ਇਹ ਪੈਨਲ '
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ
ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਬਜ਼ਾਰ ਚੱਲੋ, ਬਜ਼ਾਰ ਚੱਲੋ...
ਇਨ੍ਹਾਂ ਬਾਂਸਾਂ ਦੀ ਲੰਬਾਈ ਉਨ੍ਹਾਂ ਔਰਤਾਂ ਨਾਲ਼ੋਂ ਕਰੀਬ ਤਿੰਨ ਗੁਣਾ ਵੱਧ ਹੈ ਜੋ ਇਨ੍ਹਾਂ ਨੂੰ ਚੁੱਕ ਕੇ ਇੱਥੋਂ ਤੱਕ ਲਿਆਈਆਂ ਹਨ। ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਇਸ ਹਫ਼ਤਾਵਰੀ ਬਜ਼ਾਰ ਵਿੱਚ, ਹਰੇਕ ਔਰਤ ਇੱਕ ਜਾਂ ਇੱਕ ਤੋਂ ਵੱਧ ਬਾਂਸ ਲੈ ਕੇ ਆਈ ਹੈ। ਇੱਥੋਂ ਤੱਕ ਪਹੁੰਚਣ ਲਈ, ਕੁਝ ਔਰਤਾਂ ਨੂੰ ਬਾਂਸ ਆਪਣੇ ਸਿਰ ਜਾਂ ਮੋਢੇ 'ਤੇ ਟਿਕਾਈ ਅਤੇ ਸੰਤੁਲਨ ਬਣਾਈ 12 ਕਿਲੋਮੀਟਰ ਤੱਕ ਪੈਦਲ ਤੁਰਨਾ ਪਿਆ ਹੈ। ਜ਼ਾਹਰ ਹੈ ਕਿ ਇੰਝ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਜੰਗਲ ਵਿੱਚੋਂ ਬਾਂਸ ਕੱਟਣ ਵਿੱਚ ਵੀ ਘੰਟਿਆਂ-ਬੱਧੀ ਮਿਹਨਤ ਕੀਤੀ ਹੋਵੇਗੀ।
ਇੰਨੀ ਮਿਹਨਤ ਤੋਂ ਬਾਅਦ, ਜੇ ਉਨ੍ਹਾਂ ਦੀ ਕਿਸਮਤ ਨੇ ਸਾਥ ਦਿੱਤਾ ਤਾਂ ਉਹ ਦਿਨ ਦੇ ਅਖ਼ੀਰ ਤੱਕ 20 ਰੁਪਏ ਕਮਾ ਪਾਉਣਗੀਆਂ। ਕੁਝ ਔਰਤਾਂ ਗੋਡਾ ਦੇ ਹੀ ਇੱਕ ਹੋਰ ਹਾਟ ਵੱਲ ਜਾ ਰਹੀਆਂ ਹਨ, ਜਿੱਥੇ ਉਨ੍ਹਾਂ ਨੂੰ ਇਸ ਤੋਂ ਵੀ ਘੱਟ ਪੈਸਾ ਮਿਲ਼ੇਗਾ। ਜੋ ਔਰਤਾਂ ਆਪਣੇ ਸਿਰ 'ਤੇ ਪੱਤਿਆਂ ਦਾ ਉੱਚਾ ਢੇਰ ਰੱਖ ਕੇ ਲਿਜਾ ਰਹੀਆਂ ਹਨ ਉਨ੍ਹਾਂ ਨੇ ਇਨ੍ਹਾਂ ਪੱਤਿਆਂ ਨੂੰ ਪਹਿਲਾਂ ਇਕੱਠਾ ਵੀ ਕੀਤਾ ਹੈ ਅਤੇ ਆਪਸ ਵਿੱਚ ਜੋੜ ਕੇ ਇਨ੍ਹਾਂ 'ਤੇ ਸਿਊਣ ਵੀ ਮਾਰੀ ਹੈ। ਇਨ੍ਹਾਂ ਪੱਤੀਆਂ ਰਾਹੀਂ ਖਾਣਾ ਖਾਣ ਲਈ ਬਿਹਤਰੀਨ 'ਪਲੇਟਾਂ' ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਇਸਤੇਮਾਲ ਕਰਨ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ ਚਾਹ ਦੀਆਂ ਦੁਕਾਨਾਂ, ਹੋਟਲ ਅਤੇ ਕੈਨਟੀਨ ਵਾਲ਼ੇ ਇਹੋ ਜਿਹੀਆਂ ਸੈਂਕੜੇ ਪਲੇਟਾਂ ਖ਼ਰੀਦਦੇ ਹੋਣਗੇ। ਹੋ ਸਕਦਾ ਹੈ ਕਿ ਇਹ ਔਰਤਾਂ 15-20 ਰੁਪਏ ਕਮਾ ਲੈਣ। ਅਗਲੀ ਵਾਰ ਜਦੋਂ ਤੁਸੀਂ ਕਿਸੇ ਰੇਲਵੇ ਸਟੇਸ਼ਨ 'ਤੇ ਇਨ੍ਹਾਂ ਪਲੇਟਾਂ ਵਿੱਚ ਖਾਣਾ ਖਾਓਗੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਨ੍ਹਾਂ ਪਲੇਟਾਂ ਨੇ ਕਿੱਥੋਂ ਤੋਂ ਕਿੱਥੋਂ ਤੱਕ ਸਫ਼ਰ ਤੈਅ ਕੀਤਾ ਹੈ।
ਸਾਰੀਆਂ ਔਰਤਾਂ ਨੇ ਲੰਬੀ ਦੂਰੀ ਤੈਅ ਕਰਨੀ ਹੈ ਅਤੇ ਘਰ ਦੀਆਂ ਹੋਰ ਵੀ ਕਈ ਜ਼ਿੰਮੇਦਾਰੀਆਂ ਨਿਭਾਉਣੀਆਂ ਹਨ। ਬਜ਼ਾਰ ਦੇ ਦਿਨ ਦਬਾਅ ਕੁਝ ਜ਼ਿਆਦਾ ਹੀ ਰਹਿੰਦਾ ਹੈ। ਇਹ ਹਾਟ ਹਫ਼ਤੇ ਵਿੱਚ ਸਿਰਫ਼ ਇੱਕ ਦਿਨ ਹੀ ਲੱਗਦਾ ਹੈ। ਇਸਲਈ ਛੋਟੇ ਉਤਪਾਦਕ ਜਾਂ ਵਿਕ੍ਰੇਤਾ ਅੱਜ ਦੇ ਦਿਨ ਜੋ ਕੁਝ ਵੀ ਕਮਾਉਣਗੇ ਉਸੇ ਪੈਸੇ ਨਾਲ਼ ਅਗਲੇ ਸੱਤ ਦਿਨਾਂ ਤੱਕ ਪਰਿਵਾਰ ਦਾ ਗੁਜ਼ਾਰਾ ਚਲਾਉਣਗੇ। ਉਨ੍ਹਾਂ ਹੋਰ ਵੀ ਕਈ ਦਬਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ, ਪਿੰਡ ਦੇ ਕੰਢੇ, ਉਨ੍ਹਾਂ ਦਾ ਸਾਹਮਣਾ ਅਜਿਹੇ ਸ਼ਾਹੂਕਾਰਾਂ ਨਾਲ਼ ਹੁੰਦਾ ਹੈ ਜੋ ਨਿਗੂਣੇ ਜਿਹੇ ਪੈਸਿਆਂ ਵਿੱਚ ਉਨ੍ਹਾਂ ਪਾਸੋਂ ਉਨ੍ਹਾਂ ਦੀ ਉਪਜ ਹੜਪਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ।
ਕੁਝ ਹੋਰ ਲੋਕ ਇਸ ਕਰਾਰ ਨਾਲ਼ ਬੱਝੇ ਹੁੰਦੇ ਹਨ ਕਿ ਉਹ ਆਪਣੇ ਉਤਪਾਦ ਸਿਰਫ਼ ਉਨ੍ਹਾਂ ਨੂੰ ਹੀ ਵੇਚਣਗੇ ਜਿਨ੍ਹਾਂ ਪਾਸੋਂ ਉਨ੍ਹਾਂ ਨੇ ਪੈਸਾ ਉਧਾਲ ਚੁੱਕੀ ਰੱਖਿਆ ਹੈ। ਓੜੀਸਾ ਦੇ ਰਾਇਗੜਾ ਵਿਖੇ, ਇੱਕ ਦੁਕਾਨ ਦੇ ਸਾਹਮਣੇ ਬੈਠੀ ਇਸ ਆਦਿਵਾਸੀ ਔਰਤ ਦੇ ਨਾਲ਼ ਕੁਝ ਕੁਝ ਅਜਿਹਾ ਹੀ ਮਸਲਾ ਜਾਪਦਾ ਹੈ, ਜੋ ਦੁਕਾਨ ਦੇ ਮਾਲਕ ਦੀ ਉਡੀਕ ਕਰ ਰਹੀ ਹੈ। ਹੋ ਸਕਦਾ ਹੈ ਕਿ ਉਹ ਇੱਥੇ ਕਈ ਘੰਟਿਆਂ ਤੋਂ ਬੈਠੀ ਹੋਵੇ। ਪਿੰਡ ਦੇ ਬਾਹਰ, ਉਸੇ ਆਦਿਵਾਸੀ ਸਮੂਹ ਦੇ ਹੋਰ ਵੀ ਲੋਕ ਬਜ਼ਾਰ ਵੱਲ ਜਾ ਰਹੇ ਹਨ। ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇਰੇ ਲੋਕ ਵਪਾਰੀਆਂ ਦੇ ਕਰਜ਼ਦਾਰ ਹਨ, ਇਸਲਈ ਉਹ ਭਾਅ ਨੂੰ ਲੈ ਕੇ ਬਹੁਤੀ ਬਹਿਸ ਨਹੀਂ ਕਰ ਸਕਦੇ।
ਔਰਤ ਵਿਕ੍ਰੇਤਾ ਨੂੰ ਹਰ ਥਾਵੇਂ ਧਮਕੀਆਂ ਦੇ ਨਾਲ਼-ਨਾਲ਼, ਯੌਨ-ਉਤਪੀੜਨ ਦਾ ਵੀ ਸਾਹਮਣਾ ਕਰਨ ਪੈਂਦਾ ਹੈ। ਇੱਥੇ, ਇਹ ਹਰਕਤਾਂ ਸਿਰਫ਼ ਪੁਲਿਸ ਹੀ ਨਹੀਂ ਕਰਦੀ, ਸਗੋਂ ਜੰਗਲ ਦੇ ਸੁਰੱਖਿਆ ਕਰਮੀ ਵੀ ਕਰਦੇ ਹਨ।
ਓੜੀਸਾ ਦੇ ਮਲਕਾਨਗਿਰੀ ਵਿੱਚ, ਇਨ੍ਹਾਂ ਬੋਂਡਾ ਔਰਤਾਂ ਵਾਸਤੇ, ਬਜ਼ਾਰ ਵਿੱਚ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ। ਪਰ ਉਹ ਕਾਹਲੀ ਕਾਹਲੀ ਬੱਸ ਦੀ ਛੱਤ 'ਤੇ ਇਸ ਭਾਰੇ ਟਰੰਕ ਨੂੰ ਚੜ੍ਹਾ ਰਹੀਆਂ ਹਨ। ਉਨ੍ਹਾਂ ਦੇ ਪਿੰਡ ਦਾ ਨੇੜਲਾ ਬੱਸ ਸਟਾਪ ਵੀ ਉਨ੍ਹਾਂ ਦੇ ਪਿੰਡ ਤੋਂ ਕਾਫ਼ੀ ਦੂਰ ਹੈ, ਇਸਲਈ ਉਨ੍ਹਾਂ ਨੇ ਬੱਸ ਤੋਂ ਉੱਤਰ ਕੇ ਵੀ ਇਸ ਟਰੰਕ ਨੂੰ ਸਿਰ 'ਤੇ ਲੱਦ ਕੇ ਘਰ ਲਿਜਾਣਾ ਹੋਵੇਗਾ।
ਝਾਰਖੰਡ ਦੇ ਪਲਾਮੂ ਵਿੱਚ, ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕੀ ਹਾਟ ਵੱਲ ਜਾ ਰਹੀ ਇਹ ਔਰਤ, ਸਿਰ 'ਤੇ ਬਾਂਸ ਲੱਦੀ ਅਤੇ ਦੁਪਹਿਰ ਦਾ ਥੋੜ੍ਹਾ ਜਿਹਾ ਖਾਣਾ ਵੀ ਨਾਲ਼ ਲਿਜਾ ਰਹੀ ਹੈ। ਕੱਪੜੇ ਦੀ ਝੱਲੀ ਵਿੱਚ ਬੱਝਿਆ ਇੱਕ ਦੂਸਰਾ ਬੱਚਾ ਵੀ ਉਹਦੇ ਨਾਲ ਹੈ।
ਪੂਰੇ ਦੇਸ਼ ਵਿੱਚ ਛੋਟੇ ਉਤਪਾਦਕਾਂ ਜਾਂ ਵਿਕ੍ਰੇਤਾਵਾਂ ਦੇ ਰੂਪ ਵਿੱਚ ਕੰਮ ਕਰ ਰਹੀਆਂ ਕਰੋੜਾਂ-ਕਰੋੜ ਔਰਤਾਂ ਦੁਆਰਾ ਕਮਾਈ ਜਾਣ ਵਾਲ਼ੀ ਨਿਗੂਣੀ ਜਿਹੀ ਆਮਦਨੀ, ਨਿੱਜੀ ਤੌਰ 'ਤੇ ਛੋਟੀ ਹੁੰਦੀ ਹੈ, ਕਿਉਂਕਿ ਇਹ ਮਿਹਨਤ ਅਤੇ ਈਮਾਨਦਾਰੀ ਨਾਲ਼ ਕਮਾਈ ਜਾਂਦੀ ਹੈ। ਪਰ ਇਹ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਲਈ ਮਹੱਤਵਪੂਰਨ ਹੁੰਦੀ ਹੈ।
ਆਂਧਰਾ ਪ੍ਰਦੇਸ਼ ਦੇ ਵਿਜਯਾਨਗਰਮ ਵਿਖੇ, ਇੱਕ ਪਿੰਡ ਦੇ ਬਜ਼ਾਰ ਵਿਖੇ ਚਿਕਨ ਕੱਟ ਕੇ ਵੇਚਦੀ ਇਹ ਕੁੜੀ ਬਾਮੁਸ਼ਕਲ ਤੇਰ੍ਹਾਂ ਕੁ ਸਾਲਾਂ ਦੀ ਹੈ। ਉਹਦੇ ਗੁਆਂਢ ਵਿੱਚ ਰਹਿਣ ਵਾਲ਼ੀ ਦੂਸਰੀ ਕੁੜੀ ਇਸੇ ਬਜ਼ਾਰ ਵਿੱਚ ਸਬਜ਼ੀਆਂ ਵੇਚ ਰਹੀ ਹੈ। ਉਨ੍ਹਾਂ ਦੇ ਹਮਉਮਰ ਮੁੰਡਿਆਂ (ਰਿਸ਼ਤੇਦਾਰਾਂ) ਕੋਲ਼ ਸਕੂਲ ਜਾਣ ਦੇ ਮੌਕੇ ਜ਼ਿਆਦਾ ਹੁੰਦੇ ਹਨ। ਬਜ਼ਾਰ ਵਿੱਚ ਆਪਣਾ ਉਤਪਾਦ ਵੇਚਣ ਤੋਂ ਇਲਾਵਾ, ਇਨ੍ਹਾਂ ਕੁੜੀਆਂ ਨੂੰ ਘਰੇ ਵੀ 'ਔਰਤਾਂ ਹੋਣ ਦੀਆਂ ਕਈ ਜ਼ਿੰਮੇਦਾਰੀਆਂ' ਨਿਭਾਉਣੀਆਂ ਪੈਂਦੀਆਂ ਹਨ।
ਤਰਜਮਾ: ਕਮਲਜੀਤ ਕੌਰ