ਸਾਨੂੰ ਨਾ ਤਾਂ ਹਨ੍ਹੇਰਾ ਪਰੇਸ਼ਾਨ ਕਰਦਾ ਹੈ ਅਤੇ ਨਾ ਹੀ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਪਟੜੀ ਤੋਂ ਸੀਟੀ ਵਜਾਉਂਦੀਆਂ ਲੰਘਦੀਆਂ ਰੇਲਗੱਡੀਆਂ ਪਰੇਸ਼ਾਨ ਕਰਦੀਆਂ, ਜਿਨ੍ਹੀ ਇਹ ਸੋਚ ਪਰੇਸ਼ਾਨ ਕਰਦੀ ਹੈ ਕਿ ਕੋਈ ਆਦਮੀ ਸਾਨੂੰ ਘੂਰ ਰਿਹਾ ਹੈ।
''ਰਾਤ ਵੇਲ਼ੇ, ਸਿਰਫ਼ ਰੇਲਵੇ ਪਟੜੀ ਹੀ ਉਪਲਬਧ ਪਖ਼ਾਨਾ ਹੁੰਦੀ ਹੈ,'' 17 ਸਾਲਾ ਨੀਤੂ ਕੁਮਾਰੀ ਕਹਿੰਦੀ ਹਨ।
ਨੀਤੂ ਦੱਖਣ-ਮੱਧ ਪਟਨਾ ਦੀ ਯਾਰਪੁਰ ਇਲਾਕੇ ਵਿੱਚ ਪੈਂਦੇ ਵਾਰਡ ਨੰਬਰ 9 ਦੀ ਝੁੱਗੀ ਬਸਤੀ ਵਿੱਚ ਰਹਿੰਦੀ ਹਨ। ਘਰਾਂ ਦੇ ਇਸ ਝੁੰਡ ਦੇ ਐਨ ਵਿਚਕਾਰ ਕਰਕੇ ਸੀਮਿੰਟ ਦਾ ਬਣਿਆ ਇੱਕ ਵਰਗਨੁਮਾ ਢਾਂਚਾ ਜਿਹਾ ਹੈ ਜਿੱਥੇ ਕਤਾਰ ਵਿੱਚ ਲੱਗੀਆਂ ਟੂਟੀਆਂ ਹੇਠ ਦੋ ਆਦਮੀ ਕੱਛਾ ਪਾਈ ਸ਼ਰੇਆਮ ਪੂਰੇ ਜੋਸ਼ ਨਾਲ਼ ਸਾਬਣ ਮਲ਼ ਮਲ਼ ਨਹਾ ਰਹੇ ਹਨ। ਨੇੜੇ ਹੀ ਦਰਜਨ ਭਰ ਮੁੰਡੇ ਪਾਣੀ ਨਾਲ਼ ਖੇਡ ਰਹੇ ਹਨ, ਤਿਲਕਣੇ ਫ਼ਰਸ 'ਤੇ ਘਸੀਟੀਆਂ ਮਾਰ ਰਹੇ ਹਨ, ਇੱਕ ਦੂਜੇ ਨੂੰ ਖਿੱਚ-ਖਿੱਚ ਹੇਠਾਂ ਸੁੱਟ ਰਹੇ ਹਨ, ਦੰਦ ਕੱਢਦੇ ਹੱਸ ਰਹੇ ਹਨ।
ਕਰੀਬ 50 ਮੀਟਰ ਦੂਰ, ਇੱਕ ਟਾਇਲਟ ਬਲਾਕ ਹੈ ਜੋ ਪੂਰੀ ਕਲੋਨੀ ਦਾ ਇਕਲੌਤਾ ਪਖ਼ਾਨਾ, ਅਣਵਰਤੀਂਦਾ ਹੀ ਪਿਆ ਹੈ। ਇਹਦੇ ਕਤਾਰ ਵਿੱਚ ਬਣੇ 10 ਦੇ 10 ਕਿਊਬਿਕ (ਵਰਗਾਕਾਰ) ਪਖਾਨੇ ਬੰਦ ਪਏ ਹਨ, ਕਹਿੰਦੇ ਹਨ ਕਿ ਜਨਤਕ ਸੰਪੱਤੀ ਨੂੰ ਜਨਤਾ ਦੇ ਹਵਾਲੇ ਕਰਨ ਵਿੱਚ ਹੋਈ ਦੇਰੀ ਦਾ ਕਾਰਨ ਮਹਾਂਮਾਰੀ ਹੈ। ਬੱਕਰੀਆਂ ਦਾ ਪੂਰਾ ਪਰਿਵਾਰ ਉੱਚਾਈ 'ਤੇ ਬਣੇ ਕਿਊਬਿਕ ਪਖ਼ਾਨਿਆਂ ਦੀਆਂ ਪੌੜੀਆਂ 'ਤੇ ਅਰਾਮ ਫਰਮਾ ਰਿਹਾ ਹੈ। ਰੇਲਵੇ ਪਟੜੀ ਦੇ ਮਗਰ ਕੂੜੇ ਦਾ ਢੇਰ ਨਜ਼ਰ ਆ ਰਿਹਾ ਹੈ। ਸਭ ਤੋਂ ਨੇੜਲਾ ਚਾਲੂ ਜਨਤਕ ਪਖ਼ਾਨਾ 10 ਮਿੰਟ ਦੀ ਪੈਦਲ ਦੂਰੀ 'ਤੇ ਹੈ ਅਤੇ ਕਈ ਜਣੇ ਪਟੜੀਆਂ ਪਾਰ ਕਰਕੇ ਯਾਰਪੁਰ ਦੇ ਦੂਸਰੇ ਸਿਰੇ 'ਤੇ ਬਣੇ ਪਖ਼ਾਨੇ ਦਾ ਇਸਤੇਮਾਲ ਕਰਦੇ ਹਨ, ਇਹ ਪਖ਼ਾਨਾ ਵੀ 10 ਮਿੰਟ ਦੀ ਦੂਰੀ 'ਤੇ ਹੈ।
''ਲੜਕੇ ਤਾਂ ਕਦੇ ਵੀ ਕਿਤੇ ਵੀ ਗ਼ੁਸਲ/ਪੇਸ਼ਾਬ ਕਰ ਲੈਂਦੇ ਹਨ। ਲੜਕੀਆਂ ਸਿਰਫ਼ ਰਾਤ ਵੇਲ਼ੇ ਹੀ ਪਟੜੀਆਂ 'ਤੇ ਜਾਂਦੀਆਂ ਹਨ,'' ਨੀਤੂ ਕਹਿੰਦੀ ਹਨ, ਜੋ ਬੀ.ਏ. ਦੀ ਪਹਿਲੇ ਸਾਲ ਦੀ ਵਿਦਿਆਰਥਣ ਹਨ। (ਸਟੋਰੀ ਵਿਚਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ । ) ਉਹ ਖ਼ੁਦ ਨੂੰ ਇਲਾਕੇ ਦੀਆਂ ਬਾਕੀਆਂ ਕੁੜੀਆਂ ਦੇ ਮੁਕਾਬਲੇ ਖ਼ੁਸ਼ਕਿਸਮਤ ਸਮਝਦੀ ਹਨ ਕਿਉਂਕਿ ਦਿਨ ਵੇਲ਼ੇ ਉਹ ਆਪਣੀ ਆਂਟੀ ਦੇ ਘਰ ਦੀ ਟਾਇਲਟ ਵਰਤ ਸਕਦੀ ਹਨ, ਜੋ ਕਰੀਬ 200 ਮੀਟਰ ਦੂਰ ਹੈ।
''ਸਾਡੇ ਘਰ ਵੀ ਦੋ ਕਮਰੇ ਹਨ, ਇੱਕ ਵਿੱਚ ਮੇਰਾ ਛੋਟਾ ਭਰਾ ਸੌਂਦਾ ਹੈ ਅਤੇ ਇੱਕ ਵਿੱਚ ਮੈਂ ਤੇ ਮੇਰੀ ਮਾਂ। ਇਸਲਈ ਘੱਟੋਘੱਟ ਘਰ ਦੇ ਅੰਦਰ ਤਾਂ ਮੇਰੇ ਕੋਲ਼ ਪੈਡ ਬਦਲਣ ਦੀ ਨਿੱਜੀ ਥਾਂ ਹੈ,'' ਨੀਤੂ ਕਹਿੰਦੀ ਹਨ। ''ਕਈ ਹੋਰ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਪੈਡ ਬਦਲਣ ਵਾਸਤੇ ਰਾਤ ਪੈਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਕਿ ਹਨ੍ਹੇਰੇ ਵਿੱਚ ਰੇਲਵੇ ਪਟੜੀ 'ਤੇ ਜਾ ਸਕਣ।''
ਉਨ੍ਹਾਂ ਦੀ ਕਲੋਨੀ, ਵਾਰਡ ਨੰ. 9 ਦੀ ਛੋਟੀ ਬਸਤੀ ਅਤੇ ਐਨ ਨਾਲ਼ ਲੱਗਦੇ ਯਾਰਪੁਰ ਅੰਬੇਦਕਰ ਨਗਰ ਵਿੱਚ ਕਰੀਬ 2000 ਪਰਿਵਾਰਾਂ ਦੇ ਘਰ ਹਨ ਜਿਨ੍ਹਾਂ ਵਿੱਚੋਂ ਬਹੁਤੇਰੇ ਪਰਿਵਾਰ ਮਜ਼ਦੂਰ ਹਨ ਅਤੇ ਕਈ ਨੀਤੂ ਦੇ ਪਰਿਵਾਰ ਵਰਗੇ ਹੋਰ ਪਟਨਾ ਨਿਵਾਸੀ ਪਰਿਵਾਰ ਵੀ ਹਨ ਜੋ ਦੋ ਪੀੜ੍ਹੀਆਂ ਤੋਂ ਇੱਥੇ ਵੱਸੇ ਹੋਏ ਹਨ। ਇੱਥੋਂ ਦੇ ਬਹੁਤੇਰੇ ਪਰਿਵਾਰ ਬਿਹਾਰ ਦੇ ਵੱਖ-ਵੱਖ ਹਿੱਸਿਆਂ ਤੋਂ ਕੰਮ ਦੀ ਭਾਲ਼ ਵਿੱਚ ਦਹਾਕਿਆਂ ਪਹਿਲਾਂ ਸ਼ਹਿਰ ਆਏ ਅਤੇ ਇੱਥੇ ਹੀ ਵੱਸ ਗਏ।
ਯਾਰਪੁਰ ਅੰਬੇਦਕਰ ਨਗਰ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਸੈਨੇਟਰੀ ਨੈਪਕਿਨਾਂ ਦੀ ਵਰਤੋਂ ਕੀਤੀ ਹੈ ਪਰ ਮਹਾਂਮਾਰੀ ਕਾਰਨ ਰੋਜ਼ੀ-ਰੋਟੀ ਦੇ ਵਸੀਲਿਆਂ ਵਿੱਚ ਆਈ ਘਾਟ ਅਤੇ ਵੱਧਦੀ ਵਿੱਤੀ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਨੈਪਕਿਨ ਦੀ ਥਾਂ ਕੱਪੜੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਮੇਰੇ ਨਾਲ਼ ਗੱਲ ਕਰਨ ਲਈ ਮੰਦਰ ਦੇ ਵਿਹੜੇ ਵਿੱਚ ਇਕੱਠੀਆਂ ਹੋਈਆਂ ਬਹੁਤੇਰੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਨਤਕ ਪਖ਼ਾਨਿਆਂ ਤੱਕ ਪਹੁੰਚ ਤਾਂ ਬਣਦੀ ਹੈ ਪਰ ਇਨ੍ਹਾਂ ਦੀ ਹਾਲਤ ਖਸਤਾ ਹੈ, ਰੱਖਰਖਾਓ ਜਾਂ ਮੁਰੰਮਤ ਦੀ ਘਾਟ ਤੋਂ ਇਲਾਵਾ ਰਾਤ ਵੇਲ਼ੇ ਰੌਸ਼ਨੀ ਦਾ ਕੋਈ ਬੰਦੋਬਸਤ ਵੀ ਨਹੀਂ ਹੈ। ਇਹ ਪਖ਼ਾਨੇ ਤਾਂ ਪੂਰਾ ਦਿਨ ਤੇ ਰਾਤ ਖੁੱਲ੍ਹੇ ਰਹਿੰਦੇ ਹਨ ਪਰ ਰਾਤ ਦੇ ਹਨ੍ਹੇਰੇ ਵਿੱਚ ਇੱਥੋਂ ਦੀ ਲੰਘਣਾ ਇੱਕ ਡਰਾਉਣਾ ਤਜ਼ਰਬਾ ਹੁੰਦਾ ਹੈ।
''ਇਹ ਹਾਲ ਪਟੜੀਓਂ ਪਾਰ ਵਾਰਡ ਨੰ. 9 ਦਾ ਹੈ ਜਿੱਥੇ ਕੋਈ ਜਨਤਕ ਪਖ਼ਾਨਾ ਮੌਜੂਦ ਨਹੀਂ ਹੈ,'' 38 ਸਾਲਾ ਪ੍ਰਤਿਮਾ ਦੇਵੀ ਕਹਿੰਦੀ ਹਨ ਜੋ ਬਤੌਰ ਸਕੂਲ ਬੱਸ ਸਹਾਇਕ ਕੰਮ ਕਰਕੇ ਮਹੀਨੇ ਦਾ 3500 ਰੁਪਏ ਕਮਾਉਂਦੀ ਰਹੀ ਸਨ ਪਰ ਮਾਰਚ 2020 ਤੋਂ ਬੰਦ ਪਏ ਸਕੂਲਾਂ ਨੇ ਬੇੜਾ ਗਰਕ ਕਰ ਦਿੱਤਾ। ਉਦੋਂ ਤੋਂ ਉਨ੍ਹਾਂ ਕੋਲ਼ ਕੋਈ ਕੰਮ ਨਹੀਂ ਹੈ। ਉਨ੍ਹਾਂ ਦੇ ਪਤੀ ਨੂੰ, ਜੋ ਕਿਸੇ ਰੈਸਟੋਰੈਂਟ ਵਿੱਚ ਰਸੋਈਏ ਸਨ, 2020 ਵਿੱਚ ਕੰਮ ਤੋਂ ਹੱਥ ਧੋਣੇ ਪਏ।
ਦੋਵੇਂ ਪਤੀ ਪਤਨੀ ਹੁਣ ਯਾਰਪੁਰ ਜਾਣ ਵਾਲ਼ੀ ਸੜਕ ਕੰਢੇ ਸਮੋਸਿਆਂ ਅਤੇ ਖਾਣਪੀਣ ਦੀਆਂ ਹੋਰਨਾਂ ਚੀਜ਼ਾਂ ਦੀ ਰੇੜ੍ਹੀ ਲਾ ਕੇ ਹੋਣ ਵਾਲ਼ੀ ਕਮਾਈ 'ਤੇ ਗੁਜ਼ਰ ਬਸਰ ਕਰਦੇ ਰਹੇ ਹਨ। ਪ੍ਰਤਿਮਾ ਖਾਣਾ ਪਕਾਉਣ ਲਈ ਸਵੇਰੇ 4 ਵਜੇ ਉੱਠਦੀ ਹਨ, ਖਰੀਦਦਾਰੀ ਕਰਦੀ ਹਨ ਅਤੇ ਪੂਰੇ ਦਿਨ ਦੀ ਵਿਕਰੀ ਲਈ ਤਿਆਰੀ ਕਰਦੀ ਹਨ ਅਤੇ ਫਿਰ ਸਾਫ਼-ਸਫ਼ਾਈ ਕਰਕੇ ਪਰਿਵਾਰ ਲਈ ਦੂਸਰੇ ਡੰਗ ਦਾ ਭੋਜਨ ਤਿਆਰ ਕਰਦੀ ਹਨ। ਉਹ ਦੱਸਦੀ ਹਨ,''ਅਸੀਂ ਕੋਈ ਦਸ ਤੋਂ ਬਾਰ੍ਹਾਂ ਹਜ਼ਾਰ ਰੁਪਏ ਨਹੀਂ ਕਮਾਉਂਦੇ ਜਿਵੇਂ ਪਹਿਲਾਂ ਕਮਾਇਆ ਕਰਦੇ ਸਾਂ, ਇਸਲਈ ਸਾਨੂੰ ਬੜੀ ਕਿਫਾਇਤ ਵਰਤਣੀ ਪੈਂਦੀ ਹੈ।'' ਪ੍ਰਤਿਮਾ ਯਾਰਪੁਰ ਦੀਆਂ ਉਨ੍ਹਾਂ ਔਰਤਾਂ ਵਿੱਚੋਂ ਇੱਕ ਹਨ ਜੋ ਹੁਣ ਸੈਨਿਟਰੀ ਨੈਪਕਿਨ ਨਹੀਂ ਖ਼ਰੀਦ ਪਾ ਰਹੀਆਂ।
ਨੀਤੂ ਕਾਲਜ ਜਾਣ ਵਾਲ਼ੀ ਵਿਦਿਆਰਥਣ ਹਨ। ਉਨ੍ਹਾਂ ਦੇ ਪਿਤਾ, ਜੋ ਸ਼ਰਾਬ ਪੀਣ ਦੇ ਆਦੀ ਸਨ, ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੀ ਮਾਂ ਬਸਤੀ ਤੋਂ ਪੰਜ ਕਿਲੋਮੀਟਰ ਦੂਰ ਸਥਿਤ ਬੋਰਿੰਗ ਰੋਡ ਦੇ ਨੇਲ਼ੇ ਕੁਝ ਘਰਾਂ ਵਿੱਚ ਖਾਣਾ ਪਕਾਉਣ ਦਾ ਕੰਮ ਕਰਦੀ ਹਨ। ਇਸ ਤੋਂ ਇਲਾਵਾ, ਸਾਫ਼-ਸਫ਼ਾਈ ਦੇ ਛੋਟੇ-ਮੋਟੇ ਕੰਮਾਂ ਰਾਹੀਂ ਉਹ ਮਹੀਨੇ ਵਿੱਚ ਪੰਜ ਤੋਂ ਛੇ ਹਜ਼ਾਰ ਰੁਪਏ ਕਮਾ ਲੈਂਦੀ ਹਨ।
ਨੀਤੂ ਕਹਿੰਦੀ ਹਨ,''ਕਲੋਨੀ ਵਿੱਚ ਸਾਡੇ ਵਾਲ਼ੇ ਪਾਸੇ 8 ਤੋਂ 10 ਘਰ ਅਜਿਹੇ ਹਨ ਜਿਨ੍ਹਾਂ ਕੋਲ਼ ਆਪਣੇ ਨਿੱਜੀ ਪਖ਼ਾਨੇ ਹਨ, ਪਰ ਉਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਲੋਕ ਪਟੜੀਆਂ 'ਤੇ ਜਾਂ ਕਿਸੇ ਦੂਸਰੇ ਜਨਤਕ ਪਖ਼ਾਨਿਆਂ ਵਿੱਚ ਜਾਂਦੇ ਹਨ।'' ਇਨ੍ਹਾਂ 8-10 ਘਰਾਂ ਵਿੱਚੋਂ ਇੱਕ ਘਰ ਨੀਤੂ ਦੀ ਭੂਆ ਦਾ ਹੈ, ਪਰ ਉਨ੍ਹਾਂ ਪਖ਼ਾਨਿਆਂ ਵਿਚਲਾ ਮਲ਼ਮੂਤਰ ਆਰਜ਼ੀ ਖੂਹੀਆਂ ਵਿੱਚ ਜਾਂਦਾ ਹੈ ,ਕਹਿਣ ਦਾ ਭਾਵ ਉਨ੍ਹਾਂ ਦੀਆਂ ਨਾਲ਼ੀਆਂ ਕਿਸੇ ਸੀਵਰੇਜ ਨਾਲ਼ ਨਹੀਂ ਜੁੜੀਆਂ ਹੋਈਆਂ। ਉਹ ਅੱਗੇ ਕਹਿੰਦੀ ਹਨ,''ਸਿਰਫ਼ ਰਾਤ ਵੇਲ਼ੇ ਮੈਨੂੰ ਪਰੇਸ਼ਾਨੀ ਹੁੰਦੀ ਹੈ। ਪਰ ਹੁਣ ਮੈਨੂੰ ਇਹਦੀ ਆਦਤ ਜਿਹੀ ਹੋ ਗਈ ਹੈ।''
ਉਨ੍ਹਾਂ ਰਾਤਾਂ ਵਿੱਚ ਜਦੋਂ ਨੀਤੂ ਨੂੰ ਰੇਲ ਦੀਆਂ ਪਟੜੀਆਂ 'ਤੇ ਮਜ਼ਬੂਰਨ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਰੇਲ ਦੇ ਹਾਰਨ ਦੀ ਅਵਾਜ਼ ਅਤੇ ਉਹਦੇ ਆਉਣ ਤੋਂ ਪਹਿਲਾਂ ਪਟੜੀਆਂ 'ਤੇ ਹੋਣ ਵਾਲ਼ੇ ਕੰਪਨ ਪ੍ਰਤੀ ਸੁਚੇਤ ਰਹਿਣਾ ਪੈਂਦਾ ਹੈ। ਉਹ ਕਹਿੰਦੀ ਹਨ ਕਿ ਬੀਤੇ ਸਾਲਾਂ ਵਿੱਚ ਉਨ੍ਹਾਂ ਨੂੰ ਉੱਥੋਂ ਲੰਘਣ ਵਾਲ਼ੀਆਂ ਰੇਲਾਂ ਦੇ ਸਮੇਂ ਬਾਰੇ ਕੁਝ ਕੁਝ ਅੰਦਾਜ਼ਾ ਤਾਂ ਹੋ ਗਿਆ ਹੈ।
''ਇਹ ਸੁਰੱਖਿਅਤ ਨਹੀਂ ਹੈ ਅਤੇ ਕਾਸ਼ ਕਿ ਮੈਨੂੰ ਉੱਥੇ ਜਾਣਾ ਹੀ ਨਾ ਪਵੇ, ਪਰ ਦੂਸਰਾ ਕੋਈ ਰਾਹ ਵੀ ਤਾਂ ਨਹੀਂ? ਕਈ ਕੁੜੀਆਂ ਅਤੇ ਔਰਤਾਂ ਪਟੜੀਆਂ ਦੇ ਸਭ ਤੋਂ ਹਨ੍ਹੇਰੇ ਕੋਨੇ ਵਿੱਚ ਜਾ ਕੇ ਸੈਨਿਟਰੀ ਨੈਪਕਿਨ ਬਦਲਦੀਆਂ ਹਨ। ਕਦੇ-ਕਦਾਈਂ ਤਾਂ ਇੰਝ ਲੱਗਦਾ ਹੈ ਕਿ ਮਰਦ ਸਾਨੂੰ ਦੇਖ ਰਹੇ ਹੋਣ।'' ਉਹ ਅੱਗੇ ਕਹਿੰਦੀ ਹਨ ਕਿ ਹਮੇਸ਼ਾਂ ਸਫ਼ਾਈ ਕਰਨਾ ਵੀ ਸੰਭਵ ਨਹੀਂ ਹੋ ਪਾਉਂਦਾ ਪਰ ਜੇ ਘਰੇ ਕਾਫ਼ੀ ਪਾਣੀ ਹੁੰਦਾ ਹੈ ਤਾਂ ਉਹ ਆਪਣੇ ਨਾਲ਼ ਪਾਣੀ ਲੈ ਆਉਂਦੀ ਹਨ।
ਹਾਲਾਂਕਿ, ਉਹ ਕਿਸੇ ਦੁਆਰਾ ਘੂਰੇ ਜਾਣ ਦੇ ਖ਼ਦਸ਼ੇ ਬਾਰੇ ਦੱਸਦੀ ਹਨ ਪਰ ਨਾ ਤਾਂ ਨੀਤੂ ਅਤੇ ਨਾ ਹੀ ਦੂਸਰੀਆਂ ਜੁਆਨ ਔਰਤਾਂ/ਕੁੜੀਆਂ ਗ਼ੁਸਲ ਲਈ ਜਾਣ ਦੌਰਾਨ ਕਿਸੇ ਜਿਸਮਾਨੀ ਛੇੜਖਾਨੀ ਦੀ ਗੱਲ ਕਰਦੀਆਂ ਹਨ। ਕੀ ਉਹ ਜੰਗਲ-ਪਾਣੀ ਜਾਣ ਵੇਲ਼ੇ ਸੁਰੱਖਿਅਤ ਮਹਿਸੂਸ ਕਰਦੀ ਹਨ? ਨੀਤੂ ਵਾਂਗਰ, ਬਾਕੀ ਸਭ ਇਹੀ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਇਹਦੀ ਆਦਤ ਹੋ ਗਈ ਹੈ ਅਤੇ ਅਹਿਤਿਆਤ ਲਈ ਉਹ ਸਮੂਹ ਵਿੱਚ ਜਾਂ ਜੋੜਿਆਂ ਵਿੱਚ ਹੀ ਜਾਂਦੀਆਂ ਹਨ।
ਨੀਤੂ ਦੀ ਮਾਂ ਨੇ ਮਹਾਂਮਾਰੀ ਦੌਰਾਨ ਕੁਝ ਮਹੀਨਿਆਂ ਤੱਕ ਸੈਨਿਟਰੀ ਨੈਪਕਿਨ ਖਰੀਦਣਾ ਬੰਦ ਕਰ ਦਿੱਤਾ ਸੀ। ਨੀਤੂ ਦੱਸਦੀ ਹਨ,''ਮੈਂ ਉਨ੍ਹਾਂ ਨੂੰ ਇਨ੍ਹਾਂ ਦੀ ਜ਼ਰੂਰਤ ਬਾਰੇ ਦੱਸਿਆ। ਹੁਣ ਅਸੀਂ ਖਰੀਦਦੇ ਹਾਂ। ਕਦੇ-ਕਦਾਈਂ ਕੁਝ ਐੱਨਜੀਓ ਸਾਨੂੰ ਸੈਨਟਿਰੀ ਨੈਪਕਿਨ ਦੇ ਕੁਝ ਪੈਕਟ ਦੇ ਜਾਂਦੇ ਹਨ।'' ਪਰ, ਇਨ੍ਹਾਂ ਸੈਨਿਟਰੀ ਨੈਪਕਿਨ ਦਾ ਨਿਪਟਾਰਾ ਕਿੱਥੇ ਕਰੀਏ ਅਤੇ ਕਿਵੇਂ ਕਰੀਏ ਇਹ ਵੀ ਇੱਕ ਵੱਡੀ ਸਮੱਸਿਆ ਬਣੀ ਰਹਿੰਦੀ ਹੈ। ਉਹ ਅੱਗੇ ਦੱਸਦੀ ਹਨ,''ਕਾਫ਼ੀ ਕੁੜੀਆਂ ਉਨ੍ਹਾਂ ਜਨਤਕ ਪਖ਼ਾਨਿਆਂ ਜਾਂ ਰੇਲ ਪਟੜੀਆਂ 'ਤੇ ਹੀ ਛੱਡ ਆਉਂਦੀਆਂ ਹਨ, ਕਿਉਂਕਿ ਕਾਗ਼ਜ਼ ਵਿੱਚ ਵਲ੍ਹੇਟੇ ਇਸ ਪੈਕੇਟ ਨੂੰ ਫੜ੍ਹੀ ਕੂੜੇਦਾਨ ਤੱਕ ਤੁਰ ਕੇ ਜਾਣਾ ਉਨ੍ਹਾਂ ਨੂੰ ਅਜੀਬ ਲੱਗਦਾ ਹੈ।''
ਜੇ ਨੀਤੂ ਸਮਾਂ ਰਹਿੰਦਿਆਂ ਕੂੜੇ ਵਾਲ਼ੀ ਗੱਡੀ ਤੱਕ ਪਹੁੰਚ ਪਾਉਂਦੀ ਹੈ ਤਾਂ ਉਹ ਵਰਤਿਆ ਨੈਪਕਿਨ ਉਸੇ ਵਿੱਚ ਸੁੱਟ ਦਿੰਦੀ ਹਨ ਨਹੀਂ ਤਾਂ ਉਹ ਅੰਬੇਦਕਰ ਨਗਰ ਬਸਤੀ ਦੇ ਦੂਸਰੇ ਸਿਰੇ 'ਤੇ ਰੱਖੇ ਗਏ ਕੂੜੇਦਾਨ ਤੱਕ ਪੈਦਲ ਜਾਂਦੀ ਹਨ। ਜੇ ਉਨ੍ਹਾਂ ਕੋਲ਼ ਤੁਰ ਕੇ ਜਾਣ ਦੇ 10 ਮਿੰਟ ਵੀ ਨਹੀਂ ਹੁੰਦੇ ਤਾਂ ਉਹ ਪਟੜੀਆਂ 'ਤੇ ਹੀ ਸੁੱਟ ਕੇ ਮੁੜ ਆਉਂਦੀ ਹਨ।
ਯਾਰਪੁਰ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਦੱਖਣ-ਮੱਧ ਪਟਨਾ ਵਿੱਚ ਸਥਿਤ ਹਜ ਭਵਨ ਦੇ ਪਿੱਛੇ ਸਗੱਦੀ ਮਸਜਿਦ ਰੋਡ ਨਾਲ਼ ਕਈ ਅੱਧ- ਪੱਕੇ ਮਕਾਨਾਂ ਦੀ ਲੰਬੀ ਕਤਾਰ ਜੁੜੀ ਹੋਈ ਹੈ, ਜੋ ਇੱਕ ਖੁੱਲ੍ਹੇ ਨਾਲ਼ੇ (ਰੋਹੀ) ਦੇ ਦੋਵੀਂ ਪਾਸੀਂ ਬਣੇ ਹੋਏ ਹਨ। ਇੱਥੇ ਰਹਿਣ ਵਾਲ਼ੇ ਨਿਵਾਸੀ ਵੀ ਪ੍ਰਵਾਸੀ ਹਨ ਜੋ ਲੰਬੇ ਸਮੇਂ ਤੋਂ ਇਸ ਸ਼ਹਿਰ ਵਿੱਚ ਰਹਿੰਦੇ ਆਏ ਹਨ। ਇਨ੍ਹਾਂ ਵਿੱਚੋਂ ਕਈ ਲੋਕ ਛੁੱਟੀਆਂ ਵਿੱਚ ਵਿਆਹਾਂ ਜਾਂ ਹੋਰ ਸਮਾਰੋਹਾਂ ਵਿੱਚ ਬੇਗੂਸਰਾਏ, ਭਾਗਲਪੁਰ ਜਾਂ ਖਗੜੀਆ ਵਿਖੇ ਰਹਿੰਦੇ ਆਪਣੇ ਪਰਿਵਾਰਾਂ ਦੇ ਕੋਲ਼ ਚਲੇ ਜਾਂਦੇ ਹਨ।
18 ਸਾਲਾ ਪੁਸ਼ਪਾ ਕੁਮਾਰੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜੋ ਨਾਲ਼ੇ ਦੇ ਕੰਢੇ ਦੇ ਹੇਠਲੇ ਪਾਸੇ ਰਹਿੰਦੇ ਹਨ। ਉਹ ਕਹਿੰਦੀ ਹਨ,'' ਯਹਾਂ ਤੱਕ ਪਾਨੀ ਭਰ ਜਾਤਾ ਹੈ ,'' ਉਹ ਚੂਲ੍ਹੇ 'ਤੇ ਹੱਥ ਰੱਖ ਕੇ ਪਾਣੀ ਦੇ ਪੱਧਰ ਬਾਰੇ ਅੰਦਾਜ਼ਾ ਲਾਉਂਦੀ ਕਹਿੰਦੀ ਹਨ। ਜ਼ਿਆਦਾ ਮੀਂਹ ਪੈਣ ਦੀ ਹਾਲਤ ਬਾਰੇ ਉਹ ਕਹਿੰਦੀ ਹਨ,''ਨਾਲ਼ੇ ਵਿਚਲੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਪਾਣੀ ਉਨ੍ਹਾਂ ਦੇ ਘਰਾਂ ਅਤੇ ਪਖ਼ਾਨਿਆਂ ਵਿੱਚ ਭਰ ਜਾਂਦਾ ਹੈ।''
ਕਰੀਬ 250 ਘਰਾਂ ਵਿੱਚੋਂ ਬਹੁਤੇਰੇ ਘਰਾਂ ਦੇ ਬਾਹਰ ਗੁਸਲਖਾਨਾ ਬਣਿਆ ਹੋਇਆ ਹੈ, ਜੋ ਨਾਲ਼ੇ ਦੇ ਕੰਢਿਆਂ 'ਤੇ ਰਹਿੰਦੇ ਪਰਿਵਾਰਾਂ ਦੁਆਰਾ ਬਣਾਏ ਗਏ ਹਨ। ਪਖ਼ਾਨਿਆਂ ਵਿੱਚੋਂ ਨਿਕਲ਼ੀ ਗੰਦਗੀ 2 ਮੀਟਰ ਚੌੜੀ ਖੁੱਲ੍ਹੀ ਨਾਲ਼ੇ ਵਿੱਚ ਡਿੱਗਦੀ ਹੈ ਅਤੇ ਮੁਸ਼ਕ ਮਾਰਦੀ ਹੈ।
21 ਸਾਲਾ ਸੋਨੀ ਕੁਮਾਰੀ, ਜੋ ਇੱਥੋਂ ਕੁਝ ਘਰ ਦੂਰ ਹੀ ਰਹਿੰਦੀ ਹਨ, ਦੱਸਦੀ ਹਨ ਕਿ ਮਾਨਸੂਨ ਦੇ ਮਹੀਨਿਆਂ ਵਿੱਚ ਕਦੇ-ਕਦਾਈਂ ਪਖ਼ਾਨੇ ਵਿੱਚ ਭਰੇ ਮੀਂਹ ਦੇ ਪਾਣੀ ਨੂੰ ਲੱਥਦੇ-ਲੱਥਦੇ ਪੂਰਾ ਪੂਰਾ ਦਿਨ ਲੰਘ ਜਾਂਦਾ ਹੈ ਅਤੇ ਫਿਰ ਕਿਤੇ ਜਾ ਕੇ ਉਹ ਪਖ਼ਾਨੇ ਅੰਦਰ ਦਾਖ਼ਲ ਹੋ ਪਾਉਂਦੀ ਹਨ, ਉਡੀਕ ਕਰਨ ਤੋਂ ਇਲਾਵਾ ਉਨ੍ਹਾਂ ਕੋਲ਼ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ।
ਉਨ੍ਹਾਂ ਦੇ ਪਿਤਾ, ਜੋ ਖਗੜੀਆ ਜ਼ਿਲ੍ਹੇ ਦੇ ਇੱਕ ਬੇਜ਼ਮੀਨੇ ਪਰਿਵਾਰ ਵਿੱਚੋਂ ਆਉਂਦੇ ਹਨ, ਪਟਨਾ ਨਗਰ ਨਿਗਮ ਦੇ ਨਾਲ਼ ਠੇਕੇ 'ਤੇ ਕੰਮ ਕਰਨ ਵਾਲ਼ੇ ਇੱਕ ਸਫ਼ਾਈ ਕਰਮੀ ਹਨ। ਉਹ ਕੂੜੇ ਵਾਲ਼ੀ ਗੱਡੀ ਚਲਾਉਂਦੇ ਹਨ ਅਤੇ ਇੱਕ ਵੱਡੇ ਸਾਰੇ ਕੂੜੇਦਾਨ ਦੇ ਨਾਲ਼ ਕੂੜਾ ਇਕੱਠਾ ਕਰਨ ਲਈ ਗਲ਼ੀਓ ਗਲ਼ੀਏ ਜਾਂਦੇ ਹਨ। ਸੋਨੀ ਦੱਸਦੀ ਹਨ,''ਉਨ੍ਹਾਂ ਨੇ ਪੂਰੀ ਤਾਲਾਬੰਦੀ ਦੌਰਾਨ ਵੀ ਕੰਮ ਕੀਤਾ ਹੈ। ਉਨ੍ਹਾਂ (ਉਨ੍ਹਾਂ ਦੀ ਟੀਮ ਨੂੰ) ਮਾਸਕ ਅਤੇ ਸੈਨੀਟਾਈਜ਼ਰ ਦੇ ਕੇ ਕੰਮ 'ਤੇ ਜਾਣ ਲਈ ਕਿਹਾ ਗਿਆ।'' ਸੋਨੀ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਹਨ। ਉਨ੍ਹਾਂ ਦੀ ਮਾਂ ਨੇੜਲੇ ਇੱਕ ਘਰ ਵਿੱਚ ਬਤੌਰ ਨੈਨੀ ਕੰਮ ਕਰਦੀ ਹਨ। ਉਨ੍ਹਾਂ ਮਹੀਨੇਵਾਰ ਤਨਖ਼ਾਹ ਕਰੀਬ 12,000 ਰੁਪਏ ਹਨ।
ਖੁੱਲ੍ਹੇ ਨਾਲ਼ੇ ਦੇ ਨਾਲ਼ ਲੱਗਦੀ ਕਲੋਨੀ ਵਿੱਚ ਹਰ ਪਖ਼ਾਨਾ ਕਿਸੇ ਨਾ ਕਿਸੇ ਦੇ ਘਰ ਦੇ ਸਾਹਮਣੇ ਹੀ ਬਣਿਆ ਹੋਇਆ ਹੈ, ਜਿਹਦਾ ਇਸਤੇਮਾਲ ਸਿਰਫ਼ ਘਰ ਦੇ ਮੈਂਬਰਾਂ ਦੁਆਰਾ ਹੀ ਕੀਤਾ ਜਾਂਦਾ ਹੈ। ਪੁਸ਼ਪਾ ਕਹਿੰਦੀ ਹਨ,''ਸਾਡਾ ਗੁ਼ਸਲਖਾਨਾ ਖ਼ਸਤਾ ਹਾਲਤ ਵਿੱਚ ਹੈ, ਇੱਕ ਦਿਨ ਤਾਂ ਸਲੈਬ ਨਾਲ਼ੇ ਵਿੱਚ ਡਿੱਗ ਗਈ।'' ਪੁਸ਼ਪਾ ਦੀ ਮਾਂ ਇੱਕ ਗ੍ਰਹਿਣੀ ਹਨ ਅਤੇ ਪਿਤਾ ਇੱਕ ਰਾਜਮਿਸਤਰੀ ਹਨ ਜਿਨ੍ਹਾਂ ਨੇ ਨਿਰਮਾਣ-ਸਥਲਾਂ 'ਤੇ ਬਤੌਰ ਮਿਸਤਰੀ ਅਤੇ ਮਜ਼ਦੂਰ ਕੰਮ ਕਰਦੇ ਰਹੇ ਹਨ, ਪਰ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਵੀ ਕੋਈ ਕੰਮ ਨਹੀਂ ਮਿਲ਼ਿਆ।
ਇਹ ਗ਼ੁਸਲਖਾਨੇ ਦਰਅਸਲ ਬੇਹੱਦ ਛੋਟੇ ਵਰਗਾਕਾਰ ਬੁਕਸੇਨੁਮਾ ਹੀ ਹਨ, ਜੋ ਇਸਬੇਸਟਿਸ ਜਾਂ ਟੀਨ ਦੀਆਂ ਸ਼ੀਟਾਂ ਨਾਲ਼ ਬਣਾਏ ਗਏ ਹਨ ਅਤੇ ਬਾਂਸ ਦੇ ਖੰਭਿਆਂ ਸਹਾਰੇ ਖੜ੍ਹੇ ਹਨ ਅਤੇ ਰਾਜਨੀਤਕ ਪਾਰਟੀਆਂ ਦੁਆਰਾ ਸੁੱਟੇ ਗਏ ਬੈਨਰਾਂ, ਲੱਕੜੀ ਅਤੇ ਇੱਟਾਂ ਜਿਹੀਆਂ ਚੀਜ਼ਾਂ ਨਾਲ਼ ਬਣੇ ਹੋਏ ਹਨ। ਇਨ੍ਹਾਂ ਦੇ ਅੰਦਰ ਮਲ਼-ਮੂਤਰ ਕਰਨ ਵਾਸਤੇ ਪੈਰਾਂ ਭਾਰ ਬੈਠਣ ਅਤੇ ਮਲ਼-ਮੂਤਰ ਜਾਣ ਲਈ ਸਿਰੇਮਿਕ ਦਾ ਵੱਡਾ ਸਾਰਾ ਬਾਟਾ ਬਣਿਆ ਹੋਇਆ ਹੈ- ਇਨ੍ਹਾਂ ਵਿੱਚੋਂ ਕਈ ਟੁੱਟੇ ਭੱਜੇ, ਦਾਗ਼ਾਂ ਨਾਲ਼ ਭਰੇ ਹੋਏ ਹਨ, ਇਹ ਪਖ਼ਾਨੇ ਥੋੜ੍ਹੇ ਉੱਚੇ ਬਣੇ ਹੋਏ ਹਨ ਅਤੇ ਬਗ਼ੈਰ ਬੂਹੇ ਤੋਂ ਹੀ ਚੱਲ ਰਹੇ ਹਨ। ਬੱਸ ਪੁਰਾਣੇ ਕੱਪੜੇ ਟੰਗ ਕੇ ਨਿੱਜਤਾ ਦਾ ਨਾਮ ਬਚਾਇਆ ਜਾਂਦਾ ਹੈ।
ਬਸਤੀ ਦੇ ਕੁਝ ਸ਼ੁਰੂਆਤੀ ਘਰਾਂ ਤੋਂ ਕੁਝ ਮੀਟਰ ਕੁ ਦੀ ਦੂਰੀ 'ਤੇ ਯਾਨਿ ਸਗੱਦੀ ਮਸਜਿਦ ਰੋਡ ਦੇ ਲਗਭਗ ਅਖ਼ੀਰ ਵਿੱਚ, ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇਸ ਇਮਾਰਤ ਦੇ ਬਾਹਰ ਦੋ ਗ਼ੁਸਲਖ਼ਾਨੇ ਹਨ, ਜਿਨ੍ਹਾਂ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਭਾਵ ਮਾਰਚ 2020 ਤੋਂ ਹੀ ਤਾਲਾ ਜੜ੍ਹਿਆ ਹੋਇਆ ਹੈ।
ਕਲੋਨੀ ਵਿੱਚ ਰਹਿਣ ਵਾਲ਼ੇ ਲੋਕ ਨੇੜਲੀ ਜਨਤਕ ਟੂਟੀ ਵਿੱਚੋਂ ਪਾਣੀ ਲਿਆਉਂਦੇ ਹਨ ਅਤੇ ਇਹੀ ਉਨ੍ਹਾਂ ਦੇ ਨਹਾਉਣ ਦੀ ਥਾਂ ਵੀ ਹੈ। ਕੁਝ ਔਰਤਾਂ ਆਪਣੇ ਘਰਾਂ ਦੇ ਮਗਰ ਪਰਦੇ ਦੀ ਆੜ ਵਿੱਚ ਅਤੇ ਕੋਨਿਆਂ ਵਿੱਚ ਥੋੜ੍ਹੀ ਬਹੁਤ ਨਿੱਜਤਾ ਕਰਕੇ ਨਹਾਉਂਦੀਆਂ ਹਨ। ਕਾਫ਼ੀ ਸਾਰੀਆਂ ਕੁੜੀਆਂ ਅਤੇ ਜੁਆਨ ਔਰਤਾਂ ਆਪਣੇ ਘਰ ਦੇ ਬਾਹਰ ਬੂਹੇ ਜਾਂ ਜਨਤਕ ਟੂਟੀਆਂ ਦੇ ਕੋਲ਼ ਝੁੰਡ ਬਣਾ ਕੇ ਕੱਪੜਿਆਂ ਸਣੇ ਨਹਾਉਂਦੀਆਂ ਹਨ।
''ਸਾਡੇ ਵਿੱਚ ਕੁਝ ਔਰਤਾਂ ਅਤੇ ਕੁੜੀਆਂ ਆਪਣੇ ਘਰ ਦੇ ਮਗਰ ਕੋਨਿਆਂ ਵਿੱਚ ਪਾਣੀ ਲੈ ਕੇ ਵੀ ਨਹਾਉਣ ਜਾਂਦੀਆਂ ਹਨ। ਉੱਥੇ ਥੋੜ੍ਹੀ ਨਿੱਜਤਾ ਹੁੰਦੀ ਹੈ,'' ਸੋਨੀ ਕਹਿੰਦੀ ਹਨ।
ਪੁਸ਼ਪਾ ਨਹਾਉਣ ਨੂੰ ਲੈ ਕੇ ਕਹਿੰਦੀ ਹਨ,''ਐਡਜੈਸਟ ਕਰ ਲੇਤੇ ਹੈਂ , ਪਰ ਪਖ਼ਾਨੇ ਤੱਕ ਜਾਣ ਲਈ ਪਾਣੀ ਚੁੱਕ ਕੇ ਪੈਦਲ ਤੁਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ,'' ਹੱਸਦਿਆਂ ਉਹ ਕਹਿੰਦੀ ਹਨ,''ਸਭ ਜਾਣਦੇ ਹੁੰਦੇ ਹਨ ਕਿ ਕੌਣ ਕੀ ਕਰਨ ਜਾ ਰਿਹਾ ਹੈ।''
ਇਸ ਤੋਂ ਇਲਾਵਾ, ਪਾਣੀ ਦੇ ਦੂਸਰੇ ਸ੍ਰੋਤਾਂ ਦੇ ਨਾਮ 'ਤੇ ਕੁਝ ਚਾਪਾਕਲ ਜਾਂ ਨਲ਼ਕੇ ਹੀ ਹਨ, ਜੋ ਬਸਤੀ ਵਿੱਚ ਵੱਖ-ਵੱਖ ਥਾਵਾਂ 'ਤੇ ਲੱਗੇ ਹੋਏ ਹਨ। ਉਹੀ ਪਾਣੀ (ਨਲ਼ਕੇ ਅਤੇ ਜਨਤਕ ਟੂਟੀਆਂ ਰਾਹੀਂ) ਸਾਰੇ ਘਰਾਂ ਵਿੱਚ ਖਾਣਾ ਪਕਾਉਣ ਅਤੇ ਪੀਣ ਦੇ ਕੰਮ ਆਉਂਦਾ ਹੈ। ਐੱਨਜੀਓ ਦੇ ਵਲੰਟੀਅਰ ਅਤੇ ਸਕੂਲੀ ਅਧਿਆਪਕ ਆਉਂਦੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਸਾਫ਼ ਪੀਣ ਵਾਲ਼ੇ ਪਾਣੀ ਦੀ ਸਲਾਹ ਦਿੰਦੇ ਹਨ ਪਰ ਕੁੜੀਆਂ ਦੱਸਦੀਆਂ ਹਨ ਕਿ ਕੋਈ ਵੀ ਇੱਥੇ ਪਾਣੀ ਉਬਾਲ਼ਦਾ ਹੀ ਨਹੀਂ ਹੈ।
ਜ਼ਿਆਦਾਤਰ ਕੁੜੀਆਂ ਸੈਨਿਟਰੀ ਨੈਪਕਿਨ ਵਰਤਦੀਆਂ ਹਨ ਅਤੇ ਵਿਰਲੀਆਂ ਹੀ ਹਨ ਜੋ ਕੱਪੜੇ ਦਾ ਇਸਤੇਮਾਲ ਕਰਦੀਆਂ ਹਨ। ਹਾਲਾਂਕਿ, ਤਾਲਾਬੰਦੀ ਦੌਰਾਨ ਦੁਕਾਨ ਤੋਂ ਨੈਪਕਿਨ ਖਰੀਦਣ ਲਈ ਉਨ੍ਹਾਂ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਕੁੜੀਆਂ ਦੱਸਦੀਆਂ ਹਨ ਕਿ ਉਨ੍ਹਾਂ ਦੀਆਂ ਮਾਵਾਂ ਹੀ ਉਨ੍ਹਾਂ ਲਈ ਪੈਡ ਖਰੀਦ ਲਿਆਉਂਦੀਆਂ ਹਨ ਪਰ ਵੱਡੀ ਉਮਰ ਦੀਆਂ ਔਰਤਾਂ ਖ਼ੁਦ ਕੱਪੜੇ ਦਾ ਹੀ ਇਸਤੇਮਾਲ ਕਰਦੀਆਂ ਹਨ।
ਅਕਸਰ, ਇਸਤੇਮਾਲ ਕੀਤੇ ਹੋਏ ਸੈਨਿਟਰੀ ਨੈਪਕਿਨ ਖੁੱਲ੍ਹੀ ਨਾਲ਼ੀ ਵਿੱਚ ਸੁੱਟ ਦਿੱਤੇ ਜਾਂਦੇ ਹਨ, ਜਿੱਥੇ ਉਹ ਕੁਝ ਦਿਨਾਂ ਜਾਂ ਹਫ਼ਤਿਆਂ ਬਾਅਦ ਕਾਗ਼ਜ਼ ਜਾਂ ਲਿਫ਼ਾਫੇ ਵਿੱਚੋਂ ਨਿਕਲ਼ ਕੇ ਬਾਹਰ ਤੈਰਨ ਲੱਗਦੇ ਹਨ। ਸੋਨੀ ਦੱਸਦੀ ਹਨ,''ਸਾਨੂੰ (ਐੱਨਜੀਓ ਵਲੰਟੀਅਰਾਂ ਦੁਆਰਾ) ਦੱਸਿਆ ਗਿਆ ਸੀ ਕਿ ਪੈਡ ਨੂੰ ਚੰਗੀ ਤਰ੍ਹਾਂ ਵਲ੍ਹੇਟ ਕੇ ਨਗਰ ਨਿਗਮ ਦੀ ਕੂੜਾ-ਗੱਡੀ ਵਿੱਚ ਸੁੱਟਣਾ ਹੈ, ਪਰ ਕਦੇ-ਕਦਾਈਂ ਇੱਕ ਕਾਗ਼ਜ਼ ਵਿੱਚ ਵਲ੍ਹੇਟੇ ਪੈਡ ਨੂੰ ਚੁੱਕ ਕੇ ਤੁਰਨਾ ਅਤੇ ਕੂੜੇਦਾਨ ਤੱਕ ਪਹੁੰਚਣਾ ਬੜਾ ਨਮੋਸ਼ੀ ਭਰਿਆ ਕੰਮ ਹੋ ਨਿਬੜਦਾ ਹੈ, ਖ਼ਾਸ ਕਰ ਜਦੋਂ ਸਾਰੇ ਮਰਦ ਤੁਹਾਨੂੰ ਘੂਰ ਰਹੇ ਹੋਣ।''
ਸਮੂਹ ਦੀਆਂ ਸਾਰੀਆਂ ਕੁੜੀਆਂ ਦੰਦ ਕੱਢ ਕੇ ਹੱਸਣ ਲੱਗਦੀਆਂ ਹਨ ਅਤੇ ਇਹੋ ਜਿਹੇ ਕਈ ਵੰਨ-ਸੁਵੰਨੇ ਕਿੱਸੇ ਘੜ੍ਹਨ ਲੱਗਦੀਆਂ ਹਨ- ਜੋ ਮੇਰੇ ਗੱਲ ਕਰਨ ਵਾਸਤੇ ਨੇੜਲੇ ਕਮਿਊਨਿਟੀ ਹਾਲ ਵਿੱਚ ਇਕੱਠੀਆਂ ਹੋਈਆਂ ਹਨ। ਪੁਸ਼ਪਾ ਸਾਰਿਆਂ ਤੋਂ ਪੁੱਛਦੀ ਹਨ,''ਚੇਤੇ ਹੈ ਪਿਛਲੇ ਮਾਨਸੂਨ ਦੌਰਾਨ ਅਸੀਂ ਪੂਰਾ ਦਿਨ ਕੁਝ ਨਹੀਂ ਖਾਧਾ ਸੀ ਤਾਂਕਿ ਸਾਨੂੰ ਗ਼ੁਸਲ ਨਾ ਜਾਣਾ ਪਵੇ?''
ਸੋਨੀ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਕਰਨਾ ਲੋਚਦੀ ਹਨ। ਉਹ ਕਹਿੰਦੀ ਹਨ,''ਇੰਝ ਇਸਲਈ, ਤਾਂਕਿ ਮੇਰੇ ਮਾਤਾ-ਪਿਤਾ ਨੂੰ ਉਹ ਕੰਮ ਨਾ ਕਰਨਾ ਪਵੇ ਜੋ ਕੰਮ ਉਹ ਅਜੇ ਤੱਕ ਕਰਦੇ ਹਨ।'' ਉਹ ਅੱਗੇ ਕਹਿੰਦੀ ਹਨ ਕਿ ਉਹ ਲੋਕ ਸਿੱਖਿਆ, ਥੋੜ੍ਹੀ ਬਹੁਤ ਸਿਹਤ ਸੇਵਾ ਅਤੇ ਹੋਰ ਸੁਵਿਧਾਵਾਂ ਤੱਕ ਪਹੁੰਚ ਰੱਖਦੇ ਹਨ ਪਰ ਸਵੱਛਤਾ ਦੀ ਸਮੱਸਿਆ ਉਨ੍ਹਾਂ ਲਈ ਲਗਾਤਾਰ ਬਣੀ ਰਹਿਣ ਵਾਲ਼ੀ ਸਮੱਸਿਆ ਵਾਂਗ ਹੈ: ''ਬਸਤੀ ਵਿੱਚ ਪਖ਼ਾਨਾ, ਕੁੜੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ।''
ਰਿਪੋਰਟਰ ਦੀ ਟਿੱਪਣੀ : ਮੈਂ ਦੀਕਸ਼ਾ ਫਾਊਂਡੇਸ਼ਨ ਨੂੰ ਇਸ ਲੇਖ ਵਿੱਚ ਮਦਦ ਕਰਨ ਅਤੇ ਉਨ੍ਹਾਂ ਦੇ ਸਹਿਯੋਗ ਲਈ ਸ਼ੁਕਰੀਆ ਅਦਾ ਕਰਦੀ ਹਾਂ। ਫਾਊਂਡੇਸ਼ਨ (ਯੂਐੱਨਐੱਫਪੀਏ ਅਤੇ ਪਟਨਾ ਮਿਊਂਸੀਪਲ ਕਾਰਪੋਰੇਸ਼ਨ ਦੇ ਨਾਲ਼) ਪਟਨਾ ਸ਼ਹਿਰ ਦੀਆਂ ਝੁੱਗੀਆਂ ਬਸਤੀਆਂ ਵਿੱਚ ਰਹਿਣ ਵਾਲੀਆਂ ਔਰਤਾਂ ਅਤੇ ਬੱਚਿਆਂ ਦਰਮਿਆਨ ਸਵੱਛਤਾ ਅਤੇ ਹੋਰਨਾਂ ਮੁੱਦਿਆਂ ' ਤੇ ਕੰਮ ਕਰਦੀ ਹੈ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ