ਇੱਥੇ ਸਭ ਤੋਂ ਜ਼ਿਆਦਾ ਪਲਾਸਟਿਕ ਹੈ । ਲਗਭਗ ਹਰ ਕਲਪਨਾਯੋਗ ਕੋਨੇ ਵਿੱਚ ਇਹ ਦਿਖਾਈ ਦਿੰਦਾ ਹੈ — ਸੜਕਾਂ ’ਤੇ ਪਿਆ, ਪਾਣੀ ’ਚ ਤਰਦਾ, ਬੋਰੀਆਂ ’ਚ ਤੁੰਨਿਆ ਹੋਇਆ, ਕੂੜੇਦਾਨਾਂ ਵਿੱਚ ਅਤੇ ਛੱਤਾਂ ਤੇ ਲੱਗੇ ਹੋਏ ਢੇਰ । ਜਦੋਂ 13ਵੇਂ ਕੰਪਾਂਉਂਡ ਦੇ ਨਾਲ ਲੱਗਦੇ ਨਾਲ਼ੇ ਕੋਲ ਉੱਚ-ਮੁੱਲ ਵਾਲੇ ਧਾਤ ਦੇ ਕਣ ਇੱਕਠੇ ਕਰਨ ਲਈ ਪਲਾਸਟਿਕ ਦੀਆਂ ਚੀਜ਼ਾਂ ਨੂੰ ਸਾੜਿਆ ਜਾਂਦਾ ਹੈ ਤਾਂ ਉੱਠਣ ਵਾਲਾ ਕੌੜਾ ਧੂੰਆਂ ਹਵਾ ਨੂੰ ਸੰਘਣਾ ਕਰ ਦਿੰਦਾ ਹੈ ।
ਮੁੰਬਈ ਦੇ ਸਾਰੇ ਹਿੱਸਿਆਂ ਤੋਂ ਇਸ ਪਲਾਸਟਿਕ ਅਤੇ ਹੋਰ ਰਹਿੰਦ-ਖੁਹੰਦ ਦੀ ਨਾ ਮੁੱਕਣ ਵਾਲੀ ਲੜੀ ਧਾਰਾਵੀ ਦੇ ਰੀਸਾਈਕਲਿੰਗ (ਨਵਿਆਉਣਯੋਗ) ਸੈਕਟਰ ਦੇ ਇਸ ਕੰਪਲੈਕਸ ਵਿੱਚ ਨਿਯਮਿਤ ਤੌਰ ’ਤੇ ਪਹੁੰਚਦੀ ਹੈ । ਸ਼ਹਿਰ ਵਿੱਚ ਰੋਜ਼ਾਨਾ 10,000 ਟਨ ਤੋਂ ਵੱਧ ਪੈਦਾ ਹੋਣ ਵਾਲੇ ਕਬਾੜ ਦਾ ਇੱਕ ਵੱਡਾ ਹਿੱਸਾ ਰੇੜ੍ਹੀਆਂ, ਟਰੱਕਾਂ ਅਤੇ ਟੈਂਪੂਆਂ ਸਹਾਰੇ ਇੱਥੇ ਲਿਆਂਦਾ ਜਾਂਦਾ ਹੈ । ਇੱਥੇ ਮਜ਼ੂਦਰ, ਜਿੰਨ੍ਹਾਂ ਵਿੱਚੋਂ ਬਹੁਤੇ ਵੱਖ-ਵੱਖ ਰਾਜਾਂ ਦੇ ਪ੍ਰਵਾਸੀ ਨੌਜਵਾਨ ਹਨ, ਇਸ ਇਲਾਕੇ ਦੀਆਂ ਨਜਾਇਜ਼ ਤੰਗ ਗਲੀਆਂ ਵਿੱਚੋਂ ਦੀ ਇਸ ਸਮੱਗਰੀ ਨੂੰ ਲੋਡ ਅਤੇ ਅਨਲੋਡ ਕਰਦੇ ਹਨ ।
ਇੱਥੇ ਟੁੱਟੇ-ਫੁੱਟੇ, ਕੁਝ ਚਾਰ-ਪੱਧਰੀ ਸ਼ੈੱਡਾਂ ਹੇਠਾਂ ਰੀਸਾਈਕਲਿੰਗ ਦੀ ਬਹੁ-ਪੱਧਰੀ ਪ੍ਰਕਿਰਿਆ ਵਾਰ-ਵਾਰ ਦੁਹਰਾਈ ਜਾਂਦੀ ਹੈ। ਹਰੇਕ ਚੀਜ਼ ਇੱਕ ਨਵੇਂ ਕੱਚੇ ਮਾਲ ਜਾਂ ਕਿਸੇ ਹੋਰ ਤਿਆਰ ਉਤਪਾਦ ਵਿੱਚ ਬਦਲਣ ਤੋਂ ਪਹਿਲਾਂ ਇੱਕ ਅਸੈਂਬਲੀ ਲਾਈਨ ਰਾਂਹੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਅਤੇ ਇੱਕ ਪ੍ਰਕਿਰਿਆ ਤੋਂ ਦੂਜੀ ਪ੍ਰਕਿਰਿਆ ਵਿੱਚੋਂ ਗੁਜ਼ਰਦੀ ਹੈ ।
ਟੈਰਾ ਕੰਪਾਉਂਡ ਵਿਚ ਰੀਸਾਇਕਲਿੰਗ ਦੇ ਈਕੋ ਸਿਸਟਮ ਵਿੱਚ ਇੱਕ ਸੁਚਾਰੂ ਅੰਦਰੂਨੀ ਢਾਂਚਾ ਕੰਮ ਕਰਦਾ ਹੈ : ਖ਼ਰੀਦਣ ਤੇ ਵੇਚਣ ਦੇ ਪ੍ਰਬੰਧਾਂ ਦਾ ਇਕ ਜਾਲ ਮੌਜੂਦ ਹੈ, ਲੋਕ ਕਿੱਤਾ-ਵਿਸ਼ੇਸ਼ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ; ਪ੍ਰਕਿਰਿਆ ਦੇ ਲਗਾਤਾਰ ਪੜਾਅ ਚੰਗੀ ਤਰ੍ਹਾਂ ਸਥਾਪਿਤ ਹਨ ਅਤੇ ਹਰੇਕ ਵਿਅਕਤੀ ਇੱਕ ਜਾਂ ਇੱਕ ਤੋਂ ਵੱਧ ਕੰਮਾਂ ਵਿੱਚ ਮਾਹਿਰ ਹੁੰਦਾ ਹੈ: ਰੇੜੀਵਾਲੇ (ਕਬਾੜ ਇਕੱਠਾ ਕਰਨ ਵਾਲੇ) ਬੇਕਾਰ ਹੋਈਆਂ ਚੀਜ਼ਾਂ ਇਕੱਠੀਆਂ ਕਰਦੇ ਹਨ, ਕੂੜਾ ਚੁੱਕਣ ਵਾਲੇ ਅਤੇ ਫੇਰੀਵਾਲੇ ਇਨ੍ਹਾਂ ਕਾਰਖਾਨਿਆਂ ’ਚ ਰੋਜ਼ਾਨਾਂ ਦਾ ਭੰਡਾਰ ਜਮ੍ਹਾ ਕਰਦੇ ਹਨ । ਗੱਡੀ-ਚਾਲਕ ਅਤੇ ਸਹਾਇਕ ਕਰਮਚਾਰੀ ਕਾਂਟੇਵਾਲੇ (ਜਿਹੜੇ ਸਮਾਨ ਤੋਲਦੇ ਹਨ) ਕੋਲ ਸਮਾਨ ਉਤਾਰਦੇ ਹਨ । ਫਿਰ ਇਸ ਤੋਂ ਅੱਗੇ ਗੋਦਾਮਾਂ ਦੇ ਮਾਲਕ ਸੇਠ, ਸੁਪਰਵਾਈਜ਼ਰ ਜਿੰਨ੍ਹਾਂ ਨੂੰ ਉਹ ਕੰਮ ਦਿੰਦੇ ਹਨ ਅਤੇ ਆਦਮੀ ਤੇ ਔਰਤ ਕਰਮਚਾਰੀ ਆਉਂਦੇ ਹਨ ਜੋ ਹੋਰਨਾਂ ਹਜ਼ਾਰਾਂ ਕੰਮਾਂ ਵਿੱਚ ਲੱਗੇ ਹੋਏ ਹਨ ।
ਫੈਕਟਰੀਆਂ ਲਈ ਮੁੜ-ਵਰਤੋਯੋਗ ਚਾਦਰਾਂ ਬਣਾਉਣ ਲਈ ਮਸ਼ੀਨਾਂ ਨੂੰ ਚਲਾਇਆ ਜਾਂਦਾ ਹੈ, ਧਾਤ ਨੂੰ ਸਾੜਿਆ ਤੇ ਪਿਘਲਾਇਆ ਜਾਂਦਾ ਹੈ । ਮਜਦੂਰ ਰੱਦੀ ਗੱਤੇ ਦੇ ਬਕਸਿਆਂ ਵਿੱਚੋਂ ਚੰਗੇ ਭਾਗਾਂ ਨੂੰ ਕੱਟ ਕੇ ਦੁਬਾਰਾ ਬਕਸੇ ਬਣਾਉਂਦੇ ਹਨ, ਪੁਰਾਣੇ ਜੁੱਤਿਆਂ ਦੇ ਰਬੜ ਦੇ ਤਲਿਆਂ ਨੂੰ ਕੱਢ ਕੇ ਕੁਤਰਨ ਵਾਲੀ ਮਸ਼ੀਨ ਵਿੱਚ ਪਾਉਂਦੇ ਹਨ , ਵੱਡੀਆਂ ਕੇਨੀਆਂ ਨੂੰ ਸਾਫ ਕਰਦੇ ਹਨ ਅਤੇ ਛੱਤ ਉੱਤੇ ਲੱਗੇ ਪਹਾੜਨੁਮਾ ਢੇਰ ’ਤੇ ਟਿਕਾਉਂਦੇ ਹਨ । ਪੁਰਾਣੇ ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਨੂੰ 13ਵੇਂ ਕੰਪਾਉਂਡ ਵਿੱਚ ਵੱਖ ਕੀਤਾ ਜਾਂਦਾ ਹੈ ਅਤੇ ਧਾਤ ਅਤੇ ਪਲਾਸਟਿਕ ਦੇ ਸਮਾਨ ਨੂੰ ਰੀਸਾਈਕਲਿੰਗ ਲਈ ਭੇਜ ਦਿੱਤਾ ਜਾਂਦਾ ਹੈ। ਕੰਪਿਉਂਟਰ ਕੀ-ਬੋਰਡਾਂ ਨੂੰ ਟੁਕੜੇ- ਟੁਕੜੇ ਕਰ ਦਿੱਤਾ ਜਾਂਦਾ ਹੈ, ਫਰਨੀਚਰ ਨੂੰ ਤੋੜ ਦਿੱਤਾ ਜਾਂਦਾ ਹੈ ਜਾਂ ਰਿਪੇਅਰ ਕੀਤਾ ਜਾਂਦਾ ਹੈ, ਤੇਲ ਅਤੇ ਪੇਂਟ ਦੇ ਖਾਲੀ ਢੋਲਾਂ ਨੂੰ ਸਾਫ਼ ਕਰਕੇ ਮੁੜ ਪ੍ਰਯੋਗ ਲਈ ਤਿਆਰ ਕੀਤਾ ਜਾਂਦਾ ਹੈ ਜਦਕਿ ਉਹਨਾਂ ਦੀ ਰਹਿੰਦ-ਖੁਹੰਦ ਖੁੱਲ੍ਹੇ ਨਾਲ਼ਿਆਂ ਵਿੱਚ ਵਹਿ ਜਾਂਦੀ ਹੈ ।
ਕੁਝ ਗੋਦਾਮਾਂ ਵਿਚ ਕਰਮਚਾਰੀ ਗੁਣਵੱਤਾ, ਆਕਾਰ, ਅਤੇ ਕਿਸਮ ਦੇ ਆਧਾਰ ਤੇ ਪਲਾਸਟਿਕ ਦੀਆਂ ਬੋਤਲਾਂ, ਬਾਲਟੀਆਂ, ਬਕਸਿਆਂ ਅਤੇ ਹੋਰ ਚੀਜ਼ਾਂ ਦੀ ਛਾਂਟੀ ਕਰਦੇ ਹਨ । ਇਹਨਾਂ ਨੂੰ ਛਾਂਟਿਆਂ ਜਾਂਦਾ ਹੈ , ਸਾਫ਼ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਕੀਤਾ ਜਾਂਦਾ ਹੈ ਅਤੇ ਕੁਝ ਕਾਰਖ਼ਾਨਿਆਂ ਵਿੱਚ ਇਹਨਾਂ ਨੂੰ ਅਗਾਂਹ ਹੇਠਲੇ ਦਰਜੇ ਦੀਆਂ ਪਲਾਸਟਿਕ ਵਸਤੂਆਂ ’ਚ ਮੁੜ ਢਾਲਣ ਲਈ ਬਾਰੀਕ ਗੋਲੀਆਂ ਵਿੱਚ ਬਦਲਿਆ ਜਾਂਦਾ ਹੈ । ਫਿਰ ਇਸ ਰੀਸਾਈਕਲਿੰਗ ਲੜੀ ਦੀ ਅਗਲੀ ਯਾਤਰਾ ਲਈ ਇਹਨਾਂ ਨੂੰ ਬੋਰੀਆਂ ’ਚ ਭਰ ਕੇ ਟੈਂਪੂਆਂ ਅਤੇ ਟਰੱਕਾਂ ਵਿੱਚ ਲੱਦ ਕੇ ਭੇਜ ਦਿੱਤਾ ਜਾਂਦਾ ਹੈ — (ਕਵਰ ਫੋਟੋ ਵਿੱਚ) ਸ਼ਾਇਦ ਇਸੇ ਤਰ੍ਹਾਂ ਦਾ ਹੀ ਇੱਕ ਕੰਮ ਇਸ ਕਰਮਚਾਰੀ ਅਤੇ ਉਸਦੇ ਸਹਿਕਰਮੀਆਂ ਦੁਆਰਾ ਪੂਰਾ ਕੀਤਾ ਗਿਆ ਹੈ ।
“ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਹੋਰ ਗਾਵ [ਪਿੰਡ] ਦੇਖਿਆਂ ਹੈ ?,” ਇੱਥੇ ਦੇ ਇਕ ਕਰਮਚਾਰੀ ਨੇ ਇੱਕ ਵਾਰ ਮੈਨੂੰ ਪੁੱਛਿਆ । “ਇਹ ਜਗ੍ਹਾ ਤੁਹਾਨੂੰ ਸਭ ਕੁਝ ਦੇ ਸਕਦੀ ਹੈ । ਇੱਥੇ ਆਉਣ ਵਾਲਾ ਹਰੇਕ ਕੋਈ ਨਾ ਕੋਈ ਕੰਮ ਲੱਭ ਸਕਦਾ ਹੈ । ਦਿਨ ਦੇ ਅੰਤ ਵਿੱਚ ਇੱਥੋਂ ਕੋਈ ਵੀ ਭੁੱਖਾ ਨਹੀਂ ਜਾਂਦਾ ।”
ਹਾਲਾਂਕਿ ਪਿਛਲੇ ਦਹਾਕੇ ਦੌਰਾਨ ਵਧਦੀਆਂ ਕੀਮਤਾਂ ਅਤੇ ਪੁਨਰਵਿਕਾਸ ਦੀ ਅਨਿਸ਼ਚਿਤਾਵਾਂ ਕਾਰਨ ਮਜ਼ਬੂਰ ਹੋਏ ਬਹੁਤੇ ਗੋਦਾਮ ਧਾਰਾਵੀ ਤੋਂ ਨਿਕਲ ਕੇ ਮੁੰਬਈ ਦੇ ਉੱਤਰੀ ਪਾਸੇ ਦੀਆਂ ਦੂਜੀਆਂ ਰੀਸਾਈਕਲਿੰਗ ਹੱਬਾਂ ਜਿਵੇਂ ਕਿ ਨਾਲਾਸੋਪਰਾ ਅਤੇ ਵਾਸਈ ਵੱਲ ਜਾ ਰਹੇ ਹਨ । ਲਗਭਗ ਇੱਕ ਵਰਗ ਮੀਲ ’ਚ ਫੈਲੇ ਇਸ ਮੱਧ-ਖੇਤਰੀ ਮੁੰਬਈ ਦੇ ਧਾਰਾਵੀ ਇਲਾਕੇ ਨੂੰ ‘ਮੁੜ ਵਿਕਸਿਤ’ ਕਰਨ ਦੀਆਂ ਯੋਜਨਾਵਾਂ ਦੀਆਂ ਸਲਾਹਾਂ ਵਰ੍ਹਿਆਂ ਤੋਂ ਚੱਲ ਰਹੀਆਂ ਹਨ । ਇਹਨਾਂ ਦੇ ਲਾਗੂ ਹੋਣ ’ਤੇ ਇਹ ਹੌਲ਼ੀ- ਹੌਲ਼ੀ ਕਬਾੜੀ ਕਾਰੋਬਾਰ ਅਤੇ ਹਜ਼ਾਰਾਂ ਮਜ਼ਦੂਰਾਂ ਨੂੰ ਇੱਥੋਂ ਬਾਹਰ ਸੁੱਟ ਦੇਣਗੇ ਜਿਹੜੇ ਕਿੰਨੇ ਸਮੇਂ ਤੋਂ ਇੱਥੇ ਰੁਜਗਾਰ ਕਮਾ ਰਹੇ ਹਨ । ਫਿਰ ਉਹਨਾਂ ਦਾ ਸ਼ਹਿਰੀ ‘ਗਾਵ’ (ਪਿੰਡ) ਦੂਜੇ ਹੋਰ ਉੱਚੇ ਟਾਵਰਾਂ ਲਈ ਰਾਸਤਾ ਬਣੇਗਾ ।
ਤਰਜਮਾ: ਇੰਦਰਜੀਤ ਸਿੰਘ