''ਸਾਲ ਵਿੱਚ ਕਦੇ-ਕਦਾਈਂ ਹੀ ਐਸਾ ਦਿਨ ਆਉਂਦਾ ਹੈ।''
ਸਵਾਪਨਾਲੀ ਦੱਤਾਤ੍ਰੇਆ ਜਾਧਵ 31 ਦਸੰਬਰ 2022 ਦੇ ਸੰਦਰਭ ਵਿੱਚ ਕਹਿ ਰਹੀ ਹੈ। ਮਰਾਠੀ ਭਾਸ਼ੀ ਵੇਦ ਫ਼ਿਲਮ ਹੁਣੇ-ਹੁਣੇ ਰਿਲੀਜ਼ ਹੋਈ ਸੀ, ਜਾਣੇ-ਪਛਾਣੇ ਚਿਹਰਿਆਂ ਵਾਲ਼ੀ ਇੱਕ ਰੋਮਾਂਟਿਕ ਫ਼ਿਲਮ, ਜੋ ਰਾਸ਼ਟਰੀ ਪੱਧਰ ‘ਤੇ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੀ। ਘਰਾਂ ਦਾ ਕੰਮ ਕਰਨ ਵਾਲ਼ੀ ਸਵਾਪਨਾਲੀ ਦੀ ਉਸ ਦਿਨ ਛੁੱਟੀ ਸੀ ਤੇ ਉਨ੍ਹਾਂ ਨੇ ਇਹ ਫ਼ਿਲਮ ਦੇਖਣੀ ਚੁਣੀ। ਉਨ੍ਹਾਂ ਨੂੰ ਪੂਰੇ ਸਾਲ ਵਿੱਚ ਸਿਰਫ਼ ਦੋ ਵਾਰ ਛੁੱਟੀ ਮਿਲ਼ਦੀ ਹੈ।
''ਨਵੇਂ ਸਾਲ ਦਾ ਮੌਕਾ ਸੀ। ਇਸੇ ਕਰਕੇ ਅਸੀਂ ਬਾਹਰ ਹੀ ਖਾਣਾ ਖਾਧਾ, ਗੋਰੇਗਾਓਂ ਦੇ ਕਿਸੇ ਹੋਟਲ ਵਿੱਚ'' 23 ਸਾਲਾ ਔਰਤ ਆਪਣੀ ਛੁੱਟੀ ਦੇ ਦਿਨ ਨੂੰ ਚੇਤੇ ਕਰਦਿਆਂ ਕਹਿੰਦੀ ਹੈ।
ਸਾਲ ਦੇ ਬਾਕੀ ਦਿਨੀਂ, ਸਵਾਪਨਾਲੀ ਦੀ ਹਰ ਦਿਹਾੜੀ ਲੰਬੀ ਤੇ ਥਕਾ ਸੁੱਟਣ ਵਾਲ਼ੀ ਹੁੰਦੀ ਹੈ। ਉਹਦੀ ਦਿਹਾੜੀ ਦੇ ਛੇ ਘੰਟੇ ਮੁੰਬਈ ਦੇ ਘਰਾਂ ਵਿੱਚ ਭਾਂਡੇ ਮਾਂਜਣ, ਕੱਪੜੇ ਧੋਣ ਤੇ ਹੋਰ ਘਰੇਲੂ ਕੰਮ ਕਰਨ ਵਿੱਚ ਬੀਤ ਜਾਂਦੇ ਹਨ। ਇੱਕ ਘਰ ਤੋਂ ਦੂਜੇ ਘਰ ਜਾਣ ਵੇਲ਼ੇ ਜੋ 10-15 ਦੀ 'ਰਾਹਤ' ਮਿਲ਼ਦੀ ਹੈ-ਸਵਾਪਨਾਲੀ ਓਨੇ ਸਮੇਂ ਵਿੱਚ ਆਪਣੇ ਫ਼ੋਨ 'ਤੇ ਮਰਾਠੀ ਗਾਣੇ ਸੁਣ ਲੈਂਦੀ ਹੈ। ਰੁਝੇਵੇਂ ਭਰੀ ਦਿਹਾੜੀ ਵਿੱਚੋਂ ਇੰਝ ਥੋੜ੍ਹੇ ਜਿਹੇ ਮਿਲ਼ੇ ਪਲਾਂ ਦੀ ਖ਼ੁਸ਼ੀ ਬਿਆਨ ਕਰਦਿਆਂ ਉਹ ਕਹਿੰਦੀ ਹੈ,''ਗਾਣੇ ਸੁਣਨ ਲਈ ਮੈਂ ਥੋੜ੍ਹਾ-ਬਹੁਤ ਸਮਾਂ ਕੱਢ ਹੀ ਲੈਂਦੀ ਹਾਂ।''
ਫ਼ੋਨ ਚਲਾਉਣ ਨਾਲ਼ ਰਾਹਤ ਦਾ ਇੱਕ ਅਹਿਸਾਸ ਤਾਂ ਮਿਲ਼ਦਾ ਹੀ ਹੈ, ਨੀਲਮ ਦੇਵੀ ਦਾ ਕਹਿਣਾ ਹੈ। 25 ਸਾਲਾ ਇਸ ਮਹਿਲਾ ਦਾ ਕਹਿਣਾ ਹੈ,''ਜਦੋਂ ਥੋੜ੍ਹੀ ਵਿਹਲ ਮਿਲ਼ੇ ਮੈਂ ਫ਼ੋਨ 'ਤੇ ਭੋਜਪੁਰੀ ਤੇ ਹਿੰਦੀ ਫ਼ਿਲਮਾਂ ਦੇਖ ਲੈਂਦੀ ਹਾਂ।'' ਇਹ ਖੇਤ ਮਜ਼ਦੂਰ ਔਰਤ ਵਾਢੀ ਦੇ ਦਿਨਾਂ ਵਿੱਚ ਬਿਹਾਰ ਦੇ ਮੁਹੰਮਦਪੁਰ ਬਲੀਆ ਪਿੰਡ ਵਿਖੇ ਆਪਣੇ ਘਰ ਤੋਂ ਪ੍ਰਵਾਸ ਕਰਕੇ ਇੱਥੇ ਮੋਕਾਮੇਹ ਤਾਲ ਵਿਖੇ ਕੰਮ ਕਰਨ ਆਈ ਹੈ। ਦੋਵਾਂ ਥਾਵਾਂ ਵਿਚਲੀ ਦੂਰੀ ਕੋਈ 150 ਕਿਲੋਮੀਟਰ ਹੈ।
ਉਹ ਹੋਰਨਾਂ 15 ਔਰਤ ਮਜ਼ਦੂਰਾਂ ਦੇ ਨਾਲ਼ ਇੱਥੇ ਕੰਮ ਕਰਨ ਅੱਪੜੀ। ਇਹ ਔਰਤਾਂ ਦਾਲ਼ ਦੇ ਇਨ੍ਹਾਂ ਬੂਟਿਆਂ ਦੀ ਵਾਢੀ ਕਰਕੇ ਤੇ ਭਰੀਆਂ ਬੰਨ੍ਹ ਉਨ੍ਹਾਂ ਨੂੰ ਭੰਡਾਰਨ ਥਾਂ ਤੱਕ ਲੈ ਜਾਣਗੀਆਂ। ਜੇ ਮਿਹਨਤਾਨੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਦਾਲ਼ਾਂ ਦੀਆਂ 12 ਭਰੀਆਂ ਬੰਨ੍ਹਣ ਤੇ ਸਾਂਭਣ ਦੇ ਕੰਮ ਬਦਲੇ ਇੱਕ ਭਰੀ ਦਾਲ਼ ਦੀ ਮਿਲ਼ਦੀ ਹੈ। ਉਨ੍ਹਾਂ ਦੀ ਥਾਲ਼ੀ ਵਿੱਚ ਦਾਲ ਹੀ ਸਭ ਤੋਂ ਮਹਿੰਗੀ ਸ਼ੈਅ ਹੁੰਦੀ ਹੈ ਤੇ ਜਿਵੇਂ ਕਿ ਸੁਹਾਗਿਨੀ ਸੋਰੇਨ ਕਹਿੰਦੀ ਹਨ,''ਅਸੀਂ ਇਹ ਦਾਲ ਪੂਰਾ ਸਾਲ ਖਾਂਦੇ ਹਾਂ ਤੇ ਕਈ ਵਾਰੀਂ ਆਪਣੇ ਕਰੀਬੀਆਂ ਨੂੰ ਵੀ ਦੇ ਦਿੰਦੇ ਹਾਂ।'' ਉਹ ਜਿਵੇਂ-ਕਿਵੇਂ ਕਰਕੇ ਮਹੀਨੇ ਦੀ ਕੁਵਿੰਟਲ ਦਾਲ਼ ਦਾ ਜੁਗੜਾ ਕਰਨ ਵਿੱਚ ਕਾਮਯਾਬ ਹੋ ਹੀ ਜਾਂਦੀਆਂ ਹਨ।
ਉਨ੍ਹਾਂ ਦੇ ਪ੍ਰਵਾਸੀ ਮਜ਼ਦੂਰ ਪਤੀ ਕੰਮ ਕਰਨ ਦੂਰ-ਦੁਰਾਡੀਆਂ ਥਾਵਾਂ 'ਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪਿਛਾਂਹ ਘਰੇ ਕਿਸੇ ਰਿਸ਼ਤੇਦਾਰ ਦੀ ਦੇਖਭਾਲ਼ ਵਿੱਚ ਛੱਡਣਾ ਪੈਂਦਾ ਹੈ; ਜ਼ਿਆਦਾ ਛੋਟੇ ਬੱਚੇ ਆਪਣੀਆਂ ਮਾਵਾਂ ਦੇ ਨਾਲ਼ ਆਉਂਦੇ ਹਨ।
ਪਰਾਲ਼ੀ ਦੀ ਪੰਡ ਬੰਨ੍ਹਦਿਆਂ ਉਹ ਪਾਰੀ ਨੂੰ ਦੱਸਦੀ ਹੈ ਕਿ ਇੱਥੇ ਰਹਿੰਦਿਆਂ ਉਹ ਆਪਣੇ ਮੋਬਾਇਲ 'ਤੇ ਫ਼ਿਲਮਾਂ ਨਹੀਂ ਦੇਖ ਪਾਉਂਦੀ ਕਿਉਂਕਿ,''ਇੱਥੇ ਮੋਬਾਇਲ ਚਾਰਜ ਕਰਨ ਲਈ ਬੱਤੀ ਨਹੀਂ ਹੈ।'' ਨੀਲਮ ਕੋਲ਼ ਆਪਣਾ ਫ਼ੋਨ ਹੈ- ਜੋ ਕਿ ਪੇਂਡੂ ਭਾਰਤ ਵਿੱਚ ਇੱਕ ਦੁਰਲੱਭ ਗੱਲ ਹੈ ਕਿਉਂਕਿ ਇੱਥੇ ਸਿਰਫ਼ 31 ਫ਼ੀਸਦ ਔਰਤਾਂ ਹੀ ਫ਼ੋਨ ਇਸਤੇਮਾਲ ਕਰਦੀਆਂ ਹਨ ਜਦੋਂ ਕਿ ਮਰਦਾਂ ਦਾ ਅੰਕੜਾ 61 ਫ਼ੀਸਦ ਹੈ, ਆਕਸਫੈਮ ਇੰਡੀਆ ਵੱਲੋਂ ਪ੍ਰਕਾਸ਼ਤ ਡਿਜ਼ੀਟਲ ਡਿਵਾਇਡ ਇਨਇਕੁਐਲਿਟੀ ਰਿਪੋਰਟ 2022 ਇਸ ਸੱਚਾਈ ਨੂੰ ਨਸ਼ਰ ਕਰਦੀ ਹੈ।
ਪਰ ਨੀਲਮ ਨੇ ਇਸ ਸਮੱਸਿਆ ਦਾ ਹੱਲ ਵੀ ਲੱਭ ਲਿਆ ਹੈ: ਕਿਉਂਕਿ ਜ਼ਿਆਦਾਤਰ ਟਰੈਕਟਰ ਮਜ਼ਦੂਰਾਂ ਦੀਆਂ ਅਸਥਾਈ ਝੌਂਪੜੀ ਦੇ ਨੇੜੇ ਹੀ ਖੜ੍ਹੇ ਕੀਤੇ ਜਾਂਦੇ ਹਨ,''ਅਸੀਂ ਟਰੈਕਟਰਾਂ 'ਤੇ ਹੀ ਆਪਣੇ ਫ਼ੋਨ ਚਾਰਜ ਕਰ ਲੈਂਦੀਆਂ ਹਾਂ ਤਾਂ ਕਿ ਫ਼ੋਨ ਚੱਲਦੇ ਤਾਂ ਰਹਿਣ। ਹਾਂ ਜੇਕਰ ਬਿਜਲੀ ਮਿਲ਼ਦੀ ਤਾਂ ਅਸੀਂ ਫ਼ਿਲਮਾਂ ਵੀ ਜ਼ਰੂਰ ਦੇਖਿਆ ਕਰਨੀਆਂ ਸਨ,'' ਉਹ ਅੱਗੇ ਕਹਿੰਦੀ ਹੈ।
ਮੋਕਾਮੇਹ ਤਾਲ ਵਿਖੇ ਕੰਮ ਕਰਨ ਵਾਲ਼ੀਆਂ ਇਨ੍ਹਾਂ ਔਰਤਾਂ ਦੀ ਦਿਹਾੜੀ ਸਾਜਰੇ 6 ਵਜੇ ਸ਼ੁਰੂ ਹੁੰਦੀ ਹੈ ਤੇ ਦੁਪਿਹਰ ਵੇਲ਼ੇ ਵੱਧਦੇ ਤਾਪਮਾਨ ਨਾਲ਼ ਹੀ ਮੁੱਕਦੀ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਉਹ ਘਰੇਲੂ ਲੋੜਾਂ ਵਾਸਤੇ ਬੰਬੀਆਂ ਤੋਂ ਪਾਣੀ ਢੋਂਹਦੀਆਂ ਹਨ। ਇਸ ਤੋਂ ਬਾਅਦ ਜਿਵੇਂ ਕਿ ਅਨੀਤਾ ਕਹਿੰਦੀ ਹੈ,''ਹਰੇਕ ਵਿਅਕਤੀ ਨੂੰ ਆਪਣੇ ਲਈ ਵਿਹਲ ਮਿਲ਼ਣੀ ਹੀ ਚਾਹੀਦੀ ਹੈ।''
ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਪਿੰਡ ਨਰਾਇਣਪੁਰ ਦੇ ਸੰਥਾਲ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀ ਅਨੀਤਾ ਕਹਿੰਦੀ ਹੈ,''ਮੈਂ ਦੁਪਹਿਰ ਵੇਲ਼ੇ ਸੌਂ ਜਾਂਦੀ ਹਾਂ ਕਿਉਂਕਿ ਇੰਨੀ ਤਪਸ਼ ਵਿੱਚ ਅਸੀਂ ਕੰਮ ਨਹੀਂ ਕਰ ਸਕਦੇ।'' ਝਾਰਖੰਡ ਦੀ ਇਹ ਦਿਹਾੜੀਦਾਰ ਮਜ਼ਦੂਰ (ਔਰਤ) ਮਾਰਚ ਮਹੀਨੇ ਹੁੰਦੀ ਦਾਲ਼ਾਂ ਦੀ ਵਾਢੀ ਵਾਸਤੇ ਬਿਹਾਰ ਦੇ ਮੋਕਾਮੋਹ ਤਾਲ ਵਿਖੇ ਆਈ ਹੈ।
ਅੱਧ-ਵਾਢੀ ਕੀਤੇ ਖੇਤ ਵਿੱਚ ਥੱਕੀਆਂ-ਟੁੱਟੀਆਂ ਦਰਜਨ ਕੁ ਔਰਤਾਂ ਲੱਤਾਂ ਪਸਾਰੀ ਬੈਠੀਆਂ ਹਨ ਅਤੇ ਤਿਰਕਾਲਾਂ ਘਿਰ ਰਹੀਆਂ ਹਨ।
ਥਕੇਵੇਂ ਮਾਰੀਆਂ ਹੋਣ ਦੇ ਬਾਵਜੂਦ ਵੀ ਇਨ੍ਹਾਂ ਖੇਤ-ਮਜ਼ੂਦਰ ਔਰਤਾਂ ਦੇ ਹੱਥ ਰੁੱਕ ਨਹੀਂ ਰਹੇ। ਉਹ ਲਗਾਤਾਰ ਦਾਲ਼ਾਂ ਚੁਗਣ ਵਿੱਚ ਜਾਂ ਫਿਰ ਪਰਾਲ਼ੀਆਂ ਦੀ ਰੱਸੀਆਂ ਗੁੰਦਣ ਵਿੱਚ ਰੁੱਝੇ ਹਨ, ਜਿਨ੍ਹਾਂ ਨਾਲ਼ ਹੀ ਭਰੀਆਂ ਬੰਨ੍ਹੀਆਂ ਜਾਂਦੀਆਂ ਹਨ। ਨੇੜੇ ਹੀ ਉਨ੍ਹਾਂ ਦੇ ਘਰ ਹਨ ਜਿਨ੍ਹਾਂ ਦੀਆਂ ਕੰਧਾਂ ਦਾਲ਼ਾਂ ਦੀਆਂ ਨਾੜਾਂ ਨਾਲ਼ ਤੇ ਛੱਤਾਂ ਤਿਰਪਾਲਾਂ ਦੀਆਂ ਬਣੀਆਂ ਹੋਈਆਂ ਹਨ। ਛੇਤੀ ਹੀ ਉਨ੍ਹਾਂ ਦੇ ਮਿੱਟੀ ਦੇ ਚੁੱਲ੍ਹੇ ਮਘਣ ਲੱਗਣਗੇ ਤੇ ਉਹ ਰੋਟੀ-ਟੁੱਕ ਵਿੱਚ ਮਸ਼ਰੂਫ਼ ਹੋ ਜਾਣਗੀਆਂ ਤੇ ਉਨ੍ਹਾਂ ਦੀਆਂ ਗੱਲਾਂ-ਬਾਤਾਂ ਅਗਲੇ ਦਿਨ ਵੀ ਜਾਰੀ ਰਹਿਣਗੀਆਂ।
2019 ਦੇ ਐੱਨਐੱਸਓ ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਦੀਆਂ ਔਰਤਾਂ ਹਰ ਰੋਜ਼ ਔਸਤਨ 280 ਮਿੰਟ ਉਨ੍ਹਾਂ ਘਰੇਲੂ ਕੰਮਾਂ ਅਤੇ ਘਰ ਦੇ ਮੈਂਬਰਾਂ ਦੀ ਦੇਖਭਾਲ਼ ਅਤੇ ਸੇਵਾ ਕਰਨ ਵਿੱਚ ਬਿਤਾਉਂਦੀਆਂ ਹਨ, ਜਿਨ੍ਹਾਂ ਬਦਲੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲ਼ਦਾ, ਜਦੋਂਕਿ ਮਰਦਾਂ ਦਾ ਇਹ ਅੰਕੜਾ ਸਿਰਫ 36 ਮਿੰਟਾਂ ਦਾ ਸੀ।
*****
ਕੰਮ ਤੋਂ ਹੱਟ ਕੇ ਇੰਝ ਆਪਸ ਵਿੱਚ ਬਿਤਾਏ ਸਮੇਂ ਦੀ ਉਡੀਕ ਸਭ ਤੋਂ ਵੱਧ ਸੰਥਾਲ ਆਦਿਵਾਸੀ ਕੁੜੀਆਂ ਆਰਤੀ ਤੇ ਮੰਗਲੀ ਮੁਰਮੂ ਨੂੰ ਹੈ। 15-15 ਸਾਲਾਂ ਦੀਆਂ ਇਹ ਬੱਚੀਆਂ ਆਪਸ ਵਿੱਚ ਮਸੇਰੀਆਂ ਭੈਣਾਂ ਹਨ ਜੋ ਪੱਛਮੀ ਬੰਗਾਲ ਦੇ ਪਾਰੁਲਡਾਂਗਾ ਪਿੰਡ ਦੇ ਬੇਜ਼ਮੀਨੇ ਪਰਿਵਾਰਾਂ ਤੋਂ ਹਨ। ਰੁੱਖ ਹੇਠ ਬੈਠੀਆਂ ਦੋਵੇਂ ਬੱਚੀਆਂ ਆਪਣੇ ਡੰਗਰਾਂ ਨੂੰ ਚਰਦਿਆਂ ਦੇਖ ਰਹੀਆਂ ਹਨ। ਆਰਤੀ ਕਹਿੰਦੀ ਹੈ,''ਮੈਨੂੰ ਇੱਥੇ ਆਉਣਾ ਤੇ ਪੰਛੀਆਂ ਨੂੰ ਦੇਖਣਾ ਪਸੰਦ ਹੈ। ਕਦੇ-ਕਦਾਈਂ ਅਸੀਂ ਫਲ ਤੋੜਦੀਆਂ ਤੇ ਰਲ਼-ਬਹਿ ਕੇ ਖਾਂਦੀਆਂ ਹਾਂ।''
''ਵਾਢੀ ਦੇ ਇਸ ਮੌਕੇ, ਸਾਨੂੰ ਡੰਗਰਾਂ ਨੂੰ ਚਰਾਉਣ ਲਈ ਬਹੁਤੀ ਦੂਰ ਲਿਜਾਣ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਹ ਪਰਾਲ਼ੀ ਖਾ ਸਕਦੇ ਹਨ। ਇੰਝ ਸਾਨੂੰ ਵੀ ਰੁੱਖ ਦੀ ਛਾਵੇਂ ਬੈਠਣ ਦਾ ਮੌਕਾ ਮਿਲ਼ ਜਾਂਦਾ ਹੈ,'' ਉਹ ਅੱਗੇ ਕਹਿੰਦੀ ਹੈ।
ਪਾਰੀ ਐਤਵਾਰ ਦੇ ਦਿਨ ਉਨ੍ਹਾਂ ਨੂੰ ਮਿਲ਼ੀ ਜਦੋਂ ਉਨ੍ਹਾਂ ਦੀਆਂ ਮਾਵਾਂ ਗੁਆਂਢ ਪਿੰਡ ਕਿਸੇ ਰਿਸ਼ਤੇਦਾਰ ਨੂੰ ਮਿਲ਼ਣ ਗਈਆਂ ਸਨ। ''ਆਮ ਤੌਰ 'ਤੇ ਡੰਗਰਾਂ ਨੂੰ ਚਰਾਉਣ ਦਾ ਕੰਮ ਮੇਰੀ ਮਾਂ ਦਾ ਹੈ, ਪਰ ਅੱਜ ਐਤਵਾਰ ਹੋਣ ਕਾਰਨ ਚਰਾਉਣ ਦਾ ਕੰਮ ਮੈਂ ਲੈ ਲਿਆ। ਮੈਨੂੰ ਇੱਥੇ ਆਉਣਾ ਤੇ ਮੰਗਲੀ ਨਾਲ਼ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ,'' ਚਿਹਰੇ 'ਤੇ ਮੁਸਕਾਨ ਲਈ ਆਪਣੀ ਭੈਣ ਵੱਲ ਮੁਖ਼ਾਤਬ ਹੁੰਦਿਆਂ ਆਰਤੀ ਕਹਿੰਦੀ ਹੈ,''ਉਹ ਮੇਰੀ ਦੋਸਤ ਵੀ ਹੈ।''
ਮੰਗਲੀ ਹਰ ਰੋਜ਼ ਡੰਗਰ ਚਰਾਉਂਦੀ ਹੈ। ਉਹ ਪੰਜਵੀਂ ਤੱਕ ਪੜ੍ਹੀ ਹੈ ਪਰ ਮਾਪਿਆਂ ਕੋਲ਼ ਗੁੰਜਾਇਸ਼ ਨਾ ਹੋਣ ਕਾਰਨ ਉਹਨੂੰ ਪੜ੍ਹਾਈ ਛੱਡਣੀ ਪਈ। ''ਫਿਰ ਤਾਲਾਬੰਦੀ ਲੱਗ ਗਈ ਤੇ ਮੈਨੂੰ ਦੋਬਾਰਾ ਸਕੂਲ ਭੇਜ ਸਕਣਾ ਹੁਣ ਇੱਕ ਸੁਪਨਾ ਜਿਹਾ ਹੋ ਗਿਆ,'' ਮੰਗਲੀ ਕਹਿੰਦੀ ਹੈ ਜੋ ਪਰਿਵਾਰ ਲਈ ਖਾਣਾ ਵੀ ਬਣਾਉਂਦੀ ਹੈ। ਡੰਗਰ ਚਰਾਉਣ ਵਿੱਚ ਉਹਦੀ ਭੂਮਿਕਾ ਬੜੀ ਅਹਿਮ ਹੈ ਕਿਉਂਕਿ ਇਨ੍ਹਾਂ ਖੁਸ਼ਕ ਪਠਾਰੀ ਖਿੱਤਿਆਂ ਅੰਦਰ ਡੰਗਰ ਪਾਲਣਾ ਹੀ ਕਮਾਈ ਦਾ ਇੱਕ ਟਿਕਾਊ ਸ੍ਰੋਤ ਹੈ।
ਪੇਂਡੂ ਭਾਰਤ ਵਿੱਚ ਇੱਕ ਦੁਰਲੱਭ ਗੱਲ ਹੈ ਕਿਉਂਕਿ ਇੱਥੇ ਸਿਰਫ਼ 31 ਫ਼ੀਸਦ ਔਰਤਾਂ ਹੀ ਫ਼ੋਨ ਇਸਤੇਮਾਲ ਕਰਦੀਆਂ ਹਨ ਜਦੋਂ ਕਿ ਮਰਦਾਂ ਦਾ ਅੰਕੜਾ 61 ਫ਼ੀਸਦ ਹੈ, ਆਕਸਫੈਮ ਇੰਡੀਆ ਵੱਲੋਂ ਪ੍ਰਕਾਸ਼ਤ ਡਿਜ਼ੀਟਲ ਡਿਵਾਇਡ ਇਨਇਕੁਐਲਿਟੀ ਰਿਪੋਰਟ 2022, ਇਸ ਸੱਚਾਈ ਨੂੰ ਨਸ਼ਰ ਕਰਦੀ ਹੈ
''ਸਾਡੇ ਮਾਪਿਆਂ ਕੋਲ਼ ਫੀਚਰ ਫ਼ੋਨ ਹਨ। ਜਦੋਂ ਅਸੀਂ ਦੋਵੇਂ ਇਕੱਠੀਆਂ ਬਹੀਏ ਤਾਂ ਅਕਸਰ ਇਨ੍ਹਾਂ ਚੀਜ਼ਾਂ (ਆਪਣਾ ਫ਼ੋਨ ਲੈਣ) ਬਾਰੇ ਗੱਲਾਂ ਕਰਦੀਆਂ ਹਾਂ,'' ਆਰਤੀ ਕਹਿੰਦੀ ਹੈ। ਡਿਜ਼ੀਟਲ ਡਿਵਾਇਡ ਇਨਇਕੁਐਲਿਟੀ ਰਿਪੋਰਟ 2022 ਦੱਸਦੀ ਹੈ ਕਿ ਭਾਰਤ ਅੰਦਰ ਮੋਬਾਇਲ ਦੇ 40 ਫ਼ੀਸਦ ਵਰਤੋਂਕਾਰਾਂ ਕੋਲ਼ ਸਮਾਰਟ ਫ਼ੋਨ ਨਹੀਂ ਹਨ ਤੇ ਉਨ੍ਹਾਂ ਦਾ ਅਨੁਭਵ ਅਸਧਾਰਣ ਨਹੀਂ।
ਫ਼ੁਰਸਤ ਦੇ ਪਲਾਂ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਵੱਧ ਹੁੰਦੇ ਦੇਖੀ ਜਾਂਦੀ ਹੈ। ਕਈ ਵਾਰੀਂ ਤਾਂ ਕੰਮ ਦੌਰਾਨ ਵੀ, ਜਿਵੇਂ ਕਿ ਖੇਤ-ਮਜ਼ਦੂਰ ਸੁਨੀਤਾ ਪਾਟਿਲ ਥੋੜ੍ਹੇ ਰੋਸ ਵਿੱਚ ਕਹਿੰਦੀ ਹਨ: ''ਜਦੋਂ ਅਸੀਂ ਸਬਜ਼ੀ ਵੇਚਣ ਸ਼ਹਿਰਾਂ ਨੂੰ ਜਾਈਦਾ ਹੈ ਤੇ ਲੋਕਾਂ ਨੂੰ ਖ਼ਰੀਦਣ ਵਾਸਤੇ ਕਹੀਦਾ ਹੈ ਤਾਂ ਅੱਗਿਓਂ ਉਹ (ਸ਼ਹਿਰੀ ਔਰਤਾਂ) ਜਵਾਬ ਦੇਣਾ ਤੱਕ ਗਵਾਰਾ ਨਹੀਂ ਕਰਦੀਆਂ ਤੇ ਸਿਰਫ਼ ਫ਼ੋਨ ਨਾਲ਼ ਹੀ ਚਿਪਕੀਆਂ ਰਹਿੰਦੀਆਂ ਹਨ। ਇੰਝ ਦੇਖ ਬੜੀ ਤਕਲੀਫ਼ ਵੀ ਹੁੰਦੀ ਹੈ ਤੇ ਵਟ ਵੀ ਚੜ੍ਹਦਾ ਹੈ।''
ਸੁਨੀਤਾ ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ ਦੇ ਰਾਕਾ ਪਿੰਡ ਵਿਖੇ ਝੋਨੇ ਦੇ ਖੇਤ ਵਿੱਚ ਦੁਪਹਿਰ ਦੇ ਖਾਣੇ ਤੋਂ ਬਾਅਦ ਮਹਿਲਾ ਮਜ਼ਦੂਰਾਂ ਦੇ ਇੱਕ ਸਮੂਹ ਨਾਲ਼ ਆਰਾਮ ਕਰ ਰਹੀ ਹੈ। ਉਨ੍ਹਾਂ ਵਿਚੋਂ ਕਈ ਔਰਤਾਂ ਬੈਠੀਆਂ ਹੋਈਆਂ ਹਨ ਤੇ ਕੁਝ ਝਪਕੀ ਲੈ ਰਹੀਆਂ ਹਨ।
''ਅਸੀਂ ਪੂਰਾ ਸਾਲ ਖੇਤਾਂ ਵਿੱਚ ਕੰਮ ਕਰਦੀਆਂ ਹਾਂ। ਸਾਨੂੰ ਫ਼ੁਰਸਤ ਦੇ ਪਲ ਨਸੀਬ ਨਹੀਂ,'' ਦੁਗੜੀ ਬਾਈ ਨੇਤਾਮ ਹਕੀਕਤ ਬਿਆਨ ਕਰਦੀ ਹੈ। ਇਸ ਆਦਿਵਾਸੀ ਬਜ਼ੁਰਗ ਔਰਤ ਨੂੰ ਵਿਧਵਾ ਪੈਨਸ਼ਨ ਮਿਲ਼ਦੀ ਹੈ ਪਰ ਫਿਰ ਵੀ ਉਹਨੂੰ ਦਿਹਾੜੀ ਮਜ਼ਦੂਰੀ ਕਰਨੀ ਪੈਂਦੀ ਹੈ।
''ਫ਼ਿਲਹਾਲ ਅਸੀਂ ਝੋਨੇ ਦੇ ਖੇਤ ਵਿੱਚ ਨਦੀਨ ਪੁੱਟਣ ਵਿੱਚ ਰੁੱਝੀਆਂ ਹਾਂ; ਅਸੀਂ ਪੂਰਾ ਸਾਲ ਕੰਮ ਕਰਦੀਆਂ ਹਾਂ।''
ਕਿਸੇ ਸੋਚ ਵਿੱਚ ਗੁਆਚੀ, ਸੁਨੀਤਾ ਉਹਦੀ ਗੱਲ ਨਾਲ਼ ਸਹਿਮਤ ਹੁੰਦਿਆਂ ਕਹਿੰਦੀ ਹੈ,''ਸਾਨੂੰ ਫ਼ੁਰਸਤ ਨਹੀਂ ਮਿਲ਼ਦੀ! ਫ਼ੁਰਸਤ ਤਾਂ ਸ਼ਹਿਰੀ ਔਰਤਾਂ ਦੇ ਲੇਖੇ ਆਉਂਦੀ ਹੈ।'' ਅਸੀਂ ਤਾਂ ਵਧੀਆ ਖਾਣੇ ਦੇ ਸੁਪਨੇ ਦੇਖਣਾ ਹੀ ਵਿਹਲ ਗਿਣ ਲਈਦਾ ਹੈ: ''ਮੇਰਾ ਮਨ ਕਹਿੰਦਾ ਅਸੀਂ ਆਉਂਦੇ-ਜਾਂਦੇ ਵਧੀਆ ਭੋਜਨ ਖਾਈਏ ਪਰ ਪੈਸੇ ਦੀ ਤੰਗੀ ਕਾਰਨ ਇਹ ਕਦੇ ਸੰਭਵ ਨਹੀਂ ਹੋ ਪਾਉਂਦਾ।''
*****
ਯੱਲੂਬਾਈ ਨੰਦੀਵਾਲੇ ਫ਼ੁਰਸਤ ਦੇ ਪਲ, ਜੈਨਾਪੁਰ ਪਿੰਡ ਦੇ ਨੇੜੇ ਕੋਲ੍ਹਾਪੁਰ-ਸਾਂਗਲੀ ਰਾਜਮਾਰਗ 'ਤੇ ਦੌੜਦੀਆਂ ਗੱਡੀਆਂ ਨੂੰ ਦੇਖ ਕੇ ਬਿਤਾ ਰਹੀ ਹੈ। ਉਹ ਕੰਘੀ, ਵਾਲ਼ਾਂ ਦੀਆਂ ਸੂਈਆਂ ਵਗੈਰਾ, ਨਕਲੀ ਗਹਿਣੇ, ਐਲੂਮੀਨੀਅਮ ਦੇ ਭਾਂਡੇ ਤੇ ਇਸੇ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੇਚਦੀ ਹੈ, ਜਿਨ੍ਹਾਂ ਨੂੰ ਉਹ ਬਾਂਸ ਦੀ ਟੋਕਰੀ ਅਤੇ ਪਲਾਸਟਿਕ ਦੇ ਝੋਲ਼ੇ ਵਿੱਚ ਰੱਖਦੀ ਹੈ, ਜਿਹਦਾ ਵਜ਼ਨ ਕਰੀਬ ਕਰੀਬ 6-7 ਕਿਲੋ ਹੁੰਦਾ ਹੈ।
ਉਹ ਅਗਲੇ ਸਾਲ 70 ਸਾਲਾਂ ਦੀ ਹੋ ਜਾਵੇਗੀ। ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਕੰਮ ਕਰਨ ਵਾਲ਼ੀ ਉਸ ਔਰਤ ਦਾ ਕਹਿਣਾ ਹੈ ਕਿ ਮੈਂ ਖੜ੍ਹੀ ਹੋਵਾਂ ਜਾਂ ਤੁਰਦੀ-ਫਿਰਦੀ ਹੋਵਾਂ ਮੇਰੇ ਗੋਡੇ ਬਗ਼ੈਰ ਕਿਸੇ ਹਰਕਤ ਤੋਂ ਹੀ ਦਰਦ ਹੁੰਦੇ ਰਹਿੰਦੇ ਹਨ। ਬਾਵਜੂਦ ਇਹਦੇ ਉਹਨੂੰ ਇਹ ਕੰਮ ਕਰਨਾ ਪੈਂਦਾ ਹੈ, ਨਹੀਂ ਤਾਂ ਦਿਹਾੜੀ ਟੁੱਟ ਜਾਵੇਗੀ। ਉਹ ਆਪਣੇ ਪੀੜ੍ਹ ਕਰਦੇ ਗੋਡਿਆਂ ਨੂੰ ਤਲ਼ੀਆਂ ਨਾਲ਼ ਦਬਾਉਂਦੀ ਹੋਏ ਕਹਿੰਦੀ ਹੈ,''ਪੂਰੇ ਦਿਨ ਵਿੱਚ ਸੌ ਰੁਪਏ ਕਮਾਉਣਾ ਵੀ ਮੁਸ਼ਕਲ ਹੈ ਤੇ ਕਦੇ-ਕਦੇ ਤਾਂ ਕੋਈ ਕਮਾਈ ਨਹੀਂ ਹੁੰਦੀ।''
ਸੱਤਰ ਸਾਲਾ ਯੱਲੂਬਾਈ ਸ਼ਿਰੋਲ ਤਾਲੁਕਾ ਦੇ ਦਾਨੋਲੀ ਪਿੰਡ ਵਿਖੇ, ਆਪਣੇ ਪਤੀ ਯਲੱਪਾ ਦੇ ਨਾਲ਼ ਰਹਿੰਦੀ ਹੈ। ਇਹ ਪਰਿਵਾਰ ਬੇਜ਼ਮੀਨਾ ਹੈ ਤੇ ਨੰਦੀਵਾਲ਼ੇ ਖ਼ਾਨਾਬਦੋਸ਼ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ।
ਆਪਣੀ ਜੋਬਨ ਅਵਸਥਾ ਦੇ ਸੁਖਦ ਪਲਾਂ ਨੂੰ ਚੇਤੇ ਕਰਦਿਆਂ ਉਹ ਕਹਿੰਦੀ ਹੈ,''ਕਿਸੇ ਵੀ ਚੀਜ਼ ਵਿੱਚ ਦਿਲਚਸਪੀ ਹੋਣਾ, ਮੌਜ-ਮਸਤੀ, ਫ਼ੁਰਸਤ... ਇਹ ਸਾਰਾ ਕੁਝ ਵਿਆਹ ਤੋਂ ਪਹਿਲਾਂ ਹੁੰਦਾ ਸੀ। ਮੈਂ ਘਰੇ ਕਦੇ ਨਾ ਟਿਕਦੀ... ਖੇਤਾਂ ਵਿੱਚ ਘੁੰਮਦੀ ਰਹਿੰਦੀ... ਨਦੀਆਂ ਕੰਢੇ ਬੈਠੀ ਰਹਿੰਦੀ। ਪਰ ਵਿਆਹ ਹੁੰਦਿਆਂ ਹੀ ਚੀਜ਼ਾਂ ਬਦਲ ਗਈਆਂ, ਹੁਣ ਮੈਂ ਉਹ ਸਭ ਕਰਨ ਬਾਰੇ ਸੋਚ ਵੀ ਨਹੀਂ ਸਕਦੀ। ਹੁਣ ਰਸੋਈ ਤੇ ਬੱਚੇ... ਇਹੀ ਜ਼ਿੰਦਗੀ ਹੈ।''
ਪੇਂਡੂ ਔਰਤਾਂ ਦੇ ਰੋਜ਼ਮੱਰਾ ਦੇ ਜੀਵਨ ਨੂੰ ਲੈ ਕੇ ਹੋਏ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਪੂਰੇ ਦੇਸ਼ ਦੀਆਂ ਪੇਂਡੂ ਔਰਤਾਂ ਆਪਣੇ ਦਿਨ ਦਾ ਕਰੀਬ 20 ਫ਼ੀਸਦ ਸਮਾਂ ਉਨ੍ਹਾਂ ਘਰੇਲੂ ਕੰਮਾਂ ਤੇ ਪਰਿਵਾਰ ਦੀ ਸੇਵਾ ਲੇਖੇ ਲਾਉਂਦੀਆਂ ਹੈ ਜਿਨ੍ਹਾਂ ਬਦਲੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲ਼ਦਾ। ਰਿਪੋਰਟ ਦਾ ਸਿਰਲੇਖ ਟਾਈਮ ਯੂਜ ਇੰਨ ਇੰਡੀਆ-2019 ਹੈ ਤੇ ਸੰਖਿਆਕੀ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲੇ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ।
ਪੇਂਡੂ ਭਾਰਤ ਵਿੱਚ ਕਾਫ਼ੀ ਸਾਰੀਆਂ ਔਰਤਾਂ ਮਜ਼ਦੂਰ, ਮਾਂ, ਪਤਨੀ, ਬੇਟੀ ਤੇ ਨੂੰਹ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਵੀ ਆਪਣਾ ਵਿਹਲਾ ਬੱਚਦਾ ਸਮਾਂ ਘਰਾਂ ਦੇ ਕੰਮ ਕਰਦਿਆਂ ਬਿਤਾਉਂਦੀਆਂ ਹਨ। ਉਹ 'ਫ਼ਰੁਸਤ' ਵਿੱਚ ਅਚਾਰ ਪਾਉਣ, ਪਾਪੜ ਬਣਾਉਣ ਤੇ ਸਿਲਾਈ ਦੇ ਕੰਮ ਕਰਦੀਆਂ ਹਨ। ਉੱਤਰ ਪ੍ਰਦੇਸ਼ ਦੇ ਬੈਠਕਵਾ ਬਸਤੀ ਦੀ ਉਰਮਿਲਾ ਕਹਿੰਦੀ ਹੈ,''ਹੱਥੀਂ ਸਿਲਾਈ ਕਰਨ ਦਾ ਕੰਮ ਸਾਨੂੰ ਸਕੂਨ ਦਿੰਦਾ ਹੈ। ਅਸੀਂ ਪੁਰਾਣੀਆਂ ਸਾੜੀਆਂ ਨੂੰ ਕੱਟ-ਸਿਊਂ ਕੇ ਆਪਣੇ ਪਰਿਵਾਰ ਦੀ ਵਰਤੋਂ ਵਾਸਤੇ ਕਠਾਰੀ (ਰਜਾਈ) ਤਿਆਰ ਕਰ ਲੈਂਦੀਆਂ ਹਾਂ।''
ਗਰਮੀ ਰੁੱਤੇ ਬਾਕੀ ਔਰਤਾਂ ਦੇ ਨਾਲ਼ ਡੰਗਰਾਂ ਨੂੰ ਨਹਾਉਣ ਲਿਜਾਣਾ ਵੀ ਇੱਕ ਚੰਗਾ ਪਲ ਹੁੰਦਾ ਹੈ। 50 ਸਾਲਾ ਇਸ ਆਂਗਨਵਾੜੀ ਵਰਕਰ ਵਾਸਤੇ ਇਹੀ ਸਕੂਲ ਦਾ ਸਮਾਂ ਹੁੰਦਾ ਹੈ। ਉਹ ਕਹਿੰਦੀ ਹੈ,''ਜਦੋਂ ਸਾਡੇ ਬੱਚੇ ਖੇਡਦੇ-ਕੁੱਦਦੇ ਤੇ ਬੇਲਨ ਨਦੀ ਦੇ ਪਾਣੀ ਵਿੱਚ ਟਪੂਸੀਆਂ ਮਾਰ ਰਹੇ ਹੁੰਦੇ ਹਨ ਤਾਂ ਸਾਨੂੰ ਇੱਕ-ਦੂਜੀ ਨਾਲ਼ ਗੱਪਾਂ ਵੱਢਣ ਦਾ ਮੌਕਾ ਮਿਲ਼ ਜਾਂਦਾ ਹੈ।'' ਨਾਲ਼ ਹੀ ਉਹ ਦੱਸਦੀ ਹੈ ਕਿ ਗਰਮੀਆਂ ਵਿੱਚ ਬੇਲਨ ਨਦੀ ਸ਼ਾਂਤ ਬਣੀ ਰਹਿੰਦੀ ਹੈ, ਇਸਲਈ ਇਹ ਬੱਚਿਆਂ ਲਈ ਸੁਰੱਖਿਅਤ ਰਹਿੰਦੀ ਹੈ।
ਕੋਰਾਓਂ ਜ਼ਿਲ੍ਹੇ ਦੇ ਦੇਵਘਾਟ ਪਿੰਡ ਦੀ ਇੱਕ ਆਂਗਨਵਾੜੀ ਵਰਕਰ ਦੇ ਰੂਪ ਵਿੱਚ, ਉਰਮਿਲਾ ਪੂਰਾ ਹਫ਼ਤਾ ਨੌਜਵਾਨ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ਼ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ, ਨਾਲ਼ ਹੀ ਟੀਕਾਕਰਨ ਅਤੇ ਪ੍ਰਸਵ ਤੋਂ ਪਹਿਲਾਂ ਤੇ ਬਾਦ ਵਿੱਚ ਹੋਣ ਵਾਲ਼ੀਆਂ ਜਾਂਚਾਂ ਦੀ ਇੱਕ ਸੂਚੀ ਬਣਾਉਂਦੀ ਹੈ।
ਉਰਮਿਲਾ ਦੇ ਚਾਰ ਬੱਚੇ ਹਨ ਤੇ ਇੱਕ ਪੋਤਾ ਹੈ, ਜੋ ਕਰੀਬ ਤਿੰਨ ਸਾਲ ਦਾ ਹੈ। ਉਹ 2000-2005 ਤੱਕ ਦੇਵਘਾਟ ਦੀ ਗ੍ਰਾਮ ਪ੍ਰਧਾਨ ਰਹਿ ਚੁੱਕੀ ਹੈ। ਉਹ ਦਲਿਤ ਬਸਤੀ ਦੀਆਂ ਮੁੱਠੀ ਕੁ ਭਰ ਪੜ੍ਹੀਆਂ-ਲਿਖੀਆਂ ਔਰਤਾਂ ਵਿੱਚੋਂ ਇੱਕ ਹੈ। ਉਹ ਲਚਾਰੀ ਵੱਸ ਕਹਿੰਦੀ ਹੈ,''ਮੈਂ ਅਕਸਰ ਉਨ੍ਹਾਂ ਨੌਜਵਾਨ ਕੁੜੀਆਂ 'ਤੇ ਹਲਕੀ ਚੋਟ ਕਰਦੀ ਰਹਿੰਦੀ ਹਾਂ ਜਿਨ੍ਹਾਂ ਨੇ ਸਕੂਲ ਛੱਡ ਦਿੱਤਾ ਤੇ ਵਿਆਹ ਕਰਵਾ ਲਿਆ। ਪਰ ਨਾ ਤਾਂ ਉਹ ਹੀ ਸੁਣਦੀਆਂ ਹਨ ਤੇ ਨਾ ਹੀ ਉਨ੍ਹਾਂ ਦੇ ਮਾਪੇ।''
ਉਰਮਿਲਾ ਕਹਿੰਦੀ ਹੈ ਕਿ ਵਿਆਹ ਤੇ ਠਾਕੇ ਦੀਆਂ ਰਸਮਾਂ ਦੌਰਾਨ ਔਰਤਾਂ ਨੂੰ ਆਪਣੇ ਲਈ ਥੋੜ੍ਹੀ ਵਿਹਲ ਮਿਲ਼ ਜਾਂਦੀ ਹੈ। ''ਅਸੀਂ ਇਕੱਠੀਆਂ ਮਿਲ਼ ਗਾਉਂਦੀਆਂ ਹਾਂ, ਇਕੱਠਿਆਂ ਹੱਸਦੀਆਂ ਹਾਂ।'' ਮੁਸਕਰਾਉਂਦਿਆਂ ਉਹ ਕਹਿੰਦੀ ਹੈ ਕਿ ਗਾਣੇ ਵਿਆਹ-ਸ਼ਗਨਾਂ ਤੇ ਪਰਿਵਾਰਕ ਰਿਸ਼ਤਿਆਂ ਦੇ ਆਲ਼ੇ-ਦੁਆਲ਼ੇ ਘੁੰਮਦੇ ਹਨ ਤੇ ਥੋੜ੍ਹੇ ਅਸ਼ਲੀਲ ਵੀ ਹੋ ਸਕਦੇ ਹੁੰਦੇ ਹਨ।''
ਹਕੀਕਤ ਵਿੱਚ, ਸਿਰਫ਼ ਵਿਆਹ ਹੀ ਨਹੀਂ ਸਗੋਂ ਤਿਓਹਾਰ ਵੀ ਔਰਤਾਂ, ਖ਼ਾਸ ਕਰਕੇ ਛੋਟੀਆਂ ਬੱਚੀਆਂ ਲਈ ਥੋੜ੍ਹੀ ਰਾਹਤ ਦਾ ਸਬਬ ਬਣਦੇ ਹਨ।
ਆਰਤੀ ਅਤੇ ਮੰਗਲੀ ਨੇ ਪਾਰੀ ਨੂੰ ਦੱਸਿਆ ਕਿ ਜਨਵਰੀ ਵਿੱਚ ਬੀਰਭੂਮ ਦੇ ਸੰਥਾਲ ਆਦਿਵਾਸੀਆਂ ਦੁਆਰਾ ਮਨਾਇਆ ਜਾਣ ਵਾਲ਼ਾ ਬੰਦਨਾ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਉਹ ਸਭ ਤੋਂ ਵੱਧ ਪਸੰਦ ਕਰਦੇ ਹਨ। "ਅਸੀਂ ਕੱਪੜੇ ਪਾਉਂਦੇ ਹਾਂ, ਤਿਆਰ ਹੁੰਦੇ ਹਾਂ, ਨੱਚਦੇ ਹਾਂ ਅਤੇ ਗਾਉਂਦੇ ਹਾਂ। ਉਨ੍ਹੀਂ ਦਿਨੀਂ ਸਾਡੀਆਂ ਮਾਵਾਂ ਘਰੇ ਹੀ ਰਹਿੰਦੀਆਂ ਹਨ, ਇਸ ਲਈ ਸਾਡੇ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ। ਸਾਨੂੰ ਆਪਣੇ ਦੋਸਤਾਂ ਨਾਲ ਰਹਿਣ ਦਾ ਸਮਾਂ ਮਿਲਦਾ ਹੈ। ਕੋਈ ਵੀ ਸਾਨੂੰ ਝਿੜਕਦਾ ਨਹੀਂ ਹੈ ਅਤੇ ਅਸੀਂ ਉਹੀ ਕਰਦੇ ਹਾਂ ਜੋ ਸਾਨੂੰ ਪਸੰਦ ਹੈ," ਉਸਨੇ ਕਿਹਾ, "ਪਸ਼ੂਆਂ ਦੀ ਦੇਖਭਾਲ ਉਨ੍ਹਾਂ ਦੇ ਪਿਤਾ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਤਿਉਹਾਰ ਦੌਰਾਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। "ਉਸ ਸਮੇਂ ਮੇਰੇ ਕੋਲ ਕੋਈ ਕੰਮ ਨਹੀਂ ਹੈ," ਮੰਗਲੀ ਮੁਸਕਰਾਉਂਦੇ ਹੋਏ ਕਹਿੰਦੀ ਹੈ।
ਧਮਤਰੀ ਦੀ ਰਹਿਣ ਵਾਲੀ 49 ਸਾਲਾ ਚਿਤਰੇਖਾ ਵੀ ਤੀਰਥ ਯਾਤਰਾ ਨੂੰ ਛੁੱਟੀ ਮੰਨਦੀ ਹੈ। ਚਿਤਰੇਖਾ ਆਪਣੇ ਖਾਲੀ ਸਮੇਂ ਵਿੱਚ ਤੀਰਥ ਯਾਤਰਾ 'ਤੇ ਜਾਣਾ ਚਾਹੁੰਦੀ ਹੈ। "ਮੈਂ ਆਪਣੇ ਪਰਿਵਾਰ ਨਾਲ ਦੋ-ਤਿੰਨ ਦਿਨਾਂ ਲਈ [ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ] ਦੇ ਇੱਕ ਸ਼ਿਵ ਮੰਦਰ ਵਿੱਚ ਜਾਣਾ ਚਾਹੁੰਦੀ ਰਹਿੰਦੀ ਹਾਂ। ਮੈਂ ਕਿਸੇ ਦਿਨ ਬਰੇਕ ਲਵਾਂਗੀ ਅਤੇ ਆਪਣੇ ਪਰਿਵਾਰ ਨਾਲ ਜਾਵਾਂਗੀ।''
ਚਿਤਰੇਖਾ ਛੱਤੀਸਗੜ੍ਹ ਦੀ ਰਾਜਧਾਨੀ ਵਿਖੇ ਘਰੇਲੂ ਮਜ਼ਦੂਰ ਵਜੋਂ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਉਸ ਨੂੰ ਸਵੇਰੇ 6 ਵਜੇ ਉੱਠ ਕੇ ਆਪਣੇ ਘਰ ਦਾ ਕੰਮ ਖਤਮ ਕਰਨਾ ਪੈਂਦਾ ਹੈ। ਅਤੇ ਫਿਰ ਉਹ ਦੂਜੇ ਘਰਾਂ ਵਿੱਚ ਕੰਮ ਲਈ ਚਲੀ ਜਾਂਦੀ ਹੈ ਅਤੇ ਸ਼ਾਮ 6 ਵਜੇ ਵਾਪਸ ਆਉਂਦੀ ਹੈ। ਇਸ ਕੰਮ ਲਈ ਉਸ ਨੂੰ ਹਰ ਮਹੀਨੇ 7500 ਰੁਪਏ ਮਿਲਦੇ ਹਨ। ਇਹ ਉਸ ਦੇ ਪੰਜ ਮੈਂਬਰੀਂ ਪਰਿਵਾਰ ਲਈ ਆਮਦਨੀ ਦਾ ਇੱਕ ਜ਼ਰੂਰੀ ਸਰੋਤ ਹੈ। ਉਹਦੇ ਪਰਿਵਾਰ ਪਤੀ-ਪਤਨੀ, ਦੋ ਬੱਚੇ ਅਤੇ ਸੱਸ ਸ਼ਾਮਲ ਹੈ।
*****
ਸਵਪਨਾਲੀ, ਜੋ ਘਰਾਂ ਦਾ ਕੰਮ ਕਰਦੀ ਹੈ, ਨੂੰ ਬਿਨਾਂ ਕੰਮ ਕੀਤੇ ਇੱਕ ਦਿਨ ਬਿਤਾਉਣਾ ਮੁਸ਼ਕਿਲ ਲੱਗਦਾ ਹੈ। ਉਹ ਕਹਿੰਦੀ ਹੈ, "ਮੈਨੂੰ ਮਹੀਨੇ ਵਿੱਚ ਸਿਰਫ਼ ਦੋ ਛੁੱਟੀਆਂ ਹੀ ਮਿਲਦੀਆਂ ਹਨ; ਮੈਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਾ ਪੈਂਦਾ ਹੈ ਕਿਉਂਕਿ ਓਦੋਂ ਹਰ ਕਿਸੇ ਦੀ ਛੁੱਟੀ ਹੁੰਦੀ ਹੈ, ਇਸ ਲਈ ਕੋਈ ਵੀ ਮੈਨੂੰ ਉਨ੍ਹਾਂ ਦਿਨਾਂ ਵਿੱਚ ਛੁੱਟੀ ਨਹੀਂ ਦਿੰਦਾ।"'
"ਮੇਰੇ ਪਤੀ ਐਤਵਾਰ ਨੂੰ ਕੰਮ 'ਤੇ ਨਹੀਂ ਜਾਂਦੇ। ਕਈ ਵਾਰ ਉਹ ਮੈਨੂੰ ਰਾਤ ਨੂੰ ਫਿਲਮ ਦੇਖਣ ਜਾਣ ਲਈ ਕਹਿੰਦੇ ਹਨ, ਪਰ ਮੈਂ ਪੂਰੇ ਦਿਨ ਦੇ ਕੰਮ ਤੋਂ ਇੰਨਾ ਥੱਕ ਜਾਂਦੀ ਹਾਂ ਕਿ ਮੇਰੇ ਵਿੱਚ ਹਿੰਮਤ ਹੀ ਨਹੀਂ ਬੱਚਦੀ। ਅਗਲੀ ਸਵੇਰ ਮੈਨੂੰ ਕੰਮ 'ਤੇ ਜਾਣਾ ਪੈਣਾ ਹੈ।"
ਇਹ ਔਰਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਈ ਤਰ੍ਹਾਂ ਦੇ ਕੰਮ ਕਰਦੀਆਂ ਹਨ, ਅਤੇ ਜਿਸ ਕੰਮ ਨੂੰ ਉਹ ਪਸੰਦ ਕਰਦੀਆਂ ਹਨ, ਉਹੀ ਕਈ ਵਾਰ ਉਨ੍ਹਾਂ ਲਈ ਮਨੋਰੰਜਨ ਦੇ ਪਲ ਵਿੱਚ ਬਦਲ ਜਾਂਦਾ ਹੈ। ਰੂਮਾ ਲੁਹਾਰ (ਬਦਲਿਆ ਹੋਇਆ ਨਾਮ) ਕਹਿੰਦੀ ਹੈ, "ਮੈਂ ਘਰ ਜਾ ਕੇ ਘਰ ਦਾ ਕੰਮ ਪੂਰਾ ਕਰਾਂਗੀ ਜਿਵੇਂ ਖਾਣਾ ਪਕਾਉਣਾ, ਸਾਫ਼-ਸਫ਼ਾਈ ਕਰਨਾ ਅਤੇ ਬੱਚਿਆਂ ਨੂੰ ਖੁਆਉਣਾ। ਫਿਰ ਮੈਂ ਬਲਾਊਜ਼ ਦੇ ਕੱਪੜਿਆਂ ਅਤੇ ਸਟਾਲਾਂ 'ਤੇ ਕੰਥਾ ਕਢਾਈ ਕਰਨ ਲਈ ਬੈਠ ਜਾਊਂਗੀ।"
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਆਦਿਤਿਆਪੁਰ ਪਿੰਡ ਦੀ 28 ਸਾਲਾ ਔਰਤ ਚਾਰ ਹੋਰ ਔਰਤਾਂ ਨਾਲ ਇੱਕ ਘਾਹ ਦੇ ਮੈਦਾਨ ਦੇ ਨੇੜੇ ਬੈਠੀ ਹੈ ਜਿੱਥੇ ਉਨ੍ਹਾਂ ਦੇ ਪਸ਼ੂ ਚਰ ਰਹੇ ਹਨ। ਸਾਰੀਆਂ ਔਰਤਾਂ, ਜਿਨ੍ਹਾਂ ਦੀ ਉਮਰ 28 ਤੋਂ 65 ਸਾਲ ਦੇ ਵਿਚਕਾਰ ਹੈ, ਬੇਜ਼ਮੀਨੇ ਪਰਿਵਾਰਾਂ ਤੋਂ ਹਨ ਅਤੇ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਦੀਆਂ ਹਨ। ਉਹ ਲੁਹਾਰ ਭਾਈਚਾਰੇ ਨਾਲ਼ ਸਬੰਧ ਰੱਖਦੀਆਂ ਹਨ, ਜੋ ਪੱਛਮੀ ਬੰਗਾਲ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹੈ।
ਉਹ ਕਹਿੰਦੀ ਹੈ, "ਅਸੀਂ ਸਵੇਰੇ ਹੀ ਘਰ ਦੇ ਸਾਰੇ ਕੰਮ ਮੁਕਾ ਲਏ ਅਤੇ ਹੁਣ ਆਪਣੀਆਂ ਗਾਵਾਂ ਅਤੇ ਬੱਕਰੀਆਂ ਚਰਾਉਣ ਲਿਆਈਆਂ ਹਾਂ।
"ਅਸੀਂ ਜਾਣਦੀਆਂ ਹਾਂ ਕਿ ਆਪਣੇ ਲਈ ਸਮਾਂ ਕਿਵੇਂ ਕੱਢਣਾ ਹੈ। ਪਰੰਤੂ ਅਸੀਂ ਲੋਕਾਂ ਨੂੰ ਇਸ ਬਾਰੇ ਨਹੀਂ ਦੱਸਦੀਆਂ," ਉਹ ਅੱਗੇ ਕਹਿੰਦੀ ਹੈ।
ਅਸੀਂ ਉਨ੍ਹਾਂ ਨੂੰ ਪੁੱਛਿਆ, "ਜਦੋਂ ਤੁਸੀਂ ਆਪਣੇ ਲਈ ਸਮਾਂ ਕੱਢਦੀਆਂ ਹੋ ਤਾਂ ਤੁਸੀਂ ਕੀ ਕਰਦੀਆਂ ਹੋ?
"ਬਹੁਤਾ ਕਰਕੇ ਕੁਝ ਖ਼ਾਸ ਨਹੀਂ। ਮੈਨੂੰ ਨੀਂਦ ਦੀ ਝਪਕੀ ਲੈਣਾ ਜਾਂ ਆਪਣੀ ਪਸੰਦ ਦੀਆਂ ਔਰਤਾਂ ਨਾਲ਼ ਗੱਲ ਕਰਨਾ ਪਸੰਦ ਹੈ," ਰੂਮਾ ਸਮੂਹ ਦੀਆਂ ਹੋਰ ਔਰਤਾਂ ਵੱਲ ਅਰਥ-ਭਰਪੂਰ ਨਜ਼ਰ ਸੁੱਟਦਿਆਂ ਕਹਿੰਦੀ ਹੈ। ਫਿਰ ਸਾਰੀਆਂ ਔਰਤਾਂ ਹੱਸ ਪੈਂਦੀਆਂ ਹਨ।
"ਹਰ ਕੋਈ ਸੋਚਦਾ ਹੈ ਕਿ ਅਸੀਂ ਕੋਈ ਕੰਮ ਨਹੀਂ ਕਰਦੀਆਂ! ਹਰ ਕੋਈ ਕਹਿੰਦਾ ਹੈ ਕਿ ਅਸੀਂ [ਔਰਤਾਂ] ਕੇਵਲ ਸਮਾਂ ਬਰਬਾਦ ਕਰਨਾ ਹੀ ਜਾਣਦੀਆਂ ਹਾਂ।"
ਇਹ ਕਹਾਣੀ ਮਹਾਰਾਸ਼ਟਰ ਦੇ ਦੇਵੇਸ਼ ਅਤੇ ਜੋਤੀ ਸ਼ਿਨੋਲੀ; ਛੱਤੀਸਗੜ੍ਹ ਤੋਂ ਪੁਰਸ਼ੋਤਮ ਠਾਕੁਰ; ਬਿਹਾਰ ਦੇ ਉਮੇਸ਼ ਕੁਮਾਰ ਰਾਏ; ਪੱਛਮੀ ਬੰਗਾਲ ਤੋਂ ਸਮਿਤਾ ਖਾਟੋਰ; ਉੱਤਰ ਪ੍ਰਦੇਸ਼ ਦੀ ਪ੍ਰੀਤੀ ਡੇਵਿਡ ਨੇ ਦਰਜ ਕੀਤੀ ਹੈ ਜਿਹਨੂੰ ਰਿਆ ਬਹਿਲ, ਸੰਵਿਤੀ ਅਈਅਰ, ਜੋਸ਼ੂਆ ਬੋਧੀਨੇਤਰਾ ਅਤੇ ਵਿਸ਼ਾਖਾ ਜਾਰਜ ਵੱਲ਼ੋਂ ਸੰਪਾਦਕੀ ਸਮਰਥਨ ਮਿਲਿਆ ਹੈ। ਤਸਵੀਰਾਂ ਦਾ ਸੰਪਾਦਨ ਬਿਨਾਇਫਰ ਭਰੂਚਾ ਦੁਆਰਾ ਕੀਤਾ ਗਿਆ ਹੈ।
ਕਵਰ ਫ਼ੋਟੋ: ਸਮਿਤਾ ਖਾਟੋਰ
ਤਰਜਮਾ: ਕਮਲਜੀਤ ਕੌਰ