ਮੁਹੰਮਦ ਸ਼ਮੀਮ ਦੇ ਪਰਿਵਾਰ ਵਿੱਚ ਤਿੰਨ ਜਣੇ ਹਨ, ਪਰ ਉਹ ਰੇਲਵੇ ਟਿਕਟ ਵਾਸਤੇ ਏਜੰਟ ਦੇ ਹਾੜੇ ਕੱਢ ਰਹੇ ਹਨ ਕਿ ਉਹ ਵੇਟਿੰਗ ਲਿਸਟ ਵਾਲ਼ੀ ਉਨ੍ਹਾਂ ਦੀ ਕਿਸੇ ਇੱਕ ਦੀ ਟਿਕਟ ਪੁਸ਼ਟ ਕਰਾ ਦੇਣ। " ਬਸ ਮੇਰੀ ਬੀਵੀ ਕੋ ਸੀਟ ਮਿਲ ਜਾਏ, " ਸ਼ਮੀਮ ਕਹਿੰਦੇ ਹਨ, ਜੋ ਉੱਤਰ-ਪ੍ਰਦੇਸ਼ ਆਪਣੇ ਪਿੰਡ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ। "ਮੈਂ ਤਾਂ ਕਿਸੇ ਵੀ ਤਰ੍ਹਾਂ ਚੜ੍ਹ ਜਾਊਂਗਾ। ਮੈਂ ਕਿਸੇ ਵੀ ਹਾਲਤ ਵਿੱਚ ਸਫ਼ਰ ਕਰ ਸਕਦਾ ਹਾਂ। ਅਸੀਂ ਹਾਲਤਾਂ ਦੇ ਹੋਰ ਮਾੜੇ ਹੋਣ ਤੋਂ ਪਹਿਲਾਂ ਬੱਸ ਆਪਣੇ ਘਰ ਪੁੱਜਣਾ ਚਾਹੁੰਦੇ ਹਾਂ," ਸ਼ਮੀਮ ਕਹਿੰਦੇ ਹਨ, ਜੋ ਆਪਣੇ ਘਰ (ਉੱਤਰ-ਪ੍ਰਦੇਸ਼) ਪੁੱਜਣ ਦੀ ਕੋਸ਼ਿਸ਼ ਵਿੱਚ ਹਨ।
"ਕੰਫਰਮ ਸੀਟ ਲਈ ਏਜੰਟ 1,600 ਰੁਪਏ ਮੰਗ ਰਿਹਾ ਹੈ। ਮੈਂ ਬਹਿਸ ਕਰਕੇ 1,400 'ਤੇ ਗੱਲ ਮੁਕਾਈ ਹੈ," ਉਹ ਅੱਗੇ ਕਹਿੰਦੇ ਹਨ। "ਜੇ ਸਾਨੂੰ ਇੱਕ ਸੀਟ ਵੀ ਮਿਲ਼ ਜਾਵੇ ਤਾਂ ਅਸੀਂ ਉਸੇ 'ਤੇ ਸਵਾਰ ਹੋ ਜਾਵਾਂਗੇ ਅਤੇ ਫਿਰ ਜੋ ਜੁਰਮਾਨਾ ਜਾਂ ਪੈਨਲਟੀ ਲੱਗੀ, ਦੇਣ ਨੂੰ ਤਿਆਰ ਹਾਂ।" ਆਮ ਦਿਨੀਂ ਮੁੰਬਈ ਤੋਂ ਉੱਤਰ ਪ੍ਰਦੇਸ਼ ਲਈ ਸਭ ਤੋਂ ਸਸਤੀ ਰੇਲ ਟਿਕਟ 380 ਰੁਪਏ ਤੋਂ 500 ਰੁਪਏ ਤੱਕ ਰਹਿੰਦੀ ਹੈ। ਯੂਪੀ ਵਿੱਚ ਸ਼ਮੀਮ ਦੇ ਦੋ ਵੱਡੇ ਭਰਾ, ਫੈਜ਼ਾਬਾਦ ਜਿਲ੍ਹੇ ਦੇ ਮਸੌਧਾ ਬਲਾਕ ਦੇ ਅੱਬੂ ਸਰਾਏ ਪਿੰਡ ਵਿੱਚ, ਜਿਮੀਂਦਾਰਾਂ ਦੇ ਖੇਤ ਵਿੱਚ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ, ਜੋ ਕਿ ਇੱਕ ਮੌਸਮੀ ਪੇਸ਼ਾ ਹੈ।
22 ਸਾਲਾ ਸ਼ਮੀਮ ਅਤੇ ਮੁੰਬਈ ਦੇ ਹਜ਼ਾਰਾਂ ਪ੍ਰਵਾਸੀ ਕਾਮਿਆਂ ਲਈ, ਕਰੀਬ 10 ਮਹੀਨਿਆਂ ਦੇ ਅੰਦਰ ਘਰ ਪਰਤਣ ਲਈ ਇਹ ਦੂਸਰੀ ਯਾਤਰਾ ਹੋਵੇਗੀ ਕਿਉਂਕਿ ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਨੂੰ ਤੇਜੀ ਨਾਲ਼ ਫੈਲਣ ਤੋਂ ਰੋਕਣ ਲਈ ਨਵੇਂ ਪ੍ਰਤੀਬੰਧ ਲਗਾ ਦਿੱਤੇ ਹਨ, ਜਿਹਦੇ ਕਾਰਨ ਇੱਕ ਵਾਰ ਫਿਰ ਕਾਰਖਾਨੇ ਬੰਦ ਹੋ ਗਏ ਹਨ, ਮਜ਼ਦੂਰਾਂ ਦੀ ਛਾਂਟੀ ਹੋਣ ਲੱਗੀ ਹੈ ਅਤੇ ਨਿਰਮਾਣ ਸਥਲਾਂ 'ਤੇ ਹੋਣ ਵਾਲ਼ੇ ਕੰਮ ਨੂੰ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ।
ਮੁੰਬਈ ਦੇ ਪ੍ਰਮੁਖ ਰੇਲਵੇ ਸਟੇਸ਼ਨ, ਖਾਸ ਕਰਕੇ ਬਾਂਦਰਾ ਟਰਮੀਨਸ ਅਤੇ ਲੋਕਮਾਨਯ ਤਿਲਕ ਟਰਮੀਨਸ, ਜਿੱਥੋਂ ਉੱਤਰੀ ਰਾਜਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਕਈ ਟ੍ਰੇਨਾਂ ਰਵਾਨਾ ਹੁੰਦੀਆਂ ਹਨ, ਇੱਥੇ 11-12 ਅਪ੍ਰੈਲ ਤੋਂ ਕਾਫੀ ਭੀੜ ਹੈ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨੇ ਰਾਜ ਵਿੱਚ 14 ਅਪ੍ਰੈਲ ਤੋਂ ਕੰਮ ਅਤੇ ਆਵਾਗਮਨ 'ਤੇ ਲੱਗਣ ਵਾਲ਼ੇ ਪ੍ਰਤੀਬੰਧਾਂ ਤੋਂ ਪਹਿਲਾਂ ਪਹਿਲਾਂ ਘਰੋ-ਘਰੀ ਪੁੱਜਣ ਦਾ ਫੈਸਲਾ ਕੀਤਾ ਹੈ। ਕਈ ਲੋਕ, ਪ੍ਰਤੀਬੰਧਾਂ ਦੇ ਵੱਧਦੇ ਦਾਇਰੇ ਤੋਂ ਨਿਕਲ਼ਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਸ਼ਿਵ ਸੈਨਾ ਦੀ ਅਗਵਾਈ ਵਾਲ਼ੀ ਰਾਜ ਸਰਕਾਰ ਨੇ ਕਰਫਿਊ ਅਤੇ ਪ੍ਰਤੀਬੰਧਾਂ ਨੂੰ ਦੂਸਰੀ 'ਤਾਲਾਬੰਦੀ' ਦਾ ਨਾਮ ਨਹੀਂ ਦਿੱਤਾ ਹੈ, ਪਰ ਸ਼ਮੀਮ ਆਪਣੇ ਤਰੀਕੇ ਨਾਲ਼ ਚੀਜਾਂ ਨੂੰ ਸਮਝਦੇ ਹਨ: "ਸਾਡੇ ਲਈ ਇਹ ਮਜ਼ਦੂਰੀ ਦੇ ਨੁਕਸਾਨ ਦਾ ਦੂਸਰਾ ਦੌਰ ਹੈ ਅਤੇ ਇਹਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ।"
ਕੱਪੜੇ ਦੀ ਫੈਕਟਰੀ ਜਿੱਥੇ ਉਹ ਕੰਮ ਕਰਦੇ ਹਨ, ਮੰਗਲਵਾਰ, 13 ਅਪ੍ਰੈਲ ਨੂੰ ਬੰਦ ਹੋ ਗਈ ਸੀ। " ਸੇਠ ਨੂੰ ਨਹੀਂ ਲੱਗਦਾ ਕਿ ਉਹ ਆਪਣਾ ਕੰਮ ਦੋਬਾਰਾ ਸ਼ੁਰੂ ਕਰ ਪਾਉਂਗੇ। ਉਨ੍ਹਾਂ ਨੇ ਸਾਡਾ 13 ਦਿਨਾਂ ਦਾ ਬਕਾਇਆ ਅਦਾ ਕਰ ਦਿੱਤਾ ਸੀ," ਸ਼ਮੀਮ ਦੱਸਦੇ ਹਨ। ਉਨ੍ਹਾਂ ਕੋਲ਼ ਜਿੰਨੇ ਪੈਸੇ ਹਨ ਉਹ ਵੀ 5,000 ਰੁਪਏ ਤੋਂ ਥੋੜ੍ਹੇ ਘੱਟ ਹੀ ਹਨ। ਉਨ੍ਹਾਂ ਨੇ ਲੋਕਮਾਨਯ ਟਰਮੀਨਸ ਤੋਂ ਫੈਜਾਬਾਦ ਜਾਣ ਵਾਲ਼ੀ ਟ੍ਰੇਨ ਦੀਆਂ ਦੋ ਵੇਟਿੰਗ ਲਿਸਟ ਟਿਕਟਾਂ 'ਤੇ 780 ਰੁਪਏ ਖਰਚ ਕੀਤੇ ਅਤੇ ਹੁਣ ਇੱਕ ਅਜਿਹੇ ਏਜੰਟ ਨੂੰ ਭਾਲ਼ ਰਹੇ ਹਨ ਜੋ ਟਿਕਟ ਕਨਫਰਮ ਕਰਾਉਣ ਦੀ ਗਰੰਟੀ ਲਵੇ। "ਪਿਛਲੇ ਹਫ਼ਤੇ ਹੀ, ਮੈਂ ਇਸ ਕਮਰੇ ਲਈ ਮਕਾਨ ਮਾਲਕ ਨੂੰ 5,000 ਰੁਪਏ ਪੇਸ਼ਗੀ ਰਾਸ਼ੀ ਦਿੱਤੀ ਸੀ ਅਤੇ ਹੁਣ ਜਦੋਂ ਅਸੀਂ ਕੁਝ ਮਹੀਨਿਆਂ ਲਈ ਇਸ ਕਮਰੇ ਨੂੰ ਖਾਲੀ ਕਰ ਰਹੇ ਹਾਂ ਤਾਂ ਉਹ ਇੱਕ ਨਵਾਂ ਪੈਸਾ ਤੱਕ ਮੋੜਨ ਤੋਂ ਇਨਕਾਰ ਕਰ ਰਿਹਾ ਹੈ।"
ਪਿਛਲੇ ਸਾਲ ਇਹ ਪਰਿਵਾਰ, ਮਾਰਚ 2020 ਵਿੱਚ ਤਾਲਾਬੰਦੀ ਦਾ ਐਲਾਨ ਹੋਣ 'ਤੇ ਵੱਡੇ ਸ਼ਹਿਰਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਰੇਲਵੇ ਦੁਆਰਾ ਸੰਚਾਲਤ 'ਸ਼ਰੱਮਿਕ ਸਪੈਸ਼ਲ' ਟ੍ਰੇਨਾਂ ਵਿੱਚੋਂ ਇੱਕ 'ਤੇ ਸਵਾਰ ਹੋ ਕੇ ਕਿਸੇ ਤਰ੍ਹਾਂ ਮੁੰਬਈ ਤੋਂ ਨਿਕਲ਼ਣ ਵਿੱਚ ਕਾਮਯਾਬ ਰਿਹਾ।
ਉਸ ਸਮੇਂ, ਆਖ਼ਰਕਾਰ ਸ਼ਮੀਮ ਦੇ ਫੋਨ 'ਤੇ ਰੇਲਵੇ ਵੱਲੋਂ ਆਟੋਮੇਟਡ ਮੈਸੇਜ ਭੇਜਿਆ ਗਿਆ ਕਿ ਉੱਤਰ ਪ੍ਰਦੇਸ਼ ਜਾਣ ਵਾਲ਼ੀ ਟ੍ਰੇਨ ਵਿੱਚ ਉਨ੍ਹਾਂ ਦੀ ਥਾਂ ਪੱਕੀ ਹੋ ਗਈ ਹੈ, ਉਦੋਂ ਮਈ ਮਹੀਨੇ ਦੇ ਆਖ਼ਰੀ ਦਿਨ ਚੱਲ ਰਹੇ ਸਨ। "ਸਾਡੇ ਕੋਲ਼ (ਪਿਛਲੇ ਸਾਲ ਦੀ ਤਾਲਾਬੰਦੀ ਦੇ ਪਹਿਲੇ ਦੋ ਮਹੀਨਿਆਂ ਲਈ) ਮਕਾਨ ਦਾ ਕਿਰਾਇਆ, ਬਿਜਲੀ ਅਤੇ ਪਾਣੀ ਦੇ ਭੁਗਤਾਨ ਦੇ 10,000 ਰੁਪਏ ਬਕਾਇਆ ਹਨ ਅਤੇ ਮੈਨੂੰ ਚਾਰ ਮਹੀਨਿਆਂ ਤੋਂ ਕੰਮ ਨਹੀਂ ਮਿਲਿਆ ਜੋ ਕਿ ਕੁੱਲ ਮਿਲਾ ਕੇ 36,000 ਰੁਪਏ ਦੀ ਕਮਾਈ ਦਾ ਨੁਕਸਾਨ ਹੋਇਆ," ਉਹ ਕਹਿੰਦੇ ਹਨ। " ਅਬ ਪਾਂਚ ਹਜ਼ਾਰ ਵੇਸਟ ਹੋ ਗਏ। " ਜਦੋਂ ਗੱਲ ਪੈਸੇ ਪੈਸੇ ਦੀ ਹੈ ਤਾਂ ਉਨ੍ਹਾਂ ਨੂੰ ਗਿਣਤੀ ਕਰਨੀ ਵੀ ਚੁੱਭਦੀ ਹੈ।
ਸ਼ਮੀਮ ਦੀ ਪਤਨੀ, 20 ਸਾਲਾ ਗੌਸਿਆ, ਥੱਕੀ ਹੋਈ ਹਨ। ਉੱਤਰੀ ਮੁੰਬਈ ਦੇ ਬਾਂਦਰਾ ਝੁੱਗੀ ਬਸਤੀ, ਨਰਗਿਸ ਦੱਤ ਨਗਰ ਵਿੱਚ ਆਪਣੇ 8x8 ਫੁੱਟ ਦੇ ਘਰ ਅੰਦਰ, ਉਨ੍ਹਾਂ ਦਾ ਅੱਠ ਮਹੀਨਿਆਂ ਦਾ ਬੇਟਾ, ਛੋਟਾ ਗੁਲਾਮ ਮੁਸਤਫਾ, ਅਜਨਬੀ ਲੋਕਾਂ ਦੁਆਰਾ ਗੋਦੀ ਚੁੱਕੇ ਜਾਣ ਕਾਰਨ ਖੁਸ਼ ਹੈ ਅਤੇ ਬੋੜੀ (ਦੰਦਾਂ ਤੋਂ ਬਗੈਰ) ਮੁਸਕਾਨ ਸੁੱਟ ਰਿਹਾ ਹੈ। ਪਿਛਲੀ ਤਾਲਾਬੰਦੀ ਤੋਂ ਬਾਅਦ ਜਦੋਂ ਉਹ ਅਗਸਤ 2020 ਵਿੱਚ ਮੁੰਬਈ ਪਰਤੇ ਸਨ, ਤਦ ਉਹ ਇੱਕ ਮਹੀਨੇ ਦਾ ਵੀ ਨਹੀਂ ਹੋਇਆ ਸੀ। "ਉਹ ਬੁਖਾਰ ਅਤੇ ਦਸਤ ਕਰਕੇ ਕਈ ਹਫ਼ਤਿਆਂ ਤੋਂ ਬੀਮਾਰ ਸੀ। ਸ਼ਾਇਦ ਇਹ ਗਰਮੀ ਕਰਕੇ ਹੋਵੇ," ਉਹ ਕਹਿੰਦੀ ਹਨ। "ਅਤੇ ਹੁਣ ਅਸੀਂ ਦੋਬਾਰਾ ਜਾਣ ਲਈ ਪੈਕਿੰਗ ਕਰ ਰਹੇ ਹਾਂ। ਕੋਈ ਚਾਰਾ ਭੀ ਨਹੀਂ ਹੈ । ਜਦੋਂ ਚੀਜਾਂ ਬੇਹਤਰ ਹੋ ਗਈਆਂ ਤਾਂ ਅਸੀਂ ਪਰਤ ਆਵਾਂਗੇ।"
ਪਰਿਵਾਰ ਆਉਣ ਵਾਲ਼ੇ ਬਿਹਤਰ ਦਿਨਾਂ ਲਈ ਬੇਤਾਬ ਹੈ। ਪਿਛਲੇ ਵਰ੍ਹੇ ਅਗਸਤ ਵਿੱਚ ਜਦੋਂ ਉਹ ਮੁੰਬਈ ਪਰਤੇ ਸਨ ਤਾਂ ਸ਼ਮੀਮ ਸਾਂਤਾਕਰੂਜ ਪੱਛਮ ਵਿੱਚ ਸਥਿਤ ਇੱਕ ਕਾਰਜਸ਼ਾਲਾ ਵਿੱਚ ਸ਼ਰਟ ਪੈਕ ਕਰਨ ਦੀ ਆਪਣੀ ਨੌਕਰੀ 'ਤੇ ਪਰਤ ਗਏ ਸਨ। ਪਰ ਇਸ ਸਾਲ ਫਰਵਰੀ ਵਿੱਚ ਜਦੋਂ 1,000 ਰੁਪਏ ਵਾਧੂ ਕਮਾਉਣ ਦਾ ਮੌਕਾ ਮਿਲ਼ਿਆ ਤਾਂ ਉਨ੍ਹਾਂ ਨੇ ਪੰਜ ਸਾਲ ਪੁਰਾਣੀ ਆਪਣੀ ਨੌਕਰੀ ਛੱਡ ਦਿੱਤੀ ਅਤੇ ਸਾਂਤਾਕਰੂਜ ਪੂਰਬ ਵਿੱਚ ਇੱਕ ਛੋਟੀ ਕੱਪੜਾ ਨਿਰਮਾਣ ਇਕਾਈ ਵਿੱਚ ਸ਼ਾਮਲ ਹੋ ਗਏ। ਇੱਥੇ ਉਨ੍ਹਾਂ ਦੀ ਤਨਖਾਹ 10,000 ਰੁਪਏ ਸੀ।
ਨਰਗਿਸ ਦੱਤ ਨਗਰ ਦੀ ਭੀੜੀ ਗਲ਼ੀ ਵਿੱਚ ਦੋ-ਚਾਰ ਘਰ ਛੱਡ ਕੇ, ਮੋਨੀਨਿਸਾ ਅਤੇ ਉਨ੍ਹਾਂ ਦੇ ਪਤੀ ਮੁਹੰਮਦ ਸ਼ਾਹਨਵਾਜ਼ ਵੀ ਇੱਥੋਂ ਨਿਕਲ਼ਣ ਦੀ ਯੋਜਨਾ ਬਣਾ ਰਹੇ ਹਨ। ਉਹ ਵੀ ਅੱਬੂ ਸਰਾਏ ਪਿੰਡੋਂ ਹੀ ਹਨ। "ਮੇਰੇ ਪਤੀ (ਪਿਛਲੇ ਸਾਲ ਦੀ ਤਾਲਾਬੰਦੀ ਤੋਂ ਪਹਿਲਾਂ, ਸਾਂਤਾਕਰੂਜ ਪੱਛਮ ਵਿੱਚ) ਕੱਪੜੇ ਦੀ ਇੱਕ ਫੈਕਟਰੀ ਵਿੱਚ ਬਤੌਰ ਪੈਕਰ ਕੰਮ ਕਰਦੇ ਸਨ ਅਤੇ ਹਰ ਮਹੀਨੇ 6,000 ਰੁਪਏ ਕਮਾ ਰਹੇ ਸਨ," ਉਹ ਦੱਸਦੀ ਹਨ। "ਪਰ ਜਦੋਂ ਅਸੀਂ ਵਾਪਸ ਆਏ ਤਾਂ ਕੋਈ ਕੰਮ ਨਹੀਂ ਸੀ।" ਪਰਿਵਾਰ ਮਈ ਦੇ ਅਖੀਰ ਵਿੱਚ ਸ਼ਰੱਮਿਕ ਟ੍ਰੇਨ ਰਾਹੀਂ ਰਵਾਨਾ ਹੋਇਆ ਸੀ ਅਤੇ ਅਗਸਤ ਵਿੱਚ ਵਾਪਸ ਚਲਾ ਗਿਆ ਸੀ। "ਇਸਲਈ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਬਾਂਦਰਾ ਦੇ ਇੱਕ ਘਰ ਵਿੱਚ ਡਰਾਈਵਰ ਦੀ ਨੌਕਰੀ ਸ਼ੁਰੂ ਕਰ ਦਿੱਤੀ। ਉਹ ਲੋਕ ਪ੍ਰਤੀ ਮਹੀਨੇ ਸਿਰਫ਼ 5,000 ਰੁਪਏ ਦੀ ਅਦਾਇਗੀ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਉਹਦੀ (ਡਰਾਈਵਰ) ਦੀ ਹਰ ਰੋਜ਼ ਲੋੜ ਨਹੀਂ ਹੁੰਦੀ ਸੀ," ਮੋਨੀਨਿਸਾ ਦੱਸਦੀ ਹਨ। "ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਡਰਾਈਵਰ ਦੀ ਲੋੜ ਨਹੀਂ ਹੈ। ਇਸ ਤਾਲਾਬੰਦੀ ਵਿੱਚ ਸਾਨੂੰ ਨੌਕਰੀ ਕਿੱਥੋਂ ਮਿਲੇਗੀ?"
ਉਸੇ ਝੁੱਗੀ ਬਸਤੀ ਵਿੱਚ, ਵੱਖੋ ਵੱਖ ਕਾਰਜ ਖੇਤਰਾਂ ਵਿੱਚ ਕੰਮ ਕਰਦੇ ਕਈ ਹੋਰ ਪ੍ਰਵਾਸੀ ਸ਼ਰੱਮਿਕ ਮਹਾਂਮਾਰੀ ਦੌਰਾਨ ਦੂਸਰੀ ਵਾਰ ਆਪਣੇ ਪਿੰਡ ਮੁੜਨ ਦੀ ਤਿਆਰੀ ਕਰ ਰਹੇ ਹਨ। 2020 ਦੇ ਪਹਿਲੇ ਦੌਰ ਵਿੱਚ, ਰੋਜ਼ੀਰੋਟੀ ਦੇ ਨੁਕਸਾਨ ਨੇ ਉਨ੍ਹਾਂ ਵਿੱਚੋਂ ਕੁਝ ਨੂੰ ਆਪਣੇ ਪਿੰਡਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਕੋਲ਼ ਆਸਰਾ ਲੈਣ ਲਈ ਮਜ਼ਬੂਰ ਕੀਤਾ ਸੀ ਅਤੇ ਇਸ ਵਾਰ ਵੀ ਸਫੀਆ ਅਲੀ, ਜੇਕਰ ਉਨ੍ਹਾਂ ਦਾ ਪਰਿਵਾਰ ਪਿੰਡ ਜਾਂਦਾ ਹੈ ਤਾਂ ਉਂਝ ਹੀ ਕਰਨ ਬਾਰੇ ਸੋਚ ਰਹੀ ਹਨ।
"ਕੁਝ ਦਿਨਾਂ ਲਈ ਮੇਰੀ ਮਾਂ ਦੇ ਕੋਲ਼, ਫਿਰ ਇੱਕ ਭਰਾ ਅਤੇ ਉਹਦੇ ਬਾਅਦ ਦੂਸਰੇ ਭਰਾ ਦੇ ਕੋਲ਼, ਐਸਾ ਕਰਤੇ-ਕਰਤੇ ਦੋ ਮਹੀਨੇ ਕਟ ਜਾਏਂਗੇ ," ਸਫਿਆ ਕਹਿੰਦੀ ਹਨ, ਜਿਨ੍ਹਾਂ ਦੀ ਉਮਰ 30 ਸਾਲ ਹੈ ਅਤੇ ਆਪਣੇ ਚਾਰ ਬੱਚਿਆਂ ਅਤੇ ਪਤੀ ਦੇ ਨਾਲ਼ 100 ਵਰਗ ਫੁੱਟ ਦੇ ਇੱਕ ਭੀੜੇ ਜਿਹੇ ਮਕਾਨ ਵਿੱਚ ਰਹਿੰਦੀ ਹਨ। "ਸਾਡੇ ਕੋਲ਼ ਪਿੰਡ ਵਿੱਚ ਕੁਝ ਵੀ ਨਹੀਂ ਹੈ ਨਾ ਤਾਂ ਕੋਈ ਜ਼ਮੀਨ ਹੈ ਅਤੇ ਨਾ ਹੀ ਕੋਈ ਕੰਮ-ਧੰਦਾ, ਇਸਲਈ ਪਿਛਲੀ ਤਾਲਾਬੰਦੀ ਦੌਰਾਨ ਅਸੀਂ ਉੱਥੇ ਨਹੀਂ ਗਏ," ਸਫਿਆ ਦੱਸਦੀ ਹਨ, ਜੋ ਆਪਣੀ ਵੱਡੀ ਧੀ, 14 ਸਾਲਾ ਨੂਰ ਨੂੰ ਨਿਰਦੇਸ਼ ਦੇ ਰਹੇ ਹਨ ਕਿ ਉਹ ਆਪਣੇ ਭਰਾ ਦੇ ਨਾਲ਼ ਜਨਤਕ ਪਖਾਨੇ ਜਾਵੇ। ਨੂਰ ਬਾਨੋ ਇੱਕ ਸਾਲ ਤੋਂ ਸਕੂਲ ਨਹੀਂ ਗਈ ਹੈ ਅਤੇ ਬਿਨਾਂ ਕਿਸੇ ਇਮਤਿਹਾਨ ਦਿੱਤਿਆਂ 7ਵੀਂ ਜਮਾਤ ਵਿੱਚ ਹੋ ਜਾਣ ਕਰਕੇ ਖੁਸ਼ ਹੈ।
ਸਫਿਆ ਦੇ ਪਤੀ ਬਾਂਦਰਾ ਵਿੱਚ ਬਜ਼ਾਰ ਰੋਡ 'ਤੇ ਕੱਪੜਾ ਵੇਚਦੇ ਹਨ ਅਤੇ ਅਪ੍ਰੈਲ ਤੋਂ ਪਰਿਵਾਰ ਦੀ ਦੈਨਿਕ ਆਮਦਨੀ ਘੱਟ ਕੇ 100-150 ਰੁਪਏ ਹੋ ਗਈ, ਜਦੋਂ ਮਹਾਰਾਸ਼ਟਰ ਸਰਕਾਰ ਨੇ ਰਾਤ ਦਾ ਕਰਫਿਊ ਲਗਾ ਦਿੱਤਾ ਸੀ ਅਤੇ ਦਿਨ ਵੇਲ਼ੇ ਦੁਕਾਨਾਂ ਅਤੇ ਫੇਰੀ ਵਾਲ਼ਿਆਂ 'ਤੇ ਰੋਕ ਲਾ ਦਿੱਤੀ ਸੀ। ਸਫਿਆ ਦਾ ਅੰਦਾਜਾ ਹੈ ਕਿ 2020 ਤੋਂ ਪਹਿਲਾਂ ਰਮਜ਼ਾਨ ਦੇ ਮਹੀਨੇ ਵਿੱਚ, ਉਹ ਇੱਕ ਦਿਨ ਵਿੱਚ 600 ਰੁਪਏ ਕਮਾਉਂਦੇ ਸਨ। "ਸਿਆਸਤਦਾਨਾਂ ਅਤੇ ਸੰਗਠਨਾਂ ਵੱਲੋਂ ਜੋ ਵੀ ਰਾਸ਼ਨ (ਪਿਛਲੀ ਤਾਲਾਬੰਦੀ ਦੌਰਾਨ) ਸਾਡੇ ਕੋਲ਼ ਆਇਆ, ਅਸੀਂ ਉਸੇ ਰਾਸ਼ਨ ਕਾਰਨ ਬਚੇ ਰਹੇ," ਸਫਿਆ ਕਹਿੰਦੀ ਹਨ। "ਜੇ ਅਸੀਂ ਦਿਨ ਵੇਲ਼ੇ ਕਮਾਉਂਦੇ ਹਾਂ, ਤਾਂ ਹੀ ਰਾਤ ਨੂੰ ਖਾ ਪਾਉਂਦੇ ਹਾਂ। ਜੇਕਰ ਕੋਈ ਕਮਾਈ ਨਾ ਹੁੰਦੀ ਤਾਂ ਅਸੀਂ ਬਗੈਰ ਭੋਜਨ ਦੀ ਹੀ ਰਹਿੰਦੇ ਹਾਂ।"
ਸਫਿਆ ਦਾ ਪਰਿਵਾਰ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਜਿਵੇਂ ਕਿ ਨਰਗਿਸ ਦੱਤ ਨਗਰ ਦੇ ਕਈ ਘਰਾਂ ਵਿੱਚ ਇਹ ਆਮ ਵਰਤਾਰਾ ਹੈ, ਇਸ ਕਲੋਨੀ ਵਿੱਚ 1,200 ਘਰ ਹਨ (ਵਾਸੀਆਂ ਦੇ ਇੱਥੋਂ ਬਾਰੇ ਅੰਦਾਜਾ), ਜੋ ਕਿ ਬਾਂਦਰਾ ਰੀਕਲੇਮੇਸ਼ਨ ਦੇ ਕਲੌਵਰ-ਸ਼ਕਲ ਵਾਲ਼ੇ ਫਲਾਈਓਵਰ ਦੇ ਹੇਠਾਂ ਅਤੇ ਚੁਫੇਰੇ ਫੈਲੀ ਹੋਈ ਹੈ। ਸਫਿਆ ਨੂੰ ਕਿਸੇ ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਜਿਲ੍ਹੇ ਨਾਲ਼ ਲੱਗਦੇ ਇੱਕ ਪਿੰਡ ਦੀ ਪੰਚਾਇਤ ਦਾ ਚੁਣਿਆ ਇੱਕ ਨੁਮਾਇੰਦਾ, ਯਾਨੀ ਪ੍ਰਧਾਨ ਇੱਕ ਬੱਸ ਭੇਜ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਵਿੱਚ ਸੀਟ ਮਿਲ਼ ਜਾਵੇਗੀ।
"ਗੋਂਡਾ ਵਿੱਚ ਪੰਚਾਇਤੀ ਚੋਣਾਂ ਹੋਣ ਵਾਲ਼ੀਆਂ ਹਨ, ਇਸਲਈ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਵੋਟਾਂ ਪਾਉਣ ਲਈ ਸਮੇਂ ਸਿਰ ਮੁੜ ਆਉਣ," ਸਫਿਆ ਦੱਸਦੀ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਹਲਧਰਮਊ ਬਲਾਕ ਵਿੱਚ ਉਨ੍ਹਾਂ ਦੇ ਪਿੰਡ, ਅਖਾਡੇਰਾ ਵਿੱਚ ਵੀ ਚੋਣਾਂ ਹਨ ਜਾਂ ਨਹੀਂ, ਪਰ ਉਹ ਇਸ ਵਾਰ ਮੁੰਬਈ ਛੱਡਣ ਦੀ ਉਮੀਦ ਕਰ ਰਹੀ ਹਨ। "ਅਸੀਂ ਇੱਥੇ ਇੱਕ ਹੋਰ ਤਾਲਾਬੰਦੀ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ਇੱਜ਼ਤ ਸੰਭਾਲਨੀ ਹੈ। "
ਇਸ ਬਸਤੀ ਦੇ ਜੋ ਲੋਕ ਪੂਰਵ-ਨਿਯੋਜਤ ਯਾਤਰਾਵਾਂ 'ਤੇ ਨਿਕਲ਼ ਰਹੇ ਹਨ, ਉਹ ਉਦੋਂ ਤੱਕ ਨਹੀਂ ਮੁੜਨਗੇ ਜਦੋਂ ਤੱਕ ਕਿ ਤਾਲਾਬੰਦੀ ਖ਼ਤਮ ਨਹੀਂ ਹੋ ਜਾਂਦਾ। 20 ਸਾਲਾ ਸੰਦੀਪ ਬਿਹਾਰੀਲਾਲ ਸ਼ਰਮਾ ਦੇ ਕੋਲ਼ 5 ਮਈ ਦਾ ਗੋਂਡਾ ਦਾ ਕੰਫਰਮ ਟਿਕਟ ਹੈ, ਜਿੱਥੋਂ ਉਹ ਛਪਿਆ ਬਲਾਕ ਦੇ ਬਭਨਾ ਪਿੰਡ ਪਹੁੰਚਣਗੇ। "ਪਰਿਵਾਰ ਵਿੱਚ ਇੱਕ ਵਿਆਹ ਹੈ। ਪਿਤਾ ਜੀ ਅਤੇ ਇੱਕ ਭੈਣ ਪਿਛਲੇ ਹਫ਼ਤੇ ਹੀ ਚਲੇ ਗਏ ਸਨ। ਪਰ ਅਸੀਂ ਉਦੋਂ ਤੱਕ ਨਹੀਂ ਪਰਤਾਂਗੇ, ਜਦੋਂ ਤੱਕ ਸਾਨੂੰ ਪਤਾ ਨਾ ਹੋ ਜਾਣ ਕਿ ਕਾਫੀ ਕੰਮ ਉਪਲਬਧ ਹੈ, ਉਹ ਕਹਿੰਦੇ ਹਨ।"
ਸੰਦੀਪ ਇੱਕ ਫਰਨੀਚਰ ਬਣਾਉਣ ਵਾਲ਼ੇ ਦੇ ਕੋਲ਼ ਸਹਾਇਕ ਦੇ ਰੂਪ ਵਿੱਚ ਕੰਮ ਕਰਦੇ ਹਨ- ਉਹ ਲੱਕੜ ਦੇ ਨਿਪੁੰਨ ਨੱਕਾਸ਼ੀਦਾਰ ਭਾਈਚਾਰੇ ਤੋਂ ਹਨ। "ਅਜੇ ਕੋਈ ਕੰਮ ਨਹੀਂ ਹੈ, ਕਿਸੇ ਨੂੰ ਵੀ ਇਨ੍ਹਾਂ ਹਾਲਾਤਾਂ ਵਿੱਚ ਨਵੇਂ ਫਰਨੀਚਰ ਖਰੀਦਣ ਜਾਂ ਘਰ ਦੇ ਨਵੀਨੀਕਰਣ ਦਾ ਕੰਮ ਕਰਾਉਣ ਵਿੱਚ ਦਿਲਚਸਪੀ ਨਹੀਂ ਹੈ," ਉਹ ਕਹਿੰਦੇ ਹਨ। "ਮੈਨੂੰ ਸਮਝ ਵਿੱਚ ਨਹੀਂ ਆਉਂਦਾ ਕਿ ਸਰਕਾਰ ਇੱਕ ਤਾਲਾਬੰਦੀ ਕਿਵੇਂ ਲਗਾ ਰਹੀ ਹੈ। ਕੀ ਉਹ ਅਸਲ ਵਿੱਚ ਨਹੀਂ ਸਮਝਦੇ ਕਿ ਗ਼ਰੀਬਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ?"
ਇਸ ਸਾਲ ਮਾਰਚ ਵਿੱਚ ਨਵੇਂ ਆਦੇਸ਼ ਜਾਰੀ ਹੋਣ ਤੋਂ ਬਾਅਦ ਜਿਵੇਂ ਹੀ ਕੰਮ ਅਤੇ ਕਮਾਈ ਹੌਲ਼ੀ-ਹੌਲ਼ੀ ਬਿਹਤਰ ਹੋਣ ਲੱਗੀ ਸੀ, ਕੋਵਿਡ-19 ਦੀ ਦੂਸਰੀ ਲਹਿਰ ਆ ਗਈ, ਉਹ ਕਹਿੰਦੇ ਹਨ।
ਸਵੈ-ਰੁਜ਼ਗਾਰ ਲੋਕ ਵੀ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇੱਕ, 35 ਸਾਲ ਸੁਹੈਲ ਖਾਨ ਹਨ, ਜੋ ਲਗਭਗ ਤਿੰਨ ਦਹਾਕੇ ਤੋਂ ਨਰਗਿਸ ਦੱਤ ਨਗਰ ਰਹਿੰਦੇ ਹਨ। ਉਹ ਇੱਕ ਮੱਛੀ ਵਿਕਰੇਤਾ ਹਨ, ਵਰਸੋਵਾ ਮੱਛੀ ਬਜ਼ਾਰੋਂ ਆਪਣਾ ਦੈਨਿਕ ਸਟਾਕ ਖਰੀਦਦੇ ਹਨ ਅਤੇ ਉਹਨੂੰ ਆਪਣੀ ਝੁੱਗੀ ਬਸਤੀ ਵਿੱਚ ਅਤੇ ਉਹਦੇ ਆਸਪਾਸ ਵੇਚਦੇ ਹਨ। "ਰਮਜ਼ਾਨ ਵਿੱਚ, ਜਾਹਰ ਹੈ, ਵਿਕਰੀ ਦੇਰ ਸ਼ਾਮ ਨੂੰ ਹੁੰਦੀ ਹੈ। ਪਰ ਸ਼ਾਮ 7 ਵਜੇ ਤੋਂ, ਪੁਲਿਸ ਸਾਡੇ ਖੇਤਰ ਵਿੱਚ ਚੱਕਰ ਲਗਾਉਣ ਲੱਗਦੀ ਹੈ ਅਤੇ ਸਾਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਕਹਿੰਦੀ ਹੈ," ਉਹ ਗੁੱਸੇ ਵਿੱਚ ਕਹਿੰਦੀ ਹਨ। "ਮੇਰੇ ਕੋਲ਼ ਰੈਫ੍ਰਿਜਰੇਟਰ ਜਾਂ ਕੋਈ ਹੋਰ ਸੁਵਿਧਾ ਨਹੀਂ ਹੈ। ਇਸਲਈ ਅਣਵਿਕੀ ਮੱਛੀ ਸੜ ਜਾਂਦੀ ਹੈ।"
ਖਾਨ ਨੇ ਕਰੀਬ ਇੱਕ ਹਫ਼ਤੇ ਪਹਿਲਾਂ, ਜਦੋਂ ਮਹਾਰਾਸ਼ਟਰ ਵਿੱਚ ਨਵੇਂ ਪ੍ਰਤੀਬੰਧਾਂ ਦਾ ਐਲਾਨ ਕੀਤਾ ਗਿਆ ਸੀ, ਆਪਣੀ ਪਤਨੀ ਨੂੰ ਗੋਂਡਾ ਦੇ ਅਖਾਡੇਰਾ ਪਿੰਡ ਭੇਜ ਦਿੱਤਾ ਸੀ। ਉਹ ਅਤੇ ਉਨ੍ਹਾਂ ਦੇ ਭਰਾ ਆਜ਼ਮ ਇੰਤਜਾਰ ਕਰ ਰਹੇ ਹਨ- ਅਤੇ ਹਾਲਤ 'ਤੇ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਦੀ ਘਰੇਲੂ ਆਮਦਨੀ ਵਿੱਚ ਬੀਤੇ ਸਾਲ ਕਾਫੀ ਕਮੀ ਆਈ ਸੀ ਅਤੇ ਉਹ ਹੁਣ ਵੀ ਉਮੀਦ ਕਰ ਰਹੇ ਹਨ ਕਿ ਇਸ ਸਾਲ 14 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਰਮਜ਼ਾਨ ਦੇ ਮਹੀਨੇ ਵਿੱਚ ਉਨ੍ਹਾਂ ਦੇ ਕੁਝ ਨੁਕਸਾਨ ਦੀ ਪੂਰਤੀ ਹੋ ਜਾਵੇਗੀ।
ਸੁਹੈਲ ਦੇ ਛੋਟੇ ਭਰਾ, ਆਜ਼ਮ ਖਾਨ ਇੱਕ ਰਿਕਸ਼ਾ ਚਾਲਕ ਹਨ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਆਪਣਾ ਬਜਾਜ ਥ੍ਰੀ-ਵ੍ਹੀਲਰ ਆਟੋਰਿਕਸ਼ਾ ਖਰੀਦਿਆ ਸੀ। ਕਰੀਬ 4,000 ਰੁਪਏ ਦੀ ਮਹੀਨੇਵਾਰ ਕਿਸ਼ਤ ਚੁਕਾਉਣੀ ਮੁਸ਼ਕਲ ਹੋ ਗਈ ਹੈ। "ਉਹਦੀ ਈਐਮਆਈ ਚੁਕਾਉਣੀ ਹੈ, ਜਦੋਂਕਿ ਕੰਮ ਮਿਲ਼ ਨਹੀਂ ਰਿਹਾ ਹੈ। ਸੀਐੱਮ ਨੇ ਆਟੋ 'ਤੇ ਪ੍ਰਤੀਬੰਧ ਨਹੀਂ ਲਗਾਇਆ ਹੈ- ਪਰ ਜੇ ਯਾਤਰੀਆਂ ਨੂੰ ਕਿਤੇ ਜਾਣ ਦੀ ਆਗਿਆ ਹੀ ਨਹੀਂ ਤਾਂ ਦੱਸੋ ਆਟੋ ਚਾਲਕ ਕੀ ਕਮਾਉਣਗੇ?" ਸੁਹੈਲ ਪੁੱਛਦੇ ਹਨ।
"ਸਰਕਾਰ (ਰਾਜ) ਨੂੰ ਕਰਜ਼ੇ ਦੀ ਕਿਸ਼ਤ ਚੁਕਾਉਣ ਵਾਲ਼ਿਆਂ ਲਈ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ, ਜਿਵੇਂ ਕਿ ਉਨ੍ਹਾਂ ਨੇ ਪਿਛਲੀ ਵਾਰ ਕੀਤਾ ਸੀ," ਉਹ ਕਹਿੰਦੇ ਹਨ। "ਜੇਕਰ ਹਾਲਾਤ ਇੰਜ ਹੀ ਰਹੇ ਤਾਂ ਅਸੀਂ ਵੀ ਪਿਛਲੇ ਸਾਲ ਵਾਂਗ ਆਪਣੇ ਘਰ, ਗੋਂਡਾ ਚਲੇ ਜਾਵਾਂਗੇ। ਅਸੀਂ ਫਿਰ ਤੋਂ ਸਰਕਾਰ ਦੇ ਰਹਿਮ 'ਤੇ ਹਾਂ।"
ਤਰਜਮਾ: ਕਮਲਜੀਤ ਕੌਰ