''ਤਪਸ਼ ਨਾਲ਼ ਮੇਰੀ ਪਿੱਠ ਹੀ ਲੂਸ ਗਈ ਹੈ। ਗਰਮੀ ਵੱਧ ਰਹੀ ਹੈ, ਫ਼ਸਲ ਦਾ ਝਾੜ ਘੱਟ ਰਿਹਾ ਹੈ,'' ਗਾਜੁਵਾਸ ਪਿੰਡ ਦੇ ਐਨ ਬਾਹਰ, ਖੇਜੜੀ (ਸ਼ਮੀ) ਦੇ ਰੁੱਖਾਂ ਦੀ ਝੁੰਡ ਦੀ ਛਾਵੇਂ ਭੁੰਜੇ ਬੈਠੇ ਬਜਰੰਗ ਗੋਸ੍ਵਾਮੀ ਕਹਿੰਦੇ ਹਨ। ਇੱਕ ਊਠ ਨੇੜੇ ਹੀ ਖੜ੍ਹਾ ਹੈ ਅਤੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਵਿੱਚ ਉਸ 22 ਵਿਘਾ ਖੇਤ ਵਿੱਚ ਸੁੱਕਾ ਘਾਹ ਖਾ ਰਿਹਾ ਹੈ, ਜਿਸ 'ਤੇ ਬਜਰੰਗ ਅਤੇ ਉਨ੍ਹਾਂ ਦੀ ਪਤਨੀ ਰਾਜ ਕੌਰ ਰਾਹਕ ਕਿਸਾਨ ਵਜੋਂ ਖੇਤੀ ਕਰਦੀ ਹਨ।
ਤਾਰਾਨਗਰ ਦੇ ਦੱਖਣ ਵਿੱਚ ਪੈਂਦੇ ਸੁਜਾਨਗੜ੍ਹ ਤਹਿਸੀਲ ਦੀ ਗੀਤਾ ਦੇਵੀ ਨਾਇਕ ਕਹਿੰਦੀ ਹਨ,''ਸਿਰ 'ਤੇ ਖੜ੍ਹਾ ਸੂਰਜ ਗਰਮ ਹੈ, ਪੈਰਾਂ ਹੇਠਲੀ ਰੇਤ ਵੀ ਗਰਮ ਹੈ। ਗੀਤਾ ਦੇਵੀ ਜੋ ਕਿ ਬੇਜ਼ਮੀਨੀ ਵਿਧਵਾ ਹਨ, ਭਗਵਾਨੀ ਦੇਵੀ ਚੌਧਰੀ ਦੇ ਪਰਿਵਾਰ ਦੇ ਮਾਲਿਕਾਨੇ ਵਾਲ਼ੇ ਖੇਤ 'ਤੇ ਮਜ਼ਦੂਰੀ ਕਰਦੀ ਹਨ। ਦੋਵਾਂ ਨੇ ਗੁਡਾਬੜੀ ਪਿੰਡ ਵਿੱਚ ਹੁਣੇ-ਹੁਣੇ, ਸ਼ਾਮ ਦੇ ਕਰੀਬ 5 ਵਜੇ ਆਪਣਾ ਕੰਮ ਮੁਕਾਇਆ ਹੈ। ਭਗਵਾਨੀ ਦੇਵੀ ਕਹਿੰਦੀ ਹਨ, '' ਗਰਮੀ ਹੀ ਗਰਮੀ ਪੜੇ ਆਜਕਲ। ''
ਉੱਤਰੀ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ, ਜਿੱਥੇ ਗਰਮੀ ਰੁੱਤੇ ਰੇਤੀਲੀ ਜ਼ਮੀਨ ਲਿਸ਼ਕਾਂ ਮਾਰਦੀ ਹੈ ਅਤੇ ਮਈ-ਜੂਨ ਦੀ ਹਵਾ ਤਪਦੀ ਭੱਠੀ ਵਾਂਗ ਮਹਿਸੂਸ ਹੁੰਦੀ ਹੈ। ਗਰਮੀ ਕਿਵੇਂ ਤੀਬਰ ਹੁੰਦੀ ਜਾ ਰਹੀ ਹੈ-ਇਸੇ ਬਾਰੇ ਹੁੰਦੀ ਗੱਲਬਾਤ ਇੱਥੇ ਆਮ ਗੱਲ ਹੈ। ਉਨ੍ਹਾਂ ਮਹੀਨਿਆਂ ਵਿੱਚ ਤਾਪਮਾਨ ਸੌਖਿਆਂ 40 ਡਿਗਰੀ ਦੇ ਪਾਰ ਚਲਾ ਜਾਂਦਾ ਹੈ। ਪਿਛਲੇ ਮਹੀਨੇ ਹੀ, ਮਈ 2020 ਵਿੱਚ, ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ ਸੀ-ਅਤੇ 26 ਮਈ ਨੂੰ ਤਾਂ ਦੁਨੀਆ ਦਾ ਸਭ ਤੋਂ ਵੱਧ ਤਾਪਮਾਨ ਇੱਥੇ ਹੀ ਸੀ, ਜਿਸ ਬਾਰੇ ਖ਼ਬਰਾਂ ਵਿੱਚ ਰਿਪੋਰਟ ਕੀਤਾ ਗਿਆ ਸੀ।
ਪਿਛਲੇ ਸਾਲ, ਜਦੋਂ ਚੁਰੂ ਵਿੱਚ ਤਾਪਮਾਨ ਨੇ ਆਪਣਾ ਰਿਕਾਰਡ ਤੋੜਿਆ ਅਤੇ ਜੂਨ 2019 ਦੀ ਸ਼ੁਰੂਆਤ ਵਿੱਚ ਪਾਰਾ 51 ਡਿਗਰੀ ਸੈਲਸੀਅਸ ਦੇ ਪੱਧਰ ਤੀਕਰ ਪਹੁੰਚ ਗਿਆ ਜੋ ਕਿ ਪਾਣੀ ਦੇ ਉਬਾਲ਼ ਦਰਜੇ ਦੇ ਅੱਧੇ ਤੋਂ ਵੱਧ ਹੈ-ਤਾਂ ਉੱਥੋਂ ਦੇ ਕਈ ਲੋਕਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਹਰਦਿਆਲਜੀ ਸਿੰਘ (75 ਸਾਲ), ਜੋ ਕਿ ਇੱਕ ਸੇਵਾਮੁਕਤ ਸਕੂਲੀ ਅਧਿਆਪਕ ਅਤੇ ਜ਼ਿਮੀਂਦਾਰ ਹਨ, ਗਾਜੁਵਾਸ ਪਿੰਡ ਵਿਖੇ ਪੈਂਦੇ ਆਪਣੇ ਵੱਡੇ ਘਰ ਵਿੱਚ ਇੱਕ ਮੰਜੀ 'ਤੇ ਲੇਟਦੇ ਹੋਏ ਕਹਿੰਦੇ ਹਨ,''ਮੈਨੂੰ ਚੇਤੇ ਹੈ, ਕਰੀਬ 30 ਸਾਲ ਪਹਿਲਾਂ ਵੀ ਇਹ 50 ਡਿਗਰੀ ਤੱਕ ਅੱਪੜ ਗਿਆ ਸੀ।''
ਛੇ ਮਹੀਨਿਆਂ ਬਾਅਦ, ਦਸੰਬਰ-ਜਨਵਰੀ ਤੱਕ, ਚੁਰੂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਦੇਖਿਆ ਗਿਆ ਹੈ; ਇੰਝ ਕਈ ਸਾਲਾਂ ਤੋਂ ਹੁੰਦਾ ਆਇਆ ਹੈ ਅਤੇ ਫਰਵਰੀ 2020 ਵਿੱਚ, ਭਾਰਤ ਦੇ ਮੌਸਮ ਵਿਭਾਗ ਨੇ ਦੇਖਿਆ ਹੈ ਕਿ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਘੱਟੋਘੱਟ ਤਾਪਮਾਨ, 4.1 ਡਿਗਰੀ, ਚੁਰੂ ਦਾ ਹੀ ਰਿਹਾ।
ਤਾਪਮਾਨ ਦੇ ਇਸ ਚਾਪ-ਅਕਾਰ ਤੋਂ ਪਰ੍ਹੇ- ਮਾਇਨਸ 1 ਤੋਂ 51 ਡਿਗਰੀ ਸੈਲਸੀਅਸ ਤੱਕ- ਜ਼ਿਲ੍ਹੇ ਦੇ ਲੋਕ ਜ਼ਿਆਦਾਤਰ ਸਿਰਫ਼ ਗਰਮੀ ਦੇ ਲੰਬੇ ਚੱਲਣ ਵਾਲ਼ੇ ਦੌਰ ਦੀ ਹੀ ਗੱਲ ਕਰਦੇ ਹਨ। ਉਹ ਨਾ ਤਾਂ ਜੂਨ 2019 ਦੀ 50 ਤੋਂ ਵੱਧ ਡਿਗਰੀ ਦੀ ਗੱਲ ਕਰਦੇ ਹਨ ਅਤੇ ਨਾ ਹੀ ਪਿਛਲੇ ਮਹੀਨੇ ਦੀ 50 ਡਿਗਰੀ ਬਾਰੇ, ਸਗੋਂ ਲੰਬੇ ਸਮੇਂ ਤੱਕ ਰਹਿਣ ਵਾਲ਼ੀ ਉਸ ਗਰਮ ਰੁੱਤ ਦੀ ਗੱਲ ਕਰਦੇ ਹਨ ਜੋ ਹੋਰਨਾਂ ਮੌਸਮਾਂ ਨੂੰ ਡਕਾਰ ਰਹੀ ਹੈ।
''ਅਤੀਤ ਵਿੱਚ ਤਪਦੀ ਹੋਈ ਗਰਮੀ ਸਿਰਫ਼ ਇੱਕ ਜਾਂ ਦੋ ਦਿਨ ਤੱਕ ਹੀ ਰਹਿੰਦੀ ਸੀ। ਹੁਣ ਅਜਿਹੀ ਗਰਮੀ ਕਈ ਕਈ ਦਿਨਾਂ ਤੀਕਰ ਪੈਂਦੀ ਹੈ। ਗਰਮੀ ਦੇ ਪੂਰੇ ਮੌਸਮ ਦਾ ਫਲਾਅ ਹੋ ਚੁੱਕਿਆ ਹੈ,'' ਚੁਰੂ ਦੇ ਨਿਵਾਸੀ ਅਤੇ ਗੁਆਂਢ ਦੇ ਸੀਕਰ ਜ਼ਿਲ੍ਹਿਆਂ ਦੇ ਐੱਸਕੇ ਗਵਰਨਮੈਂਟ ਕਾਲਜ ਦੇ ਸਾਬਕਾ ਪ੍ਰਿੰਸੀਪਲ, ਪ੍ਰੋ. ਐੱਚਆਰ ਇਸਰਾਨ, ਜਿਨ੍ਹਾਂ ਨੂੰ ਕਈ ਲੋਕਾਂ ਇਨ੍ਹਾਂ ਨੂੰ ਉਸਤਾਦ ਮੰਨਦੇ ਹਨ, ਕਹਿੰਦੇ ਹਨ।
ਜੂਨ 2019 ਵਿੱਚ, ਅੰਮ੍ਰਿਤਾ ਚੌਧਰੀ ਚੇਤੇ ਕਰਦੀ ਹਨ,''ਅਸੀਂ ਦੁਪਹਿਰ ਵਿੱਚ ਸੜਕ 'ਤੇ ਨਹੀਂ ਤੁਰ ਸਕਦੇ ਸਨ, ਲੁੱਕ ਦੇ ਨਾਲ਼ ਸਾਡੀਆਂ ਚੱਪਲਾਂ ਚਿੱਪਕਣ ਲੱਗਦੀਆਂ ਸਨ।'' ਫਿਰ ਵੀ, ਦੂਸਰਿਆਂ ਵਾਂਗਰ ਹੀ ਚੌਧਰੀ ਵੀ, ਜੋ ਸੁਜਾਨਗੜ੍ਹ ਕਸਬੇ ਵਿੱਚ ਬਾਂਧਨੀ ਦੇ ਕੱਪੜਿਆਂ ਦਾ ਉਤਪਾਦਨ ਕਰਨ ਇੱਕ ਸੰਸਥਾ ਦਿਸ਼ਾ ਸ਼ੇਖਾਵਟੀ ਚਲਾਉਂਦੀ ਹਨ, ਗਰਮੀਆਂ ਦੇ ਮੌਸਮ ਦੇ ਵੱਧਦੇ ਜਾਣ ਤੋਂ ਵੱਧ ਚਿੰਤਤ ਹਨ। ਉਹ ਦੱਸਦੀ ਹਨ,''ਇਸ ਗਰਮ ਇਲਾਕੇ ਵਿੱਚ ਵੀ ਗਰਮੀ ਵੱਧ ਰਹੀ ਹੈ ਅਤੇ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ।''
ਗੁਡਾਬੜੀ ਪਿੰਡ ਦੀ ਭਗਵਾਨੀ ਦੇਵੀ ਦਾ ਅੰਦਾਜ਼ਾ ਹੈ,''ਗਰਮੀਆਂ ਦਾ ਸਮਾਂ ਡੇਢ ਮਹੀਨੇ ਵੱਧ ਗਿਆ ਹੈ।'' ਉਨ੍ਹਾਂ ਵਾਂਗਰ ਚੁਰੂ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕ ਵੀ ਦੱਸਦੇ ਹਨ ਕਿ ਮੌਸਮ ਕਿਵੇਂ ਅੱਗੇ-ਪਿੱਛੇ ਹੋ ਰਿਹਾ ਹੈ- ਗਰਮੀ ਦੇ ਵੱਧਦੇ ਦਿਨਾਂ ਨੇ ਸਰਦੀ ਦੇ ਸ਼ੁਰੂਆਤੀ ਕੁਝ ਹਫ਼ਤੇ ਖ਼ਤਮ ਕਰ ਦਿੱਤੇ ਹਨ ਅਤੇ ਵਿਚਕਾਰਲੇ ਮਾਨਸੂਨ ਦੇ ਮਹੀਨਿਆਂ ਨੂੰ ਵੀ ਛੋਟਾ ਕਰ ਦਿੱਤਾ ਹੈ ਅਤੇ ਕਿਵੇਂ 12 ਮਹੀਨੇ ਦਾ ਕੈਲੰਡਰ ਆਪਸ ਵਿੱਚ ਰਲ਼ ਮਿਲ਼ ਗਿਆ ਹੈ।
ਲੋਕ 51 ਡਿਗਰੀ ਸੈਲਸੀਅਸ ਗਰਮੀ ਵਾਲ਼ੇ ਇੱਕ ਹਫ਼ਤੇ ਜਾਂ ਪਿਛਲੇ ਮਹੀਨੇ 50 ਡਿਗਰੀ ਵਾਲ਼ੇ ਕੁਝ ਕੁ ਦਿਨਾਂ ਤੋਂ ਨਹੀਂ, ਸਗੋਂ ਜਲਵਾਯੂ ਵਿੱਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਤੋਂ ਫ਼ਿਕਰਮੰਦ ਹਨ।
*****
ਚੁਰੂ ਵਿੱਚ ਸਾਲ 2019 ਵਿੱਚ, 1 ਜੂਨ ਤੋਂ 30 ਸਤੰਬਰ ਦੇ ਵਿਚਕਾਰ 369 ਮਿਮੀ ਮੀਂਹ ਪਿਆ। ਇਹ ਮਾਨਸੂਨ ਦੇ ਉਨ੍ਹਾਂ ਮਹੀਨਿਆਂ ਵਿੱਚ ਮੀਂਹ ਦੇ ਸਧਾਰਣ ਔਸਤ 314 ਮਿਮੀ ਤੋਂ ਕੁਝ ਉੱਪਰ ਸੀ। ਪੂਰਾ ਰਾਜਸਥਾਨ- ਭਾਰਤ ਦਾ ਸਭ ਤੋਂ ਵੱਡਾ ਅਤੇ ਖ਼ੁਸ਼ਕ ਰਾਜ, ਜੋ ਦੇਸ਼ ਦੇ ਕੁੱਲ ਖੇਤਰਫਲ ਦਾ 10.4 ਫ਼ੀਸਦ ਹਿੱਸਾ ਹੈ- ਇੱਕ ਖ਼ੁਸ਼ਕ ਅਤੇ ਅੱਧ-ਖ਼ੁਸ਼ਕ ਇਲਾਕਾ ਹੈ, ਜਿੱਥੇ ਸਲਾਨਾ ਤੌਰ 'ਤੇ ਕਰੀਬ 574 ਮਿਮੀ ਔਸਤ ਮੀਂਹ (ਸਰਕਾਰੀ ਅੰਕੜਿਆਂ ਮੁਤਾਬਕ) ਪੈਂਦਾ ਹੈ।
ਰਾਜਸਥਾਨ ਦੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲ਼ੀ ਕਰੀਬ 70 ਮਿਲੀਅਨ (7 ਕਰੋੜ) ਦੀ ਅਬਾਦੀ ਵਿੱਚੋਂ ਕਰੀਬ 75 ਫ਼ੀਸਦ ਲੋਕਾਂ ਵਾਸਤੇ ਖੇਤੀ ਅਤੇ ਪਸ਼ੂਪਾਲਨ ਹੀ ਮੁੱਖ ਕਾਰੋਬਾਰ ਹੈ। ਚੁਰੂ ਜ਼ਿਲ੍ਹੇ ਵਿੱਚ, ਕਰੀਬ 25 ਲੱਖ ਦੀ ਵਸੋਂ ਵਿੱਚੋਂ 72 ਫ਼ੀਸਦ ਲੋਕ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ- ਜਿੱਥੇ ਜ਼ਿਆਦਾਤਰ ਮੀਂਹ ਅਧਾਰਤ ਖੇਤੀ ਹੀ ਕੀਤੀ ਜਾਂਦੀ ਹੈ।
ਸਮਾਂ ਬੀਤਣ ਦੇ ਨਾਲ਼, ਕਾਫ਼ੀ ਸਾਰੇ ਲੋਕਾਂ ਨੇ ਮੀਂਹ 'ਤੇ ਇਸ ਨਿਰਭਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋ. ਇਸਰਾਨ ਦੱਸਦੇ ਹਨ,''1990 ਦੇ ਦਹਾਕੇ ਤੋਂ ਬਾਅਦ ਤੋਂ, ਇੱਥੇ ਬੋਰਵੈੱਲ (500-600 ਫੁੱਟ ਡੂੰਘੇ) ਪੁੱਟਣ ਦੇ ਯਤਨ ਹੋਏ ਹਨ, ਪਰ ਇਹ ਯਤਨ ਜ਼ਮੀਨਦੋਜ਼ ਦੇ ਖ਼ਾਰੇਪਣ ਕਾਰਨ ਬਹੁਤ ਸਫ਼ਲ ਨਹੀਂ ਰਿਹਾ ਹੈ। ਜ਼ਿਲ੍ਹੇ ਦੀਆਂ ਛੇ ਤਹਿਸੀਲਾਂ ਦੇ 899 ਪਿੰਡਾਂ ਵਿੱਚ, ਕੁਝ ਸਮੇਂ ਲਈ, ਕੁਝ ਕਿਸਾਨ ਬੋਰਵੈੱਲ ਦੇ ਪਾਣੀ ਦੀ ਵਰਤੋਂ ਕਰਦੇ ਹੋਏ ਮੂੰਗਫਲੀ ਜਿਹੀ ਫ਼ਸਲ ਉਗਾ ਪਾਏ ਸਨ। ਪਰ ਉਹਦੇ ਬਾਅਦ ਜ਼ਮੀਨ ਬਹੁਤ ਜ਼ਿਆਦਾ ਖ਼ੁਸ਼ਕ ਹੋ ਗਈ ਅਤੇ ਕੁਝ ਕੁ ਪਿੰਡਾਂ ਨੂੰ ਛੱਡ ਬਾਕੀ ਪਿੰਡਾਂ ਦੇ ਬਹੁਤੇਰੇ ਬੋਰਵੈੱਲ ਬੰਦ ਹੋ ਗਏ।''
ਰਾਜਸਥਾਨ ਸਟੇਟ ਐਕਸ਼ਨ ਪਲਾਨ ਫ਼ਾਰ ਕਲਾਇਮੇਟ ਚੇਂਜ ( ਆਰਐੱਸਏਪੀਸੀਸੀ , 2010) ਦਾ ਮਸੌਦਾ ਦੱਸਦਾ ਹੈ ਕਿ ਰਾਜਸਥਾਨ ਦੇ ਕੁੱਲ ਬਿਜਾਈ ਦਾ 38 ਫ਼ੀਸਦ (ਜਾਂ 62,94,000 ਹੈਕਟੇਅਰ) ਹਿੱਸਾ ਸਿੰਚਾਈ ਯੁਕਤ ਇਲਾਕੇ ਹੇਠ ਆਉਂਦਾ ਹੈ। ਚੁਰੂ ਵਿੱਚ, ਇਹ ਅੰਕੜਾ ਮੁਸ਼ਕਲ ਨਾਲ਼ 8 ਫ਼ੀਸਦ ਹੈ। ਹਾਲਾਂਕਿ, ਨਿਰਮਾਣ-ਅਧੀਨ, ਚੌਧਰੀ ਕੁੰਭਾਰਾਮ ਨਹਿਰ ਲਿਫ਼ਟ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਕੁਝ ਪਿੰਡਾਂ ਅਤੇ ਖੇਤਾਂ ਨੂੰ ਪਾਣੀ ਉਪਲਬਧ ਕਰਾਇਆ ਜਾਂਦਾ ਹੈ, ਫਿਰ ਵੀ ਚੁਰੂ ਦੀ ਖੇਤੀ ਅਤੇ ਇਹਦੀਆਂ ਚਾਰ ਮੁੱਖ ਸਾਉਣੀ ਦੀਆਂ ਫ਼ਸਲਾਂ-ਬਾਜਰਾ, ਮੂੰਗ, ਮੋਠ ਅਤੇ ਗਵਾਰ ਫਲ਼ੀ-ਕਾਫ਼ੀ ਹੱਦ ਤੱਕ ਮੀਂਹ 'ਤੇ ਨਿਰਭਰ ਰਹਿੰਦੀਆਂ ਹਨ।
ਪਰ ਪਿਛਲੇ 20 ਸਾਲਾਂ ਵਿੱਚ ਮੀਂਹ ਦਾ ਪੈਟਰਨ ਬਦਲ ਗਿਆ ਹੈ। ਚੁਰੂ ਵਿੱਚ ਲੋਕ ਦੋ ਵਿਆਪਕ ਬਦਲਾਵਾਂ ਦੀ ਗੱਲ ਕਰਦੇ ਹਨ: ਮਾਨਸੂਨ ਦੇ ਮਹੀਨੇ ਹੋਰ ਅੱਗੇ ਤਿਲ਼ਕ ਗਏ ਹਨ ਅਤੇ ਮੀਂਹ ਅਨਿਯਮਿਤ ਹੁੰਦਾ ਜਾ ਰਿਹਾ ਹੈ- ਕੁਝ ਥਾਵੀਂ ਬੜਾ ਤੇਜ਼ ਮੀਂਹ ਪੈਂਦਾ ਹੈ ਅਤੇ ਕੁਝ ਥਾਵੀਂ ਬਹੁਤ ਘੱਟ।
ਬਜ਼ੁਰਗ ਕਿਸਾਨ ਅਤੀਤ ਦੇ ਪਹਿਲਾਂ ਵਾਲ਼ੇ ਤੇਜ਼ ਮੀਂਹਾਂ ਨੂੰ ਚੇਤੇ ਕਰਦੇ ਹਨ। ਜਾਟ ਭਾਈਚਾਰੇ ਨਾਲ਼ ਤਾਅਲੁੱਕ ਰੱਖ ਵਾਲ਼ੇ 59 ਸਾਲਾ ਕਿਸਾਨ, ਗੋਵਰਧਨ ਸਹਾਰਣ ਦੱਸਦੇ ਹਨ,''ਅਸ਼ਾੜ ਦੇ ਮਹੀਨੇ (ਜੂਨ-ਜੁਲਾਈ) ਵਿੱਚ, ਅਸੀਂ ਦੇਖਦੇ ਹੁੰਦੇ ਸਾਂ ਕਿ ਬਿਜਲੀ ਚਮਕ ਰਹੀ ਹੈ ਅਤੇ ਸਾਨੂੰ ਪਤਾ ਚੱਲ ਜਾਂਦਾ ਸੀ ਕਿ ਮੀਂਹ ਪੈਣ ਵਾਲ਼ਾ ਹੈ। ਇਸੇ ਲਈ ਆਪਣੀਆਂ ਝੌਂਪੜੀਆਂ ਦੇ ਅੰਦਰ ਜਾਣ ਤੋਂ ਪਹਿਲਾਂ, ਕਾਹਲੀ ਦੇਣੀ ਖੇਤਾਂ ਵਿੱਚ ਹੀ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੰਦੇ ਸਨ,'' ਗੋਵਰਧਨ ਦੇ ਸਾਂਝੇ ਪਰਿਵਾਰ ਦੇ ਕੋਲ਼ ਗਾਜੁਵਾਸ ਪਿੰਡ ਵਿਖੇ 180 ਵਿਘਾ (ਕਰੀਬ 120 ਏਕੜ) ਜ਼ਮੀਨ ਹੈ। ਚੁਰੂ ਦੇ ਕਿਸਾਨਾਂ ਵਿੱਚ ਜਾਟ ਅਤੇ ਚੌਧਰੀ, ਦੋਵੇਂ ਓਬੀਸੀ ਭਾਈਚਾਰੇ, ਸਭ ਤੋਂ ਵੱਧ ਹਨ। ਸਹਾਰਣ ਕਹਿੰਦੇ ਹਨ,''ਹੁਣ ਅਕਸਰ ਬਿਜਲੀ ਲਿਸ਼ਕਾਂ ਮਾਰਦੀ ਹੈ, ਪਰ ਇਹ ਉੱਥੇ ਹੀ ਰੁੱਕ ਜਾਂਦੀ ਹੈ-ਮੀਂਹ ਨਹੀਂ ਪੈਂਦਾ।''
ਗੁਆਂਢੀ ਜ਼ਿਲ੍ਹੇ ਸੀਕਰ ਦੇ ਸਦਿੰਸਰ ਪਿੰਡ ਦੇ 80 ਸਾਲ ਨਰਾਇਣ ਪ੍ਰਸਾਦ ਕਹਿੰਦੇ ਹਨ,''ਮੈਂ ਜਦੋਂ ਸਕੂਲ ਵਿੱਚ ਸਾਂ ਤਾਂ ਉੱਤਰ ਦਿਸ਼ਾ ਵਿੱਚ ਕਾਲ਼ੇ ਬੱਦਲਾਂ ਨੂੰ ਦੇਖ ਕੇ, ਅਸੀਂ ਦੱਸ ਸਕਦੇ ਹੁੰਦੇ ਸਾਂ ਕਿ ਮੀਂਹ ਪੈਣ ਵਾਲ਼ਾ ਹੈ ਅਤੇ ਅੱਧੇ ਘੰਟੇ ਦੇ ਅੰਦਰ ਅੰਦਰ ਮੀਂਹ ਪੈਣ ਵੀ ਲੱਗਦਾ ਸੀ।'' ਉਹ ਆਪਣੇ ਖੇਤ ਵਿੱਚ ਡੱਠੀ ਮੰਜੀ 'ਤੇ ਬੈਠੇ ਹੋਏ ਗੱਲ ਕਰਦੇ ਹਨ,''ਹੁਣ, ਜੇ ਕਿਤੇ ਬੱਦਲ ਆਉਂਦੇ ਹਨ ਤਾਂ ਕਿਤੇ ਹੋਰ ਹੀ ਚਲੇ ਜਾਂਦੇ ਹਨ।'' ਪ੍ਰਸਾਦ ਨੇ ਮੀਂਹ ਦਾ ਪਾਣੀ ਜਮ੍ਹਾਂ ਕਰਨ ਲਈ ਆਪਣਾ 13 ਵਿਘਾ ਖੇਤ (ਕਰੀਬ 8 ਏਕੜ) 'ਤੇ ਕੰਕਰੀਟ ਦਾ ਇੱਕ ਵੱਡਾ ਸਾਰਾ ਟੈਂਕ ਬਣਾਇਆ ਹੈ। (ਇਹ ਟੈਂਕ ਸਾਲ 2019 ਦੇ ਨਵੰਬਰ ਦੇ ਮਹੀਨੇ ਵਿੱਚ ਖਾਲੀ ਪਿਆ ਸੀ, ਜਦੋਂ ਮੈਂ ਉਨ੍ਹਾਂ ਨਾਲ਼ ਮਿਲ਼ੀ ਸਾਂ।)
ਇੱਥੋਂ ਦੇ ਕਿਸਾਨ ਦੱਸਦੇ ਹਨ ਕਿ ਹੁਣ, ਜੂਨ ਦੇ ਅੰਤ ਤੀਕਰ ਜਦੋਂ ਬਾਜਰਾ ਬੀਜਿਆ ਜਾਂਦਾ ਹੈ ਪਹਿਲਾ ਮੀਂਹ ਨਹੀਂ ਪੈਂਦਾ ਅਤੇ ਨਿਯਮਿਤ ਰੂਪ ਵਿੱਚ ਪੈਣ ਵਾਲ਼ਾ ਮੀਂਹ ਵੀ ਕਈ ਹਫ਼ਤਿਆਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਕਈ ਵਾਰੀ ਤਾਂ ਇੱਕ ਮਹੀਨੇ ਪਹਿਲਾਂ ਹੀ, ਅਗਸਤ ਦੇ ਅੰਤ ਤੱਕ, ਮੀਂਹ ਬੰਦ ਹੋ ਜਾਂਦਾ ਹੈ।
ਇਸ ਨਾਲ਼ ਬਿਜਾਈ ਦੀ ਯੋਜਨਾ ਤਿਆਰ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਅਮ੍ਰਿਤਾ ਚੌਧਰੀ ਦੱਸਦੀ ਹਨ,''ਮੇਰੇ ਨਾਨਾ ਦੇ ਸਮੇਂ ਦੌਰਾਨ, ਲੋਕ ਹਵਾਵਾਂ, ਤਾਰਿਆਂ ਦੀ ਸਥਿਤੀ, ਪੰਛੀਆਂ ਦੇ ਗਾਉਣ ਦੇ ਕਾਰਨਾਂ ਨੂੰ ਭਲ਼ੀਭਾਂਤੀ ਜਾਣਦੇ ਸਨ ਅਤੇ ਉਸੇ ਦੇ ਅਧਾਰ 'ਤੇ ਖੇਤੀ ਦਾ ਫ਼ੈਸਲਾ ਲੈਂਦੇ ਸਨ।''
ਲੇਖਕ-ਕਿਸਾਨ ਦੁਲਾਰਾਮ ਸਹਾਰਣ ਕਹਿੰਦੇ ਹਨ,''ਹੁਣ ਇਹ ਪੂਰਾ ਬੰਦੋਬਸਤ ਤਬਾਹ ਹੋ ਚੁੱਕਿਆ ਹੈ।'' ਸਹਾਰਣ ਦਾ ਸਾਂਝਾ ਪਰਿਵਾਰ ਤਾਰਾਨਗਰ ਤਹਿਸੀਲ ਦੇ ਭਾਰੰਗ ਪਿੰਡ ਵਿੱਚ ਕਰੀਬ 200 ਵਿਘਾ ਵਿੱਚ ਖੇਤੀ ਕਰਦਾ ਹੈ।
ਮਾਨਸੂਨ ਦੇਰੀ ਨਾਲ਼ ਆਉਣ ਅਤੇ ਛੇਤੀ ਚਲੇ ਜਾਣ ਤੋਂ ਇਲਾਵਾ, ਮੀਂਹ ਦੀ ਤੀਬਰਤਾ ਵਿੱਚ ਘਾਟ ਹੋ ਗਈ ਹੈ, ਭਾਵੇਂ ਸਲਾਨਾ ਔਸਤ ਕਾਫ਼ੀ ਸਥਿਰ ਹੋਵੇ। ਗਾਜੁਵਾਸ ਵਿੱਚ 12 ਵਿਘਾ ਜ਼ਮੀਨ 'ਤੇ ਖੇਤੀ ਕਰਨ ਵਾਲ਼ੇ ਧਰਮਪਾਲ ਸਹਾਰਣ ਕਹਿੰਦੇ ਹਨ,''ਹੁਣ ਮੀਂਹ ਦੀ ਤੀਬਰਤਾ ਘੱਟ ਹੋ ਗਈ ਹੈ। ਮੀਂਹ ਪਵੇਗਾ, ਨਹੀਂ ਪਵੇਗਾ, ਕੋਈ ਨਹੀਂ ਜਾਣਦਾ।'' ਅਤੇ ਮੀਂਹ ਦਾ ਪਸਾਰ ਹੁਣ ਪੂਰੀ ਤਰ੍ਹਾਂ ਅਨਿਸ਼ਚਿਤ ਹੈ। ਅੰਮ੍ਰਿਤਾ ਦੱਸਦੀ ਹਨ,''ਹੋ ਸਕਦਾ ਹੈ ਕਿ ਖੇਤ ਦੇ ਇੱਕ ਹਿੱਸੇ ਵਿੱਚ ਮੀਂਹ ਪਵੇ, ਪਰ ਦੂਸਰਾ ਹਿੱਸਾ ਖ਼ੁਸ਼ਕ ਰਹਿ ਜਾਵੇ।''
ਆਰਐੱਸਏਪੀਸੀਸੀ ਵਿੱਚ ਵੀ ਸਾਲ 1951 ਤੋਂ 2007 ਤੱਕ ਵਿਤੋਂਵੱਧ ਮੀਂਹ ਦੀਆਂ ਉਦਾਹਰਣਾਂ ਦਾ ਵਰਣਨ ਹੈ। ਪਰ, ਅਧਿਐਨਾਂ ਦਾ ਹਵਾਲਾ ਦਿੰਦੇ ਹੋਏ, ਇਹ ਮਸੌਦਾ ਦੱਸਦਾ ਹੈ ਕਿ ਰਾਜ ਵਿੱਚ ਕੁੱਲ ਮੀਂਹ ਵਿੱਚ ਘਾਟ ਹੋਣ ਦਾ ਅੰਦਾਜ਼ਾ ਹੈ ਅਤੇ ''ਜਲਵਾਯੂ ਤਬਦੀਲੀ ਦੇ ਕਾਰਨ ਵਾਸ਼ਪ-ਕਣਾਂ ਦੇ ਉੱਡਣ ਵਿੱਚ ਵਾਧਾ ਹੋਇਆ ਹੈ।''
ਚੁਰੂ ਦੇ ਕਿਸਾਨ ਲੰਬੇ ਸਮੇਂ ਤੱਕ ਮਾਨਸੂਨ ਤੋਂ ਬਾਅਦ ਪੈਣ ਵਾਲ਼ੇ ਮੀਂਹ 'ਤੇ ਨਿਰਭਰ ਰਹੇ ਹਨ, ਜੋ ਅਕਤੂਬਰ ਵਿੱਚ ਅਤੇ ਕੁਝ ਹੱਦ ਤੱਕ ਜਨਵਰੀ-ਫਰਵਰੀ ਦੇ ਆਸਪਾਸ ਹੁੰਦੀ ਹੈ ਅਤੇ ਮੂੰਗਫ਼ਲੀ ਜਾਂ ਜੌਂ ਜਿਹੀਆਂ ਹਾੜੀ ਦੀਆਂ ਫ਼ਸਲਾਂ ਦੀ ਸਿੰਚਾਈ ਕਰਦੀ ਸੀ। ਹਰਦਿਆਲਜੀ ਦੱਸਦੇ ਹਨ ਕਿ ਇਹ ਵਾਛੜ-''ਚੱਕਰਵਾਤ ਮੀਂਹ, ਜੋ ਯੂਰਪ ਅਤੇ ਅਮੇਰੀਕਾ ਦੇ ਵਿਚਕਾਰਲੇ ਮਹਾਸਾਗਰਾਂ ਤੋਂ ਹੁੰਦੇ ਹੋਏ, ਸੀਮਾ ਪਾਰ ਦੇ ਦੇਸ਼ ਪਾਕਿਸਤਾਨ ਤੋਂ ਆਉਂਦਾ ਸੀ''- ਜ਼ਿਆਦਾਤਰ ਗਾਇਬ ਹੋ ਚੁੱਕਾ ਹੈ।
ਦੁਲਾਰਮ ਕਹਿੰਦੇ ਹਨ ਕਿ ਉਹ ਮੀਂਹ ਛੋਲਿਆਂ ਦੀ ਫ਼ਸਲ ਨੂੰ ਵੀ ਪਾਣੀ ਦਿੰਦਾ ਸੀ-ਤਾਰਾਨਗਰ ਨੂੰ ਦੇਸ਼ ਨੂੰ 'ਛੋਲਿਆਂ ਦਾ ਕਟੋਰਾ' ਕਿਹਾ ਜਾਂਦਾ ਸੀ, ਜੋ ਇੱਥੋਂ ਦੇ ਕਿਸਾਨਾਂ ਦੇ ਲਈ ਬੜੇ ਫ਼ਖਰ ਦੀ ਗੱਲ ਸੀ। ''ਫ਼ਸਲ ਇੰਨੀ ਵਧੀਆ ਹੋਇਆ ਕਰਦੀ ਸੀ ਕਿ ਅਸੀਂ ਵਿਹੜੇ ਵਿੱਚ ਛੋਲਿਆਂ ਦਾ ਢੇਰ ਲਾ ਦਿੰਦੇ ਹੁੰਦੇ ਸਾਂ।'' ਉਹ ਕਟੋਰਾ ਹੁਣ ਕਰੀਬ ਕਰੀਬ ਖਾਲ਼ੀ ਵੱਜ ਚੁੱਕਿਆ ਹੈ। ਧਰਮਪਾਲ ਕਹਿੰਦੇ ਹਨ,''ਸਾਲ 2007 ਤੋਂ ਬਾਅਦ, ਮੈਂ ਛੋਲਿਆਂ ਦੀ ਬਿਜਾਈ ਵੀ ਨਹੀਂ ਕਰ ਰਿਹਾ ਹਾਂ, ਕਿਉਂਕਿ ਸਤੰਬਰ ਤੋਂ ਬਾਅਦ ਮੀਂਹ ਨਹੀਂ ਪੈਂਦਾ ਹੈ।''
ਨਵੰਬਰ ਵਿੱਚ ਤਾਪਮਾਨ ਡਿੱਗਣ ਦੇ ਨਾਲ਼, ਚੁਰੂ ਵਿੱਚ ਛੋਲਿਆਂ ਦੀ ਫ਼ਸਲ ਚੰਗੀ ਤਰ੍ਹਾਂ ਨਾਲ਼ ਪੁੰਗਰਣ ਲੱਗਦੀ ਸੀ। ਪਰ ਇਨ੍ਹਾਂ ਸਾਲਾਂ ਵਿੱਚ, ਇੱਥੇ ਸਰਦੀਆਂ ਵਿੱਚ ਵੀ ਬਦਲਾਅ ਆਇਆ ਹੈ।
*****
ਆਐੱਸਏਪੀਸੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਬਾਅਦ, ਭਾਰਤ ਵਿੱਚ ਸ਼ੀਤਲਹਿਰਾਂ ਦੀ ਸਭ ਤੋਂ ਵੱਧ ਗਿਣਤੀ ਰਾਜਸਥਨਾ ਵਿੱਚ ਰਹੀ ਹੈ- ਜੋਕਿ 1901 ਤੋਂ 1999 ਦਰਮਿਆਨ ਕਰੀਬ ਇੱਕ ਸਦੀ ਵਿੱਚ 195 ਰਹੀ (1999 ਤੋਂ ਬਾਅਦ ਦਾ ਕੋਈ ਡਾਟਾ ਮੌਜੂਦ ਨਹੀਂ)। ਇਸ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਰਾਜਸਥਾਨ ਵਿੱਚ ਵੱਧ ਤੋਂ ਵੱਧ ਤਾਪਮਾਨ ਲਈ ਗਰਮੀ ਦਾ ਰੁਝਾਨ ਦਿਖਾਉਂਦਾ ਹੈ, ਉੱਥੇ ਇੱਥੇ ਘੱਟੋਘੱਟ ਤਾਪਮਾਨ ਲਈ ਸਰਦੀਆਂ ਦਾ ਰੁਝਾਨ ਵੀ ਦੇਖਿਆ ਗਿਆ ਹੈ- ਜਿਵੇਂ ਕਿ ਚੁਰੂ ਦਾ ਘੱਟੋਘੱਟ ਤਾਪਮਾਨ ਫਰਵਰੀ 2020 ਵਿੱਚ, ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ, 4.1 ਡਿਗਰੀ ਰਿਹਾ।
ਫਿਰ ਵੀ, ਚੁਰੂ ਵਿੱਚ ਕਈ ਲੋਕਾਂ ਲਈ, ਸਰਦੀ ਹੁਣ ਉਵੇਂ ਦੀ ਨਹੀਂ ਰਹੀ ਜਿਹੋ ਜਿਹੀ ਪਹਿਲਾਂ ਹੋਇਆ ਕਰਦੀ ਸੀ। ਗਾਜੁਵਾਸ ਪਿੰਡ ਵਿੱਚ ਗੋਵਰਧਨ ਸਹਾਰਣ ਕਹਿੰਦੇ ਹਨ,''ਮੈਂ ਜਦੋਂ ਬੱਚਾ ਸਾਂ (ਲਗਭਗ 50 ਸਾਲ ਪਹਿਲਾਂ) ਤਾਂ ਨਵੰਬਰ ਦੀ ਸ਼ੁਰੂਆਤ ਵਿੱਚ ਸਾਨੂੰ ਰਜ਼ਾਈ ਲੈਣੀ ਪੈਂਦੀ ਸੀ... ਮੈਂ ਸਵੇਰੇ 4 ਵਜੇ ਜਦੋਂ ਖੇਤ ਜਾਂਦਾ ਸਾਂ ਤਾਂ ਕੰਬਲ ਦੀ ਬੁੱਕਲ ਮਾਰਦਾ।'' ਉਹ ਬਾਜਰੇ ਦੀ ਕਟਾਈ ਤੋਂ ਬਾਅਦ ਆਪਣੇ ਖੇਤਾਂ ਵਿੱਚ ਬੈਠੇ ਗੱਲ ਕਰਦੇ ਹਨ ਜੋ ਖੇਜੜੀ ਦੇ ਰੁੱਖਾਂ ਵਿਚਾਲੇ ਬੀਜਿਆ ਹੋਇਆ ਸੀ। ਉਹ ਅੱਗੇ ਕਹਿੰਦੇ ਹਨ,''ਮੈਂ ਬੁਨੈਣ ਪਾਉਂਦਾ ਹਾਂ- 11ਵੇਂ ਮਹੀਨੇ ਵਿੱਚ ਵੀ ਇੰਨੀ ਕੁ ਗਰਮੀ ਪੈ ਰਹੀ ਹੈ।''
''ਅਤੀਤ ਵਿੱਚ, ਜਦੋਂ ਮੇਰੀ ਸੰਸਥਾ ਮਾਰਚ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰੋਗਰਾਮ ਅਯੋਜਿਤ ਕਰਦੀ ਸਨ, ਉਦੋਂ ਅਸੀਂ ਸਵੈਟਰ ਪਾਉਂਦੇ ਹੁੰਦੇ ਸਾਂ। ਹੁਣ ਸਾਨੂੰ ਪੱਖੇ ਚਲਾਉਣੇ ਪੈਂਦੇ ਹਨ। ਪਰ ਇਹ ਸਾਲ-ਦਰ-ਸਾਲ ਹੋਰ ਵੀ ਅਣਕਿਆਸਾ ਹੁੰਦਾ ਜਾ ਰਿਹਾ ਹੈ,'' ਅੰਮ੍ਰਿਤਾ ਚੌਧਰੀ ਕਹਿੰਦੀ ਹਨ।
ਸੁਜਾਨਗੜ੍ਹ ਸ਼ਹਿਰ ਵਿੱਚ, ਆਂਗਨਵਾੜੀ ਕਾਰਕੁੰਨ ਸੁਸ਼ੀਲਾ ਪੁਰੋਹਿਤ, 3-5 ਸਾਲ ਦੀ ਬੱਚਿਆਂ ਦੇ ਇੱਕ ਛੋਟੇ ਝੁੰਡ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ,''ਉਹ ਸਰਦੀਆਂ ਦੇ ਕੱਪੜੇ ਪਾਉਂਦੇ ਸਨ। ਪਰ ਹੁਣ ਨਵੰਬਰ ਵਿੱਚ ਵੀ ਗਰਮੀ ਹੈ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਪਾਉਣ ਦੀ ਸਲਾਹ ਦਿੱਤੀ ਜਾਵੇ।''
ਚੁਰੂ ਦੇ ਮੰਨੇ-ਪ੍ਰਮੰਨੇ ਕਾਲਮਨਵੀਸ ਅਤੇ ਲੇਖਕ, 83 ਸਾਲਾ ਮਾਧਵ ਸ਼ਰਮਾ ਇਹਨੂੰ ਸੰਖੇਪ ਵਿੱਚ ਇਸੇ ਤਰ੍ਹਾਂ ਦਾ ਬਿਆਨ ਕਰਦੇ ਹਨ: ''ਕੰਬਲ ਅਤੇ ਕੋਟ ਦਾ ਜ਼ਮਾਨਾ (ਨਵੰਬਰ ਵਿੱਚ) ਚਲਾ ਗਿਆ।''
*****
ਗਰਮੀ ਦੇ ਵਿਸਤਾਰ ਨੇ ਕੰਬਲ ਅਤੇ ਕੋਟ ਦੇ ਉਨ੍ਹਾਂ ਦਿਨਾਂ ਨੂੰ ਨਿਗਲ਼ ਲਿਆ ਹੈ। ਮਾਧਵਜੀ ਕਹਿੰਦੇ ਹਨ,''ਅਤੀਤ ਵਿੱਚ, ਸਾਡੇ ਕੋਲ਼ ਚਾਰ ਵੱਖ-ਵੱਖ ਮੌਸਮ (ਬਸੰਤ ਸਣੇ) ਹੁੰਦੇ ਸਨ। ਹੁਣ ਸਿਰਫ਼ ਇੱਕੋ ਇੱਕ ਮੁੱਖ ਮੌਸਮ ਰਹਿ ਗਿਆ ਹੈ- ਗਰਮੀ ਦਾ, ਜੋ ਅੱਠ ਮਹੀਨੇ ਤੱਕ ਰਹਿੰਦਾ ਹੈ। ਇਹ ਬਹੁਤ ਲੰਬੇ ਸਮੇਂ ਵਿੱਚ ਹੋਇਆ ਇੱਕ ਬਦਲਾਅ ਹੈ।''
ਤਾਰਾਨਗਰ ਦੇ ਖੇਤੀ ਕਾਰਕੁੰਨਾ ਨਿਰਮਲ ਪ੍ਰਜਾਪਤੀ ਕਹਿੰਦੇ ਹਨ,''ਅਤੀਤ ਵਿੱਚ ਮਾਰਚ ਦਾ ਮਹੀਨਾ ਵੀ ਠੰਡਾ ਹੁੰਦਾ ਸੀ। ਹੁਣ ਕਦੇ-ਕਦੇ ਫਰਵਰੀ ਦੇ ਅੰਤ ਵਿੱਚ ਵੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਅਗਸਤ ਵਿੱਚ ਖ਼ਤਮ ਹੋਣ ਦੀ ਬਜਾਇ ਅਕਤੂਬਰ ਜਾਂ ਉਸ ਤੋਂ ਵੀ ਬਾਅਦ ਦੇ ਮਹੀਨਿਆਂ ਤੱਕ ਰਹਿੰਦੀ ਹੈ।''
ਪ੍ਰਜਾਪਤੀ ਕਹਿੰਦੇ ਹਨ ਕਿ ਪੂਰੇ ਚੁਰੂ ਦੇ ਖੇਤਾਂ ਵਿੱਚ, ਇਸ ਵਿਸਤਾਰਤ ਗਰਮੀ ਕਾਰਨ ਕੰਮ ਦੇ ਘੰਟੇ ਬਦਲ ਗਏ ਹਨ- ਕਿਸਾਨ ਅਤੇ ਮਜ਼ਦੂਰ ਸਵੇਰੇ ਅਤੇ ਸ਼ਾਮੀਂ ਮੁਕਾਬਲਤਨ ਠੰਡੇ ਸਮੇਂ ਵਿੱਚ ਕੰਮ ਕਰਕੇ ਗਰਮੀ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵਿਸਤਾਰਤ ਗਰਮੀ ਯਕੀਨੋ-ਬਾਹਰੀ ਹੈ। ਕੁਝ ਲੋਕ ਚੇਤੇ ਕਰਦੇ ਹੋਏ ਦੱਸਦੇ ਹਨ ਕਿ ਇੱਕ ਸਮਾਂ ਸੀ, ਜਦੋਂ ਕਰੀਬ ਹਰ ਹਫ਼ਤੇ ਪਿੰਡਾਂ ਵਿੱਚ ਹਨ੍ਹੇਰੀਆਂ ਵਗਿਆ ਕਰਦੀਆਂ ਸਨ, ਜੋ ਆਪਣੇ ਮਗਰ ਰੇਤ ਦੀ ਚਾਦਰ ਛੱਡ ਜਾਂਦੀਆਂ ਸਨ। ਰੇਲ ਦੀਆਂ ਪੱਟੜੀਆਂ ਰੇਤ ਨਾਲ਼ ਢੱਕੀਆਂ ਜਾਂਦੀਆਂ ਸਨ, ਰੇਤ ਦੇ ਟਿਲੇ ਆਪਣੀ ਥਾਂ ਬਦਲਦੇ ਰਹਿੰਦੇ ਸਨ, ਇੱਥੋਂ ਤੱਕ ਕਿ ਆਪਣੇ ਵਿਹੜੇ ਵਿੱਚ ਸੌਂ ਰਿਹਾ ਕਿਸਾਨ ਵੀ ਰੇਤ ਨਾਲ਼ ਢੱਕਿਆ ਜਾਂਦਾ ਸੀ। ਸੇਵਾ-ਮੁਕਤ ਸਕੂਲੀ ਅਧਿਆਪਕ ਹਰਦਿਆਲਜੀ ਚੇਤੇ ਕਰਦੇ ਹਨ,''ਪੱਛੋ ਦੀਆਂ ਹਵਾਵਾਂ ਹਨ੍ਹੇਰੀਆਂ ਲਿਆਉਂਦੀਆਂ ਸਨ। ਸਾਡੀਆਂ ਚਾਦਰਾਂ 'ਤੇ ਆ ਕੇ ਰੇਤ ਟਿਕ ਜਾਂਦੀ। ਹੁਣ ਉਸ ਤਰੀਕੇ ਦੀਆਂ ਹਨ੍ਹੇਰੀਆਂ ਇੱਥੇ ਨਹੀਂ ਵਗਦੀਆਂ।''
ਨਿਰਮਲ ਕਹਿੰਦੇ ਹਨ ਕਿ ਇਹ ਧੂੜ ਭਰੀਆਂ ਹਨ੍ਹੇਰੀਆਂ ਆਮ ਤੌਰ 'ਤੇ ਗਰਮੀ ਦੇ ਸਿਖਰਲੇ ਮਹੀਨੇ ਮਈ ਅਤੇ ਜੂਨ ਵਿੱਚ ਅਕਸਰ ਲੂ ਦੇ ਨਾਲ਼ ਟਕਰਾ ਜਾਂਦੀਆਂ ਸਨ, ਜੋ ਘੰਟਿਆਂ-ਬੱਧੀ ਚੱਲਦੀਆਂ ਰਹਿੰਦੀਆਂ ਸਨ। ਹਨ੍ਹੇਰੀ ਅਤੇ ਲੂ, ਦੋਵੇਂ, ਚੁਰੂ ਵਿੱਚ 30 ਸਾਲ ਪਹਿਲਾਂ ਤੱਕ ਨਿਯਮਿਤ ਰੂਪ ਨਾਲ਼ ਚੱਲਦੀਆਂ ਸਨ ਅਤੇ ਤਾਪਮਾਨ ਨੂੰ ਹੇਠਾਂ ਲਿਆਉਣ ਵਿੱਚ ਮਦਦ ਕਰਦੀਆਂ ਸਨ। ਨਿਰਮਲ ਮੁਤਾਬਕ,''ਹਨ੍ਹੇਰੀ ਬਹੁਤ ਵਧੀਆ ਮਿੱਟੀ ਦੀ ਚਾਰਦ ਵਿਛਾ ਦਿੰਦੀ ਸੀ, ਜਿਸ ਕਾਰਨ ਮਿੱਟੀ ਦੀ ਜਰਖ਼ੇਜ਼ਤਾ ਵਿੱਚ ਵਾਧਾ ਹੁੰਦਾ ਸੀ।'' ਹੁਣ ਗਰਮੀ ਰੁੱਕ ਗਈ ਹੈ, ਪਾਰਾ ਵੀ 40 ਡਿਗਰੀ ਤੋਂ ਪਾਰ ਬਣਿਆ ਰਹਿੰਦਾ ਹੈ। ਉਹ ਚੇਤੇ ਕਰਦਿਆਂ ਕਹਿੰਦੇ ਹਨ,''ਅਪ੍ਰੈਲ 2019 ਵਿੱਚ, ਮੈਨੂੰ ਜਾਪਦਾ ਹੈ ਕਿ ਕਰੀਬ 5-7 ਸਾਲਾਂ ਬਾਅਦ, ਹਨ੍ਹੇਰੀ ਆਈ ਸੀ।''
ਇਹ ਬੱਝੀ ਹੋਈ ਗਰਮੀ, ਗਰਮੀ ਦੀ ਰੁੱਤ ਨੂੰ ਵਧਾ ਦਿੰਦੀ ਹੈ, ਜਿਸ ਕਰਕੇ ਇਹ ਇਲਾਕਾ ਹੋਰ ਤਪਣ ਲੱਗਦਾ ਹੈ। ਤਾਰਾਨਗਰ ਦੇ ਖੇਤੀ ਕਾਰਕੁੰਨ ਅਤੇ ਹਰਦਿਆਲਜੀ ਦੇ ਬੇਟੇ ਉਮਰਾਓ ਸਿੰਘ ਕਹਿੰਦੇ ਹਨ,''ਰਾਜਸਥਾਨ ਵਿੱਚ, ਸਾਨੂੰ ਤੇਜ਼ ਗਰਮੀ ਦੀ ਆਦਤ ਰਹੀ ਹੈ। ਪਰ ਪਹਿਲੀ ਵਾਰ, ਇੱਥੋਂ ਦਾ ਕਿਸਾਨ ਗਰਮੀ ਤੋਂ ਡਰਨ ਲੱਗਿਆ ਹੈ।''
*****
ਜੂਨ 2019 ਵਿੱਚ ਇੰਝ ਪਹਿਲੀ ਵਾਰ ਨਹੀਂ ਸੀ, ਜਦੋਂ ਰਾਜਸਥਾਨ ਵਿੱਚ 50 ਡਿਗਰੀ ਸੈਲਸੀਅਸ ਦੇ ਆਸਪਾਸ ਤਾਪਮਾਨ ਦੇਖਿਆ ਗਿਆ ਹੋਵੇ। ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਰਿਕਾਰਡ ਦੱਸਦੇ ਹਨ ਕਿ ਜੂਨ, 1993 ਵਿੱਚ ਚੁਰੂ ਵਿੱਚ ਗਰਮੀਆਂ ਦੌਰਾਨ ਤਾਪਮਾਨ 49.8 ਡਿਗਰੀ ਸੈਲਸੀਅਸ ਸੀ। ਬਾਇਮੇਰ ਨੇ ਸਾਲ 1995 ਦੇ ਮਈ ਮਹੀਨੇ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਅਤੇ 49.9 ਦਾ ਅੰਕੜਾ ਛੂਹਿਆ। ਕਾਫ਼ੀ ਪਹਿਲਾਂ, ਗੰਗਾਨਗਰ ਵਿੱਚ ਜੂਨ 1934 ਵਿੱਚ ਤਾਪਮਾਨ 50 ਡਿਗਰੀ ਪਾਰ ਚਲਾ ਗਿਆ ਸੀ, ਅਤੇ ਅਲਵਰ ਮਈ 1956 ਵਿੱਚ 50.6 ਦੇ ਨਿਸ਼ਾਨ ਨੂੰ ਛੂਹ ਗਿਆ ਸੀ।
ਕੁਝ ਖ਼ਬਰਾਂ ਦੀਆਂ ਰਿਪੋਰਟਾਂ ਨੇ ਜੂਨ 2019 ਦੀ ਸ਼ੁਰੂਆਤ ਵਿੱਚ ਚੁਰੂ ਨੂੰ ਇਸ ਗ੍ਰਹਿ ਦੀ ਸਭ ਤੋਂ ਗਰਮ ਥਾਂ ਭਾਵੇਂ ਹੀ ਕਿਹਾ ਹੋਵੇ, ਪਰ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੀ 2019 ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਦੁਨੀਆ ਦੇ ਹੋਰਨਾਂ ਹਿੱਸਿਆਂ-ਕੁਝ ਅਰਬ ਦੇਸ਼ਾਂ ਸਣੇ- ਵਿੱਚ ਤਾਪਮਨ 50 ਡਿਗਰੀ ਸੈਲਸੀਅਸ ਜਾਂ ਉਸ ਤੋਂ ਵੱਧ ਦਰਜ ਕੀਤਾ ਗਿਆ ਹੈ। ਗਲੋਬਲ ਵਾਰਮਿੰਗ ਦੇ ਪੈਟਰਨ ਕਿਵੇਂ ਵਿਕਸਤ ਹੁੰਦੇ ਹਨ, ਇਹਦੇ ਅਧਾਰ 'ਤੇ ਇਹ ਰਿਪੋਰਟ- ਗਰਮ ਹੁੰਦੇ ਗ੍ਰਹਿ 'ਤੇ ਕੰਮ ਕਰਨਾ - ਭਾਰਤ ਵਾਸਤੇ ਭਵਿੱਖਬਾਣੀ ਕਰਦੀ ਹੈ ਕਿ ਇੱਥੇ 2025 ਤੋਂ 2085 ਦਰਮਿਆਨ ਤਾਪਮਾਨ ਵਿੱਚ 1.1 ਤੋਂ ਲੈ ਕੇ 3 ਡਿਗਰੀ ਸੈਲਸੀਅਸ ਤੱਕ ਵਾਧਾ ਹੋਵੇਗਾ।
ਜਲਵਾਯੂ ਤਬਦੀਲੀ ਦੇ ਅੰਤਰ-ਸਰਕਾਰੀ ਪੈਨਲ ਅਤੇ ਹੋਰ ਸ੍ਰੋਤਾਂ ਨੇ ਪੱਛਮੀ ਰਾਜਸਥਾਨ ਨੇ ਪੂਰੇ ਰੇਗਿਸਤਾਨ ਖੇਤਰ (19.61 ਮਿਲੀਅਨ ਹੈਕਟੇਅਰ) ਦੇ ਲਈ, 21ਵੀਂ ਸਦੀ ਦੇ ਅੰਤ ਤੱਕ ਗਰਮ ਦਿਨ ਅਤੇ ਗਰਮ ਰਾਤਾਂ ਅਤੇ ਮੀਂਹ ਵਿੱਚ ਘਾਟ ਦਾ ਅੰਦਾਜਾ ਲਾਇਆ ਹੈ।
ਚੁਰੂ ਸ਼ਹਿਰ ਦੇ ਡਾਕਟਰ ਸੁਨੀਲ ਜੰਡੂ ਕਹਿੰਦੇ ਹਨ,''ਕਰੀਬ 48 ਡਿਗਰੀ ਸੈਲਸੀਅਸ ਤਾਪਮਾਨ ਤੋਂ ਬਾਅਦ, ਜੋ ਲੋਕ ਬਹੁਤ ਵੱਧ ਗਰਮੀ ਦੇ ਆਦੀ ਹਨ, ਉਨ੍ਹਾਂ ਦੇ ਲਈ ਵੀ ਇੱਕ ਡਿਗਰੀ ਦਾ ਵਾਧਾ ਬਹੁਤ ਮਾਇਨੇ ਰੱਖਦਾ ਹੈ।'' ਉਹ ਦੱਸਦੇ ਹਨ ਕਿ ਮਨੁੱਖੀ ਸਰੀਰ 'ਤੇ 48 ਡਿਗਰੀ ਤੋਂ ਵੱਧ ਤਾਪਮਾਨ ਦਾ ਅਸਰ ਬਹੁਤ ਵੱਧ ਹੁੰਦਾ ਹੈ- ਥਕਾਵਟ, ਡਿਹਾਈਡ੍ਰੇਸ਼ਨ/ਨਿਰਜਲੀਕਰਨ, ਗੁਰਦੇ ਦੀ ਪੱਥਰੀ (ਲੰਬੇ ਸਮੇਂ ਤੀਕਰ ਡਿਹਾਈਡ੍ਰੇਸ਼ਨ ਦੇ ਕਾਰਨ) ਅਤੇ ਇੱਥੋਂ ਤੱਕ ਕਿ ਲੂ ਲੱਗਣਾ, ਉਲਟੀ ਤੋਂ ਇਲਾਵਾ ਚੱਕਰ ਆਉਣਾ ਅਤੇ ਹੋਰ ਪ੍ਰਭਾਵ। ਹਾਲਾਂਕਿ, ਜ਼ਿਲ੍ਹਾ ਪ੍ਰਜਨਨ ਅਤੇ ਸ਼ਿਸ਼ੂ ਸਿਹਤ ਅਧਿਕਾਰੀ ਡਾਕਟਰ ਜੰਡੂ ਕਹਿੰਦੇ ਹਨ ਕਿ ਉਨ੍ਹਾਂ ਨੇ ਮਈ-ਜੂਨ 2019 ਵਿੱਚ ਅਜਿਹੇ ਮਾਮਲਿਆਂ ਵਿੱਚ ਕੋਈ ਵਾਧਾ ਨਹੀਂ ਦੇਖਿਆ। ਨਾ ਹੀ ਉਸ ਸਮੇਂ ਚੁਰੂ ਵਿੱਚ ਗਰਮੀ ਜਾਂ ਲੂ ਲੱਗਣ ਨਾਲ਼ ਹੋਈ ਕੋਈ ਮੌਤ ਹੀ ਦਰਜ ਕੀਤੀ ਗਈ ਸੀ।
ਆਈਐੱਲਓ ਦੀ ਰਿਪੋਰਟ ਵਿੱਚ ਵੀ ਵਿਤੋਂਵੱਧ ਗਰਮੀ ਦੇ ਖ਼ਤਰਿਆਂ 'ਤੇ ਧਿਆਨ ਦਵਾਇਆ ਗਿਆ ਹੈ: ''ਜਲਵਾਯੂ ਤਬਦੀਲੀ ਦੇ ਕਾਰਨ ਸੰਸਾਰ ਪੱਧਰੀ ਤਾਪਮਾਨ ਵਿੱਚ ਵਾਧਾ ਵੀ ਗਰਮੀ ਦੇ ਚੱਲਦਿਆਂ ਹੋਣ ਵਾਲ਼ੇ ਤਣਾਅ ਨੂੰ ਹੋਰ ਵੀ ਆਮ ਬਣਾ ਛੱਡੇਗਾ... ਗਰਮੀ ਵੱਧ ਪਵੇਗੀ, ਜਿਸ ਕਾਰਨ ਸਰੀਰਕ ਕਸ਼ਟ ਹੋਣਾ ਲਾਜ਼ਮੀ ਹਨ ਅਤੇ ਇਹ ਮੌਸਮ ਹੰਢਾਉਣਾ ਮੁਸ਼ਕਲ ਬਣਿਆ ਰਹੇਗਾ... ਵਿਤੋਂਵੱਧ ਗਰਮੀ ਦਾ ਸਾਹਮਣਾ ਕਰਨ ਨਾਲ਼ ਦਿਲ ਦਾ ਦੌਰਾ ਤੱਕ ਵੀ ਪੈ ਸਕਦਾ ਹੈ, ਜੋ ਕਦੇ-ਕਦੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।''
ਰਿਪੋਰਟ ਕਹਿੰਦੀ ਹੈ ਕਿ ਸਮੇਂ ਦੇ ਨਾਲ਼ ਦੱਖਣ ਏਸ਼ੀਆ ਇਸ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲ਼ੇ ਇਲਾਕਿਆਂ ਵਿੱਚੋਂ ਇੱਕ ਹੈ ਅਤੇ ਗਰਮੀ ਦੇ ਤਣਾਅ ਕਰਕੇ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਵਿੱਚ ਆਮ ਤੌਰ 'ਤੇ ਗ਼ਰੀਬੀ, ਗ਼ੈਰ-ਰਸਮੀ ਰੁਜ਼ਗਾਰ ਅਤੇ ਗੁਜ਼ਾਰੇ ਲਈ ਖੇਤੀ ਕਰਨ ਵਾਲ਼ਿਆਂ ਦੀ ਉੱਚ ਦਰ ਦੇਖੀ ਜਾਂਦੀ ਹੈ।
ਪਰ ਸਾਰੇ ਹਾਨੀਕਾਰਕ ਪ੍ਰਭਾਵ ਅਜਿਹੇ ਨਹੀਂ ਹੁੰਦੇ ਜੋ ਸੌਖ਼ਿਆਂ ਹੀ, ਨਾਟਕੀ ਢੰਗ ਨਾਲ਼ ਫ਼ੌਰਨ ਦਿੱਸਣ ਲੱਗ ਜਾਣ, ਜਿਵੇਂ ਕਿ ਹਸਪਤਾਲਾਂ ਵਿੱਚ ਲੱਗੀ ਭੀੜ।
ਹੋਰ ਸਮੱਸਿਆਵਾਂ ਦੇ ਨਾਲ਼ ਇਹਦਾ ਰਲ਼ੇਵਾਂ ਕਰਦੇ ਸਮੇਂ, ਆਈਐੱਲਓ ਦੀ ਰਿਪੋਰਟ ਕਹਿੰਦੀ ਹੈ ਕਿ ਗਰਮੀ ਦਾ ਤਣਾਅ ਇਸ ਤਰ੍ਹਾਂ ਨਾਲ਼ ਵੀ ਕੰਮ ਕਰ ਸਕਦਾ ਹੈ ਕਿ ਉਹ ''ਖੇਤ ਮਜ਼ਦੂਰਾਂ ਨੂੰ ਪੇਂਡੂ ਇਲਾਕਿਆਂ ਤੋਂ ਪਲਾਇਨ ਕਰਨ ਲਈ ਪ੍ਰੇਰਿਤ ਕਰਦਾ ਹੈ... (ਅਤੇ) 2005-15 ਦੇ ਵਕਫ਼ੇ ਦੌਰਾਨ, ਗਰਮੀ ਤੋਂ ਹੋਣ ਵਾਲ਼ੇ ਤਣਾਅ ਦਾ ਉੱਚ-ਪੱਧਰ, ਵੱਡੇ ਪੱਧਰ 'ਤੇ ਬਾਹਰੀ ਇਲਾਕਿਆਂ ਵੱਲ ਪਲਾਇਨ ਦੇ ਨਾਲ਼ ਜੁੜਿਆ ਸੀ- ਬੀਤੇ 1- ਸਾਲਾਂ ਦੀ ਮਿਆਦ ਦੌਰਾਨ ਅਜਿਹੀ ਪ੍ਰਵਿਰਤੀ ਨਹੀਂ ਦੇਖੀ ਗਈ ਸੀ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਇਹ ਪਰਿਵਾਰ ਪਲਾਇਨ ਕਰਨ ਦੇ ਆਪਣੇ ਫ਼ੈਸਲੇ ਵਿੱਚ ਜਲਵਾਯੂ ਤਬਦੀਲੀ ਨੂੰ ਧਿਆਨ ਵਿੱਚ ਰੱਖ ਰਹੇ ਹੋਣ। ''
ਚੁਰੂ ਵਿੱਚ ਵੀ ਘੱਟਦੀ ਪੈਦਾਵਾਰ ਦੇ ਕਾਰਨ ਆਮਦਨੀ ਵਿੱਚ ਗਿਰਾਵਟ ਹੀ ਪਲਾਇਨ ਲਈ ਪ੍ਰੇਰਿਤ ਕਰਨ ਵਾਲ਼ੇ ਸਾਰੇ ਕਾਰਨਾਂ ਵਿੱਚੋਂ ਦੀ ਮੁੱਖ ਜੜ੍ਹ ਹੈ। ਦੁਲਾਰਾਮ ਸਹਾਰਣ ਕਹਿੰਦੇ ਹਨ,''ਅਤੀਤ ਵਿੱਚ, ਸਾਡੇ ਖੇਤ ਵਿੱਚ 100 ਮਣ (ਕਰੀਬ 3,750 ਕਿਲੋ) ਬਾਜਰਾ ਉੱਗਦਾ ਸੀ। ਹੁਣ ਵੱਧ ਤੋਂ ਵੱਧ 20-30 ਮਣ ਹੀ ਹੱਥ ਆਉਂਦਾ ਹੈ। ਮੇਰੇ ਪਿੰਡ ਭਾਰੰਗ ਵਿੱਚ, ਸ਼ਾਇਦ ਸਿਰਫ਼ 50 ਪ੍ਰਤੀਸ਼ਤ ਲੋਕ ਹੀ ਖੇਤੀ ਕਰ ਰਹੇ ਹਨ, ਬਾਕੀ ਲੋਕਾਂ ਨੇ ਖੇਤੀ ਹੀ ਛੱਡ ਦਿੱਤੀ ਹੈ ਅਤੇ ਪਲਾਇਨ ਕਰ ਗਏ ਹਨ।''
ਗਾਜੁਵਾਸ ਪਿੰਡ ਦੇ ਧਰਮਪਾਲ ਸਹਾਰਣ ਦੱਸਦੇ ਹਨ ਕਿ ਉਨ੍ਹਾਂ ਦੀ ਪੈਦਾਵਾਰ ਵਿੱਚ ਵੀ ਬਹੁਤ ਤੇਜ਼ੀ ਨਾਲ਼ ਗਿਰਾਵਟ ਆਈ ਹੈ। ਇਸਲਈ, ਹੁਣ ਕੁਝ ਸਾਲਾਂ ਤੋਂ ਉਹ ਟੈਂਪੂ ਚਾਲਕ ਦੇ ਰੂਪ ਵਿੱਚ ਕੰਮ ਕਰਨ ਲਈ, ਹਰ ਸਾਲ 3-4 ਮਹੀਨਿਆਂ ਲਈ ਜੈਪੁਰ ਜਾਂ ਗੁਜਰਾਤ ਦੇ ਸ਼ਹਿਰਾਂ ਵਿੱਚ ਜਾ ਰਹੇ ਹਨ।
ਪ੍ਰੋ. ਇਸਰਾਨ ਨੇ ਵੀ ਇਹ ਨੋਟ ਕੀਤਾ ਹੈ ਕਿ ਚੁਰੂ ਵਿੱਚ, ਡਿੱਗਦੀ ਹੋਈ ਖੇਤੀ ਆਮਦਨੀ ਦੇ ਨੁਕਸਾਨ ਦੀ ਪੂਰਤੀ ਵਾਸਤੇ, ਕਈ ਲੋਕ ਖਾੜੀ ਦੇਸ਼ਾਂ ਵੱਲ ਜਾਂ ਕਰਨਾਟਕ, ਮਹਾਰਾਸ਼ਟਰ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਕਾਰਖ਼ਾਨਿਆਂ ਵਿੱਚ ਕੰਮ ਕਰਨ ਲਈ ਪਲਾਇਨ ਕਰ ਰਹੇ ਹਨ। (ਸਰਕਾਰੀ ਨੀਤੀ ਦੇ ਚੱਲਦਿਆਂ ਡੰਗਰਾਂ ਦਾ ਵਪਾਰ ਤਬਾਹ ਹੋ ਜਾਣਾ ਵੀ ਇਨ੍ਹਾਂ ਕਾਰਨਾਂ ਵਿੱਚੋਂ ਇੱਕ ਹੈ- ਪਰ ਇਹਦੀ ਕਹਾਣੀ ਅੱਡ ਹੈ।)
ਆਈਐੱਲਓ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਅਗਲੇ 10 ਸਾਲਾਂ ਵਿੱਚ ਵੱਧਦੇ ਤਾਪਮਾਨ ਦੇ ਕਾਰਨ 80 ਮਿਲੀਅਨ ਕੁੱਲਵਕਤੀ ਨੌਕਰੀਆਂ ਦੇ ਬਰਾਬਰ ਉਤਪਾਦਕਤਾ ਦੀ ਹਾਨੀ ਹੋ ਸਕਦੀ ਹੈ। ਯਾਨਿ, ਵਰਤਮਾਨ ਅਨੁਮਾਨ ਮੁਤਾਬਕ, ਸੰਸਾਰ ਪੱਧਰੀ ਤਾਪਮਾਨ ਵਿੱਚ ਇੱਕੀਵੀਂ ਸਦੀ ਦੇ ਅੰਤ ਤੱਕ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।
*****
ਚੁਰੂ ਵਿੱਚ ਜਲਵਾਯੂ ਤਬਦੀਲੀ ਕਿਉਂ ਹੋ ਰਹੀ ਹੈ?
ਸਵਾਲ ਦੇ ਜਵਾਬ ਵਿੱਚ ਪ੍ਰੋ. ਇਸਰਾਨ ਕਹਿੰਦੇ ਹਨ ਕਿ ਵਾਤਾਵਰਣ ਪ੍ਰਦੂਸ਼ਣ ਦੇ ਕਾਰਨ; ਮਾਧਵ ਸ਼ਰਮਾ ਵੀ ਉਨ੍ਹਾਂ ਨਾਲ਼ ਸਹਿਮਤ ਹਨ। ਇਸ ਨਾਲ਼ ਵਾਤਾਵਰਣ ਦੀ ਗਰਮੀ ਰੁੱਕ ਜਾ ਰਹੀ ਹੈ, ਮੌਸਮ ਦਾ ਮਿਜ਼ਾਜ ਬਦਲ ਜਾਂਦਾ ਹੈ। ਤਾਰਾਨਗਰ ਤਹਿਸੀਲ ਦੇ ਭਾਲੇਰੀ ਪਿੰਡ ਦੇ ਕਿਸਾਨ ਅਤੇ ਸਾਬਕਾ ਸਕੂਲ ਪ੍ਰਿੰਸੀਪਲ, ਰਾਮਸਵਾਰੂਪ ਸਹਾਰਣ ਕਹਿੰਦੇ ਹਨ,''ਆਲਮੀ ਤਪਸ਼ ਅਤੇ ਕੰਕਰੀਟ ਉਸਾਰੀਆਂ ਦੇ ਵੱਧਦੇ ਜਾਂਦੇ ਜਾਲ਼ ਦੇ ਕਾਰਨ ਤਪਸ਼ ਵੱਧ ਰਹੀ ਹੈ। ਜੰਗਲ ਘੱਟ ਹੋ ਗਏ ਹਨ, ਵਾਹਨਾਂ ਵਿੱਚ ਵਾਧਾ ਹੋਇਆ ਹੈ।''
''ਉਦਯੋਗ-ਧੰਦੇ ਵੱਧ ਰਹੇ ਹਨ, ਏਅਰ ਕੰਡੀਸ਼ਨਰ ਦੀ ਵਰਤੋਂ ਵੱਧ ਰਹੀ ਹੈ, ਕਾਰਾਂ ਵੱਧ ਰਹੀਆਂ ਹਨ,'' ਜੈਪੁਰ ਦੇ ਇੱਕ ਸੀਨੀਅਰ ਪੱਤਰਕਾਰ ਨਰਾਇਣ ਬਾਰੇਠ ਕਹਿੰਦੇ ਹਨ। ''ਵਾਤਾਵਰਣ ਪ੍ਰਦੂਸ਼ਤ ਹੈ। ਇਹ ਸਾਰਾ ਕੁਝ ਆਲਮੀ ਤਪਸ਼ ਵਿੱਚ ਹੋਣ ਵਾਲ਼ੇ ਵਾਧੇ ਕਾਰਨ ਹੈ।''
ਚੁਰੂ, ਜਿਹਨੂੰ ਕੁਝ ਗ੍ਰੰਥਾਂ ਵਿੱਚ 'ਥਾਰ ਰੇਗਿਸਤਾਨ ਦਾ ਪ੍ਰਵੇਸ਼-ਦੁਆਰ' ਕਿਹਾ ਗਿਆ ਹੈ, ਯਕੀਨਨ ਜਲਵਾਯੂ ਤਬਦੀਲੀ ਦੀ ਇੱਕ ਵੱਡੀ ਸੰਸਾਰ-ਪੱਧਰੀ ਕੜੀ ਦਾ ਇੱਕ ਹਿੱਸਾ ਹੈ। ਰਾਜਸਥਾਨ ਸਟੇਟ ਐਕਸ਼ਨ ਪਲਾਨ ਫ਼ਾਰ ਕਲਾਇਮੇਟ ਚੇਂਜ, ਸਾਲ 1970 ਦੇ ਬਾਅਦ ਸੰਸਾਰ ਪੱਧਰੀ ਚੀਐੱਚਜੀ/ਗ੍ਰੀਨ-ਹਾਊਸ ਗੈਸ ਨਾਲ਼ ਜੁੜੀਆਂ ਤਬਦੀਲੀਆਂ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਕਾਰਕ ਊਰਜਾ ਖੇਤਰ ਵਿੱਚ ਵੱਧ ਗਤੀਵਿਧੀਆਂ, ਪਥਰਾਟ-ਬਾਲਣਾਂ ਦੀ ਵਰਤੋਂ ਵਿੱਚ ਵਾਧਾ, ਖੇਤੀ ਖੇਤਰ ਵਿੱਚ ਹੁੰਦਾ ਨਿਕਾਸ, ਵੱਧਦੀਆਂ ਉਦਯੋਗਿਕ ਪ੍ਰਕਿਰਿਆਵਾਂ ਅਤੇ 'ਭੂਮੀ-ਵਰਤੋਂ, ਭੂਮੀ-ਵਰਤੋਂ ਵਿੱਚ ਹੁੰਦੇ ਬਦਲਾਅ ਅਤੇ ਜੰਗਲਾਂ ਦੇ ਸਨਅਨੀਕਰਨ' ਦੇ ਕਾਰਨ ਪੈਦਾ ਹੁੰਦੇ ਹਨ। ਇਹ ਸਾਰੇ ਕਾਰਨ ਜਲਵਾਯੂ ਤਬਦੀਲੀ ਦੇ ਪੇਚੀਦਾ ਹੁੰਦੇ ਜਾਲ਼ ਦੀਆਂ ਬਦਲੀਆਂ ਹੋਈਆਂ ਕੜੀਆਂ ਹਨ।
ਚੁਰੂ ਦੇ ਪਿੰਡਾਂ ਦੇ ਲੋਕ ਹੋ ਸਕਦਾ ਹੈ ਕਿ ਗ੍ਰੀਨ-ਹਾਊਸ ਗੈਸਾਂ ਬਾਰੇ ਗੱਲ ਨਾ ਕਰਨ, ਪਰ ਉਨ੍ਹਾਂ ਦਾ ਜੀਵਨ ਇਸ ਤੋਂ ਪ੍ਰਭਾਵਤ ਜ਼ਰੂਰ ਹੋ ਰਿਹਾ ਹੈ। ਹਰਦਿਆਲਜੀ ਕਹਿੰਦੇ ਹਨ,''ਅਤੀਤ ਵਿੱਚ, ਅਸੀਂ ਪੱਖੇ ਅਤੇ ਕੂਲਰ ਦੇ ਬਗ਼ੈਰ ਵੀ ਗਰਮੀ ਨੂੰ ਸਹਿ ਸਕਦੇ ਸਾਂ। ਪਰ ਹੁਣ ਅਸੀਂ ਉਨ੍ਹਾਂ ਦੇ ਬਗ਼ੈਰ ਨਹੀਂ ਰਹਿ ਸਕਦੇ।''
ਅਮ੍ਰਿਤਾ ਅੱਗੇ ਗੱਲ ਜੋੜਦਿਆਂ ਕਹਿੰਦੀ ਹਨ,''ਗ਼ਰੀਬ ਪਰਿਵਾਰ ਪੱਖੇ ਅਤੇ ਕੂਲਰ ਦਾ ਖ਼ਰਚਾ ਨਹੀਂ ਝੱਲ ਸਕਦੇ। ਬਰਦਾਸ਼ਤ ਤੋਂ ਬਾਹਰ ਹੁੰਦੀ ਗਰਮੀ (ਬਾਕੀ ਪ੍ਰਭਾਵਾਂ ਤੋਂ ਇਲਾਵਾ) ਨਾਲ਼ ਉਲਟੀਆਂ ਅਤੇ ਟੱਟੀਆਂ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਡਾਕਟਰ ਦੇ ਕੋਲ਼ ਜਾਣ ਨਾਲ਼ ਉਨ੍ਹਾਂ ਦਾ ਖ਼ਰਚਾ ਵੱਧ ਜਾਂਦਾ ਹੈ।''
ਖੇਤ ਵਿੱਚ ਪੂਰਾ ਦਿਨ ਬਿਤਾਉਣ ਮਗਰੋਂ, ਸੁਜਾਨਗੜ੍ਹ ਵਿੱਚ ਸਥਿਤ ਆਪਣੇ ਘਰ ਲਈ ਬੱਸ ਲੈਣ ਤੋਂ ਪਹਿਲਾਂ, ਭਗਵਾਨੀ ਦੇਵੀ ਕਹਿੰਦੀ ਹਨ,''ਗਰਮੀ ਵਿੱਚ ਕੰਮ ਕਰਨਾ ਮੁਸ਼ਕਲ ਹੈ। ਸਾਨੂੰ ਉਲਟੀ, ਚੱਕਰ ਆਉਂਦੇ ਹਨ। ਫਿਰ ਅਸੀਂ ਰੁੱਖ ਦੀ ਛਾਵੇਂ ਅਰਾਮ ਕਦੇ ਹਨ, ਥੋੜ੍ਹਾ ਨਿੰਬੂ-ਪਾਣੀ ਪੀਂਦੇ ਹਨ ਅਤੇ ਕੰਮ 'ਤੇ ਮੁੜ ਆਉੰਦੇ ਹਨ।''
ਇਨ੍ਹਾਂ ਲੋਕਾਂ ਦੀ ਮਦਦ ਅਤੇ ਰਹਿਨੁਮਾਈ ਲਈ ਦਿਲੋਂ ਸ਼ੁਕਰੀਆ : ਜੈਪੁਰ ਦੇ ਨਰਾਇਣ ਬਾਰੇਠ, ਤਾਰਾਨਗਰ ਦੇ ਨਿਰਮਲ ਪ੍ਰਜਾਪਤੀ ਅਤੇ ਉਮਰਾਓ ਸਿੰਘ, ਸੁਜਾਨਗੜ੍ਹ ਦੀ ਅਮ੍ਰਿਤਾ ਚੌਧਰੀ ਅਤੇ ਚੁਰੂ ਸ਼ਹਿਰ ਦੇ ਦਲੀਪ ਸਰਾਵਗ।
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ