ਸ਼ਾਂਤੀ ਮਾਂਝੀ 36 ਸਾਲਾਂ ਦੀ ਸਨ ਜਦੋਂ ਇਸ ਸਾਲ ਜਨਵਰੀ ਵਿੱਚ ਉਹ ਪਹਿਲੀ ਵਾਰ ਨਾਨੀ ਬਣੀ। ਉਸ ਰਾਤ, ਉਸ ਮਜ਼ਬੂਤ ਔਰਤ ਨੇ ਅਖੀਰ ਹਸਪਤਾਲ ਦਾ ਰਾਹ ਫੜ੍ਹ ਹੀ ਲਿਆ, ਜਿਹਨੇ ਖੁਦ ਦੋ ਦਹਾਕਿਆਂ ਦੇ ਵਕਫੇ ਵਿੱਚ ਸੱਤ ਬੱਚਿਆਂ ਨੂੰ ਜਨਮ ਦਿੱਤਾ, ਉਹ ਵੀ ਆਪਣੇ ਘਰ ਵਿੱਚ ਇੱਕ ਓਹਲਾ ਬਣਾ ਕੇ, ਜਿੱਥੇ ਉਨ੍ਹਾਂ ਦੀ ਮਦਦ ਵਾਸਤੇ ਨਾ ਕੋਈ ਡਾਕਟਰ ਹੁੰਦਾ ਸੀ ਅਤੇ ਨਾ ਹੀ ਕੋਈ ਨਰਸ।
''ਮੇਰੀ ਧੀ ਘੰਟਿਆਂ ਤੋਂ ਦਰਦ ਨਾਲ਼ ਵਿਲ਼ਕ ਰਹੀ ਸੀ ਪਰ ਬੱਚਾ ਬਾਹਰ ਨਹੀਂ ਸੀ ਆਇਆ। ਮੈਨੂੰ ਹਾਰ ਕੇ ਟੈਂਪੂ ਬੁਲਾਉਣਾ ਪਿਆ,'' ਉਹ ਉਸ ਦਿਨ ਨੂੰ ਚੇਤੇ ਕਰਦਿਆਂ ਕਹਿੰਦੀ ਹਨ ਜਿਸ ਦਿਨ ਉਨ੍ਹਾਂ ਦੀ ਵੱਡੀ ਧੀ, ਮਮਤਾ ਨੂੰ ਜੰਮਣ ਪੀੜ੍ਹਾ ਲੱਗੀਆਂ ਸਨ। 'ਟੈਂਪੂ' ਤੋਂ ਉਨ੍ਹਾਂ ਦਾ ਮਤਲਬ ਤਿੰਨ-ਪਹੀਆ ਸਵਾਰੀ ਵਾਹਨ ਜਿਹਨੇ ਸ਼ਿਓਹਰ ਕਸਬੇ ਤੋਂ 4 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਵੀ ਇੱਕ ਘੰਟਾ ਲਾਇਆ, ਸੂਰਜ ਕਰੀਬ ਢਲ਼ ਹੀ ਚੁੱਕਿਆ ਸੀ। ਮਮਤਾ ਨੂੰ ਕਾਹਲੀ-ਕਾਹਲੀ ਸ਼ਿਓਹਰ ਦੇ ਜਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਘੰਟਿਆਂ ਬਾਅਦ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ।
''ਉਹਨੇ 800 ਰੁਪਏ ਲਏ,'' ਟੈਂਪੂ ਦੇ ਭਾੜੇ ਤੋਂ ਨਰਾਜ਼ ਸ਼ਾਂਤੀ ਬੁੜ-ਬੁੜ ਕਰਦੀ ਹਨ। ''ਸਾਡੇ ਟੋਲੇ ਵਿੱਚੋਂ ਕੋਈ ਹਸਪਤਾਲ ਨਹੀਂ ਜਾਂਦਾ, ਇਸਲਈ ਸਾਨੂੰ ਇਹ ਤੱਕ ਨਹੀਂ ਪਤਾ ਕਿ ਐਂਬੂਲੈਂਸ ਕਿੱਥੋਂ ਮਿਲ਼ਦੀ ਹੈ।''
ਸ਼ਾਂਤੀ ਨੂੰ ਉਸ ਰਾਤ ਵੀ ਘਰ ਮੁੜਨਾ ਹੀ ਪਿਆ ਇਹ ਤਸੱਲੀ ਕਰਨ ਵਾਸਤੇ ਕਿ ਉਨ੍ਹਾਂ ਦੇ ਛੋਟੇ ਬੱਚੇ, ਚਾਰ ਸਾਲਾ ਕਾਜਲ ਨੇ ਸੌਣ ਤੋਂ ਪਹਿਲਾਂ ਕੁਝ ਖਾਧਾ ਵੀ ਹੈ ਜਾਂ ਨਹੀਂ। ''ਦੇਖੋ ਮੈਂ ਨਾਨੀ ਬਣ ਗਈ,'' ਉਹ ਕਹਿੰਦੀ ਹਨ, ''ਪਰ ਮੇਰੇ ਸਿਰ ਮਾਂ ਦੀਆਂ ਜ਼ਿੰਮੇਦਾਰੀਆਂ ਵੀ ਹਨ।'' ਮਮਤਾ ਅਤੇ ਕਾਜਲ ਤੋਂ ਇਲਾਵਾ, ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ।
ਮਾਂਝੀ ਪਰਿਵਾਰ ਮੁਸਾਹਰ ਟੋਲੇ ਵਿੱਚ ਰਹਿੰਦਾ ਹੈ, ਜੋ ਕਿ ਉੱਤਰ ਬਿਹਾਰ ਦੇ ਸ਼ਿਓਹਰ ਬਲਾਕ ਅਤੇ ਜ਼ਿਲ੍ਹੇ ਦੇ ਮਾਧੋਪੁਰ ਅਨੰਤ ਪਿੰਡ ਤੋਂ ਇੱਕ ਕਿਲੋਮੀਟਰ ਬਾਹਰਵਾਰ ਬਣੀਆਂ ਝੌਂਪੜੀਆਂ ਦਾ ਇੱਕ ਝੁੰਡ ਹੈ। ਇੱਕ ਟੋਲੇ ਵਿੱਚ 40 ਦੇ ਕਰੀਬ ਝੌਂਪੜੀਆਂ ਹਨ ਜੋ ਗਾਰੇ ਅਤੇ ਬਾਂਸਾਂ ਸਹਾਰੇ ਬਣੀਆਂ ਹਨ ਅਤੇ ਜਿਨ੍ਹਾਂ ਵਿੱਚ 300-400 ਲੋਕਾਂ ਰਹਿੰਦੇ ਹਨ। ਉਹ ਸਾਰੇ ਮੁਸਾਹਰ ਜਾਤੀ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਬਿਹਾਰ ਦੇ ਸਭ ਵੱਧ ਅਧਿਕਾਰ-ਵਿਹੂਣੇ ਮਹਾਦਲਿਤ ਭਾਈਚਾਰੇ ਵਜੋਂ ਜਾਣੇ ਜਾਂਦੀ ਹੈ। ਇਨ੍ਹਾਂ ਭੀੜੇ ਘਰਾਂ ਦੇ ਅੰਦਰ ਇੱਕ ਵੱਖ ਕੀਤੇ ਖੂੰਜੇ ਵਿੱਚ ਕੁਝ ਬੱਕਰੀਆਂ ਅਤੇ ਇੱਕ ਗਾਂ ਬੰਨ੍ਹੀ ਹੋਈ ਹੈ।
ਸਾਂਤੀ ਟੋਲੇ ਦੇ ਐਨ ਅਖੀਰਲੇ ਸਿਰੇ 'ਤੇ ਲੱਗੇ ਸਾਂਝੇ ਨਲ਼ਕੇ ਤੋਂ ਲਾਲ ਰੰਗ ਦੀ ਬਾਲਟੀ ਭਰ ਕੇ ਪਾਣੀ ਲਿਆਈ ਹਨ। ਸਵੇਰ ਦੇ 9 ਵੱਜੇ ਹਨ ਅਤੇ ਉਹ ਆਪਣੇ ਘਰ ਦੇ ਬਾਹਰ ਭੀੜੀ ਸੜਕ 'ਤੇ ਖੜ੍ਹੀ ਹਨ, ਜਿੱਥੇ ਗੁਆਂਢੀ ਦੀ ਮੱਝ ਸੜਕ ਦੇ ਕੰਢੇ ਬਣੀ ਸੀਮਟ ਦੀ ਖੁਰਲੀ ਵਿੱਚੋਂ ਡੀਕ ਲਾ ਕੇ ਪਾਣੀ ਪੀ ਰਹੀ ਹੈ। ਸਥਾਨਕ ਭਾਸ਼ਾ ਵਿੱਚ ਗੱਲ ਕਰਦਿਆਂ, ਉਹ ਕਹਿੰਦੀ ਹਨ, ਮੈਨੂੰ ਆਪਣੇ ਜਣੇਪਿਆਂ ਵੇਲ਼ੇ ਕੋਈ ਦਿੱਕਤ ਨਹੀਂ ਆਈ, " ਸਾਤ ਗੋ " ਕਹਿਣ ਦਾ ਭਾਵ ਕਿ ਉਨ੍ਹਾਂ ਦੇ ਸੱਤੋ ਬੱਚੇ ਬਗੈਰ ਕਿਸੇ ਗੜਬੜੀ ਦੇ ਘਰੇ ਹੀ ਪੈਦਾ ਹੋ ਗਏ।
''ਮੇਰੀ ਦਿਯਾਦੀਨ,'' ਉਨ੍ਹਾਂ ਨੇ ਮੋਢੇ ਛੰਡੇ, ਜਦੋਂ ਉਨ੍ਹਾਂ ਤੋਂ ਨਾੜੂ ਕੱਟਣ ਵਾਲ਼ੇ ਬਾਰੇ ਪੁੱਛਿਆ ਗਿਆ। ਦਿਯਾਦੀਨ ਪਤੀ ਦੇ ਭਰਾ ਦੀ ਪਤਨੀ ਹੈ। ਨਾੜੂ ਕੱਟਣ ਲਈ ਕੀ ਵਰਤਿਆ ਜਾਂਦਾ ਸੀ? ਉਹ ਕੋਈ ਜਾਣਕਾਰੀ ਨਾ ਹੋਣ ਦੇ ਅੰਦਾਜ਼ ਵਿੱਚ ਆਪਣਾ ਸਿਰ ਹਿਲਾਉਂਦੀ ਹਨ। ਉਨ੍ਹਾਂ ਦੀ ਬਸਤੀ ਦੀਆਂ 10-12 ਔਰਤਾਂ ਚੁਫੇਰੇ ਇਕੱਠੀ ਹੋ ਗਈਆਂ ਅਤੇ ਬੋਲੀਆਂ ਕਿ ਰਸੋਈ ਵਾਲ਼ੇ ਚਾਕੂ ਨੂੰ ਧੋ ਕੇ ਵਰਤਿਆ ਜਾਂਦਾ ਸੀ-ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਕੋਈ ਸੋਚਦਾ-ਵਿਚਾਰਦਾ ਹੋਵੇ।
ਮਾਧੋਪੁਰ ਅਨੰਤ ਦੇ ਇਸ ਮੁਸਾਹਰ ਟੋਲੇ ਵਿਖੇ ਜ਼ਿਆਦਾਤਰ ਔਰਤਾਂ ਨੇ ਇੰਝ ਘਰੇ ਹੀ ਬੱਚੇ ਜੰਮੇ ਹਨ, ਉਨ੍ਹਾਂ ਵਿੱਚੋਂ ਕਈਆਂ ਨੂੰ ਕੋਈ ਔਖੀ ਹਾਲਤ ਵੇਲ਼ੇ ਹੀ ਹਸਪਤਾਲ ਲਿਜਾਇਆ ਜਾਂਦਾ ਸੀ। ਬਸਤੀ ਵਿੱਚ ਕੋਈ ਵੀ ਮਾਹਰ ਦਾਈ ਨਹੀਂ ਹੈ। ਜ਼ਿਆਦਾਤਰ ਹਰੇਕ ਔਰਤ ਦੇ ਚਾਰ ਤੋਂ ਪੰਜ ਬੱਚੇ ਹਨ ਅਤੇ ਕੋਈ ਇਹ ਤੱਕ ਨਹੀਂ ਜਾਣਦਾ ਕਿ ਉੱਥੇ ਪਿੰਡ ਵਿੱਚ ਕੋਈ ਮੁੱਢਲਾ ਸਿਹਤ ਕੇਂਦਰ (ਪੀਐੱਚਸੀ) ਵੀ ਮੌਜੂਦ ਹੀ ਜਾਂ ਉੱਥੇ ਜਣੇਪੇ ਕਰਾਏ ਜਾਂਦੇ ਹਨ।
''ਮੈਨੂੰ ਪੱਕਾ ਨਹੀਂ ਪਤਾ,'' ਸ਼ਾਂਤੀ ਕਹਿੰਦੀ ਹਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਿਹਤ ਕੇਂਦਰ ਜਾਂ ਸੂਬੇ ਦੁਆਰਾ ਚਲਾਈ ਜਾਂਦੀ ਕੋਈ ਡਿਸਪੈਂਸਰੀ ਹੈ ਜਾਂ ਨਹੀਂ। 68 ਸਾਲਾ ਭਾਗੂਲਨਿਆ ਦੇਵੀ, ਕਹਿੰਦੀ ਹਨ ਕਿ ਉਨ੍ਹਾਂ ਨੇ ਮਾਧੋਪੁਰ ਅੰਨਤ ਵਿਖੇ ਨਵੀਂ ਕਲੀਨਿਕ ਬਾਰੇ ਸੁਣਿਆ ਤਾਂ ਹੈ,''ਪਰ ਮੈਂ ਉੱਥੇ ਕਦੇ ਗਈ ਨਹੀਂ। ਮੈਨੂੰ ਨਹੀਂ ਪਤਾ ਕਿ ਉੱਥੇ ਕੋਈ ਜਨਾਨਾ ਮਾਹਰ ਡਾਕਟਰ ਹੈ ਜਾਂ ਨਹੀਂ।'' 70 ਸਾਲਾ ਸ਼ਾਂਤੀ ਚੁਲਾਈ ਮਾਂਝੀ ਕਹਿੰਦੀ ਹਨ ਜਦੋਂ ਉਨ੍ਹਾਂ ਦੇ ਟੋਲੇ ਦੀ ਕਿਸੇ ਵੀ ਔਰਤ ਨੂੰ ਕਦੇ ਸੂਚਿਤ ਤੱਕ ਨਹੀਂ ਕੀਤਾ ਗਿਆ ਕਿ ''ਕੋਈ ਨਵੀਂ ਕਲੀਨਿਕ ਖੁੱਲ੍ਹੀ ਵੀ ਹੈ, ਦੱਸੋ ਸਾਨੂੰ ਪਤਾ ਕਿਵੇਂ ਲੱਗੂ?”
ਮਾਧੋਪੁਰ ਅਨੰਤ ਵਿਖੇ ਕੋਈ ਪੀਐੱਚਸੀ ਨਹੀਂ ਹੈ, ਪਰ ਇੱਕ ਉਪ-ਕੇਂਦਰ ਜ਼ਰੂਰ ਹੈ। ਪਿੰਡ ਦੇ ਲੋਕ ਕਹਿੰਦੇ ਹਨ ਕਿ ਉਹ ਵੀ ਜ਼ਿਆਦਾਤਰ ਸਮਾਂ ਬੰਦ ਹੀ ਰਹਿੰਦਾ ਹੈ, ਸਾਡੀ ਦੁਪਹਿਰ ਫੇਰੀ 'ਤੇ ਲੋਕਾਂ ਨੇ ਸਾਨੂੰ ਦੱਸਿਆ। ਜ਼ਿਲ੍ਹਾ ਸਿਹਤ ਕਾਰਜ ਯੋਜਨਾ 2011-12 ਮੁਤਾਬਕ ਸ਼ਿਓਹਰ ਬਲਾਕ ਵਿੱਚ 24 ਉਪ-ਕੇਂਦਰ ਲੋੜੀਂਦੇ ਹਨ ਪਰ ਮੌਜੂਦ ਸਿਰਫ਼ 10 ਹੀ ਹਨ।
ਸ਼ਾਂਤੀ ਕਹਿੰਦੀ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਗਰਭਅਵਸਥਾ ਦੌਰਾਨ ਆਂਗਨਵਾੜੀ ਵੱਲੋਂ ਨਾ ਤਾਂ ਉਨ੍ਹਾਂ ਨੂੰ ਕੋਈ ਵੀ ਆਇਰਨ ਜਾਂ ਕੈਲਸ਼ੀਅਮ ਦੀਆਂ ਗੋਲ਼ੀਆਂ ਮਿਲ਼ੀਆਂ ਅਤੇ ਨਾ ਹੀ ਉਨ੍ਹਾਂ ਦੀ ਧੀ ਨੂੰ। ਇੰਨਾ ਹੀ ਨਹੀਂ ਉਹ ਤਾਂ ਜਾਂਚ ਕਰਾਉਣ ਲਈ ਵੀ ਕਿਤੇ ਨਹੀਂ ਗਈ।
ਉਨ੍ਹਾਂ ਨੇ ਤਾਂ ਆਪਣੀ ਹਰੇਕ ਗਰਭਅਵਸਥਾ ਦੇ ਪੂਰੇ ਸਮੇਂ ਦੌਰਾਨ ਕੰਮ ਕੀਤਾ ਅਤੇ ਪ੍ਰਸਵ ਦੇ ਦਿਨ ਤੱਕ ਕੰਮ ਕਰਦੀ ਰਹੀ। ''ਮੈਂ ਹਰੇਕ ਬੱਚੇ ਦੇ ਜੰਮਣ ਤੋਂ 10 ਦਿਨਾਂ ਬਾਅਦ, ਮੈਂ ਕੰਮ 'ਤੇ ਵਾਪਸ ਆ ਜਾਂਦੀ ਸਾਂ,'' ਉਹ ਕਹਿੰਦੀ ਹਨ।
ਸਰਕਾਰ ਦੀ ਏਕੀਕ੍ਰਿਤ ਬਾਲ ਵਿਕਾਸ ਸੇਵਾ (ICDS) ਯੋਜਨਾ ਤਹਿਤ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲ਼ੀਆਂ ਔਰਤਾਂ ਦੇ ਨਾਲ਼-ਨਾਲ਼ ਬੱਚੇ ਪੋਸ਼ਣ ਭਰਪੂਰ ਲੈਣ ਦੇ ਹੱਕਦਾਰ ਹਨ ਭਾਵੇਂ ਫਿਰ ਉਹ ਬੰਦ ਪੈਕੇਟ ਦੇ ਰੂਪ ਵਿੱਚ ਹੋਣ ਜਾਂ ਆਂਗਨਵਾੜੀ ਵਿਖੇ ਪਕਾਏ ਅਤੇ ਵਰਤਾਏ ਜਾਂਦੇ ਭੋਜਨ ਦੇ ਰੂਪ ਵਿੱਚ ਹੀ ਹੋਣ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਘੱਟੋ-ਘੱਟ 180 ਦਿਨਾਂ ਲਈ ਆਇਰਨ ਫੌਲਿਕ ਐਸਿਡ ਦੀਆਂ ਗੋਲ਼ੀਆਂ ਅਤੇ ਕੈਲਸ਼ੀਅਮ ਦੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਕਿ ਸ਼ਾਂਤੀ ਦੇ ਸੱਤ ਬੱਚੇ ਅਤੇ ਇੱਕ ਦੋਹਤਾ ਵੀ ਹੋ ਗਿਆ ਹੈ ਪਰ ਫਿਰ ਵੀ ਉਨ੍ਹਾਂ ਨੇ ਕਦੇ ਵੀ ਇਸ ਯੋਜਨਾ ਬਾਰੇ ਨਹੀਂ ਸੁਣਿਆ।
ਅਗਲੇ ਬੂਹੇ, ਮਾਲੀ ਪੋਖਰ ਭਿੰਦਾ ਪਿੰਡ ਵਿੱਚ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰੁਕੰਨ (ਆਸ਼ਾ) ਵਰਕਰ ਕਲਾਵਤੀ ਦੇਵੀ ਦਾ ਕਹਿਣਾ ਹੈ ਕਿ ਮੁਸਾਹਰ ਟੋਲੇ ਦੀਆਂ ਔਰਤਾਂ ਵਿੱਚੋਂ ਕਿਸੇ ਨੇ ਵੀ ਆਂਗਨਵਾੜੀ ਵਿੱਚ ਆਪਣਾ ਨੂੰ ਪੰਜੀਕਰਨ ਨਹੀਂ ਕਰਵਾਇਆ। ''ਇਸ ਇਲਾਕੇ ਵਿੱਚ ਦੋ ਆਂਗਨਵਾੜੀਆਂ ਹਨ, ਇੱਕ ਮਾਲੀ ਪੋਖਰ ਭਿੰਦਾ ਵਿਖੇ ਅਤੇ ਦੂਸਰੀ ਪੰਚਾਇਤ ਪਿੰਡ ਖੈਰਵਾ ਦਰਪ ਵਿਖੇ। ਔਰਤਾਂ ਇਹ ਤੱਕ ਨਹੀਂ ਜਾਣਦੀਆਂ ਕਿ ਕਿਹੜੀ ਆਂਗਨਵਾੜੀ ਵਿਖੇ ਪੰਜੀਕਰਨ ਕਰਾਉਣ ਅਤੇ ਅੰਤ ਇਹ ਹੁੰਦਾ ਹੈ ਕਿ ਉਹ ਕਿਤੇ ਵੀ ਪੰਜੀਕਰਨ ਨਹੀਂ ਕਰਾ ਪਾਉਂਦੀਆਂ।'' ਦੋਵੇਂ ਹੀ ਪਿੰਡ ਮੁਸਾਹਰ ਟੋਲੇ ਤੋਂ 2.5 ਕਿਲੋਮੀਟਰ ਦੂਰੀ 'ਤੇ ਸਥਿਤ ਹਨ। ਬੇਜ਼ਮੀਨੇ ਪਰਿਵਾਰਾਂ ਵਿੱਚ ਰਹਿਣ ਵਾਲ਼ੀ ਸ਼ਾਂਤੀ ਅਤੇ ਹੋਰ ਔਰਤਾਂ ਨੂੰ ਰੋਜ਼ਾਨਾ 4-5 ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ ਅਤੇ ਭੱਠੇ ਜਾਂ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ।
ਸ਼ਾਂਤੀ ਦੇ ਆਲ਼ੇ-ਦੁਆਲ਼ੇ ਖੜ੍ਹੀਆਂ ਸਾਰੀਆਂ ਔਰਤਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਖੁਰਾਕ (ਸਪਲੀਮੈਂਟ) ਹੀ ਮਿਲ਼ੀ ਅਤੇ ਨਾ ਹੀ ਉਨ੍ਹਾਂ ਨੂੰ ਆਂਗਨਵਾੜੀ ਵਿਖੇ ਆਪਣੇ ਦਾਅਵੇ ਦੇ ਅਧਿਕਾਰਾਂ ਬਾਰੇ ਹੀ ਕੋਈ ਜਾਣਕਾਰੀ ਮਿਲ਼ੀ ਹੈ।
ਬਜ਼ੁਰਗ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਲਈ ਸੂਬਾ ਸਰਕਾਰ ਦੁਆਰਾ ਨਿਰਧਾਰਤ ਸਹੂਲਤਾਂ ਤੱਕ ਪਹੁੰਚਣਾ ਲਗਭਗ ਅਸੰਭਵ ਹੈ। 71 ਸਾਲਾ ਧੋਗਰੀ ਦੇਵੀ ਕਹਿੰਦੀ ਹਨ ਉਨ੍ਹਾਂ ਨੂੰ ਕਦੇ ਵੀ ਵਿਧਵਾ ਪੈਨਸ਼ਨ ਨਹੀਂ ਮਿਲ਼ੀ। ਭਾਗੂਲਨਿਆ ਦੇਵੀ, ਜੋ ਵਿਧਵਾ ਨਹੀਂ ਹਨ ਕਹਿੰਦੀ ਹਨ ਕਿ ਹਰ ਮਹੀਨੇ 400 ਰੁਪਏ ਉਨ੍ਹਾਂ ਦੇ ਖਾਤੇ ਵਿੱਚ ਆਉਂਦੇ ਹਨ, ਭਾਵੇਂ ਕਿ ਉਨ੍ਹਾਂ ਨੂੰ ਯਕੀਨ ਨਹੀਂ ਕਿ ਇਹ ਕਿਸ ਚੀਜ਼ ਦੀ ਸਬਸਿਡੀ ਮਿਲ਼ਦੀ ਹੈ।
ਕਲਾਵਤੀ, ਆਸ਼ਾ ਵਰਕਰ, ਗਰਭਅਵਸਥਾ ਦੌਰਾਨ ਅਤੇ ਉਹਦੇ ਬਾਅਦ ਦੇ ਆਪਣੇ ਅਧਿਕਾਰਾਂ ਨੂੰ ਲੈ ਕੇ ਭਰਮ ਵਿੱਚ ਰਹਿਣ ਅਤੇ ਉਨ੍ਹਾਂ ਦੀ ਜਾਣਕਾਰੀ ਦੀ ਘਾਟ ਲਈ ਮਹਿਲਾਵਾਂ ਨੂੰ ਹੀ ਦੋਸ਼ੀ ਮੰਨਦੀ ਹਨ। ਉਹ ਕਹਿੰਦੀ ਹਨ, ''ਹਰ ਕਿਸੇ ਦੇ ਪੰਜ, ਛੇ ਜਾਂ ਸੱਤ ਬੱਚੇ ਹਨ। ਬੱਚੇ ਪੂਰਾ ਦਿਨ ਟਪੂਸੀਆਂ ਮਾਰਦੇ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਖੈਰਪਾ ਦਰਪ ਦੇ ਆਂਗਨਵਾੜੀ ਕੇਂਦਰ 'ਤੇ ਪੰਜੀਕਰਨ ਕਰਵਾਉਣ ਨੂੰ ਕਿਹਾ ਹੈ, ਪਰ ਉਹ ਸੁਣਦੀਆਂ ਹੀ ਨਹੀਂ ਹਨ।''
ਨਾੜੂ ਕੱਟਣ ਲਈ ਕੀ ਵਰਤਿਆ ਜਾਂਦਾ ਸੀ? ਉਨ੍ਹਾਂ ਦੀ ਬਸਤੀ ਦੀਆਂ 10-12 ਔਰਤਾਂ ਚੁਫੇਰੇ ਇਕੱਠੀ ਹੋ ਗਈਆਂ ਅਤੇ ਬੋਲੀਆਂ ਕਿ ਰਸੋਈ ਵਾਲ਼ੇ ਚਾਕੂ ਨੂੰ ਧੋ ਕੇ ਵਰਤਿਆ ਜਾਂਦਾ ਸੀ-ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਕੋਈ ਸੋਚਦਾ-ਵਿਚਾਰਦਾ ਹੋਵੇ
ਮਾਧੋਪੁਰ ਅਨੰਤ ਦਾ ਸਰਕਾਰੀ ਪ੍ਰਾਇਮਰੀ ਸਕੂਲ ਟੋਲੇ ਦੇ ਨੇੜੇ ਹੀ ਹੈ, ਪਰ ਮੁਸਾਹਰ ਭਾਈਚਾਰੇ ਤੋਂ ਮਸਾਂ ਹੀ ਗਿਣੇ-ਚੁਣੇ ਬੱਚੇ ਹੀ ਸਕੂਲ ਜਾਂਦੇ ਹਨ। ਸ਼ਾਂਤੀ ਕੋਰੀ ਅਨਪੜ੍ਹ ਹਨ, ਇਹ ਹਾਲਤ ਉਨ੍ਹਾਂ ਦੇ ਪਤੀ ਅਤੇ ਸੱਤਾਂ ਬੱਚਿਆਂ ਦੀ ਵੀ ਹੈ। ਸੀਨੀਅਰ ਨਾਗਰਿਕ ਧੋਗਰੀ ਦੇਵੀ ਕਹਿੰਦੀ ਹਨ, ''ਉਂਝ ਵੀ ਉਨ੍ਹਾਂ ਨੇ ਦਿਹਾੜੀ ਮਜ਼ਦੂਰੀ ਹੀ ਕਰਨੀ ਹੈ।''
ਬਿਹਾਰ ਦੀਆਂ ਪਿਛੜੀਆਂ ਜਾਤੀਆਂ ਦੀ ਸਾਖਰਤਾ ਦਰ ਬੇਹੱਦ ਘੱਟ ਹੈ। 28.5 ਫੀਸਦ ਦੀਦਰ ਨਾਲ਼ ਇਹ ਪਿਛੜੀਆਂ ਜਾਤੀਆਂ ਦੇ ਆਲ-ਇੰਡੀਆ ਸਾਖਰਤਾ ਦਰ, 54.7% ਦਾ ਲਗਭਗ ਅੱਧਾ ਹੈ (2001 ਦੀ ਜਨਗਣਨਾ ਦੇ ਅਨੁਸਾਰ)। ਇਸ ਜਾਤੀ-ਵਰਗ ਵਿੱਚ ਮੁਸਾਹਰ ਜਾਤੀ ਦੀ ਸਾਖਰਤਾ ਦਰ 9 ਫੀਸਦੀ ਦੇ ਨਾਲ਼ ਸਭ ਤੋਂ ਘੱਟ ਹੈ।
ਮੁਸਾਹਰ ਪਰਿਵਾਰਾਂ ਦੇ ਕੋਲ਼ ਇਤਿਹਾਸਕ ਰੂਪ ਨਾਲ਼ ਕਦੇ ਵੀ ਖੇਤੀ-ਕਿਸਾਨੀ ਦੇ ਸਾਧਨ ਨਹੀਂ ਰਹੇ ਹਨ। ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੀਆਂ ਪਿਛੜੀਆਂ ਜਾਤੀਆਂ ਅਤੇ ਪਿਛੜੇ ਕਬੀਲਿਆਂ ਦੇ ਸਮਾਜਿਕ ਵਿਕਾਸ 'ਤੇ ਨੀਤੀ ਅਯੋਗ ਦੀ ਇੱਕ ਸਰਵੇਅ ਰਿਪੋਰਟ ਮੁਤਾਬਕ, ਬਿਹਾਰ ਦੀ ਮੁਸਾਹਰ ਜਾਤੀ ਦੇ ਸਿਰਫ਼ 10.1 ਫੀਸਦ ਲੋਕਾਂ ਦੇ ਕੋਲ਼ ਹੀ ਦੁਧਾਰੂ ਡੰਗਰ ਹਨ; ਪਿਛਲੀਆਂ ਜਾਤੀਆਂ ਵਿੱਚ ਇਹ ਸਭ ਤੋਂ ਘੱਟ ਹੈ। ਸਿਰਫ਼ 1.4 ਮੁਸਾਹਰ ਪਰਿਵਾਰਾਂ ਦੇ ਕੋਲ਼ ਬਲ਼ਦ ਸਨ ਅਤੇ ਇਹ ਅੰਕੜਾ ਵੀ ਸਭ ਤੋਂ ਘੱਟ ਹੈ।
ਕੁਝ ਮੁਸਾਹਰ ਪਰਿਵਾਰ ਪਰੰਪਰਾਗਤ ਰੂਪ ਨਾਲ਼ ਸੂਰ ਪਾਲ਼ਦੇ ਹਨ, ਨੀਤੀ ਅਯੋਗ ਦੀ ਰਿਪੋਰਟ ਦੇ ਮੁਤਾਬਕ ਜਿਹਦੇ ਕਾਰਨ ਕਰਕੇ ਹੋਰ ਜਾਤੀਆਂ ਉਨ੍ਹਾਂ ਨੂੰ ਪ੍ਰਦੂਸ਼ਣਕਾਰੀਆਂ ਦੇ ਰੂਪ ਵਿੱਚ ਦੇਖਦੀਆਂ ਹਨ। ਇਸੇ ਰਿਪੋਰਟ ਦੇ ਮੁਤਾਬਕ ਹੀ ਹੋਰ ਪਿਛੜੀਆਂ ਜਾਤੀਆਂ ਦੇ ਪਰਿਵਾਰਾਂ ਦੇ ਕੋਲ਼ ਸਾਈਕਲਾਂ, ਰਿਕਸ਼ੇ, ਸਕੂਟਰ ਜਾਂ ਮੋਟਰ ਸਾਈਕਲਾਂ ਹਨ, ਉਹੀ ਮੁਸਾਹਰ ਪਰਿਵਾਰਾਂ ਦੇ ਕੋਲ਼ ਤਾਂ ਅਜਿਹੇ ਵਾਹਨ ਵੀ ਨਹੀਂ ਹਨ।
ਸ਼ਾਂਤੀ ਦਾ ਪਰਿਵਾਰ ਸੂਰ ਨਹੀਂ ਪਾਲ਼ਦਾ। ਇਸਲਈ, ਉਨ੍ਹਾਂ ਦੇ ਕੋਲ਼ ਕੁਝ ਬੱਕਰੀਆਂ ਅਤੇ ਕੁਝ ਮੁਰਗੀਆਂ ਹਨ ਅਤੇ ਇਹ ਸਭ ਵੇਚਣ ਲਈ ਨਹੀਂ ਹੈ। ਉਹ ਆਪਣੇ ਖਾਣੇ ਵਿੱਚ ਦੁੱਧ ਅਤੇ ਆਂਡਿਆਂ ਦਾ ਇਸਤੇਮਾਲ ਕਰਦੇ ਹਨ। ਆਪਣੇ ਪਤੀ ਅਤੇ ਬੱਚਿਆਂ ਵੱਲ ਇਸ਼ਾਰਾ ਕਰਦਿਆਂ, ਜੋ ਕਿ ਪ੍ਰਦੇਸ਼ ਦੇ ਭੱਠਿਆਂ ਵਿੱਚ ਮਜ਼ਦੂਰੀ ਕਰਨ ਵਾਲ਼ੇ ਇਸ ਜੋੜੇ ਦੇ ਕੰਮ ਵਿੱਚ ਮਦਦ ਕਰਦੇ ਸਨ, ਉਹ ਕਹਿੰਦੀ ਹਨ,''ਅਸੀਂ ਆਪਣੀ ਰੋਜ਼ੀ-ਰੋਟੀ ਲਈ ਸਦਾ ਤੋਂ ਮਿਹਨਤ-ਮਜ਼ਦੂਰੀ ਹੀ ਕੀਤੀ ਹੈ। ਅਸੀਂ ਸਾਲਾਂ ਤੱਕ ਬਿਹਾਰ ਦੇ ਦੂਸਰੇ ਹਿੱਸਿਆਂ ਵਿੱਚ ਅਤੇ ਦੂਸਰੇ ਪ੍ਰਦੇਸ਼ਾਂ ਵਿੱਚ ਵੀ ਕੰਮ ਕੀਤਾ ਹੈ।''
ਸ਼ਾਂਤੀ ਕਹਿੰਦੀ ਹਨ,''ਅਸੀਂ ਉੱਥੇ ਮਹੀਨਿਆਂ-ਬੱਧੀ ਰਿਹਾ ਕਰਦੇ ਸਾਂ, ਕਦੇ-ਕਦਾਈਂ ਪੂਰੇ ਛੇ ਮਹੀਨਿਆਂ ਤੱਕ ਵੀ। ਇੱਕ ਵਾਰ ਤਾਂ ਅਸੀਂ ਕਰੀਬ ਇੱਕ ਸਾਲ ਤੱਕ ਉੱਥੇ ਕਸ਼ਮੀਰ ਵਿੱਚ ਹੀ ਰੁਕੇ ਰਹੇ, ਭੱਠੇ 'ਤੇ ਕੰਮ ਕਰਦੇ ਰਹੇ।'' ਉਹ ਉਸ ਵੇਲ਼ੇ ਗਰਭਵਤੀ ਸਨ, ਪਰ ਉਨ੍ਹਾਂ ਨੂੰ ਇਹ ਚੇਤਾ ਨਹੀਂ ਕਿ ਕਿਹੜਾ ਬੱਚਾ ਹੋਣ ਵਾਲਾ ਸੀ। ਉਹ ਕਹਿੰਦੀ ਹਨ,''ਇਸ ਗੱਲ ਨੂੰ ਤਾਂ ਕਰੀਬ 6 ਸਾਲ ਬੀਤ ਚੁੱਕੇ ਹਨ।'' ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਸ਼ਮੀਰ ਦੇ ਕਿਹੜੇ ਹਿੱਸੇ ਵਿੱਚ ਸਨ, ਬੱਸ ਇੰਨਾ ਹੀ ਚੇਤਾ ਹੈ ਕਿ ਉਹ ਭੱਠਾ ਬਹੁਤ ਵੱਡਾ ਸੀ, ਜਿੱਥੇ ਸਾਰੇ ਮਜ਼ਦੂਰ ਬਿਹਾਰੀ ਸਨ।
ਬਿਹਾਰ ਵਿੱਚ ਮਿਲ਼ਣ ਵਾਲ਼ੀ 450 ਰੁਪਏ ਦਿਹਾੜੀ ਨਾਲ਼ੋਂ ਉੱਥੇ ਮਜ਼ਦੂਰੀ ਠੀਕ ਮਿਲ਼ਦੀ ਸੀ ਜੋ ਪ੍ਰਤੀ ਹਜ਼ਾਰ ਇੱਟਾਂ ਥੱਪਣ ਲਈ 600-650 ਰੁਪਏ; ਅਤੇ ਭੱਠੇ 'ਤੇ ਕੰਮ ਉਨ੍ਹਾਂ ਦੇ ਬੱਚਿਆਂ ਦੇ ਵੀ ਕੰਮ ਕਰਨ ਕਾਰਨ, ਸ਼ਾਂਤੀ ਅਤੇ ਉਨ੍ਹਾਂ ਦੇ ਪਤੀ ਇੱਕ ਦਿਨ ਵਿੱਚ ਉਸ ਤੋਂ ਵੀ ਕਿਤੇ ਵੱਧ ਇੱਟਾਂ ਥੱਪ ਲੈਂਦੇ ਸਨ; ਹਾਲਾਂਕਿ ਉਹ ਚੇਤੇ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਠੀਕ-ਠੀਕ ਨਹੀਂ ਦੱਸ ਸਕੀ ਕਿ ਉਨ੍ਹਾਂ ਦੀ ਉਸ ਸਾਲ ਕਿੰਨੀ ਕਮਾਈ ਹੋਈ ਸੀ। ਉਹ ਦੱਸਦੀ ਹਨ,''ਪਰ ਅਸੀਂ ਘਰ ਵਾਪਸ ਜਾਣਾ ਚਾਹੁੰਦੇ ਸਾਂ, ਭਾਵੇਂ ਘਰ ਪੈਸੇ ਹੀ ਕਿਉਂ ਨਾ ਘੱਟ ਮਿਲ਼ਦੇ।''
ਇਸ ਸਮੇਂ ਉਨ੍ਹਾਂ ਦੇ ਪਤੀ 38 ਸਾਲਾ ਡੋਰਿਕ ਮਾਂਝੀ, ਪੰਜਾਬ ਵਿੱਚ ਬਤੌਰ ਖੇਤ ਮਜ਼ਦੂਰ ਕੰਮ ਕਰ ਰਹੇ ਹਨ, ਜੋ ਹਰ ਮਹੀਨੇ 4000 ਤੋਂ 5000 ਰੁਪਏ ਘਰ ਭੇਜਦੇ ਹਨ। ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਕੰਮ ਦੀ ਉਪਲਬਧਤਾ ਘੱਟ ਗਈ ਹੈ। ਇਹ ਗੱਲ ਸਮਝਾਉਂਦੇ ਹੋਏ ਕਿ ਉਹ ਕਿਉਂ ਬਿਹਾਰ ਵਿੱਚ ਹੀ ਝੋਨੇ ਦੇ ਖੇਤਾਂ ਵਿੱਚ ਕੰਮ ਕਰ ਰਹੀ ਹਨ, ਸ਼ਾਂਤੀ ਦੱਸਦੀ ਹਨ ਕਿ ਇੰਝ ਇਸਲਈ ਹੈ ਕਿਉਂਕਿ ਕੰਮ ਦੀ ਘਾਟ ਕਾਰਨ ਲੇਬਰ ਕਾਂਟ੍ਰੈਕਟ ਹੁਣ ਸਿਰਫ਼ ਪੁਰਸ਼ਾਂ ਨੂੰ ਹੀ ਤਰਜੀਹ ਦਿੰਦੇ ਹਨ। ਉਹ ਦੱਸਦੀ ਹਨ,''ਪਰ, ਮਜ਼ਦੂਰੀ ਦਾ ਭੁਗਤਾਨ ਬੜੀ ਮੁਸ਼ਕਲ ਹੀ ਹੋ ਪਾਉਂਦਾ ਹੈ। ਮਾਲਕ ਭੁਗਤਾਨ ਦਾ ਦਿਨ ਸੁਨਿਸ਼ਚਿਤ ਕਰਨ ਤੱਕ ਲਮਕਾਈ ਰੱਖਦਾ ਹੈ।'' ਸ਼ਿਕਾਇਤ ਕਰਨ ਦੇ ਲਹਿਜੇ ਵਿੱਚ ਕਹਿੰਦੀ ਹਨ ਉਨ੍ਹਾਂ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਜਾਣਾ ਪੈਂਦਾ ਹੈ, ਉਹ ਕਹਿੰਦੀ ਹਨ,''ਪਰ, ਹੁਣ ਘੱਟ ਤੋਂ ਘੱਟ ਅਸੀਂ ਘਰੇ ਤਾਂ ਹਾਂ ਹੀ।''
ਉਨ੍ਹਾਂ ਦੀ ਧੀ ਕਾਜਲ, ਮੀਂਹ ਦੇ ਦਿਨਾਂ ਵਿੱਚ ਸ਼ਾਮ ਦੇ ਸਮੇਂ, ਸੜਕ ਕੰਢੇ ਟੋਲੇ ਦੇ ਹੋਰ ਬੱਚਿਆਂ ਦੇ ਨਾਲ਼ ਖੇਡ ਰਹੀ ਹਨ, ਸਾਰੇ ਮੀਂਹ ਵਿੱਚ ਭਿੱਜੇ ਹੋਏ ਹਨ। ਸ਼ਾਂਤੀ ਉਹਨੂੰ ਫੋਟੋ ਖਿਚਾਉਣ ਲਈ ਉਨ੍ਹਾਂ ਦੋ ਫਰਾਕਾਂ ਵਿੱਚੋਂ ਕੋਈ ਇੱਕ ਫਰਾਕ ਪਾਉਣ ਲਈ ਕਹਿੰਦੀ ਹਨ ਜੋ ਕੁਝ ਵਧੀਆ ਹਨ। ਇਹਦੇ ਫੌਰਨ ਬਾਅਦ ਉਹਨੇ ਉਹ ਫਰਾਕ ਲਾਹੀ ਤੇ ਚਿਕੜ ਨਾਲ਼ ਲਿਬੜਦੀ ਹੋਈ ਬਾਕੀ ਬੱਚਿਆਂ ਦੇ ਝੁੰਡ ਵਿੱਚ ਵਾਪਸ ਚਲੀ ਗਈ, ਜਿੱਥੇ ਬੱਚੇ ਡੰਡੇ ਨਾਲ਼ ਛੋਟੇ-ਛੋਟੇ ਪੱਥਰਾਂ ਦਾ ਕੁਟਾਪਾ ਚਾੜ੍ਹ ਰਹੇ ਸਨ।
ਸ਼ਿਓਹਰ, ਅਬਾਦੀ ਅਤੇ ਖੇਤਰਫਲ ਦੇ ਹਿਸਾਬ ਨਾਲ਼ ਬਿਹਾਰ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ, ਜੋ ਸਾਲ 1994 ਵਿੱਚ ਸੀਤਾਮੜੀ ਤੋਂ ਵੱਖ ਹੋ ਕੇ ਜਿਲ੍ਹਾ ਬਣਿਆ ਸੀ। ਸ਼ਿਓਹਰ ਦਾ ਜ਼ਿਲ੍ਹਾ ਹੈਡਕੁਆਟਰ ਵੀ ਇਹਦਾ ਇਕਲੌਤਾ ਕਸਬਾ ਹੈ। ਜਦੋਂ ਜ਼ਿਲ੍ਹੇ ਦੀ ਮੁੱਖ ਅਤੇ ਗੰਗਾ ਦੀ ਸਹਾਇਕ ਨਦੀ ਬਾਗਮਤੀ ਵਿੱਚ ਆਪਣੇ ਘਰ ਨੇਪਾਲ ਤੋਂ ਆਏ ਮੀਂਹ ਦੇ ਪਾਣੀ ਕਾਰਨ ਹੜ੍ਹ ਆ ਜਾਂਦਾ ਹੈ, ਤਦ ਮਾਨਸੂਨ ਦੇ ਉਨ੍ਹੀਂ ਦਿਨੀਂ ਕਈ ਵਾਰ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਹਨ, ਇਹ ਸਭ ਉਹਦੇ ਸਮਾਨਾਂਤਰ ਹੁੰਦਾ ਹੈ ਜਦੋਂ ਕੋਸੀ ਅਤੇ ਹੋਰ ਦੂਸਰੀਆਂ ਨਦੀਆਂ ਦੇ ਖਤਰੇ ਦੇ ਨਿਸ਼ਾਨ ਦੇ ਉਤਾਂਹ ਵਹਿਣ ਕਾਰਨ ਸਮੁੱਚੇ ਉੱਤਰੀ ਬਿਹਾਰ ਵਿੱਚ ਹੜ੍ਹ ਦੀ ਹਾਲਤ ਬਣੀ ਹੁੰਦੀ ਹੈ। ਇਸ ਇਲਾਕੇ ਵਿੱਚ ਚੌਲ਼ ਅਤੇ ਕਮਾਦ ਦੀ ਕਾਸ਼ਤ ਹੁੰਦੀ ਹੈ, ਦੋਵੇਂ ਫਸਲਾਂ ਦੀ ਕਾਸ਼ਤ ਵੱਧ ਪਾਣੀ ਦੀ ਮੰਗ ਕਰਦੀ ਹੈ।
ਮਾਧੋਪੁਰ ਅਨੰਤ ਦੇ ਮੁਸਾਹਰ ਟੋਲੇ ਵਿੱਚ ਆਮ ਤੌਰ 'ਤੇ ਆਸਪਾਸ ਦੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਹਨ ਜਾਂ ਫਿਰ ਦੂਰਦੁਰੇਡੇ ਦੇ ਇਲਾਕਿਆਂ ਵਿੱਚ ਸਥਿਤ ਨਿਰਮਾਣ ਸਥਲਾਂ 'ਤੇ ਜਾਂ ਭੱਠਿਆਂ ਵਿਖੇ ਕੰਮ ਕਰਦੇ। ਗਿਣੇ-ਚੁਣੇ ਲੋਕਾਂ ਦੇ ਕੁਝ ਰਿਸ਼ਤੇਦਾਰ ਹਨ ਜਿਨ੍ਹਾਂ ਦੇ ਕੋਲ਼ ਟੁਕੜਾ ਕੁ ਹੀ ਜ਼ਮੀਨ ਹੈ, ਲਗਭਗ ਇੱਕ ਜਾਂ ਦੋ ਕਠਾ (ਇੱਕ ਏਕੜ ਦਾ ਟੁਕੜਾ) ਨਹੀਂ ਤਾਂ ਬਾਕੀ ਕਿਸੇ ਦੇ ਨਾਮ 'ਤੇ ਇੱਥੇ ਰੱਤੀ ਭਰ ਵੀ ਜ਼ਮੀਨ ਨਹੀਂ ਹੈ।
ਸ਼ਾਂਤੀ ਦੇ ਉਲਝੇ ਹੋਏ ਵਾਲ਼ਾਂ ਦੇ ਡ੍ਰੇਡਲਾਕ (ਜੜਾਵਾਂ) ਉਨ੍ਹਾਂ ਦੇ ਆਕਰਸ਼ਕ ਹਾਸੇ ਦੇ ਨਾਲ਼ ਕੁਝ ਅੱਡ ਤੋਂ ਨਜ਼ਰੀ ਪੈਂਦੇ ਹਨ। ਪਰ ਜਦੋਂ ਉਨ੍ਹਾਂ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਇੱਕ-ਦੋ ਹੋਰ ਔਰਤਾਂ ਵੀ ਆਪਣੀ ਸਿਰਾਂ ਤੋਂ ਸਾੜੀ ਦਾ ਲੜ ਹਟਾਉਂਦਿਆਂ ਆਪਣੀਆਂ ਗੁੱਤਾਂ ਦਿਖਾਉਣ ਲੱਗਦੀਆਂ ਹਨ। ਸ਼ਾਂਤੀ ਕਹਿੰਦੀ ਹਨ,''ਇਹ ਅਘੋਰੀ ਸ਼ਿਵ ਦੇ ਲਈ ਬਣਾਈਆਂ ਹਨ।'' ਪਰ ਉਹ ਇਸ ਵਿੱਚ ਇੱਕ ਹੋਰ ਗੱਲ ਜੋੜਦੀ ਹਨ ਕਿ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਵਾਲ਼ਾਂ ਦਾ ਚੜ੍ਹਾਵਾ ਚੜਾਉਣਾ ਹੈ। ਉਹ ਕਹਿੰਦੀ ਹਨ,''ਇੰਝ ਆਪਣੇ ਆਪ ਹੋ ਗਿਆ ਹੈ,'' ਉਹ ਦਾਅਵੇ ਨਾਲ਼ ਕਹਿੰਦੀ ਹਨ,''ਰਾਤੋਰਾਤ।''
ਹਾਲਾਂਕਿ, ਕਲਾਵਤੀ ਰਤਾ ਖਦਸ਼ੇ ਵਿੱਚ ਕਹਿੰਦੀ ਹਨ ਕਿ ਮੁਸਾਹਰ ਟੋਲੇ ਦੀਆਂ ਔਰਤਾਂ ਆਪਣੀ ਨਿੱਜੀ ਸਾਫ਼-ਸਫਾਈ ਦਾ ਮਾਸਾ ਵੀ ਧਿਆਨ ਨਹੀਂ ਰੱਖਦੀਆਂ। ਕਲਾਵਤੀ ਜਿਹੀਆਂ ਹੋਰ ਸਾਰੀਆਂ ਆਸ਼ਾ ਵਰਕਰਾਂ ਨੂੰ ਨਿਯਮ ਮੁਤਾਬਕ ਹਰ ਸੰਸਥਾਗਤ ਪ੍ਰਸਵ ਬਦਲੇ 600 ਰੁਪਏ ਬਤੌਰ ਭੱਤਾ ਮਿਲ਼ਣੇ ਹੁੰਦੇ ਹਨ ਪਰ ਮਹਾਂਮਾਰੀ ਆਉਣ ਤੋਂ ਬਾਅਦ ਤੋਂ ਉਸ ਰਕਮ ਦਾ ਕੁਝ ਕੁ ਹਿੱਸਾ ਹੀ ਉਨ੍ਹਾਂ ਨੂੰ ਮਿਲ਼ਦਾ ਹੈ। ਕਲਾਵਤੀ ਕਹਿੰਦੀ ਹਨ,''ਲੋਕਾਂ ਨੂੰ ਹਸਪਤਾਲ ਜਾਣ ਲਈ ਰਾਜ਼ੀ ਕਰ ਸਕਣਾ ਬੇਹੱਦ ਚੁਣੌਤੀਆਂ ਭਰਿਆ ਅਤੇ ਮੁਸ਼ਕਲ ਕੰਮ ਹੈ ਅਤੇ ਇੰਝ ਕਰ ਵੀ ਲਓ ਤਾਂ ਵੀ ਪੈਸੇ ਨਹੀਂ ਮਿਲ਼ਦੇ।''
ਗ਼ੈਰ-ਮੁਸਾਹਰ ਜਾਤੀਆਂ ਵਿੱਚੋਂ ਇਹ ਆਮ ਧਾਰਣਾ ਹੈ ਕਿ ਮੁਸਾਹਰ ਲੋਕ ਆਪਣੇ ਤੌਰ-ਤਰੀਕਿਆਂ ਨੂੰ ਲੈ ਕੇ ਕੁਝ ਜ਼ਿਆਦਾ ਹੀ ਜ਼ਿੱਦੀ ਹਨ ਅਤੇ ਸ਼ਾਇਦ ਇਸੇ ਕਾਰਨ ਕਰਕੇ ਸ਼ਾਂਤੀ, ਭਾਈਚਾਰੇ ਦੀਆਂ ਰੂੜੀਆਂ ਅਤੇ ਪਰੰਪਰਾਵਾਂ 'ਤੇ ਗੱਲ ਕਰਦਿਆਂ ਕੁਝ ਝਿਜਕ ਵਿੱਚ ਰਹਿੰਦੀ ਹਨ। ਉਨ੍ਹਾਂ ਨੂੰ ਪੋਸ਼ਕ ਆਹਾਰ (ਖਾਣ-ਪੀਣ) ਬਾਰੇ ਗੱਲ ਕਰਨ ਵਿੱਚ ਕੋਈ ਰੁਚੀ ਨਹੀਂ ਹੈ। ਜਦੋਂ ਮੈਂ ਉਨ੍ਹਾਂ ਤੋਂ ਖਾਸ ਤੌਰ 'ਤੇ ਮੁਸਾਹਰ ਭਾਈਚਾਰੇ ਨੂੰ ਲੈ ਕੇ ਪ੍ਰਚਲਿਤ ਸਟੀਰਿਓਟਾਈਪ ਨਜ਼ਰੀਏ 'ਤੇ ਆਪਣੇ ਵਿਚਾਰ ਰੱਖਣ ਨੂੰ ਕਿਹਾ ਤਾਂ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ,''ਅਸੀਂ ਚੂਹੇ ਨਹੀਂ ਖਾਂਦੇ।''
ਕਲਾਵਤੀ ਇਸ ਗੱਲ 'ਤੇ ਸਹਿਮਤੀ ਜਤਾਉਂਦੀ ਹਨ ਕਿ ਇਸ ਮੁਸਾਹਰ ਟੋਲੇ ਅੰਦਰ ਖਾਣੇ ਵਿੱਚ ਆਮ ਤੌਰ 'ਤੇ ਚੌਲ਼ ਅਤੇ ਆਲੂ ਹੀ ਖਾਦੇ ਜਾਂਦੇ ਹਨ। ਇਹ ਕਹਿੰਦਿਆਂ ਕਿ ਟੋਲੇ ਵਿੱਚ ਵੱਡੇ ਪੱਧਰ 'ਤੇ ਔਰਤਾਂ ਅਤੇ ਬੱਚਿਆਂ ਵਿੱਚ ਖੂਨ ਦੀ ਘਾਟ ਹੈ, ਕਲਾਵਤੀ ਕਹਿੰਦੀ ਹਨ,''ਇਨ੍ਹਾਂ ਵਿੱਚ ਕੋਈ ਵੀ ਹਰੀਆਂ ਸਬਜ਼ੀਆਂ ਨਹੀਂ ਖਾਂਦਾ, ਇਹ ਪੱਕੀ ਮਾਨਤਾ ਹੈ।''
ਸ਼ਾਂਤੀ ਨੂੰ ਢੁੱਕਵੇਂ ਭਾਅ ਦੀ ਦੁਕਾਨ (ਜਨਤਕ ਵਿਤਰਣ ਪ੍ਰਣਾਲੀ ਦੀ ਹੱਟੀ) ਤੋਂ ਸਬਸਿਡੀ 'ਤੇ ਹਰ ਮਹੀਨੇ ਕੁੱਲ 27 ਕਿੱਲੋ ਚੌਲ਼ ਅਤੇ ਕਣਕ ਮਿਲ਼ ਜਾਂਦੀ ਹੈ। ਉਹ ਕਹਿੰਦੀ ਹਨ,''ਰਾਸ਼ਨ ਕਾਰਡ ਵਿੱਚ ਸਾਰੇ ਬੱਚਿਆਂ ਦਾ ਨਾਮ ਨਹੀਂ ਹੈ, ਇਸਲਈ ਸਾਨੂੰ ਛੋਟੇ ਬੱਚਿਆਂ ਦੇ ਕੋਟੇ ਦਾ ਅਨਾਜ ਨਹੀਂ ਮਿਲ਼ ਸਕਦਾ।'' ਉਹ ਦੱਸਦੀ ਹਨ ਕਿ ਅੱਜ ਦੇ ਖਾਣੇ ਵਿੱਚ ਚੌਲ਼ ਅਤੇ ਆਲੂ ਦੀ ਸਬਜ਼ੀ ਅਤੇ ਮੂੰਗੀ ਦੀ ਦਾਲ ਹੈ। ਰਾਤ ਦੇ ਖਾਣੇ ਵਿੱਚ ਰੋਟੀਆਂ ਵੀ ਹੋਣਗੀਆਂ। ਅੰਡੇ, ਦੁੱਧ ਅਤੇ ਹਰੀਆਂ ਸਬਜ਼ੀਆਂ ਦੀ ਸ਼ਕਲ ਉਹ ਕਦੇ-ਕਦਾਈਂ ਹੀ ਦੇਖ ਪਾਉਂਦੇ ਹਨ ਅਤੇ ਫਲ ਦੀ ਤਾਂ ਗੱਲ਼ ਹੀ ਛੱਡੋ।
ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੀ ਧੀ ਦੇ ਵੀ ਇੰਨੇ ਹੀ ਬੱਚੇ ਹੋਣਗੇ ਤਾਂ ਉਹ ਇਸ ਸਵਾਲ 'ਤੇ ਹੱਸ ਪੈਂਦੀ ਹਨ। ਮਮਤਾ ਦੇ ਸਹੁਰੇ ਵਾਲ਼ੇ ਸਰਹੱਦੋਂ ਪਾਰ ਨੇਪਾਲ ਵਿੱਚ ਰਹਿੰਦੇ ਹਨ। ਉਹ ਕਹਿੰਦੀ ਹਨ,''ਇਸ ਬਾਰੇ ਮੈਂ ਨਹੀਂ ਜਾਣਦੀ। ਪਰ, ਜੇ ਉਹਨੂੰ ਹਸਪਤਾਲ ਜਾਣ ਦੀ ਲੋੜ ਪਈ ਤਾਂ ਉਹ ਇੱਥੇ ਹੀ ਆਵੇਗੀ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ