਹੁਤ ਸੌਂ ਲਿਆ ਹੁਣ ਹੋਰ ਨਾ ਸੌਂਵੋ... ਉੱਠੋ ਅਤੇ ਗ਼ਰੀਬਾਂ ਵਾਸਤੇ ਕੰਮ ਕਰੋ।''

ਸਦਾ ਚੌਕਸ ਅਤੇ ਸੁਚੇਤ ਰਹਿਣ ਵਾਲ਼ੀ ਹੌਸਾਬਾਈ 23 ਸਤੰਬਰ, 2021 ਨੂੰ ਸਾਂਗਲੀ ਵਿਖੇ 95 ਸਾਲ ਦੀ ਉਮਰ ਵਿੱਚ ਮਲ੍ਹਕੜੇ ਜਿਹੇ ਸਦਾ ਦੀ ਨੀਂਦ ਸੌਂ ਗਈ। ਮੈਂ ਉਨ੍ਹਾਂ ਨੂੰ ਸਦਾ ਆਪਣੇ ਦਿਲ ਦੀਆਂ ਡੂੰਘਾਣਾਂ ਵਿੱਚ ਰੱਖਾਂਗਾ।

ਹੌਸਾਬਾਈ (ਜਿਨ੍ਹਾਂ ਨੂੰ ਅਕਸਰ ਹੌਸਾ ਤਾਈ ਕਿਹਾ ਜਾਂਦਾ ਹੈ; ਮਰਾਠੀ ਭਾਸ਼ਾ ਵਿੱਚ ਵੱਡੀ ਭੈਣ ਨੂੰ ਆਦਰ ਵਜੋਂ 'ਤਾਈ' ਕਹਿੰਦੇ ਹਨ।), 1943 ਤੋਂ 1946 ਦਰਮਿਆਨ ਇਨਕਲਾਬੀਆਂ ਦੀ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਰੇਲਾਂ 'ਤੇ ਹਮਲੇ ਕੀਤੇ, ਪੁਲਿਸ ਦੇ ਹਥਿਆਰਾਂ ਨੂੰ ਲੁੱਟਿਆ ਅਤੇ ਉਨ੍ਹਾਂ ਡਾਕ ਬੰਗਲਿਆਂ ਨੂੰ ਅੱਗ ਹਵਾਲੇ ਕੀਤਾ ਜਿਨ੍ਹਾਂ ਬੰਗਲਿਆਂ ਨੂੰ ਬ੍ਰਿਟਿਸ਼ ਰਾਜ ਦੁਆਰਾ ਪ੍ਰਸ਼ਾਸਨ ਦੇ ਉਦੇਸ਼ਾਂ ਦੀ ਪੂਰਤੀ ਅਤੇ ਅਦਾਲਤਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਉਨ੍ਹਾਂ ਨੇ ਤੂਫ਼ਾਨ ਸੈਨਾ (ਵਰਲਵਿੰਡ ਆਰਮੀ) ਵਿੱਚ ਕੰਮ ਕੀਤਾ, ਇੱਕ ਅਜਿਹਾ ਇਨਕਲਾਬੀ ਸਮੂਹ ਜੋ ਪ੍ਰਤੀ ਸਰਕਾਰ ਦੀ ਹਥਿਆਰਬੰਦ ਸ਼ਾਖਾ ਜਾਂ ਸਤਾਰਾ ਦੀ ਆਰਜ਼ੀ, ਰੂਪੋਸ਼ ਸਰਕਾਰ ਦੇ ਰੂਪ ਵਿੱਚ ਕੰਮ ਕਰਦੀ ਸੀ, ਜਿਹਨੇ 1943 ਵਿੱਚ ਹੀ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ।

1944 ਵਿੱਚ, ਉਨ੍ਹਾਂ ਨੇ ਗੋਆ ਵਿਖੇ ਭੂਮੀਗਤ ਕਾਰਵਾਈ ਵਿੱਚ ਹਿੱਸਾ ਲਿਆ, ਫਿਰ ਪੁਰਤਗਾਲੀ ਸ਼ਾਸਨ ਅਧੀਨ ਅੱਧੀ ਰਾਤੀਂ ਲੱਕੜ ਦੇ ਡੱਬੇ ਉੱਪਰ ਲੰਮੀ ਪੈ ਕੇ ਮੰਡੋਵੀ ਨਦੀ ਪਾਰ ਕੀਤੀ, ਉਸ ਸਮੇਂ ਉਨ੍ਹਾਂ ਦੇ ਕੁਝ ਸਾਥੀ ਕਾਮਰੇਡ ਉਨ੍ਹਾਂ ਦੇ ਨਾਲ਼-ਨਾਲ਼ ਤੈਰੇ। ਪਰ ਉਨ੍ਹਾਂ ਦਾ ਸਦਾ ਇਸੇ ਗੱਲ 'ਤੇ ਜ਼ੋਰ ਰਿਹਾ,''ਮੈਂ ਅਜ਼ਾਦੀ ਦੇ ਇਸ ਘੋਲ਼ ਵਾਸਤੇ ਬਹੁਤਾ ਕੁਝ ਨਹੀਂ ਕੀਤਾ ਜੋ ਕੀਤਾ ਉਹ ਬਹੁਤ ਹੀ ਥੋੜ੍ਹਾ ਕੰਮ ਸੀ... ਮੈਂ ਕੁਝ ਵੱਡਾ ਅਤੇ ਮਹਾਨ ਕੰਮ ਨਹੀਂ ਕੀਤਾ।'' ਹੌਸਾਬਾਈ ਬਾਰੇ ਹੋਰ ਜਾਣਨ ਲਈ ਕ੍ਰਿਪਾ ਕਰਕੇ ਮੇਰੀ ਪਸੰਦੀਦਾ ਸਟੋਰੀ: ਹੌਸਾਬਾਈ ਦੀ ਖ਼ਾਮੋਸ਼ ਵੀਰ-ਗਾਥਾ ਪੜ੍ਹੋ।

ਹੌਸਾਬਾਈ ਇਨਕਲਾਬੀਆਂ ਦੀ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਰੇਲਾਂ 'ਤੇ ਹਮਲੇ ਕੀਤੇ, ਪੁਲਿਸ ਦੇ ਹਥਿਆਰਾਂ ਨੂੰ ਲੁੱਟਿਆ ਅਤੇ ਉਨ੍ਹਾਂ ਡਾਕ ਬੰਗਲਿਆਂ ਨੂੰ ਅੱਗ ਹਵਾਲੇ ਕੀਤਾ

ਵੀਡਿਓ ਦੇਖੋ : ' ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਸੁੱਤੀ ਨਾ ਰਹੇ... '

ਹੌਸਾਬਾਈ ਦੀ ਮੌਤ ਵਾਲ਼ੇ ਦਿਨ, ਮੈਂ ਜਰਨਾਲਿਜ਼ਮ ਦੇ ਵਿਦਿਆਰਥੀਆਂ ਦੇ ਨਾਲ਼ ਉਨ੍ਹਾਂ ਬਾਬਤ ਗੱਲ ਕੀਤੀ। ਇਹ ਸਾਡੇ ਦੇਸ਼ ਦੀ ਅਜਿਹੀ ਇੱਕ ਪੀੜ੍ਹੀ ਹੈ ਜੋ ਭਾਰਤ ਦੀ ਅਜ਼ਾਦੀ ਦੇ ਘੋਲ਼ ਦੇ ਅਸਲੀ ਨਾਇਕਾਵਾਂ ਤੋਂ ਮਹਿਰੂਮ ਹੋ ਗਈ ਹੈ। ਸਾਡੇ ਕੋਲ਼ ਇੱਕ ਅਜਿਹਾ ਯੋਧਾ ਮੌਜੂਦ ਸੀ ਜੋ ਦੇਸ਼ਭਗਤੀ ਅਤੇ ਭਾਰਤੀ ਕੌਮਵਾਦ ਦੇ ਮਸਲੇ 'ਤੇ ਬੋਲਣ ਵਿੱਚ ਅੱਜ ਦੇ ਉਨ੍ਹਾਂ ਮੌਕਾਪ੍ਰਸਤ ਨੇਤਾਵਾਂ ਨਾਲ਼ੋਂ ਕਿਤੇ ਵੱਧ ਯੋਗ ਸੀ ਜੋ ਸਿਰਫ਼ ਇਨ੍ਹਾਂ ਮੁੱਦਿਆਂ ਨੂੰ ਉਛਾਲ਼ ਕੇ 'ਤੇ ਆਪਣੀਆਂ ਰੋਟੀਆਂ ਹੀ ਸੇਕਦੇ ਹਨ। ਹੌਸਾਬਾਈ ਜਿਹੇ ਅਜ਼ਾਦੀ ਘੁਲਾਟੀਆਂ ਅੰਦਰ ਦੇਸ਼ਭਗਤੀ ਦਾ ਅਜਿਹਾ ਜਜ਼ਬਾ ਸੀ ਜਿਹਦਾ ਅਧਾਰ ਏਕਤਾ ਸੀ ਅਤੇ ਬ੍ਰਿਟਿਸ਼ ਸਾਮਰਾਜਵਾਦੀ ਜੂਲ੍ਹੇ ਵਿੱਚੋਂ ਭਾਰਤੀਆਂ ਨੂੰ ਅਜ਼ਾਦ ਕਰਾਉਣ ਦੀ ਲੋੜ ਵਿੱਚੋਂ ਪੈਦਾ ਹੋਇਆ ਸੀ ਨਾ ਕੀ ਧਰਮ ਜਾਂ ਜਾਤ ਨੂੰ ਜ਼ਮੀਨ ਬਣਾ ਕੇ ਉਨ੍ਹਾਂ ਵਿੱਚ ਵੰਡੀਆਂ ਪਾਉਣ ਦੀ ਲੋੜ ਵਿੱਚੋਂ। ਧਰਮ ਨਿਰਪੱਖਤਾ ਦੀ ਅਜਿਹੀ ਭਾਵਨਾ ਜੋ ਆਸ ਦੀ ਵਿਚਾਰਧਾਰਾ ਨਾਲ਼ ਜੁੜੀ ਹੋਈ ਸੀ ਨਾ ਕੀ ਨਫ਼ਰਤ ਦੀ ਭਾਵਨਾ ਨਾਲ਼। ਇਹ ਅਜ਼ਾਦੀ ਦੇ ਪੈਦਲ ਸਿਪਾਹੀ ਸਨ ਨਾ ਕਿ ਕੱਟੜਵਾਦ ਦੇ।

ਮੈਂ ਪਾਰੀ (PARI) ਦੇ ਨਾਲ਼ ਹੋਈ ਉਨ੍ਹਾਂ ਦੀ ਇੰਟਰਵਿਊ ਕਦੇ ਨਹੀਂ ਭੁਲਾਂਗਾ, ਜਦੋਂ ਅਖ਼ੀਰ ਵਿੱਚ ਉਨ੍ਹਾਂ ਨੇ ਸਾਨੂੰ ਪੁੱਛਿਆ ਸੀ: ''ਤਾਂ ਫਿਰ ਕੀ ਤੁਸੀਂ ਮੈਨੂੰ ਆਪਣੇ ਨਾਲ਼ ਲਿਜਾ ਰਹੇ ਹੋ ਨਾ?''

''ਪਰ ਕਿੱਥੇ, ਹੌਸਾਤਾਈ?''

''ਤੁਹਾਡੇ ਨਾਲ਼ ਪਾਰੀ (PARI) ਵਿੱਚ ਕੰਮ ਕਰਨ ਲਈ,'' ਉਨ੍ਹਾਂ ਨੇ ਹੱਸਦਿਆਂ ਜਵਾਬ ਦਿੱਤਾ ਸੀ।

ਮੈਂ ਅਜ਼ਾਦੀ ਦੇ ਇਨ੍ਹਾਂ ਯੋਧਿਆਂ ਬਾਰੇ ਕਿਤਾਬ ਲਿਖ ਰਿਹਾ ਹਾਂ: 'Foot-soldiers of Freedom: the last heroes of India’s struggle for independence' ('ਅਜ਼ਾਦੀ ਦੇ ਪੈਦਲ ਸਿਪਾਹੀ: ਭਾਰਤ ਦੀ ਅਜ਼ਾਦੀ ਦੇ ਘੋਲ਼ ਦੇ ਅਖ਼ੀਰਲੇ ਨਾਇਕ')। ਮੇਰੇ ਲਈ ਇਸ ਤੋਂ ਵੱਧ ਹਲੂਣ ਕੇ ਰੱਖ ਦੇਣ ਵਾਲ਼ੀ ਹੋਰ ਕੋਈ ਗੱਲ ਨਹੀਂ ਕਿ ਹੌਸਾਤਾਈ- ਜਿਨ੍ਹਾਂ ਦੀ ਹੈਰਾਨ ਕਰ ਸੁੱਟਣ ਵਾਲ਼ੀ ਕਹਾਣੀ ਇਨ੍ਹਾਂ ਮੁੱਖ ਅਧਿਆਵਾਂ ਵਿੱਚੋਂ ਇੱਕ ਹੈ- ਖ਼ੁਦ ਇਹਨੂੰ (ਆਪਣੀ ਕਹਾਣੀ) ਪੜ੍ਹਨ ਲਈ ਸਾਡੇ ਵਿੱਚ ਮੌਜੂਦ ਨਹੀਂ। ਬੱਸ ਇੱਕ ਅਹਿਸਾਸ ਬਾਕੀ ਹੈ...

ਤਰਜਮਾ: ਕਮਲਜੀਤ ਕੌਰ

P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur