“ਲੜਕੇ ਡੋਲੂ ਕੁਨਿਤਾ ਵਿੱਚ ਓਨੇ ਮਾਹਰ ਨਹੀਂ ਹਨ। ਅਸੀਂ ਉਨ੍ਹਾਂ ਨਾਲ਼ੋਂ ਵੱਧ ਬਿਹਤਰ ਹਾਂ,” 15 ਸਾਲਾ ਲਕਸ਼ਮੀ ਨੇ ਸਪੱਸ਼ਟਤਾ ਨਾਲ਼ ਕਿਹਾ।

ਉਨ੍ਹਾਂ ਦੀ ਮੁਹਾਰਤ ਝਲਕ ਵੀ ਰਹੀ ਹੈ। ਪਤਲੀਆਂ-ਕਮਜ਼ੋਰ ਜਿਹੀਆਂ ਜਾਪਦੀਆਂ ਇਨ੍ਹਾਂ ਕੁੜੀਆਂ ਨੇ ਆਪਣੇ ਲੱਕ ਦੁਆਲ਼ੇ ਭਾਰਾ ਢੋਲ਼ ਬੰਨ੍ਹਿਆ ਹੋਇਆ ਹੈ ਅਤੇ ਬੜੀ ਮੁਹਾਰਤ ਦੇ ਨਾਲ਼ ਗੋਲ਼-ਗੋਲ਼ ਘੁੰਮਦੀਆਂ ਹੋਈਆਂ ਨੱਚ ਰਹੀਆਂ ਹਨ, ਫੁਰਤੀ ਦੇ ਨਾਲ਼ ਕਲਾਬਾਜ਼ੀ ਦਿਖਾਉਂਦੀਆਂ ਹਨ। ਨਾਚ ਦੇ ਪੂਰੇ ਸਮੇਂ ਸ਼ਾਨਦਾਰ ਲੈਅ ਅਤੇ ਤਾਲ ਨਾਲ਼ ਇੱਕ ਜੁੜਾਅ ਨਜ਼ਰ ਆਉਂਦਾ ਹੈ।

ਇਹ ਸਾਰੀਆਂ ਅੱਲ੍ਹੜ ਜਿਹੀਆਂ ਕੁੜੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਜਾਪਣ ਵਾਲ਼ੀ ਕੁੜੀ ਵੀ ਅਜੇ ਬਾਲਗ਼ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਹੈ ਕਿ ਢੋਲ ਅਤੇ ਨਾਚ ਦੀ ਜਿਹੜੀ ਸ਼ੈਲੀ ਲਈ ਸਭ ਤੋਂ ਵੱਧ ਸਰੀਰਕ ਬਲ ਦੀ ਲੋੜ ਪੈਂਦੀ ਹੈ, ਇੰਨੀ ਛੋਟੀ ਉਮਰੇ ਵੀ ਇੰਨੀ ਊਰਜਾ ਤੇ ਬੜੀਆਂ ਸੁਰਖਰੂ ਹੋ ਕੇ ਪੇਸ਼ਕਾਰੀ ਕਰ ਰਹੀਆਂ ਹਨ। ਡੋਲੂ ਕੁਨਿਤਾ ਕਰਨਾਟਕ ਦਾ ਇੱਕ ਹਰਮਨ-ਪਿਆਰਾ ਨਾਚ ਹੈ। ਕੰਨੜ ਭਾਸ਼ਾ ਵਿੱਚ ‘ਡੋਲੂ’ ਢੋਲ ਨੂੰ ਹੀ ਕਹਿੰਦੇ ਹਨ, ਜਦੋਂਕਿ ‘ਕੁਨਿਤਾ’ ਦਾ ਮਤਲਬ ਹੁੰਦਾ ਹੈ ਨਾਚ। ਇਹਨੂੰ ‘ਗੰਡੂ ਕਾਲੇ’ ਵੀ ਕਿਹਾ ਜਾਂਦਾ ਹੈ, ਜਿਹਦਾ ਅਰਥ ਹੈ “ਪੁਰਖ਼ਾਂ ਦਾ ਹੁਨਰ” ਜਾਂ “ਪੁਰਖ਼ਾਂ ਦੀ ਕਲਾ”। ਬਲਵਾਨ ਪੁਰਖ਼ 10 ਕਿਲੋਗ੍ਰਾਮ ਭਾਰੇ ਇਸ ਢੋਲ਼ ਨੂੰ ਆਪਣੇ ਲੱਕ ਦੁਆਲ਼ੇ ਬੰਨ੍ਹ ਲੈਂਦੇ ਹਨ ਅਤੇ ਬੜੀ ਫ਼ੁਰਤੀ ਨਾਲ਼ ਇਹਨੂੰ ਵਜਾਉਂਦੇ ਹੋਏ ਨੱਚਦੇ ਹਨ। ਰਵਾਇਤੀ ਸੋਚ ਤਾਂ ਇਹੀ ਕਹਿੰਦੀ ਹੈ ਕਿ ਇਸ ਨਾਚ ਨੂੰ ਕਰਨ ਲਈ ਪੁਰਖ਼ਾਂ ਦਾ ਸ਼ਕਤੀਸ਼ਾਲੀ ਅਤੇ ਤਾਕਤਵਰ ਹੋਣਾ ਜ਼ਰੂਰੀ ਹੈ।

ਖ਼ੈਰ, ਇਹੀ ਵੀ ਉਦੋਂ ਤੀਕਰ ਚੱਲਦਾ ਰਿਹਾ ਜਦੋਂ ਤੱਕ ਕਿ ਕੁਝ ਔਰਤਾਂ ਨੇ  ਇਸ ਪਰੰਪਰਾ ਨੂੰ ਤੋੜਨਾ ਸ਼ੁਰੂ ਨਹੀਂ ਕਰ ਦਿੱਤਾ। ਇੱਥੇ ਹੀ ਹੇਸਰਘਟਾ ਵਿਖੇ, ਜੋ ਸ਼ਹਿਰ ਦੇ ਕੇਂਦਰ ਤੋਂ 30 ਕਿਲੋਮੀਟਰ ਦੂਰ, ਬੰਗਲੁਰੂ ਦੇ ਕੰਢਿਆਂ ‘ਤੇ ਝੋਨੇ ਦੇ ਖੇਤਾਂ ਅਤੇ ਚੁਫੇਰਿਓਂ ਗੈਂਗਲੀ ਨਾਰੀਅਲ ਦੇ ਰੁੱਖਾਂ ਨਾਲ਼ ਵਲ਼ੀ ਇੱਕ ਥਾਂ ਹੈ। ਇਸੇ ਹਰਿਆਲੀ ਦੇ ਐਨ ਵਿਚਕਾਰ ਮੌਜੂਦ ਹੈ ਕੁੜੀਆਂ ਦਾ ਉਹ ਦਲ ਜੋ ਸੱਭਿਆਚਾਰਕ ਆਦਰਸ਼ ਨੂੰ ਬਦਲਣ ਵਿੱਚ ਲੱਗਿਆ ਹੋਇਆ ਹੈ। ਇਹ ਕੁੜੀਆਂ ਸ਼ਾਇਦ ਇਸੇ ਸੋਚ ਨੂੰ ਚੁਣੌਤੀ ਦੇ ਰਹੀਆਂ ਹਨ ਕਿ ‘ਡੋਲੂ ਕੁਨਿਤਾ’ ਔਰਤਾਂ ਲਈ ਨਹੀਂ ਬਣਿਆ। ਉਨ੍ਹਾਂ ਨੇ ਪੁਰਾਣੀਆਂ ਮਾਨਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਭਾਰੀ ਢੋਲ਼ ਨੂੰ ਗਲ਼ੇ ਲਾਇਆ।

ਵੀਡਿਓ ਦੇਖੋ: ਪੂਰੇ ਦੱਖਣ ਭਾਰਤ ਤੋਂ ਆਉਣ ਵਾਲ਼ੀਆਂ ਇਹ ਕੁੜੀਆਂ ਜਿਨ੍ਹਾਂ ਨੂੰ ਇੱਕ ਸੰਗਠਨ ਨੇ ਸੜਕਾਂ ‘ਤੇ ਬਿਤਾਏ ਜਾ ਰਹੇ ਜੀਵਨ ‘ਚੋਂ ਬਾਹਰ ਨਿਕਲ਼ਣ ਵਿੱਚ ਮਦਦ ਕੀਤੀ ਹੈ, ਢੋਲ਼ ਦੇ ਨਾਲ਼ ਡੋਲੂ ਕੁਨਿਤਾ ਕਰ ਰਹੀਆਂ ਹਨ, ਢੋਲ਼ ਜਿਨ੍ਹਾਂ ਦਾ ਵਜ਼ਨ 10 ਕਿਲੋ ਤੱਕ ਹੈ

ਇਹ ਕੁੜੀਆਂ ਪੂਰੇ ਦੱਖਣ ਭਾਰਤ ਤੋਂ ਹਨ। ਅੱਡ-ਅੱਡ ਇਲਾਕਿਆਂ ਅਤੇ ਰਾਜਾਂ ਵਿੱਚ ਸੜਕਾਂ ‘ਤੇ ਜੀਵਨ ਬਸਰ ਕਰਨ ਵਾਲ਼ੀਆਂ ਇਨ੍ਹਾਂ ਕੁੜੀਆਂ ਨੂੰ ਇਸ ਜੀਵਨ ਤੋਂ ਬਾਹਰ ਕੱਢਣ ਵਿੱਚ ‘ਸਪਰਸ਼’ ਨਾਮਕ ਇੱਕ ਗ਼ੈਰ-ਲਾਭਕਾਰੀ ਟ੍ਰਸਟ ਨੇ ਸਹਾਇਤਾ ਕੀਤੀ ਹੈ। ਸੰਗਠਨ ਨੇ ਇਨ੍ਹਾਂ ਕੁੜੀਆਂ ਨੂੰ ਘਰ ਦੇਣ ਦੇ ਨਾਲ਼ ਨਾਲ਼ ਇੱਕ ਨਵਾਂ ਜੀਵਨ ਵੀ ਦਿੱਤਾ ਹੈ। ਇਹ ਸਾਰੀਆਂ ਕੁੜੀਆਂ ਹੁਣ ਸਿੱਖਿਆ ਹਾਸਲ ਕਰ ਰਹੀਆਂ ਹਨ- ਅਤੇ ਨਾਚ ਤੇ ਸੰਗੀਤ ਨੂੰ ਲੈ ਕੇ ਵੀ ਸੰਜੀਦਾ ਹਨ। ਉਹ ਪੂਰਾ ਹਫ਼ਤਾ ਕਿਤਾਬਾਂ ਵਿੱਚ ਰੁਝੀਆਂ ਰਹਿੰਦੀਆਂ ਹਨ ਤੇ ਹਫ਼ਤੇ ਦੇ ਅਖ਼ੀਰਲੀ ਦਿਨੀਂ ਆਪਣੇ ਢੋਲ ਦੀ ਥਾਪ ‘ਤੇ ਥਿਰਕਦੀਆਂ ਹਨ।

ਮੈਂ ਉਸ ਹਾਸਟਲ ਵਿੱਚ ਉਨ੍ਹਾਂ ਦੀ ਉਡੀਕ ਕਰ ਰਹੀ ਸਾਂ ਜਿੱਥੇ ਉਹ ਹੁਣ ਰਹਿੰਦੀਆਂ ਹਨ। ਜਦੋਂ ਉਹ ਆਈਆਂ ਤਾਂ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ਼ ਚਮਕ ਰਹੇ ਸਨ। ਹੈਰਾਨੀ ਇਸ ਗੱਲ ਦੀ ਸੀ ਕਿ ਪੂਰਾ ਦਿਨ ਸਕੂਲ ਵਿੱਚ ਬਿਤਾਉਣ ਦੇ ਬਾਵਜੂਦ ਉਹ ਇੰਨੀਆਂ ਖ਼ੁਸ਼ ਸਨ।

ਪਰ ਢੋਲ ਵਜਾਉਣ ਤੋਂ ਪਹਿਲਾਂ, ਕੁਜ ਸਕੂਲ ਦੀਆਂ ਗੱਲਾਂ ਹੋਈਆਂ ਅਤੇ ਸੁਪਨਿਆਂ ਬਾਰੇ: ਮੂਲ਼ ਤਮਿਲਨਾਡੂ ਦੀ ਵਾਸੀ, 17 ਸਾਲਾ ਕਨਕ ਦਾ ਕਹਿਣਾ ਹੈ,“ਭੌਤਿਕ ਵਿਗਿਆਨ ਸੌਖ਼ਾ ਵਿਸ਼ਾ ਹੈ,”  ਜੀਵ ਵਿਗਿਆਨ ਕਾਫ਼ੀ ਮੁਸ਼ਕਲ ਹੈ, “ਕਿਉਂਕਿ ਇਸ ਵਿੱਚ ਅੰਗਰੇਜ਼ੀ ਦਾ ਸ਼ਬਦਜਾਲ਼ ਬਹੁਤ ਜ਼ਿਆਦਾ ਹੈ।” ਉਹਨੂੰ ਵਿਗਿਆਨ ਪਸੰਦ ਹੈ,“ਖ਼ਾਸ ਕਰਕੇ ਭੌਤਿਕ ਵਿਗਿਆਨ, ਕਿਉਂਕਿ ਅਸੀਂ ਜੋ ਕੁਝ ਪੜ੍ਹ ਰਹੇ ਹਾਂ ਉਹ ਸਾਡੇ ਜੀਵਨ ਬਾਰੇ ਹੈ।”  ਉਹ ਦੱਸਦੀ ਹੈ ਕਿ ਫਿਰ ਵੀ, “ਮੇਰਾ ਕੋਈ ਦੀਰਘ-ਕਾਲਕ ਟੀਚਾ ਨਹੀਂ ਹੈ।” ਫਿਰ ਮੁਸਕਰਾਉਂਦਿਆਂ ਕਹਿੰਦੀ ਹਨ,“ਮੈਨੂੰ ਦੱਸਿਆ ਗਿਆ ਹੈ ਕਿ ਜਿਨ੍ਹਾਂ ਕੋਲ਼ ਕੋਈ ਸੋਚ ਨਹੀਂ ਹੁਦੀ, ਉਹੀ ਲੋਕ ਸਭ ਤੋਂ ਵੱਧ ਕਾਮਯਾਬ ਹੁੰਦੇ ਹਨ।”

17 ਸਾਲਾ ਨਰਸੰਮਾ ਐੱਸ ਦਾ ਕਹਿਣਾ ਹੈ,“ਮੈਨੂੰ ਕਲਾ ਨਾਲ਼ ਪ੍ਰੇਮ ਹੈ। ਚਿੱਤਕਾਰੀ ਅਤੇ ਡਿਜ਼ਾਇਨਿੰਗ ਵੀ ਮੇਰਾ ਸ਼ੌਕ ਹੈ। ਮੈਂ ਆਮ ਤੌਰ ‘ਤੇ ਪਹਾੜਾਂ ਅਤੇ ਨਦੀਆਂ ਦੀ ਚਿੱਤਰਕਾਰੀ ਕਰਦੀ ਹਾਂ। ਜਦੋ ਮੈਂ ਵੱਡੀ ਹੋ ਰਹੀ ਸਾਂ, ਤਾਂ ਓਸ ਸਮੇਂ ਮੇਰੇ ਕੋਲ਼ ਮੇਰੇ ਮਾਪੇ ਨਹੀਂ ਸਨ। ਮੈਂ ਕੂੜਾ ਚੁਗਿਆ ਕਰਦੀ। ਇਸਲਈ, ਕੁਦਰਤੀ ਦ੍ਰਿਸ਼ਾਂ ਦੀ ਚਿੱਤਰਕਾਰੀ ਨਾਲ਼ ਬੜੀ ਰਾਹਤ ਮਿਲ਼ਦੀ ਹੈ। ਇਸ ਰਾਹੀਂ ਮੈਨੂੰ ਮੇਰਾ ਅਤੀਤ ਭੁੱਲਣ ਵਿੱਚ ਮਦਦ ਮਿਲ਼ਦੀ ਹੈ।”

Narsamma playing the dollu kunitha
PHOTO • Vishaka George
Gautami plays the dollu kunitha
PHOTO • Vishaka George

ਨਰਸੰਮਾ (ਖੱਬੇ) ਅਤੇ ਗੌਤਮੀ (ਸੱਜੇ) ਪੂਰਾ ਹਫ਼ਤਾ ਪੜ੍ਹਾਈ ਕਰਦੀਆਂ ਹਨ, ਪਰ ਹਫ਼ਤੇ ਦੇ ਅਖ਼ੀਰ ਵਿੱਚ ਢੋਲ਼ ਦੀ ਥਾਪ ‘ਤੇ ਥਿਰਕ ਪੈਂਦੀਆਂ ਹਨ

ਨਰਸੰਮਾ ਨੂੰ ਆਂਧਰਾ ਪ੍ਰਦੇਸ਼ ਦੇ ਚਿਤੂਰ ਤੋਂ ਲਿਆਂਦਾ ਗਿਆ, ਜਿੱਥੇ ਉਹ ਨੌਂ ਸਾਲ ਦੀ ਉਮਰ ਵਿੱਚ ਕੂੜਾ ਚੁਗਣ ਦਾ ਕੰਮ ਕਰਿਆ ਕਰਦੀ ਸੀ। ਉਸ ਕੋਲ਼ੋਂ ਇਹ ਪੁੱਛਣ ਦੀ ਲੋੜ ਨਾ ਪੈਂਦੀ ਕਿ ਉਹਦੇ ਸੁਪਨੇ ਕੀ ਹਨ। ਉਹ ਆਪਣੇ ਆਪ ਹੀ ਗਿਣਾਉਣਾ ਸ਼ੁਰੂ ਕਰ ਦਿੰਦੀ ਹਨ-ਫ਼ੈਸ਼ਨ ਡਿਜ਼ਾਇਨਿੰਗ, ਨਰਸਿੰਗ ਅਤੇ ਅਦਾਕਾਰੀ ਆਦਿ। ਆਪਣੇ ਜੀਵਨ ਦੇ ਸਭ ਤੋਂ ਯਾਦਗਾਰੀ ਪਲ ਬਾਰੇ ਪੁੱਛੇ ਜਾਣ ‘ਤੇ ਉਹ ਫ਼ਖਰ ਨਾਲ਼ ਉਸ ਦ੍ਰਿਸ਼ ਨੂੰ ਚੇਤੇ ਕਰਦੀ ਹਨ, ਜਦੋਂ ਉਹਨੇ ਇੱਕ ਛੋਟੇ ਜਿਹੇ ਨਾਟਕ (ਸਕਿਟ) ਵਿੱਚ ਬਾਲ-ਵਿਆਹ ਵਿਰੁੱਧ ਖੜ੍ਹੀ ਹੋਣ ਵਾਲ਼ੀ ਇੱਕ ਮਾਂ ਦਾ ਰੋਲ਼ ਨਿਭਾਇਆ ਸੀ। ਉਹ ਪੁੱਛਦੀ ਹੈ,“ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਲ਼ ਇੰਝ ਕਿਉਂ ਕਰਦੇ ਹਨ? ਇਹ ਤਾਂ ਕੁਝ ਇੰਝ ਹੈ ਕਿ ਜਿਵੇਂ ਤੁਸੀਂ ਖਿੜਿਆ ਹੋਇਆ ਫੁੱਲ ਤੋੜ ਰਹੇ ਹੋਵੇ।”

Kavya V (left) and Narsamma S (right) playing the drums
PHOTO • Vishaka George

ਕਾਵਿਯਾ (ਖੱਬੇ) ਅਤੇ ਨਰਸੰਮਾ (ਸੱਜੇ) ਸਰੀਰਕ ਸ਼ਕਤੀ ਨਿਚੋੜ ਸੁੱਟਣ ਵਾਲ਼ੇ ਇਸ ਨਾਚ ਨੂੰ ਕਰਨ ਤੋਂ ਬਾਅਦ ਵੀ ਓਨੀ ਹੀ ਊਰਜਾਵਾਨ ਨਜ਼ਰ ਆਉਂਦੀ ਹਨ ਜਿੰਨੀ ਕਿ ਪਹਿਲਾਂ ਸੀ

ਗੱਲਾਂ ਕਰਦੇ ਕਰਦੇ ਉਹ ਕੁੜੀਆਂ ਨਾਚ ਲਈ ਤਿਆਰ ਵੀ ਹੋਈ ਜਾਂਦੀਆਂ ਹਨ। ਜਿਓਂ ਉਨ੍ਹਾਂ ਦੇ ਪਤਲੇ ਲੱਕ ਨਾਲ਼ ਢੋਲ਼ ਬੰਨ੍ਹੇ ਜਾਣ ਲੱਗੇ ਤਾਂ ਉਹ ਅਕਾਰ ਵਿੱਚ ਕੁੜੀਆਂ ਨਾਲ਼ੋਂ ਅੱਧੇ ਜਾਂ ਉਸ ਤੋਂ ਵੀ ਵੱਡੇ ਜਾਪ ਰਹੇ ਹਨ।

ਅਤੇ ਉਦੋਂ- ਬਿਜਲੀ ਜਿਹੀ ਫਿਰ ਜਾਂਦੀ ਹੈ। ਇਸ ਨਾਚ ਨੂੰ ਕਰਨ ਲਈ ਸਰੀਰਕ ਸ਼ਕਤੀ ਦੀ ਲੋੜ ਪੈਂਦੀ ਹੈ, ਪਰ ਇਹ ਦੇਖ ਕੇ ਖ਼ੁਸ਼ੀ ਹੋ ਰਹੀ ਹੈ ਕਿ ਇਹ ਕੁੜੀਆਂ ਬੜੀ ਅਸਾਨੀ ਨਾਲ਼ ਇਹਨੂੰ ਕਰ ਰਹੀਆਂ ਹਨ। ਉਨ੍ਹਾਂ ਦੀ ਊਰਜਾ ਨੂੰ ਦੇਖ ਕੇ ਮੈਂ ਆਪਣੇ ਪੈਰਾਂ ਨੂੰ ਥਿਰਕਣੋਂ ਨਾ ਰੋਕ ਸਕੀ।

ਜਦੋਂ ਉਨ੍ਹਾਂ ਨੇ ਆਪਣਾ ਨਾਚ ਮੁਕਾਇਆ ਤਾਂ ਮੈਨੂੰ ਮੂਕ ਦਰਸ਼ਕ ਨੂੰ ਵੀ ਉਨ੍ਹਾਂ ਦੀਆਂ ਛਾਲ਼ਾਂ ਨੂੰ ਦੇਖ ਕੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਹਾਲਾਂਕਿ, ਉਹ ਮਾਸਾ ਵੀ ਥੱਕੀਆਂ ਨਜ਼ਰ ਨਹੀਂ ਆ ਰਹੀਆਂ ਸਨ ਅਤੇ ਸ਼ਾਮ ਦੇ ਸੈਸ਼ਨ (ਕਲਾਸ) ਲਈ ਇੰਝ ਤਿਆਰੀ ਕੱਸਣ ਲੱਗੀਆਂ ਜਿਵੇਂ ਪਾਰਕ ਵਿੱਚ ਸੈਰ ਕਰਨ ਜਾਣਾ ਹੋਵੇ। ਇਹ ਸਮੂਹ ਡੋਲੂ ਕੁਨਿਤਾ ਨੂੰ ਮਨੋਰੰਜਨ ਅਤੇ ਸੱਭਿਆਚਾਰਕ ਪਰੰਪਰਾ ਦੇ ਰੂਪ ਵਿੱਚ ਅਪਣਾਇਆ ਹੋਇਆ ਹੈ। ਉਨ੍ਹਾਂ ਨੇ ਹੁਣ ਤੱਕ ਨਾ ਤਾਂ ਕਿਸੇ ਜਨਤਕ ਪ੍ਰੋਗਰਾਮ ਵਿੱਚ ਇਹਨੂੰ ਪੇਸ਼ ਕੀਤਾ ਹੈ ਤੇ ਨਾ ਹੀ ਇਸ ਤੋਂ ਕੁਝ ਕਮਾਇਆ ਹੈ। ਪਰ ਜੇ ਉਹ ਚਾਹੁੰਣ ਤਾਂ ਇੰਝ ਕਰ ਜ਼ਰੂਰ ਸਕਦੀਆਂ ਹਨ।

ਤਰਜਮਾ: ਕਮਲਜੀਤ ਕੌਰ

Vishaka George

Vishaka George is a Bengaluru-based Senior Reporter at the People’s Archive of Rural India and PARI’s Social Media Editor. She is also a member of the PARI Education team which works with schools and colleges to bring rural issues into the classroom and curriculum.

Other stories by Vishaka George
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur