ਭਾਨੂਬੇਨ ਭਰਵਾੜ ਨੂੰ ਬਨਾਸਕਾਂਠਾ ਜ਼ਿਲ੍ਹੇ ਵਿਖੇ ਪੈਂਦੀ ਆਪਣੀ 2.5 ਏਕੜ (ਕਿੱਲੇ) ਦੀ ਭੋਇੰ ‘ਤੇ ਫੇਰਾ ਪਾਇਆਂ ਇੱਕ ਸਾਲ ਬੀਤ ਗਿਆ। ਇੱਕ ਸਮਾਂ ਸੀ ਜਦੋਂ ਉਹ ਅਤੇ ਉਨ੍ਹਾਂ ਦੇ ਪਤੀ ਹਰ ਰੋਜ਼ ਆਪਣੇ ਖੇਤ ਜਾਇਆ ਕਰਦੇ। ਜਿੱਥੇ ਉਹ ਆਪਣੇ ਪੂਰੇ ਸਾਲ ਦੇ ਗੁਜ਼ਾਰੇ ਵਾਸਤੇ ਬਾਜਰਾ, ਮੂੰਗ ਤੇ ਜਵਾਰ ਉਗਾਉਂਦੇ। 2017 ਨੂੰ ਗੁਜਰਾਤ ਵਿਖੇ ਹੜ੍ਹਾਂ ਵੱਲ਼ੋਂ ਮਚਾਈ ਤਬਾਹੀ, ਜਿਸ ਵਿੱਚ ਉਨ੍ਹਾਂ ਦੀ ਭੋਇੰ ਤਬਾਹ ਹੋ ਗਈ, ਤੋਂ ਪਹਿਲਾਂ ਤੀਕਰ ਇਹ ਖੇਤ ਹੀ ਉਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਵਸੀਲਾ ਸੀ। 35 ਸਾਲਾ ਭਾਨੂਬੇਨ ਕਹਿੰਦੀ ਹਨ,“ਉਸ ਤੋਂ ਬਾਅਦ ਸਾਡੀ ਖ਼ੁਰਾਕ ਹੀ ਬਦਲ ਗਈ। ਸਾਨੂੰ ਉਹੀ ਫ਼ਸਲ ਖ਼ਰੀਦਣੀਆਂ ਪੈਂਦੀਆਂ ਜੋ ਕਦੇ ਅਸੀਂ ਖ਼ੁਦ ਆਪਣੇ ਖੇਤਾਂ ਵਿੱਚ ਉਗਾਉਂਦੇ ਸਾਂ।”

ਉਨ੍ਹਾਂ ਨੂੰ ਅੱਧ-ਏਕੜ (ਅੱਧਾ-ਕਿੱਲਾ) ਦੀ ਪੈਲ਼ੀ ਵਿੱਚ ਬਾਜਰੇ ਦਾ ਚਾਰ ਕੁਇੰਟਲ (400 ਕਿਲੋ) ਝਾੜ ਮਿਲ਼ਦਾ ਸੀ, ਜੋ ਮੋਤੀ ਬਾਜਰਾ ਹੁੰਦਾ। ਜੇ ਹੁਣ ਉਹ ਮੰਡੀ ਖਰੀਦਣ ਜਾਣ ਤਾਂ ਇੰਨਾ ਹੀ ਬਾਜਰਾ ਖਰੀਦਣ ਬਦਲੇ ਉਨ੍ਹਾਂ ਨੂੰ 10,000 ਰੁਪਏ ਖ਼ਰਚਣੇ ਪੈਣਗੇ। ਉਹ ਕਹਿੰਦੀ ਹਨ,“ਇੱਥੋਂ ਤੱਕ ਕਿ ਜੇ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਵੀ ਧਿਆਨ ਵਿੱਚ ਰੱਖੀਏ, ਤਾਂ ਵੀ ਅੱਧਾ ਏਕੜ (ਕਿੱਲੇ) ਬਾਜਰੇ ਦੀ ਖੇਤੀ ਕਰਨ ਲਈ ਸਾਡੀ ਜੋ ਲਾਗਤ (ਇਨਪੁੱਟ) ਆਉਂਦੀ ਉਹ ਬਜ਼ਾਰ ਦੇ ਭਾਅ ਨਾਲ਼ੋਂ ਅੱਧੀ ਰਹਿੰਦੀ। ਬਾਕੀ ਫ਼ਸਲਾਂ ਲਈ ਵੀ ਇਹੀ ਹਿਸਾਬ ਰਹਿੰਦਾ। ਅਸੀਂ ਜੋ ਵੀ ਅਨਾਜ ਉਪਜਾਉਂਦੇ ਸਾਂ ਉਹਦਾ ਬਜ਼ਾਰ ਵਿੱਚ ਦੋਗੁਣਾ ਭਾਅ ਹੁੰਦਾ।”

ਭਾਨੂਬੇਨ, ਉਨ੍ਹਾਂ ਦੇ 38 ਸਾਲਾ ਪਤੀ, ਭੋਜਾਭਾਈ ਤੇ ਉਨ੍ਹਾਂ ਦੇ ਤਿੰਨੋ ਬੱਚੇ ਬਨਾਸਕਾਂਠਾ ਦੀ ਕਾਂਕਰੇਜ ਤਾਲੁਕਾ ਦੇ ਤੋਤਾਨਾ ਪਿੰਡ ਵਿੱਚ ਰਹਿੰਦੇ ਹਨ। ਜਦੋਂ ਉਹ ਆਪਣੀ ਜ਼ਮੀਨ ਵਾਹੁੰਦੇ ਵੀ ਹੁੰਦੇ ਤਦ ਵੀ ਭੋਜਾਭਾਈ ਵਾਧੂ ਕਮਾਈ ਵਾਸਤੇ ਹੋਰਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ। ਪਰ 2017 ਤੋਂ ਬਾਅਦ ਉਨ੍ਹਾਂ ਦੀ ਪੂਰੀ ਕਮਾਈ ਮਜ਼ਦੂਰੀ ਦੇ ਕੰਮ ‘ਤੇ ਨਿਰਭਰ ਹੋ ਕੇ ਰਹਿ ਗਈ। ਉਹ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਜਾਂ 30 ਕਿਲੋਮੀਟਰ ਦੂਰ ਪਾਟਨ ਦੀਆਂ ਨਿਰਮਾਣ ਥਾਵਾਂ ‘ਤੇ ਮਜ਼ਦੂਰੀ ਕਰਿਆ ਕਰਦੇ। ਭਾਨੂਬੇਨ ਗੱਲ ਤੋਰਦਿਆਂ ਕਹਿੰਦੀ ਹਨ,“ਇੱਥੋਂ ਤੱਕ ਕਿ ਉਹ ਅਜੇ ਵੀ ਕੰਮ ਲੱਭ ਰਿਹਾ ਹੈ। ਜਦੋਂ ਵੀ ਕੰਮ ਲੱਭਦਾ ਹੈ ਉਹਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ।”

ਭਾਨੂਬੇਨ ਤੇ ਭੋਜਾਭਾਈ ਦੀ ਸਭ ਤੋਂ ਛੋਟੀ ਬੱਚੀ, ਸੁਹਾਨਾ ਦਾ ਜਨਮ ਉਦੋਂ ਹੋਇਆ ਜਦੋਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ। ਉਹਦੇ ਮੱਥੇ ਨੂੰ ਪਲੋਸਦਿਆਂ, ਭਾਨੂਬੇਨ ਕਹਿੰਦੀ ਹਨ ਉਹਨੂੰ ਯਕੀਨ ਨਹੀਂ ਆਉਂਦਾ ਕਿ ਇੰਨਾ ਸਮਾਂ ਬੀਤ ਚੁੱਕਿਆ ਹੈ।

ਜੁਲਾਈ 2017 ਵਿੱਚ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ, ਜਿਨ੍ਹਾਂ ਵਿੱਚ ਬਨਾਸਕਾਂਠਾ, ਪਾਟਨ, ਸੁਰੇਂਦਰਨਗਰ, ਅਰਾਵਲੀ ਤੇ ਮੋਰਠੀ ਸ਼ਾਮਲ ਹਨ। ਇਹ ਹੜ੍ਹ ਅਰਬ ਸਾਗਰ ਤੇ ਬੰਗਾਲ ਦੀ ਖਾੜੀ- ਦੋਵੀਂ ਥਾਵੀਂ ਇੱਕੋ ਵੇਲ਼ੇ ਪੈਦਾ ਹੋਏ ਘੱਟ-ਦਬਾਅ ਪ੍ਰਣਾਲੀਆਂ ਤੋਂ ਉਤਪੰਨ ਹੋਇਆ ਸੀ ਜੋ ਇੱਕੋ ਸਮੇਂ ਬਣ ਗਈਆਂ ਸਨ। ਅਜਿਹਾ ਵਰਤਾਰਾ ਵਾਪਰਨਾ ਕਾਫ਼ੀ ਦੁਰਲੱਭ ਹੁੰਦਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ, ਇਹ 112 ਸਾਲਾਂ ਵਿੱਚ ਇਸ ਇਲਾਕੇ ਵਿੱਚ ਪਿਆ ਸਭ ਤੋਂ ਵੱਧ ਮੀਂਹ ਸੀ।

PHOTO • Parth M.N.
PHOTO • Parth M.N.

ਖੱਬੇ ਪਾਸੇ : ਬਨਾਸਕਾਂਠਾ ਜ਼ਿਲ੍ਹੇ ਦੇ ਪਿੰਡ ਤੋਤਾਨਾ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਭਾਨੂਬੇਨ ਭਰਵਾੜ ਆਪਣੀ ਚਾਰ ਸਾਲਾ ਧੀ, ਸੁਹਾਨਾ ਦੇ ਨਾਲ਼। ਸੱਜੇ ਪਾਸੇ : ਆਲੂ ਛਿਲਦਿਆਂ ਭਾਨੂਬੇਨ ਦੱਸਦੀ ਹਨ ਕਿ 2017 ਦੇ ਹੜ੍ਹਾਂ ਦੌਰਾਨ ਉਨ੍ਹਾਂ ਦੀ ਪੂਰੀ ਜ਼ਮੀਨ ਪਾਣੀ ਵਿੱਚ ਸਮਾ ਗਈ ਸੀ

ਬਨਾਸਕਾਂਠਾ ਵਿਖੇ ਪੈਣ ਵਾਲ਼ੇ ਸਲਾਨਾ ਮੀਂਹ ਦਾ 163 ਪ੍ਰਤੀਸ਼ਤ ਮੀਂਹ ਉਸ ਸਾਲ 24 ਤੋਂ 27 ਜੁਲਾਈ ਦੌਰਾਨ ਹੀ ਵਰ੍ਹ ਗਿਆ ਜਦੋਂਕਿ ਪੂਰੇ ਜੁਲਾਈ ਮਹੀਨੇ ਵਿੱਚ 30 ਫ਼ੀਸਦ ਸਧਾਰਣ ਮੀਂਹ ਹੀ ਦਰਜ ਕੀਤਾ ਜਾਂਦਾ ਹੈ। ਅਜਿਹੀ ਹਾਲਤ ਵਿੱਚ ਚੁਫ਼ੇਰੇ ਪਾਣੀ ਹੀ ਪਾਣੀ ਹੋ ਗਿਆ, ਡੈਮਾਂ ਦਾ ਪਾਣੀ ਉਛਾਲ਼ੇ ਮਾਰਨ ਲੱਗਿਆ ਤੇ ਯਕਦਮ ਹੜ੍ਹ ਆ ਗਿਆ। ਹਾਲਾਤ ਉਦੋਂ ਹੋਰ ਬਦਤਰ ਹੋ ਗਏ ਜਦੋਂ ਕਾਂਕਰੇਜ ਤੁਲਾਕਾ ਦੇ ਤੋਤਾਨਾ ਪਿੰਡ ਦੇ ਨਾਲ਼ ਲੱਗਦੇ ਖਾਰੀਆ ਪਿੰਡ ਦੇ ਨੇੜਿਓਂ ਨਰਮਦਾ ਦੇ ਬੰਨ੍ਹ ਵਿੱਚ ਪਾੜ ਪੈ ਗਿਆ।

ਹੜ੍ਹਾਂ ਕਾਰਨ ਪੂਰੇ ਰਾਜ ਅੰਦਰ 213 ਲੋਕ ਮਾਰੇ ਗਏ ਅਤੇ 11 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਤੇ 17,000 ਹੈਕਟੇਅਰ ਬਾਗ਼ਬਾਨੀ ਖੇਤਰ ਪ੍ਰਭਾਵਤ ਹੋਇਆ।

ਘਰ ਦੇ ਬਾਹਰ ਬੈਠਿਆਂ ਆਲੂ ਕੱਟਦੀ ਭਾਨੂਬੇਨ ਨੇ ਚੇਤੇ ਕਰਦਿਆਂ ਕਿਹਾ,“ਸਾਡੀ ਪੂਰੀ ਦੀ ਪੂਰੀ ਭੋਇੰ ਪਾਣੀ ਵਿੱਚ ਡੁੱਬ ਗਈ। ਹੜ੍ਹਾਂ ਦਾ ਪਾਣੀ ਆਪਣੇ ਨਾਲ਼ ਬਹੁਤ ਸਾਰੀ ਰੇਤ ਲੈ ਆਇਆ। ਕੁਝ ਦਿਨਾਂ ਬਾਅਦ ਪਾਣੀ ਭਾਵੇਂ ਲੱਥ ਗਿਆ ਪਰ ਨਾਲ਼ ਆਈ ਰੇਤ ਮਿੱਟੀ ‘ਤੇ ਜੰਮ ਗਈ।”

ਰੇਤ ਤੇ ਮਿੱਟੀ ਨੂੰ ਅੱਡ ਕਰਨ ਪਾਉਣ ਇੱਕ ਅਸੰਭਵ ਗੱਲ਼ ਹੈ। “ਹੜ੍ਹਾਂ ਨੇ ਸਾਡੀ ਪੂਰੀ ਮਿੱਟੀ ਨੂੰ ਤਬਾਹ ਕਰ ਸੁੱਟਿਆ,” ਉਹ ਅੱਗੇ ਕਹਿੰਦੀ ਹਨ।

ਦਿਹਾੜੀ-ਧੱਪਾ ਕਰਕੇ ਢਿੱਡ ਭਰਨ ਵਾਲ਼ੇ ਭਾਨੂਬੇਨ ਦੇ ਪਰਿਵਾਰ ਲਈ ਸੰਤੁਲਿਤ ਭੋਜਨ-ਕਾਰਬੋਹਾਈਡ੍ਰੇਸਟ, ਪ੍ਰੋਟੀਨ-ਯੁਕਤ ਤੇ ਸਬਜ਼ੀਆਂ ਖਾਣਾ ਹੁਣ ਵੱਸੋਂ ਬਾਹਰੀ ਗੱਲ ਹੋ ਗਈ ਹੈ। ਨੰਨ੍ਹੀ ਸੁਹਾਨਾ ਨੂੰ ਜਨਮ ਤੋਂ ਬਾਅਦ ਸ਼ਾਇਦ ਹੀ ਕੁਝ ਪੋਸ਼ਟਿਕ ਭੋਜਨ ਮਿਲ਼ਿਆ ਹੋਵੇ। “ਅਸੀਂ ਸਿਰਫ਼ ਸਬਜ਼ੀਆਂ, ਫ਼ਲ ਤੇ ਦੁੱਧ ਹੀ ਖ਼ਰੀਦਿਆ ਕਰਦੇ, ਕਿਉਂਕਿ ਅਨਾਜ ਤਾਂ ਸਾਡੇ ਕੋਲ਼ ਹੁੰਦਾ ਹੀ ਸੀ,” ਉਹ ਕਹਿੰਦੀ ਹਨ। “ਹੁਣ ਹਾਲਾਤ ਇਹ ਨੇ ਕਿ ਸਾਨੂੰ ਹਰ ਚੀਜ਼ ਲਈ ਕਿਰਸ ਕਰਨੀ ਪੈਂਦੀ ਹੈ।”

“ਮੈਨੂੰ ਏਨਾ ਵੀ ਨਹੀਂ ਚੇਤਾ ਕਿ ਅਸੀ ਪਿਛਲੀ ਵਾਰ ਸੇਬ ਕਦੋਂ ਖਰੀਦੇ,” ਬੜੇ ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ। “ਜੇ ਅਸੀਂ ਇੱਕ ਦਿਨ ਕੁਝ ਖਰਚਾ ਕਰ ਵੀ ਲੈਂਦੇ ਤਾਂ ਸਾਨੂੰ ਇਸ ਗੱਲ਼ ਦੀ ਕਦੇ ਵੀ ਗਰੰਟੀ ਨਾ ਹੁੰਦੀ ਕਿ ਕੱਲ੍ਹ ਕੰਮ ਮਿਲ਼ੇਗਾ ਵੀ ਜਾਂ ਨਹੀਂ। ਇਸਲਈ ਅਸੀਂ ਪੈਸੇ ਬਚਾਉਂਦੇ ਰਹਿੰਦੇ। ਸਾਡੇ ਭੋਜਨ ਵਿੱਚ ਜ਼ਿਆਦਾਤਰ ਕਰਕੇ ਦਾਲ਼, ਚੌਲ਼ ਤੇ ਰੋਟੀ ਹੁੰਦੀ ਹੈ। ਪਹਿਲਾਂ ਅਸੀਂ ਕਿਲੋ ਚੌਲ਼ਾਂ ਵਿੱਚ ਅੱਧਾ ਕਿਲੋ ਦਾਲ ਪਾ ਕੇ ਖਿਚੜੀ ਰਿੰਨ੍ਹ ਲਿਆ ਕਰਦੇ। ਇਨ੍ਹੀਂ ਦਿਨੀਂ ਅਸੀਂ ਸਿਰਫ਼ 200 ਗ੍ਰਾਮ ਦਾਲ ਨਾਲ਼ ਹੀ ਗੁਜ਼ਾਰਾ ਚਲਾਉਂਦੇ ਹਾਂ। ਹੁਣ ਤਾਂ ਅਸੀਂ ਜਿਵੇਂ-ਕਿਵੇਂ ਆਪਣਾ ਢਿੱਡ ਹੀ ਭਰਦੇ ਹਾਂ।”

ਭਾਵੇਂਕਿ, ਖ਼ੁਰਾਕ ਦੇ ਅਸੰਤੁਲਤ ਹੋਣ ਕਾਰਨ ਕੁਪੋਸ਼ਣ ਜਿਹੇ ਅਣਚਾਹੇ ਨਤੀਜੇ ਨਿਕਲ਼ਦੇ ਹਨ, ਜਿਸ ਕਾਰਨ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ।

ਸੁਹਾਨਾ ਅਕਸਰ ਛੇਤੀ ਥੱਕ ਜਾਂਦੀ ਹੈ ਤੇ ਉਹਦੀ ਇਮਿਊਨਿਟੀ (ਰੋਗਾਂ ਨਾਲ਼ ਲੜਨ ਦੀ ਤਾਕਤ) ਵਧੀਆਂ ਨਹੀਂ ਹੈ, ਉਹਦੀ ਮਾਂ ਕਹਿੰਦੀ ਹੈ। “ਉਹ ਬਾਕੀ ਬੱਚਿਆਂ ਵਾਂਗ ਖੁੱਲ੍ਹ ਕੇ ਖੇਡ ਨਹੀਂ ਪਾਉਂਦੀ ਅਤੇ ਬਾਕੀਆਂ ਦੇ ਮੁਕਾਬਲੇ ਛੇਤੀ ਥੱਕ ਜਾਂਦੀ ਹੈ। ਉਹ ਅਕਸਰ ਬੀਮਾਰ ਪਈ ਰਹਿੰਦੀ ਹੈ।”

PHOTO • Parth M.N.

ਸੁਹਾਨਾ (ਖੱਬੇ) ਆਪਣੀ ਦੋਸਤ ਮਹੇਦੀ ਖਾਨ (ਵਿਚਕਾਰ) ਨਾਲ਼ ਗੱਲਾਂ ਕਰਦੀ ਹੋਈ। ਇਹ ਦੋਵੇਂ ਬੱਚੀਆਂ ਪੰਜ ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 37 ਬੱਚਿਆਂ ਵਿੱਚੋਂ ਹਨ ਜੋ 2021 ਵਿੱਚ ਉਨ੍ਹਾਂ ਦੇ ਪਿੰਡ ਕੀਤੇ ਗਏ ਇੱਕ ਸਰਵੇਖਣ ਦੌਰਾਨ ਕੁਪੋਸ਼ਣ ਦਾ ਸ਼ਿਕਾਰ ਸਨ

ਤੋਤਾਨਾ ਵਿਖੇ ਸਾਲ 2021 ਵਿੱਚ ਹੋਏ ਬੱਚਿਆਂ ਦੇ ਸਿਹਤ ਸਰਵੇਖਣ ਵਿੱਚ ਪਤਾ ਲੱਗਿਆ ਕਿ ਸੁਹਾਨਾ ਕੁਪੋਸ਼ਿਤ ਸੀ। ਪਿੰਡ ਵਿੱਚ ਅਯੋਜਿਤ ਹੋਏ ਇਸ ਸਰਵੇਖਣ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ 320 ਬੱਚਿਆਂ ਵਿੱਚੋਂ ਕੁਪੋਸ਼ਿਤ ਪਾਏ ਗਏ 37 ਬੱਚਿਆਂ ਵਿੱਚੋਂ ਸੁਹਾਨਾ ਵੀ ਇੱਕ ਸੀ। ਬਰਾਸਕਾਂਠਾ ਜ਼ਿਲ੍ਹੇ ਵਿੱਚ ਸਰਵੇਖਣ ਅਯੋਜਿਤ ਕਰਨ ਵਾਲ਼ੀ ਗੁਜਰਾਤ ਦੀ ਮਨੁੱਖੀ ਅਧਿਕਾਰ ਸੰਸਥਾ, ਨਵਸਰਜਨ ਟਰੱਸਟ ਦੇ ਕਾਰਕੁੰਨ ਮੋਹਨ ਪਰਵਾਰ ਕਹਿੰਦੇ ਹਨ,“ਬੱਚਿਆਂ ਦੇ ਕੱਦ, ਭਾਰ ਤੇ ਉਨ੍ਹਾਂ ਦੀ ਉਮਰ ਦੇ ਅੰਕੜੇ ਇਕੱਠੇ ਕਰਕੇ ਉਨ੍ਹਾਂ ਦਾ ਮੁਲਾਂਕਣ ਕੀਤਾ ਗਿਆ।”

ਬਨਾਸਕਾਂਠਾ ਉਨ੍ਹਾਂ ‘ਹਾਈ ਬਰਡਨ ਜ਼ਿਲ੍ਹਿਆਂ’ ਦੀ ਸੂਚੀ ਦੇ ਸਿਖ਼ਰਲੇ ਪੰਜ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜਿਹਨੂੰ ਜਨ-ਸਿਹਤ ਸੂਚਕਾਂਕ 2019-20 ਦੇ ਡਾਟਾ ਨੋਟ ‘ਤੇ ਅਧਾਰਤ ਪੋਸ਼ਣ ਅਭਿਆਨ ਦੇ ਤਹਿਤ ਤਿਆਰ ਕੀਤਾ ਗਿਆ ਹੈ। ਬਨਾਸਕਾਂਠਾਂ ਦੇ ਨਾਲ਼ ਸ਼ਾਮਲ ਜ਼ਿਲ੍ਹਿਆਂ ਵਿੱਚ ਅਹਿਮਦਾਬਾਦ, ਵਡੋਦਰਾ ਤੇ ਸੂਰਤ ਵੀ ਸ਼ਾਮਲ ਹਨ।

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-2021 ( NFHS-5 ) ਤੋਂ ਡਾਟਾ ਲੈਣ ਵਾਲ਼ਾ ਨੋਟ ਦਰਸਾਉਂਦਾ ਹੈ ਕਿ ਗੁਜਰਾਤ ਦੇ ਘੱਟ ਵਜ਼ਨ ਵਾਲ਼ੇ 23 ਲੱਖ ਬੱਚਿਆਂ ਵਿੱਚੋਂ 17 ਲੱਖ ਬੱਚੇ ਇਕੱਲੇ ਬਰਾਸਕਾਂਠਾ ਦੇ ਸਨ। ਜ਼ਿਲ੍ਹੇ ਦੇ 15 ਲੱਖ ਬੱਚੇ ਅਣਵਿਕਸਤ (ਉਮਰ ਦੇ ਹਿਸਾਬ ਨਾਲ਼ ਪਤਲੇ) ਹਨ ਤੇ ਇੱਕ ਲੱਖ ਬੱਚੇ ਕਮਜ਼ੋਰ (ਕੱਦ ਦੇ ਹਿਸਾਬ ਨਾਲ਼ ਭਾਰ ਘੱਟ) ਹਨ- ਰਾਜ ਦੇ ਕੁੱਲ ਬੱਚਿਆਂ ਦਾ ਕ੍ਰਮਵਾਰ 6.5 ਫ਼ੀਸਦ ਤੇ 6.6 ਫ਼ੀਸਦ ਹਨ।

ਮਾੜੇ ਪੋਸ਼ਣ ਦਾ ਇੱਕ ਨਤੀਜਾ ਹੈ ਅਨੀਮਿਆ, ਜੋ ਭਾਰਤ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਗੁਜਰਾਤ ਵਿੱਚ ਹੈ: ਕਰੀਬ 80 ਫ਼ੀਸਦ। ਬਨਾਸਕਾਂਠਾ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 2.8 ਲੱਖ ਬੱਚੇ ਅਨੀਮਿਆ ਦਾ ਸ਼ਿਕਾਰ ਹਨ।

ਚੰਗੇ ਭੋਜਨ ਦੀ ਘਾਟ ਹੋਣਾ, ਸੁਨਾਹਾ ਜਿਹੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਵਾਸਤੇ ਭਵਿੱਖੀ ਖ਼ਤਰਾ ਤਾਂ ਹੈ ਹੀ। ਬਾਕੀ ਦੀ ਰਹਿੰਦੀ-ਖੂੰਹਦੀ ਕਸਰ ਜਲਵਾਯੂ ਤਬਦੀਲੀ ਕਾਰਨ ਵਾਪਰਨ ਵਾਲ਼ੀਆਂ ਘਟਨਾਵਾਂ ਪੂਰੀ ਕਰ ਦਿੰਦੀਆਂ ਹਨ।

ਜਲਵਾਯੂ ਤਬਦੀਲੀ ਨੂੰ ਲੈ ਕੇ ਗੁਜਰਾਤ ਰਾਜ ਕਾਰਜ ਯੋਜਨਾ ’ ਤਾਪਮਾਨ ਤੇ ਮੀਂਹ ਦੇ ਵਿਤੋਂਵੱਧ ਵਧਣ ਦੇ ਨਾਲ਼ ਨਾਲ਼ ਸਮੁੰਦਰ ਪੱਧਰ ਦੇ ਵਾਧੇ ਦੀ ਪਛਾਣ “ਜਲਵਾਯੂ ਤਬਦੀਲੀ ਦੇ ਮੁੱਖ ਖ਼ਤਰਿਆਂ” ਵਜੋਂ ਕਰਦਾ ਹੈ। ਐਂਟੀਸੀਪੇਟ ਰਿਸਰਚ ਪ੍ਰੋਜੈਕਟ ਦਾ ਮੰਨਣਾ ਹੈ ਕਿ ਪਿਛਲੇ ਦਹਾਕੇ ਵਿੱਚ ਮੀਂਹ ਦੇ ਡਾਵਾਂਡੋਲ ਖ਼ਾਸੇ ਨੇ ਸਥਾਨਕ ਲੋਕਾਂ ਦੇ ਸਾਹਮਣੇ ਨਵੀਂ ਚੁਣੌਤੀਆਂ ਪੇਸ਼ ਕੀਤੀਆਂ ਹਨ, ਇਹ ਪ੍ਰੋਜੈਕਟ ਭਾਰਤ ਅੰਦਰ ਸੋਕੇ ਤੇ ਹੜ੍ਹ ਦਾ ਅਧਿਐਨ ਕਰ ਰਿਹਾ ਹੈ। ਇਸ ਨਾਲ਼ ਜੁੜੇ ਖ਼ੋਜਰਾਥੀਆਂ ਦਾ ਕਹਿਣਾ ਹੈ ਕਿ ਬਨਾਸਕਾਂਠਾ ਦੇ ਕਿਸਾਨ ਤੇ ਦੂਸਰੇ ਲੋਕ “ਹੁਣ ਸੋਕੇ ਤੇ ਹੜ੍ਹ ਦੀਆਂ ਵਿਰੋਧੀ ਹਾਲਾਤਾਂ ਨਾਲ਼ ਨਜਿੱਠਣ ਲਈ ਜੂਝ ਰਹੇ ਹਨ, ਕਿਉਂਕਿ ਹੁਣ ਉਨ੍ਹਾਂ ਦਾ ਆਉਣਾ/ਵਾਪਰਨਾ ਪਹਿਲਾਂ ਦੇ ਮੁਕਾਬਲੇ ਵੱਧ ਹੋਣ ਲੱਗਾ ਹੈ।”

PHOTO • Parth M.N.
PHOTO • Parth M.N.

ਖੱਬੇ ਪਾਸੇ : ਸੁਦਰੋਸਨ ਪਿੰਡ ਵਿਖੇ ਅਲਾਭਾਈ ਪਰਮਾਰ ਆਪਣੇ  ਘਰ ਅੰਦਰ ਆਪਣੇ ਤਿੰਨ ਸਾਲਾ ਪੋਤੇ ਦੇ ਨਾਲ਼। ਸੱਜੇ ਪਾਸੇ : ਤੋਤਾਨਾ ਦਾ ਇੱਕ ਖੇਤ ਜਿੱਥੇ ਮਿੱਟੀ ਤੇ ਰੇਤਾ ਦੀ ਤਹਿ ਜੰਮ ਗਈ ਹੈ

60 ਸਾਲਾ ਅਲਾਭਾਈ ਪਰਮਾਰ ਦੀਆਂ ਚਾਰ ਫ਼ਸਲਾਂ ਇਸ ਸਾਲ ਮਾਨਸੂਨ ਦੀ ਭੇਂਟ ਚੜ੍ਹੀਆਂ। ਬਨਾਸਕਾਂਠਾ ਜ਼ਿਲ੍ਹੇ ਦੇ ਸੁਦਰੋਸਨ ਪਿੰਡ ਵਿਖੇ ਆਪਣੇ ਘਰ ਵਿੱਚ ਬੈਠਿਆਂ ਉਹ ਕਹਿੰਦੇ ਹਨ,“ਮੈਂ ਫ਼ਸਲਾਂ ਬੀਜਦਾ ਰਿਹਾ ਤੇ ਮੀਂਹ ਰੋੜ੍ਹ ਲਿਜਾਂਦਾ ਰਿਹਾ। ਅਸੀਂ ਕਣਕ, ਬਾਜਰਾ ਤੇ ਜਵਾਰ ਬੀਜਿਆ ਸੀ। ਇਸ ਸਭ ਵਿੱਚ ਲੱਗੀਆਂ 50,000 ਰੁਪਏ ਦੀਆਂ ਲਾਗਤਾਂ ਤਬਾਹ ਹੋਈਆਂ।”

ਅਲਾਭਾਈ ਕਿਸਾਨਾਂ ਦੀ ਪੈਦਾਵਾਰ ਵਿੱਚ ਲਗਾਤਾਰ ਆਉਣ ਵਾਲ਼ੀ ਕਮੀ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ,“ਇਨ੍ਹੀਂ ਦਿਨੀਂ ਤੁਸੀਂ ਮੌਸਮ ਦੇ ਮਿਜਾਜ਼ ਦਾ ਅੰਦਾਜ਼ਾ ਨਹੀਂ ਲਾ ਸਕਦੇ। ਇਸ ਸਭ ਕਾਸੇ ਨੇ ਕਿਸਾਨਾਂ ਨੂੰ ਖੇਤ ਮਜ਼ਦੂਰ ਬਣਨ ਲਈ ਮਜ਼ਬੂਰ ਕਰਕੇ ਰੱਖ ਦਿੱਤਾ ਹੈ। ਉਹ ਅੱਗੇ ਕਹਿੰਦੇ ਹਨ,“ਭਾਵੇਂ ਸਾਡੇ ਕੋਲ਼ ਆਪਣੀ 10 ਏਕੜ (ਕਿੱਲੇ) ਜ਼ਮੀਨ ਹੈ ਪਰ ਬਾਵਜੂਦ ਇਹਦੇ ਮੇਰਾ ਬੇਟਾ ਕਿਸੇ ਦੂਸਰੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂ ਨਿਰਮਾਣ ਥਾਵਾਂ ‘ਤੇ ਦਿਹਾੜੀਆਂ ਲਾਉਣ ਨੂੰ ਮਜ਼ਬੂਰ ਹੈ।”

ਅਲਾਭਾਈ ਚੇਤੇ ਕਰਦੇ ਹਨ ਕਿ ਅੱਜ ਤੋਂ 15-20 ਸਾਲ ਪਹਿਲਾਂ ਖੇਤੀ ਕਰਨਾ ਇੰਨਾ ਤਣਾਓ ਭਰਿਆ ਕੰਮ ਨਹੀਂ ਸੀ ਹੁੰਦਾ। “ਪਰ ਉਦੋਂ ਇੰਨਾ ਜ਼ਿਆਦਾ ਮੀਂਹ ਵੀ ਨਹੀਂ ਸੀ ਪੈਂਦਾ; ਹੁਣ ਤਾਂ ਮੀਂਹ ਦਾ ਖ਼ਾਸਾ ਹੀ ਸਧਾਰਣ ਨਹੀਂ ਰਿਹਾ। ਅਜਿਹੇ ਸੂਰਤੇ ਹਾਲ ਤੁਸੀਂ ਵਧੀਆ ਝਾੜ ਦੀ ਉਮੀਦ ਵੀ ਕਿਵੇਂ ਕਰ ਸਕਦੇ ਹੋ?”

ਗੁਜਰਾਤ ਵਿੱਚ ਕੁੱਲ ਅਨਾਜ ਦਾ ਫ਼ਸਲੀ ਰਕਬਾ (ਅਨਾਜ ਤੇ ਦਾਲ਼ਾਂ) ਜੋ 2010-11 ਵਿੱਚ 49 ਲੱਖ ਹੈਕਟੇਅਰ ਹੁੰਦਾ ਸੀ 2020-21 ਵਿੱਚ ਘੱਟ ਕੇ 46 ਲੱਖ ਹੈਕਟੇਅਰ ਰਹਿ ਗਿਆ ਹੈ। ਹਾਲਾਂਕਿ ਚੌਲ਼ਾਂ ਦੀ ਉਪਜ ਵਾਲ਼ੇ ਖੇਤਾਂ ਵਿੱਚ 100,000 ਹੈਕਟੇਅਰ ਦਾ ਵਾਧਾ ਹੋਇਆ ਹੈ, ਪਰ ਇਸ ਵਕਫ਼ੇ ਦੌਰਾਨ ਕਣਕ, ਬਾਜਰਾ ਤੇ ਜਵਾਰ ਜਿਹੇ ਅਨਾਜਾਂ ਦੀ ਪੈਦਾਵਾਰ ਘਟੀ ਹੈ। ਬਨਾਸਕਾਂਠਾ ਵਿੱਚ ਬਾਜਰਾ ਉਤਪਾਦਨ ਖੇਤਰ ਵਿੱਚ ਤਕਰੀਬਨ 30,000 ਹੈਕਟੇਅਰ ਦੀ ਘਾਟ ਆਈ ਹੈ, ਜਦੋਂਕਿ ਇਸ ਜ਼ਿਲ੍ਹੇ ਵਿੱਚ ਬਾਜਰੇ ਦੀ ਉਪਜ ਸਭ ਤੋਂ ਵੱਧ ਹੁੰਦੀ ਰਹੀ ਹੈ।

ਗੁਜਰਾਤ ਵਿੱਚ ਕੁੱਲ ਅਨਾਜ ਉਤਪਾਦਨ-ਖ਼ਾਸ ਕਰਕੇ ਬਾਜਰਾ ਤੇ ਕਣਕ- ਵਿੱਚ ਪਿਛਲੇ ਇੱਕ ਦਹਾਕੇ ਦੌਰਾਨ 11 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂਕਿ ਦਾਲਾਂ ਦੇ ਉਤਪਾਦਨ ਵਿੱਚ 173 ਫ਼ੀਸਦੀ ਦਾ ਉਛਾਲ਼ ਆਇਆ।

ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਲਾਭਾਈ ਤੇ ਭਾਨੂਬੇਨ ਦੇ ਪਰਿਵਾਰ ਦੀ ਥਾਲ਼ੀ ਵਿੱਚ ਬਹੁਤਾ ਕਰਕੇ ਦਾਲ਼ ਤੇ ਚੌਲ਼ ਹੀ ਕਿਉਂ ਬਚੇ ਰਹਿ ਗਏ ਹਨ।

ਖ਼ੁਰਾਕ ਦੇ ਅਧਿਕਾਰ ਨੂੰ ਲੈ ਕੇ ਕੰਮ ਕਰਨ ਵਾਲ਼ੀ ਅਹਿਮਦਾਬਾਦ ਦੀ ਆਰਟੀਆਈ ਕਾਰਕੁੰਨ ਪੰਕਤੀ ਜੋਗ ਕਹਿੰਦੀ ਹਨ ਕਿ ਜ਼ਿਆਦਾਤਰ ਕਿਸਾਨ ਹੁਣ ਨਕਦੀ ਫ਼ਸਲਾਂ (ਤੰਬਾਕੂ ਤੇ ਕਮਾਦ) ਵੱਲ ਧਿਆਨ ਦੇਣ ਲੱਗੇ ਹਨ। ਉਹ ਅੱਗੇ ਕਹਿੰਦੀ ਹਨ,“ਇੰਝ ਪਰਿਵਾਰਾਂ ਲਈ ਲੋੜੀਂਦੇ ਅਹਾਰ ਤੇ ਖ਼ੁਰਾਕ ਸੁਰੱਖਿਆ ‘ਤੇ ਮਾੜਾ ਅਸਰ ਪੈਂਦਾ ਹੈ।”

PHOTO • Parth M.N.
PHOTO • Parth M.N.

ਖੱਬੇ ਪਾਸੇ : ਅਲਾਭਾਈ ਨੂੰ ਯੁਵਰਾਜ ਦੀ ਚਿੰਤਾ ਸਤਾਉਂਦੀ ਹੈ, ਜਿਹਦਾ ਭਾਰ ਬਹੁਤ ਹੀ ਘੱਟ ਹੈ ਤੇ ਰੋਗਾਂ ਨਾਲ਼ ਲੜਨ ਦੀ ਸਮਰੱਥਾ ਵੀ ਘੱਟ ਹੈ। ਸੱਜੇ ਪਾਸੇ : ਯੁਵਰਾਜ ਆਪਣੇ ਪਿਤਾ ਦੇ ਨਾਲ਼ ਘਰ ਦੀ ਬਰੂਹ ਤੇ ਬੈਠਾ ਹੈ

ਮਹਿੰਗਾਈ ਵਧਣ ਕਾਰਨ ਅਲਾਭਾਈ ਅਨਾਜ ਤੇ ਸਬਜ਼ੀਆਂ ਖ਼ਰੀਦਣ ਦੇ ਸਮਰੱਥ ਨਹੀਂ ਰਹੇ। ਉਹ ਕਹਿੰਦੇ ਹਨ,“ਜਦੋਂ ਖੇਤੀ ਲਗਾਤਾਰ ਹੁੰਦੀ ਰਹਿੰਦੀ ਹੈ ਤਾਂ ਡੰਗਰਾਂ ਨੂੰ ਵੀ ਚਾਰੇ ਦੀ ਘਾਟ ਨਹੀਂ ਰਹਿੰਦੀ। ਜੇ ਫ਼ਸਲਾਂ ਤਬਾਹ ਹੋ ਜਾਣ ਤਾਂ ਚਾਰਾ ਵੀ ਹੱਥ ਨਹੀਂ ਆਉਂਦਾ, ਸੋ ਖਾਣ-ਪੀਣ ਦੀ ਵਸਤਾਂ ਖ਼ਰੀਦਣ ਦੇ ਨਾਲ਼ ਨਾਲ਼ ਸਾਨੂੰ ਚਾਰਾ ਵੀ ਖ਼ਰੀਦਣਾ ਪੈਂਦਾ ਹੈ। ਇਸਲਈ ਅਸੀਂ ਉਹੀ ਕੁਝ ਖ਼ਰੀਦਦੇ ਹਾਂ ਜੋ ਸਾਡੇ ਵੱਸ ਵਿੱਚ ਰਹਿੰਦਾ ਹੈ।”

ਅਲਾਭਾਈ ਦੇ ਤਿੰਨ ਸਾਲਾ ਪੋਤੇ, ਯੁਵਰਾਜ ਦਾ ਵੀ ਵਜ਼ਨ ਬਹੁਤ ਘੱਟ ਹੈ। ਉਹ ਕਹਿੰਦੇ ਹਨ,“ਮੈਨੂੰ ਉਹਦੀ ਫ਼ਿਕਰ ਰਹਿੰਦੀ ਹੈ ਕਿਉਂਕਿ ਉਸ ਅੰਦਰ ਰੋਗਾਂ ਨਾਲ਼ ਲੜਨ ਦੀ ਸਮਰੱਥਾ ਵੀ ਨਾ ਬਰਾਬਰ ਹੈ। ਇੱਥੇ ਸਭ ਤੋਂ ਨੇੜਲਾ ਸਰਕਾਰੀ ਹਸਪਤਾਲ ਵੀ 50 ਕਿਲੋਮੀਟਰ ਦੂਰ ਹੈ। ਜਦੋਂ ਕਦੇ ਸਾਨੂੰ ਅਚਾਨਕ ਇਲਾਜ ਦੀ ਲੋੜ ਪਈ ਤਾਂ ਅਸੀਂ ਕੀ ਕਰਾਂਗੇ?”

ਜੋਗ ਕਹਿੰਦੀ ਹਨ,“ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਰਹਿੰਦਾ ਹੈ।” ਉਹ ਨਾਲ਼ ਇਹ ਗੱਲ ਵੀ ਜੋੜਦੀ ਹਨ ਕਿ ਰਾਜ ਵਿੱਚ ਢੁੱਕਵੀਂਆਂ ਸਰਕਾਰੀ ਸਿਹਤ ਸੁਵਿਧਾਵਾਂ ਦੀ ਘਾਟ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਦੇ ਰਾਹ ਪੈਣਾ ਪੈਂਦਾ ਹੈ। ਉਹ ਦੱਸਦੀ ਹਨ,“ਪਰਿਵਾਰਾਂ ਸਿਰ ਮਹਿੰਗੇ ਇਲਾਜ ਦਾ ਬੋਝ ਵੱਧਦਾ ਰਹਿੰਦਾ ਹੈ। ਕਬਾਇਲੀ ਖਿੱਤਿਆਂ (ਬਨਾਸਕਾਂਠਾ ਜਿਹੇ) ਵਿੱਚ ਖਰਚੇ ਦਾ ਅਜਿਹਾ ਬੋਝ ਸਮਾਨ ਗਹਿਣਾ ਪਾ ਕੇ ਉਧਾਰ ਚੁੱਕਣ ਦੇ ਮਗਰਲਾ ਸਭ ਤੋਂ ਵੱਡਾ ਕਾਰਨ ਬਣਦਾ ਹੈ।”

ਜੋਗ ਅੱਗੇ ਦੱਸਦੀ ਹਨ ਕਿ ਰਾਜ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਖ਼ੁਰਾਕ ਸਬੰਧੀ ਯੋਜਨਾਵਾਂ ਵਿੱਚ ਖਾਣ-ਪੀਣ ਦੀਆਂ ਸਥਾਨਕ ਆਦਤਾਂ ਨੂੰ ਲੈ ਕੇ ਕਿਸੇ ਕਿਸਮ ਦਾ ਵਿਚਾਰ ਨਹੀਂ ਕੀਤਾ ਗਿਆ ਹੈ। “ਤੁਸੀਂ ਇੱਕ ਤਰ੍ਹਾਂ ਦੀ ਖ਼ੁਰਾਕ ਨੂੰ ਸਭ ਲਈ ਅਨੁਕੂਲਤ ਨਹੀਂ ਕਹਿ ਸਕਦੇ। ਇੱਕ ਖੇਤਰ ਤੋਂ ਦੂਜੇ ਖੇਤਰ ਅਤੇ ਇੱਕ ਭਾਈਚਾਰੇ ਤੋਂ ਦੂਜੇ ਭਾਈਚਾਰੇ ਦੇ ਲੋਕ ਅਹਾਰ ਨੂੰ ਆਪਣੇ ਮੁਤਾਬਕ ਅੱਡ-ਅੱਡ ਤਰਜੀਹਾਂ ਦਿੰਦੇ ਹਨ। ਗੁਜਰਾਤ ਅੰਦਰ ਮਾਸਾਹਾਰੀ ਖ਼ੁਰਾਕ ਨੂੰ ਤਿਆਗਣ ਦਾ ਅਭਿਆਨ ਵੀ ਚੱਲ ਰਿਹਾ ਹੈ। ਇਹ ਅਭਿਆਨ ਉਨ੍ਹਾਂ ਲੋਕ-ਮਨਾਂ ਨੂੰ ਵੀ ਛੂਹ ਰਿਹਾ ਹੈ ਜੋ ਮੀਟ ਅਤੇ ਆਂਡੇ ਦਾ ਨਿਯਮਤ ਸੇਵਨ ਕਰਦੇ ਸਨ। ਉਹ ਲੋਕੀਂ ਵੀ ਇਨ੍ਹਾਂ ਨੂੰ ਅਪਵਿੱਤਰ ਮੰਨਣ ਲੱਗੇ ਹਨ।”

ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ 2016-18 ਮੁਤਾਬਕ, ਗੁਜਰਾਤ ਅੰਦਰ 69.1 ਫ਼ੀਸਦ ਮਾਵਾਂ/ਪਾਲ਼ਣ ਵਾਲ਼ੀਆਂ ਔਰਤਾਂ ਸ਼ਾਕਾਹਾਰੀ ਭੋਜਨ ਖਾਂਦੀਆਂ ਸਨ, ਜਦੋਂਕਿ ਪੂਰੇ ਮੁਲਕ ਅੰਦਰ ਅਜਿਹੀਆਂ ਮਾਵਾਂ ਦੀ ਔਸਤ 43.8 ਫ਼ੀਸਦ ਸੀ। ਓਧਰ, 2-4 ਸਾਲਾਂ ਦੇ ਬੱਚਿਆਂ ਵਿੱਚ ਸਿਰਫ਼ 7.5 ਫ਼ੀਸਦ ਬੱਚੇ ਹੀ ਆਂਡੇ ਖਾਂਦੇ ਹਨ, ਜੋ ਪ੍ਰੋਟੀਨ ਦਾ ਸ਼ਾਨਦਾਰ ਸ੍ਰੋਤ ਹੈ। ਹਾਲਾਂਕਿ 5-9 ਸਾਲਾਂ ਦੇ 17 ਫ਼ੀਸਦ ਬੱਚੇ ਆਂਡੇ ਖਾਂਦੇ ਹਨ, ਪਰ ਇਹ ਅੰਕੜਾ ਵੀ ਤਸੱਲੀ ਨਹੀਂ ਦਿੰਦਾ।

ਭਾਨੂਬੇਨ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸੁਹਾਨਾ ਨੂੰ ਸ਼ੁਰੂਆਤ ਦੇ ਦੋ ਸਾਲਾਂ ਵਿੱਚ ਜੋ ਚੰਗੀ ਖ਼ੁਰਾਕ ਮਿਲ਼ਣੀ ਚਾਹੀਦੀ ਸੀ, ਨਹੀਂ ਮਿਲ਼ ਸਕੀ। ਉਹ ਕਹਿੰਦੀ ਹਨ,“ਲੋਕੀਂ ਸਾਨੂੰ ਸੁਹਾਨਾ ਨੂੰ ਸਿਹਤਵਰਧਕ (ਪੋਸ਼ਕ) ਖ਼ੁਰਾਕ ਦੇਣ ਲਈ ਕਹਿੰਦੇ ਰਹੇ। ਪਰ ਅਸੀਂ ਉਸ ਖ਼ੁਰਾਕ ਦਾ ਅੱਡ ਤੋਂ ਖਰਚਾ ਚੁੱਕ ਹੀ ਕਿਵੇਂ ਸਕਦੇ ਸਾਂ? ਇੱਕ ਵੇਲ਼ਾ ਸੀ ਜਦੋਂ ਅਸੀਂ ਵਧੀਆ ਖ਼ੁਰਾਕ ਦਾ ਖ਼ਰਚਾ ਚੁੱਕ ਸਕਦੇ ਸਾਂ। ਸੁਹਾਨਾ ਦੇ ਦੋ ਵੱਡੇ ਭਰਾ ਹਨ। ਕਿਉਂਕਿ ਉਹ ਸਾਡੀ ਜ਼ਮੀਨ ਦੇ ਬੰਜਰ ਹੋਣ ਤੋਂ ਪਹਿਲਾਂ ਜੰਮੇ ਸਨ ਇਸਲਈ ਘੱਟੋਘੱਟ ਉਹ ਤਾਂ ਕੁਪੋਸ਼ਿਤ ਨਹੀਂ ਹਨ।”


ਪਾਰਥ ਐੱਮ.ਐੱਨ. ਠਾਕੁਰ ਫੈਮਿਲੀ ਫਾਊਂਡੇਸ਼ਨ ਵੱਲੋਂ ਸੁਤੰਤਰ ਪੱਤਰਕਾਰਤਾ ਗ੍ਰਾਂਟ ਤਹਿਤ ਜਨਸਿਹਤ ਅਤੇ ਨਾਗਰਿਕ ਅਧਿਕਾਰ ਜਿਹੇ ਵਿਸ਼ਿਆਂ ‘ਤੇ ਰਿਪੋਰਟਿੰਗ ਕਰਦੇ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਕਿਸੇ ਵੀ ਹਿੱਸੇ ‘ਤੇ ਸੰਪਾਦਕੀ ਨਿਯੰਤਰਣ ਨਹੀਂ ਕੀਤਾ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Vinutha Mallya

Vinutha Mallya is Consulting Editor at People’s Archive of Rural India. She was formerly Editorial Chief and Senior Editor at PARI.

Other stories by Vinutha Mallya
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur