ਜਦੋਂ ਓਸਮਾਨਾਬਾਦ ਜ਼ਿਲ੍ਹੇ ਵਿੱਚ ਕਰੋਨਾ ਦੀ ਦੂਜੀ ਲਹਿਰ ਨੇ ਦਸਤਕ ਦਿੱਤੀ ਤਾਂ ਇਹਨੇ ਕੁੰਡਾ ਨਹੀਂ ਖੜਕਾਇਆ ਸਗੋਂ ਉਹਨੂੰ ਚੀਰਦੀ ਹੋਈ ਨਿਕਲ਼ ਗਈ। ਇਸ ਮੱਚੇ ਕਹਿਰ ਵਿੱਚ ਤੁਲਜਾਪੁਰ ਤਹਿਸੀਲ ਵਿੱਚ ਤੁਲਜਾ ਭਵਾਨੀ ਮੰਦਰ ਵੀ ਇਹਦੀ ਚਪੇਟ ਵਿੱਚ ਆਉਣੋਂ ਨਾ ਰਹਿ ਸਕਿਆ।
ਜੈਸਿੰਘ ਪਾਟਿਲ, ਜੋ ਕਰੋਨਾ ਸੰਕ੍ਰਮਣ ਨਾਲ਼ ਮਰਦੇ ਮਰਦੇ ਬਚੇ ਸਨ, ਨੇ ਸੌਂਹ ਖਾਧੀ ਹੈ ਕਿ ਉਹ ਮੰਦਰ ਉਦੋਂ ਤੱਕ ਨਹੀਂ ਜਾਣਗੇ, ਜਦੋਂ ਤੱਕ ਉੱਥੇ ਜਾਣਾ ਸੁਰੱਖਿਅਤ ਨਹੀਂ ਹੋ ਜਾਂਦਾ। ਉਹ ਕਹਿੰਦੇ ਹਨ,''ਮੈਂ ਇੱਕ ਭਗਤ ਹਾਂ। ਮੈਂ ਲੋਕਾਂ ਦੇ ਵਿਸ਼ਵਾਸ ਦੀ ਕਦਰ ਕਰਦਾ ਹਾਂ। ਪਰ, ਮਹਾਂਮਾਰੀ ਕਾਲ਼ ਦੌਰਾਨ ਮੰਦਰਾਂ ਨੂੰ ਖੋਲ੍ਹਣਾ ਅਕਲਮੰਦੀ ਭਰਿਆ ਫ਼ੈਸਲਾ ਨਹੀਂ ਹੈ।''
45 ਸਾਲਾ ਜੈਸਿੰਘ ਪਾਟਿਲ, ਤੁਲਜਾ ਭਵਾਨੀ ਟੈਂਪਲ ਟ੍ਰਸਟ ਵਿੱਚ ਬਤੌਰ ਇੱਕ ਕਲਰਕ ਕੰਮ ਕਰਦੇ ਹਨ। ਉਹ ਕਹਿੰਦੇ ਹਨ,''ਇਸ ਸਾਲ ਫ਼ਰਵਰੀ ਵਿੱਚ, ਮੈਨੂੰ ਸੈਂਕੜੇ ਲੋਕਾਂ ਦੀਆਂ ਕਤਾਰਾਂ ਦਾ ਪ੍ਰਬੰਧ ਦੇਖਣ ਲਈ ਕਿਹਾ ਗਿਆ ਸੀ। ਭਗਤ ਕਾਫ਼ੀ ਹਮਲਾਵਰ ਹੁੰਦੇ ਹਨ। ਜੇ ਉਨ੍ਹਾਂ ਨੂੰ ਮੰਦਰ ਅੰਦਰ ਪ੍ਰਵੇਸ਼ ਕਰਨ ਤੋਂ ਰੋਕਿਆ ਜਾਵੇ ਤਾਂ ਉਹ ਤੁਹਾਡੇ 'ਤੇ ਹਮਲਾ ਕਰਨ 'ਤੇ ਉਤਾਰੂ ਹੋ ਜਾਂਦੇ ਹਨ। ਜ਼ਰੂਰ ਇਸੇ ਭੀੜ ਨੂੰ ਸਾਂਭਣ ਦੌਰਾਨ ਹੀ ਮੈਂ ਵੀ ਕਰੋਨਾ ਸੰਕ੍ਰਮਤ ਹੋ ਗਿਆ ਹੋਣਾ।'' ਇਹ ਮੰਦਰ ਮਹਾਰਾਸ਼ਟਰ ਦੇ ਸਭ ਤੋਂ ਪ੍ਰਸਿੱਧ ਤੀਰਥ-ਸਥਲਾਂ ਵਿੱਚੋਂ ਇੱਕ ਹੈ ਅਤੇ ਇੱਥੇ ਹਰ ਰੋਜ਼ ਪੂਰੇ ਭਾਰਤ ਤੋਂ ਹਜ਼ਾਰਾਂ ਲੋਕ ਦਰਸ਼ਨਾਂ ਲਈ ਆਉਂਦੇ ਹਨ।
ਉਹ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦੋ ਹਫ਼ਤਿਆਂ ਤੀਕਰ ਆਕਸੀਜਨ ਦੇ ਸਹਾਰੇ ਰਹੇ। ਉਨ੍ਹਾਂ ਦੇ ਖੂਨ ਵਿੱਚ ਆਕਸੀਜਨ ਦਾ ਪੱਧਰ 75-80% ਤੱਕ ਡਿੱਗ ਗਿਆ, ਜਦੋਂਕਿ ਡਾਕਟਰ ਦੱਸਦੇ ਹਨ ਕਿ ਆਕਸੀਜਨ ਦਾ ਪੱਧਰ 92% ਤੋਂ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੁੰਦਾ ਹੈ। ਜੈਸਿੰਘ ਕਹਿੰਦੇ ਹਨ,''ਮੈਂ ਕਿਸੇ ਤਰ੍ਹਾਂ ਬਚ ਗਿਆਂ। ਪਰ, ਇੰਨੇ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਮੈਨੂੰ ਥਕਾਵਟ ਮਹਿਸੂਸ ਹੁੰਦੀ ਹੈ।''
ਜਦੋਂ ਜੈਸਿੰਘ ਬੀਮਾਰ ਪਏ ਤਾਂ ਉਸ ਤੋਂ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੇ ਆਪਣੇ ਛੋਟੇ ਭਰਾ ਜਗਦੀਸ਼ (ਉਮਰ, 32 ਸਾਲ) ਨੂੰ ਕੁਝ ਕੁਝ ਅਜਿਹੇ ਹਾਲਾਤਾਂ ਵਿੱਚੋਂ ਦੀ ਲੰਘਦੇ ਦੇਖਿਆ। ਜਗਦੀਸ਼ ਪੂਰੇ ਤਿੰਨ ਹਫ਼ਤੇ ਹਸਪਤਾਲ ਵਿੱਚ ਭਰਤੀ ਰਹੇ ਅਤੇ ਉਨ੍ਹਾਂ ਦੇ ਖ਼ੂਨ ਦਾ ਆਕਸੀਜਨ ਲੈਵਲ 80% ਤੋਂ ਥੱਲੇ ਆ ਗਿਆ ਸੀ। ਜੈਸਿੰਘ ਦੱਸਦੇ ਹਨ,''ਉਹ ਮੰਦਰ ਦਾ ਇੱਕ ਪੁਜਾਰੀ ਹੈ। ਇੱਕ ਕਰੋਨਾ ਸੰਕ੍ਰਮਿਤ ਸ਼ਰਧਾਲੂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਉਹ ਖ਼ੁਦ ਕਰੋਨਾ ਸੰਕ੍ਰਮਿਤ ਹੋ ਗਿਆ। ਸਾਡੇ ਦੋਵਾਂ ਲਈ ਬੜਾ ਭਿਆਨਕ ਤਜ਼ਰਬਾ ਰਿਹਾ।''
ਇਹ ਤਜ਼ਰਬਾ ਕਾਫ਼ੀ ਖ਼ਰਚੀਲਾ ਵੀ ਸੀ। ਦੋਵਾਂ ਭਰਾਵਾਂ ਨੇ ਆਪਣੇ ਇਲਾਜ 'ਤੇ ਕਰੀਬ 5 ਲੱਖ ਰੁਪਏ ਖ਼ਰਚੇ ਹੋਣੇ। ਜੈਸਿੰਘ ਕਹਿੰਦੇ ਹਨ,''ਵਢਭਾਗੀਂ ਅਸੀਂ ਬਚ ਨਿਕਲ਼ੇ। ਪਰ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲ਼ੇ ਬਰਬਾਦ ਹੋ ਰਹੇ ਹਨ। ਤੁਸੀਂ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰਕੇ ਦੇਖ ਲਓ, ਮੰਦਰਾਂ ਅੰਦਰ ਦੇਹ ਤੋਂ ਦੂਰੀ ਦਾ ਕੋਈ ਪਾਲਣ ਸੰਭਵ ਹੀ ਨਹੀਂ ਹੈ।''
ਤੁਲਜਾਪੁਰ ਦੇ ਤਹਿਸੀਲਦਾਰ ਸੌਦਾਗਰ ਟੰਡਾਲੇ ਦੱਸਦੇ ਹਨ ਕਿ ਤੁਲਜਾ ਭਵਾਨੀ ਮੰਦਰ, ਜੋ 12ਵੀਂ ਸਦੀ ਦਾ ਬਣਿਆ ਮੰਨਿਆ ਜਾਂਦਾ ਹੈ, ਦੀ ਸਲਾਨਾ ਆਮਦਨ 400 ਕਰੋੜ ਰੁਪਏ ਹੈ। ਤੁਲਜਾਪੁਰ ਤਹਿਸੀਲ ਦੀ ਆਮਦਨੀ ਇਸੇ ਮੰਦਰ 'ਤੇ ਨਿਰਭਰ ਕਰਦੀ ਹੈ। ਮਿਠਾਈ ਦੀਆਂ ਦੁਕਾਨਾਂ, ਸਾੜੀਆਂ ਦੀਆਂ ਦੁਕਾਨਾਂ, ਰਾਸ਼ਨ ਦੀ ਦੁਕਾਨ, ਹੋਟਲ, ਅਰਾਮ ਘਰ ਅਤੇ ਇੱਥੋਂ ਤੱਕ ਕਿ ਪੁਜਾਰੀਆਂ ਦੇ ਪਰਿਵਾਰ ਵੀ ਆਪਣੀ ਆਮਦਨੀ ਖ਼ਾਤਰ ਸ਼ਰਧਾਲੂਆਂ 'ਤੇ ਹੀ ਨਿਰਭਰ ਹਨ।
ਟੰਡਾਲੇ ਦੱਸਦੇ ਹਨ ਕਿ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਹਰ ਰੋਜ਼ ਕਰੀਬ 50,000 ਲੋਕ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ''ਨਰਾਤਿਆਂ ਦੇ ਤਿਓਹਾਰ (ਸਤੰਬਰ-ਅਕਤੂਬਰ) ਦੌਰਾਨ ਤਾਂ ਹਰ ਰੋਜ਼ ਇੱਕ ਲੱਖ ਤੋਂ ਵੱਧ ਸ਼ਰਧਾਲੂ ਇੱਥੇ ਆਉਂਦੇ ਸਨ।'' ਇੱਕ ਸਾਲ ਤਾਂ ਅਜਿਹਾ ਵੀ ਸੀ ਜਦੋਂ ਹਰ ਰੋਜ਼ ਕਰੀਬ ਸੱਤ ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਕਰਦੇ।
ਤਹਿਸੀਲ ਆਫ਼ਿਸ ਨੇ ਤੈਅ ਕੀਤਾ ਕਿ ਉਹ ਦਰਸ਼ਨ ਲਈ ਆਉਣ ਵਾਲ਼ੇ ਸ਼ਰਧਾਲੂਆਂ ਨੂੰ ਪਾਸ ਜਾਰੀ ਕਰਨਗੇ, ਜਿਹਦੀ ਆਗਿਆ ਪਹਿਲਾਂ ਤੋਂ ਲੈਣੀ ਜ਼ਰੂਰੀ ਰਹੇਗੀ। ਇਹਦੀ ਸੀਮਾ ਨਿਰਧਾਰਤ ਕਰਦੇ ਹੋਏ ਹਰ ਰੋਜ਼ ਸਿਰਫ਼ 2000 ਲੋਕਾਂ ਨੂੰ ਤੁਲਜਾਪੁਰ ਸ਼ਹਿਰ ਆਉਣ ਦੀ ਆਗਿਆ ਦਿੱਤੀ ਗਈ। ਇਸ ਗਿਣਤੀ ਨੂੰ ਹੌਲ਼ੀ-ਹੌਲ਼ੀ ਵਧਾਇਆ ਗਿਆ ਅਤੇ ਇਸ ਸਾਲ ਜਨਵਰੀ 2021 ਵਿੱਚ ਹਰ ਰੋਜ਼ ਕਰੀਬ 30,000 ਲੋਕ ਦਰਸ਼ਨਾਂ ਲਈ ਆਉਂਦੇ ਰਹੇ
90 ਫੀਸਦ ਤੋਂ ਵੱਧ ਸ਼ਰਧਾਲੂ ਓਸਮਾਨਾਬਾਦ ਤੋਂ ਬਾਹਰੋਂ ਆਉਂਦੇ ਹਨ, ਟੰਡਾਲੇ ਦੱਸਦੇ ਹਨ। ''ਉਹ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ ਅਤੇ ਹੋਰਨਾਂ ਥਾਵਾਂ ਦੇ ਕੋਨੇ-ਕੋਨੇ ਤੋਂ ਇੱਥੇ ਆਉਂਦੇ ਹਨ।''
ਇਸਲਈ, ਕਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ, ਨਵੰਬਰ 2020 ਵਿੱਚ ਮੰਦਰ ਨੂੰ ਦੋਬਾਰਾ ਖੋਲ੍ਹਣਾ ਇੱਕ ਵੱਡਾ ਖ਼ਤਰਾ ਸੀ। ਖ਼ਾਸ ਕਰਕੇ ਉਦੋਂ, ਜਦੋਂ ਇਹ ਪਤਾ ਸੀ ਕਿ ਮੰਦਰ ਆਉਣ ਵਾਲ਼ੇ ਸ਼ਰਧਾਲੂਆਂ ਦੇ ਕਾਰਨ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਕਰੋਨਾ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ਼ ਵਧੀ ਸੀ।
ਇਹਦੇ ਬਾਵਜੂਦ ਕਿ ਮੰਦਰ ਨੂੰ 17 ਮਾਰਚ 2020 ਨੂੰ ਬੰਦ ਕਰ ਦਿੱਤਾ ਸੀ ਅਤੇ ਉਹਦੇ ਬਾਅਦ ਰਾਸ਼ਟਰੀ ਪੱਧਰ 'ਤੇ ਤਾਲਾਬੰਦੀ ਦਾ ਐਲਾਨ ਹੋਇਆ ਸੀ, ਸ਼ਰਧਾਲੂ ਫਿਰ ਵੀ ਮੰਦਰ ਵਿੱਚ ਦੇਵੀ ਦੇ ਦਰਸ਼ਨ ਲਈ ਆਉਂਦੇ ਰਹੇ। ਨਾਂਅ ਨਾ ਲਏ ਜਾਣ ਦੀ ਸ਼ਰਤ 'ਤੇ ਜ਼ਿਲ੍ਹੇ ਦੇ ਇੱਕ ਅਧਿਕਾਰੀ ਦੱਸਦੀ ਹਨ,''ਉਹ ਲੋਕ ਮੁੱਖ ਦਰਵਾਜ਼ੇ 'ਤੇ ਆਉਂਦੇ ਸਨ ਅਤੇ ਦੂਰੋਂ ਹੀ ਪੂਜਾ ਕਰਦੇ ਸਨ। ਤਾਲਾਬੰਦੀ ਦੌਰਾਨ ਵੀ ਸ਼ਰਧਾਲੂ ਕਿਸੇ ਤਰ੍ਹਾਂ ਤੁਲਜਾਪੁਰ ਆ ਜਾਂਦੇ ਸਨ। ਪਿਛਲੇ ਸਾਲ ਅਪ੍ਰੈਲ ਤੋਂ ਮਈ ਮਹੀਨੇ ਦਰਮਿਆਨ ਰੋਜ਼ਾਨਾ 5000 ਸ਼ਰਧਾਲੂ ਆਉਂਦੇ ਰਹੇ। ਤਾਲਾਬੰਦੀ ਤੋਂ ਬਾਅਦ ਵੀ ਇੱਥੇ ਮਾਮਲਿਆਂ ਦੀ ਗਿਣਤੀ ਵਿੱਚ ਕੋਈ ਘਾਟ ਨਾ ਆਈ।''
ਟੰਡਾਲੇ ਦੱਸਦੇ ਹਨ ਕਿ ਮਈ 2020 ਦੇ ਅੰਤ ਵਿੱਚ, ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਲਜਾਪੁਰ ਦੇ 3,500 ਪੁਜਾਰੀਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ 20 ਫ਼ੀਸਦ ਲੋਕ ਕਰੋਨਾ ਸੰਕ੍ਰਮਿਤ ਪਾਏ ਗਏ। ਜੂਨ ਤੋਂ ਤਹਿਸੀਲ ਪ੍ਰਸ਼ਾਸਨ ਨੇ ਤੁਲਜਾਪੁਰ ਆਉਣ ਵਾਸਤੇ, ਕਰੋਨਾ ਦੀ ਨੈਗੇਟਿਵ ਰਿਪੋਰਟ ਲਿਆਉਣ ਨੂੰ ਇੱਕ ਲਾਜ਼ਮੀ ਸ਼ਰਤ ਬਣਾ ਦਿੱਤਾ। ਟੰਡਾਲੇ ਕਹਿੰਦੇ ਹਨ,''ਇਹਦੇ ਕਾਰਨ ਕੁਝ ਹੱਦ ਤੱਕ ਹਾਲਤ ਕਾਬੂ ਹੇਠ ਆਈ। ਪਰ, ਤੁਲਜਾਪੁਰ ਕਰੋਨਾ ਦੀ ਪਹਿਲੀ ਲਹਿਰ ਵਿੱਚ ਬੁਰੀ ਤਰ੍ਹਾਂ ਪ੍ਰਭਾਵਤ ਰਿਹਾ ਸੀ।''
ਇਹ ਕੋਈ ਹੈਰਾਨ ਕਰਨ ਵਾਲ਼ੀ ਗੱਲ ਨਹੀਂ ਸੀ।
ਕੁਝ ਕਰਮ-ਕਾਂਡਾਂ ਨੇ ਕਰੋਨਾ ਦੇ ਫੈਲਾਅ ਵਿੱਚ ਆਪਣੀ ਭੂਮਿਕਾ ਨਿਭਾਈ। ਉਨ੍ਹਾਂ ਵਿੱਚੋਂ ਇੱਕ ਪੂਰਨ ਪੋਲੀ, ਮਿੱਠੀ ਰੋਟੀ ਦਾ ਚੜ੍ਹਾਵਾ ਹੈ, ਜਿਹਨੂੰ ਪੁਜਾਰੀਆਂ ਦੇ ਘਰਾਂ ਵਿੱਚ ਔਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਸ਼ਰਧਾਲੂ ਇਸ ਪਕਵਾਨ ਦੀ ਰਸਦ ਆਪਣੇ ਨਾਲ਼ ਲਿਆਉਂਦੇ ਹਨ ਅਤੇ ਉੱਥੇ ਪੂਰਨ ਪੋਲੀ ਦੇ ਪ੍ਰਸਾਦ ਦਾ ਆਪਣਾ ਹਿੱਸਾ ਖਾਣ ਤੋਂ ਬਾਅਦ, ਬਾਕੀ ਹਿੱਸਾ ਦੇਵੀ ਨੂੰ ਚੜ੍ਹ ਦਿੰਦੇ ਹਨ।
ਕਰੋਨਾ ਮਹਾਂਮਾਰੀ ਆਉਣ ਤੋਂ ਪਹਿਲਾਂ, 62 ਸਾਲਾ ਮੰਦਾਕਿਨੀ ਸਾਲੁੰਖੇ ਹਰ ਰੋਜ਼ ਕਰੀਬ ਸੌ ਭਗਤਾਂ ਲਈ ਪੂਰਨ ਪੋਲੀ ਬਣਾਇਆ ਕਰਦੀ ਸਨ। ਉਨ੍ਹਾਂ ਦਾ 35 ਸਾਲਾ ਬੇਟਾ ਨਾਗੇਸ਼ ਮੰਦਰ ਵਿੱਚ ਇੱਕ ਪੁਜਾਰੀ ਹੈ। ਉਹ ਦੱਸਦੀ ਹਨ,''ਤਿਓਹਾਰਾਂ ਦੌਰਾਨ ਬਣਨ ਵਾਲ਼ੇ ਚੜ੍ਹਾਵੇ ਬਾਰੇ ਤਾਂ ਨਾ ਹੀ ਪੁੱਛੋ। ਮੈਂ ਆਪਣੀ ਪੂਰੀ ਜ਼ਿੰਦਗੀ ਇਸੇ ਕੰਮ ਨੂੰ ਕਰਦਿਆਂ ਬਿਤਾਈ ਹੈ। ਜੀਵਨ ਵਿੱਚ ਪਹਿਲੀ ਵਾਰ ਮੈਨੂੰ ਥੋੜ੍ਹਾ ਅਰਾਮ ਮਿਲ਼ਿਆ ਹੈ। ਪਰ, ਪਹਿਲੀ ਲਹਿਰ (ਮਹਾਂਮਾਰੀ ਦੀ) ਦੌਰਾਨ ਵੀ ਲੋਕ ਆਉਂਦੇ ਰਹੇ।''
ਪੂਰਨ ਪੋਲੀ ਬਣਾਉਣਾ ਸੁਖ਼ਾਲਾ ਕੰਮ ਨਹੀਂ ਹੈ। ਸਵਾਦ ਬਰਕਰਾਰ ਰੱਖਣ ਤੋਂ ਇਲਾਵਾ, ਗੋਲ ਪੂਰਨ ਪੋਲੀ ਨੂੰ ਇੱਕ ਗਰਮ ਤਵੇ 'ਤੇ ਦੋਵੀਂ ਪਾਸੀਂ ਸੇਕਣਾ ਹੁੰਦਾ ਹੈ। ਨਾਗੇਸ਼ ਦੀ ਪਤਨੀ 30 ਸਾਲਾ ਕਲਿਆਣੀ ਦੱਸਦੀ ਹਨ,''ਤੁਲਜਾਪੁਰ ਵਿੱਚ ਅਜਿਹੀ ਕੋਈ ਔਰਤ ਨਹੀਂ ਹੋਣੀ ਜਿਹਦੇ ਹੱਥ 'ਤੇ ਸੜੇ ਦਾ ਨਿਸ਼ਾਨ ਨਾ ਹੋਵੇ। ਇਹ ਤਾਂ ਸੱਚ ਹੈ ਕਿ ਸਾਨੂੰ ਸਾਰੀਆਂ ਨੂੰ ਛੁੱਟੀ ਤਾਂ ਮਿਲ਼ੀ ਹੈ ਪਰ ਇਸ ਨਾਲ਼ ਸਾਡੀ ਰੋਜ਼ੀਰੋਟੀ ਵੀ ਤਬਾਹ ਹੋਈ ਹੈ।''
ਨਾਗੇਸ਼ ਦੇ ਪੁਰਖੇ ਵੀ ਪੁਜਾਰੀ ਹੀ ਸਨ ਅਤੇ ਉਨ੍ਹਾਂ ਨੂੰ ਇਹ ਕੰਮ ਵਿਰਾਸਤ ਵਿੱਚ ਮਿਲ਼ਿਆ ਹੈ। ਇਹ ਉਨ੍ਹਾਂ ਦੀ ਆਮਦਨੀ ਦਾ ਇੱਕੋ-ਇੱਕ ਵਸੀਲਾ ਹੈ। ਉਹ ਕਹਿੰਦੇ ਹਨ,''ਸ਼ਰਧਾਲੂ ਆਪਣੇ ਨਾਲ਼ ਦਾਲ, ਤੇਲ, ਚੌਲ ਅਤੇ ਰਾਸ਼ਨ ਦਾ ਹੋਰ ਸਮਾਨ ਲੈ ਕੇ ਆਉਂਦੇ ਹਨ। ਅਸੀਂ ਉਨ੍ਹਾਂ ਵਿੱਚੋਂ ਕੁਝ ਦੀ ਵਰਤੋਂ ਉਨ੍ਹਾਂ ਦੇ ਭੋਜਨ ਲਈ ਕਰਦੇ ਹਾਂ ਅਤੇ ਬਾਕੀ ਨੂੰ ਆਪਣੇ ਘਰ ਦੀ ਲੋੜ ਵਾਸਤੇ ਰੱਖ ਲੈਂਦੇ ਹਾਂ। ਜਦੋਂ ਅਸੀਂ ਭਗਤਾਂ ਲਈ ਪੂਜਾ ਕਰਦੇ ਹਾਂ ਤਾਂ ਉਹ ਸਾਨੂੰ ਪੈਸੇ ਵੀ ਦਿੰਦੇ ਹਨ। ਅਸੀਂ (ਪੁਜਾਰੀ) ਹਰ ਮਹੀਨੇ 18,000 ਰੁਪਏ ਤੱਕ ਕਮਾ ਲੈਂਦੇ ਸਾਂ। ਪਰ ਹੁਣ ਸਾਰਾ ਕੁਝ ਠੱਪ ਪਿਆ ਹੈ।''
ਉਹ ਤੁਰੰਤ ਸਪੱਸ਼ਟ ਕਰਦੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਮੰਦਰ ਦੋਬਾਰਾ ਤੋਂ ਖੁੱਲ੍ਹੇ, ਕਿਉਂਕਿ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਹਨ। ਉਹ ਕਹਿੰਦੇ ਹਨ,''ਤੁਸੀਂ ਅਰਥਚਾਰਾ ਬਚਾਉਣ ਖ਼ਾਤਰ ਲੋਕਾਂ ਦੀ ਜਾਨ ਨਾਲ਼ ਨਹੀਂ ਖੇਡ ਸਕਦੇ। ਅਸੀਂ ਇਨ੍ਹਾਂ ਔਖ਼ੇ ਹਾਲਾਤਾਂ ਨੂੰ ਸਮਝ ਸਕਦੇ ਹਾਂ। ਮੈਂ ਬੱਸ ਉਮੀਦ ਵੀ ਇਹੀ ਕਰਦਾ ਹਾਂ ਕਿ ਕਾਸ਼ ਸਾਨੂੰ ਥੋੜ੍ਹੀ ਰਾਹਤ ਮਿਲ਼ ਜਾਂਦੀ ਤਾਂ ਚੰਗਾ ਸੀ।''
ਤਹਿਸੀਲ ਦਫ਼ਤਰ ਨੇ ਸ਼ਰਧਾਲੂਆਂ ਨੂੰ ਤੁਲਜਾਪੁਰ ਆਉਣ ਤੋਂ ਰੋਕਣ ਵਾਸਤੇ, ਪੁਜਾਰੀਆਂ ਅਤੇ ਸ਼ਹਿਰਾਂ ਦੇ ਲੋਕਾਂ ਤੋਂ ਮਦਦ ਲਈ ਸੀ। ਟੰਡਾਲੇ ਦੱਸਦੇ ਹਨ,''ਅਸੀਂ ਮੁੱਖ ਪੁਜਾਰੀਆਂ ਦੇ ਸਹਿਯੋਗ ਨਾਲ਼ ਰੀਤੀ-ਰਿਵਾਜ ਜਾਰੀ ਰੱਖੇ ਆਉਂਦੇ ਰਹੇ ਹਾਂ। ਇੱਥੋਂ ਤੱਕ ਕਿ ਪਿਛਲੇ ਸਾਲ ਨਰਾਤੇ ਵਿੱਚ ਸਾਡੇ ਕੋਲ਼ ਕੋਈ ਸ਼ਰਧਾਲੂ ਨਹੀਂ ਆਇਆ। ਅਸੀਂ ਤੁਲਜਾਪੁਰ ਦੇ ਬਾਹਰ ਕਿਸੇ ਵਿਅਕਤੀ ਨੂੰ ਮੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ। ਅਹਿਮਦਨਗਰ (ਬੁਰਹਾਨਨਗਰ ਦੇਵੀ ਮੰਦਰ) ਤੋਂ ਹਰ ਸਾਲ ਬੜੀ ਧੂਮ-ਧੜੱਕੇ ਨਾਲ਼ ਪਾਲਕੀ ਆਉਂਦੀ ਹੈ, ਪਰ ਇਸ ਵਾਰ ਅਸੀਂ ਉਨ੍ਹਾਂ ਨੂੰ ਬਗ਼ੈਰ ਕਿਸੇ ਧੂਮ-ਧੜੱਕੇ ਦੇ ਇੱਕ ਕਾਰ ਵਿੱਚ ਭੇਜਣ ਲਈ ਕਿਹਾ।''
ਪਰ, ਅਕਤੂਬਰ 2020 ਵਿੱਚ ਪਹਿਲੀ ਲਹਿਰ ਦੇ ਕਮਜ਼ੋਰ ਪੈਣ ਬਾਅਦ, ਲੋਕਾਂ ਨੇ ਸਾਵਧਾਨੀ ਵਰਤਣੀ ਛੱਡ ਦਿੱਤੀ, ਇਹ ਸੋਚ ਕੇ ਕਿ ਮਹਾਂਮਾਰੀ ਤਾਂ ਜਾ ਚੁੱਕੀ ਹੈ।
ਤੁਲਜਾਪੁਰ ਮੰਦਰ ਨੂੰ ਖੋਲ੍ਹਣ ਦੀ ਮੰਗ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਅਤੇ ਪਿਛਲੇ ਸਾਲ ਨਵੰਬਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਵੀ ਹੋਇਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਬੀਜੇਪੀ ਦੇ ਓਸਮਾਨਾਬਾਦ ਦੇ ਜ਼ਿਲ੍ਹਾ ਸਕੱਤਰ ਗੁਲਚੰਦ ਵਯਵਹਾਰੇ ਕਹਿੰਦੇ ਹਨ,''ਹੋਟਲ, ਰੈਸਟੋਰੈਂਟ ਅਤੇ ਬਾਰ ਖੁੱਲ੍ਹ ਗਏ ਹਨ। ਪਰ ਮੰਦਰਾਂ ਨੂੰ ਅਜੇ ਤੱਕ ਵੀ ਕਿਉਂ ਬੰਦ ਰੱਖਿਆ ਹੋਇਆ ਹੈ? ਲੋਕਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ। ਕੀ ਕਰੋਨਾ ਸਿਰਫ਼ ਮੰਦਰਾਂ ਦੇ ਜ਼ਰੀਏ ਹੀ ਫ਼ੈਲਦਾ ਹੈ?''
ਇੱਕ ਤਹਿਸੀਲ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਤੁਲਜਾਪੁਰ ਦਾ ਅਰਥਚਾਰਾ, ਰਾਜਨੀਤੀ ਅਤੇ ਆਸਥਾ ਤਿੰਨੋਂ ਆਪਸ ਵਿੱਚ ਗੁੰਨ੍ਹੀਆਂ ਹੋਈਆਂ ਹਨ। ਉਹ ਕਹਿੰਦੇ ਹਨ,''ਇਹਨੂੰ ਅਲੱਗ ਤੋਂ ਦੇਖਿਆ ਨਹੀਂ ਜਾ ਸਕਦਾ। ਲੋਕ ਅਰਥਚਾਰੇ ਵੱਲ ਇਸਲਈ ਜ਼ੋਰ ਦਿੰਦੇ ਹਨ, ਕਿਉਂਕਿ ਆਸਥਾ ਤੋਂ ਕਿਤੇ ਜ਼ਿਆਦਾ ਅਰਥਚਾਰੇ ਦਾ ਸਵਾਲ ਵਿਵਹਾਰਕ ਜਾਪਦਾ ਹੈ। ਅਸਲ ਵਿੱਚ, ਤਿੰਨੋਂ ਪੱਖਾਂ ਨੇ ਰਲ਼ ਕੇ ਮੰਦਰ ਨੂੰ ਬੰਦ ਰੱਖਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।''
ਪੂਰੇ ਮਹਾਰਾਸ਼ਟਰ ਵਿੱਚ ਮੰਦਰ ਨੂੰ ਦੋਬਾਰਾ ਖੁੱਲ੍ਹਵਾਉਣ ਦੀ ਮੰਗ ਜ਼ੋਰ ਫੜ੍ਹ ਰਹੀ ਸੀ, ਜੋ ਆਖ਼ਰਕਾਰ ਮੰਗੀ ਗਈ। ਮੁੱਖਮੰਤਰੀ ਊਧਵ ਠਾਕਰੇ ਨੇ ਨਵੰਬਰ 2020 ਦੇ ਮੱਧ ਵਿੱਚ ਮੰਦਰ ਨੂੰ ਦੋਬਾਰਾ ਖੋਲ੍ਹੇ ਜਾਣ ਦੀ ਆਗਿਆ ਦੇ ਦਿੱਤੀ ਸੀ।
ਤੁਲਜਾਪੁਰ ਦੇ ਸਥਾਨਕ ਪ੍ਰਸ਼ਾਸਨ ਨੇ ਤੀਰਥ-ਯਾਤਰੀਆਂ ਨੂੰ ਆਗਿਆ ਪੱਤਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਦਿਨ ਸਿਰਫ਼ 2,000 ਲੋਕਾਂ ਨੂੰ ਹੀ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ। ਇਹ ਗਿਣਤੀ ਹੌਲ਼ੀ-ਹੌਲ਼ੀ ਵੱਧਦੀ ਗਈ ਅਤੇ ਜਨਵਰੀ 2021 ਤੱਕ ਹਰ ਰੋਜ਼ ਕਰੀਬ 30,000 ਸ਼ਰਧਾਲੂ ਮੰਦਰ ਮੱਥਾ ਟੇਕਦੇ ਰਹੇ। ਜੈਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੰਭਾਲ਼ਣਾ ਮੁਸ਼ਕਲ ਕੰਮ ਹੋ ਗਿਆ ਸੀ,''ਜਦੋਂ 30,000 ਲੋਕਾਂ ਨੂੰ ਮੱਥਾ ਟੇਕਣ ਦੀ ਆਗਿਆ ਦਿੱਤੀ ਜਾ ਰਹੀ ਸੀ ਤਾਂ 10,000 ਦੇ ਕਰੀਬ ਲੋਕ ਬਗ਼ੈਰ ਆਗਿਆ ਮੰਦਰ ਅੰਦਰ ਵੜ੍ਹਨ ਦੀ ਕੋਸ਼ਿਸ਼ ਕਰਦੇ ਦੇਖੇ ਜਾਂਦੇ। ਦੇਵੀ ਦੇ ਦਰਸ਼ਨਾਂ ਵਾਸਤੇ ਦੂਰੋਂ ਆਉਣ ਵਾਲ਼ੇ ਸ਼ਰਧਾਲੂ ਕਿਸੇ ਵੀ ਕਾਰਨ ਕਰਕੇ ਨਾ ਤਾਂ ਰੁਕਣਾ ਹੀ ਚਾਹੁੰਦੇ ਹਨ ਅਤੇ ਨਾ ਹੀ ਕਿਸੇ ਦੀ ਗੱਲ ਹੀ ਸੁਣਦੇ ਹਨ। ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਵੀ, ਅਸੀਂ ਇਹਨੂੰ ਫ਼ੈਲਾਉਣ ਵਿੱਚ ਹਿੱਸੇਦਾਰ ਨਹੀਂ ਹੋ ਸਕਦੇ। ਕੁਝ ਲੋਕਾਂ ਵਾਸਤੇ ਵਾਇਰਸ ਨੂੰ ਅੱਖੋਂ-ਪਰੋਖੇ ਕਰਨਾ ਸੌਖਾ ਹੈ। ਤੁਸੀਂ ਇਸ ਬਾਰੇ ਉਦੋਂ ਤੱਕ ਨਹੀਂ ਸਮਝਦੇ ਜਦੋਂ ਤੱਕ ਆਪਣੀ ਦੇਹ 'ਤੇ ਝੱਲ ਨਹੀਂ ਲੈਂਦੇ।''
ਤੁਲਜਾਪੁਰ ਮੰਦਰ ਵਿੱਚ ਸ਼ਰਧਾਲੂਆਂ ਦੀ ਗਿਣਤੀ ਵੱਧਣ ਤੋਂ ਬਾਅਦ, ਓਸਮਾਨਾਬਾਦ ਜ਼ਿਲ੍ਹੇ ਵਿੱਚ ਕਰੋਨਾ ਮਾਮਲਿਆਂ ਦੀ ਗਿਣਤੀ ਵੀ ਵੱਧ ਗਈ। ਫਰਵਰੀ ਮਹੀਨੇ ਵਿੱਚ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ 380 ਮਾਮਲੇ ਸਾਹਮਣੇ ਆਏ ਸਨ। ਮਾਰਚ ਵਿੱਚ ਇਹ ਗਿਣਤੀ ਵੱਧ ਕੇ 3,050 ਤੱਕ ਅੱਪੜ ਗਈ, ਜੋ ਕਿ ਫਰਵਰੀ ਤੋਂ 9 ਗੁਣਾ ਵੱਧ ਸੀ। ਅਪ੍ਰੈਲ ਵਿੱਚ ਕਰੋਨਾ ਨਾਲ਼ ਸੰਕ੍ਰਮਤ ਲੋਕਾਂ ਦੀ ਗਿਣਤੀ 17,800 ਪਾਰ ਕਰ ਗਈ, ਜਿਹਨੇ ਜ਼ਿਲ੍ਹੇ ਦੇ ਸਿਹਤ ਢਾਂਚੇ ਨੂੰ ਹਲੂਣ ਕੇ ਰੱਖ ਦਿੱਤਾ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਜ਼ਿਲ੍ਹੇ ਦੇ ਇੱਕ ਅਧਿਕਾਰੀ ਕਹਿੰਦੇ ਹਨ,''ਤੁਲਜਾਪੁਰ ਮੰਦਰ ਨੂੰ ਛੱਡ ਕੇ ਓਸਮਾਨਾਬਾਦ ਵਿੱਚ ਅਜਿਹੀ ਕੋਈ ਦੂਸਰੀ ਥਾਂ ਨਹੀਂ ਹੈ, ਜਿੱਥੇ ਇਸ ਪੱਧਰ ਦੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸੇ ਕਾਰਨ ਕਰਕੇ ਕਰੋਨਾ ਦੀ ਦੂਜੀ ਲਹਿਰ ਖ਼ਤਰਨਾਕ ਹੋ ਗਈ। ਇਹ ਕੁੰਭ (ਉੱਤਰ ਪ੍ਰਦੇਸ਼) ਵਾਂਗਰ ਹੀ ਸੀ, ਪਰ ਛੋਟੇ ਪੱਧਰ 'ਤੇ।''
ਟੰਡਾਲੇ ਦੱਸਦੇ ਹਨ ਕਿ ਦੂਸਰੀ ਲਹਿਰ ਦੌਰਾਨ, ਜਦੋਂ ਤੁਲਜਾਪੁਰ ਦੇ ਪੁਜਾਰੀਆਂ ਦੀ ਕਰੋਨਾ ਜਾਂਚ ਹੋਈ ਤਾਂ ਉਨ੍ਹਾਂ ਵਿੱਚ 32% ਲੋਕ ਸੰਕ੍ਰਮਤ ਪਾਏ ਗਏ ਅਤੇ 50 ਲੋਕਾਂ ਦੀ ਮੌਤ ਵੀ ਹੋਈ।
ਓਸਮਾਨਾਬਾਦ ਦੀਆਂ ਅੱਠ ਤਹਿਸੀਲਾਂ ਵਿੱਚੋਂ, ਤੁਲਜਾਪੁਰ ਕਰੋਨਾ ਸੰਕ੍ਰਮਣ ਅਤੇ ਉਸ ਨਾਲ਼ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਸੀ। ਓਸਮਾਨਾਬਾਦ ਦੀ ਇਸ ਤਹਿਸੀਲ ਵਿੱਚ ਮਾਮਲੇ (ਕਰੋਨਾ ਸੰਕ੍ਰਮਣ)ਜ਼ਿਆਦਾ ਇਸਲਈ ਵੀ ਸਾਹਮਣੇ ਆਏ, ਕਿਉਂਕਿ ਉੱਥੇ ਹੀ ਜ਼ਿਲ੍ਹੇ ਦਾ ਵੱਡਾ ਸਰਕਾਰੀ ਹਸਪਤਾਲ ਸਥਿਤ ਹੈ, ਜਿੱਥੇ ਪੂਰੇ ਜ਼ਿਲ੍ਹੇ ਦੇ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਰਿਹਾ।
ਓਸਮਾਨਾਬਾਦ, ਮਰਾਠਵਾੜਾ ਦਾ ਖੇਤੀ ਪ੍ਰਧਾਨ ਇਲਾਕਾ ਹੈ, ਜੋ ਸੋਕੇ ਅਤੇ ਕਰਜ਼ੇ ਦੀ ਮਾਰ ਹੇਠ ਹੈ ਅਤੇ ਪੂਰੇ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਆਤਮ-ਹੱਤਿਆਵਾਂ ਵੀ ਇੱਥੇ ਹੀ ਕਰਦੇ ਹਨ। ਇਹ ਸੂਬਾ ਪਹਿਲਾਂ ਹੀ ਜਲਵਾਯੂ ਤਬਦੀਲੀ, ਪਾਣੀ ਦੀ ਘਾਟ ਅਤੇ ਖੇਤੀ ਸੰਕਟ ਤੋਂ ਪ੍ਰਭਾਵਤ ਹੈ ਅਤੇ ਜ਼ਿਲ੍ਹੇ ਦਾ ਸਿਹਤ ਢਾਂਚਾ ਇੰਨਾ ਖ਼ਰਾਬ ਹੈ ਕਿ ਲੋਕ ਆਪਣੀ ਸਿਹਤ ਵਾਸਤੇ ਉਸ 'ਤੇ ਨਿਰਭਰ ਹੋ ਸਕਦੇ ਹਨ।
ਇਸ ਸਾਲ ਅਪ੍ਰੈਲ ਵਿੱਚ, ਜਦੋਂ ਤੁਲਜਾ ਭਵਾਨੀ ਮੰਦਰ ਨੂੰ ਇੱਕ ਵਾਰ ਦੋਬਾਰਾ ਬੰਦ ਕੀਤਾ ਗਿਆ ਤਾਂ ਸ਼ਹਿਰ ਦੀਆਂ ਸੜਕਾਂ ਬੀਆਬਾਨ ਹੋ ਗਈਆਂ, ਦੁਕਾਨਾਂ ਬੰਦ ਹੋ ਗਈਆਂ ਅਤੇ ਦੂਜੇ ਸਾਲ ਵੀ ਸ਼ਹਿਰ ਅੰਦਰ ਸੰਨਾਟਾ ਪਸਰ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ (ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ) ਕਹਿੰਦੇ ਹਨ,''ਇਸ ਤਰ੍ਹਾਂ ਦੇ (ਰਾਜਨੀਤਕ) ਮਾਹੌਲ ਵਿੱਚ ਮੰਦਰ ਨੂੰ ਲੰਬੇ ਸਮੇਂ ਤੀਕਰ ਬੰਦ ਰੱਖਣਾ ਖ਼ਤਰਨਾਕ ਹੈ। ਇਹ ਕਨੂੰਨ ਅਤੇ ਵਿਵਸਥਾ ਦੇ ਮਸਲੇ ਪੈਦਾ ਕਰ ਸਕਦਾ ਹੈ।''
ਪਰ ਤੁਲਜਾਪੁਰ ਦੇ ਲੋਕ ਸੁਰੱਖਿਅਤ ਰਹਿਣਾ ਚਾਹੁੰਦੇ ਹਨ, ਭਾਵੇਂ ਅਰਥਵਿਵਸਥਾ ਵਿੱਚ ਆਈ ਗਿਰਾਵਟ ਤੋਂ ਉਹ ਪ੍ਰਭਾਵਤ ਹੀ ਹੋ ਰਹੇ ਹਨ।
43 ਸਾਲਾ ਸੰਦੀਪ ਅਗਰਵਾਲ, ਜੋ ਸ਼ਹਿਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ, ਦੱਸਦੇ ਹਨ ਕਿ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਉਹ ਜਿੱਥੇ ਰੋਜ਼ਾਨਾ 30,000 ਰੁਪਏ ਦਾ ਮਾਲ਼ ਵੇਚਿਆ ਕਰਦੇ ਸਨ, ਉੱਥੇ ਉਨ੍ਹਾਂ ਦੀ ਵਿਕਰੀ ਹੁਣ ਲਗਭਗ ਸਿਫ਼ਰ ਹੋ ਗਈ ਹੈ। ਉਹ ਕਹਿੰਦੇ ਹਨ,''ਪਰ, ਜਦੋਂ ਤੱਕ ਸਭ ਨੂੰ ਟੀਕਾ ਨਹੀਂ ਲੱਗ ਜਾਂਦਾ ਮੈਂ ਨਹੀਂ ਚਾਹੁੰਦਾ ਕਿ ਮੰਦਰ ਖੁੱਲ੍ਹਣ। ਸਾਨੂੰ ਇੱਕੋ ਜੀਵਨ ਹੀ ਤਾਂ ਮਿਲ਼ਿਆ ਹੈ। ਜੇ ਅਸੀਂ ਇਸ ਮਹਾਂਮਾਰੀ ਤੋਂ ਬਚ ਨਿਕਲ਼ੇ ਤਾਂ ਅਰਥਚਾਰਾ ਤਾਂ ਫਿਰ ਵੀ ਸੰਭਾਲ਼ਿਆ ਜਾਵੇਗਾ। ਜੋ ਲੋਕ ਮੰਦਰ ਨੂੰ ਦੋਬਾਰਾ ਖੋਲ੍ਹਣਾ ਚਾਹੁੰਦੇ ਹਨ ਉਹ ਓਸਮਾਨਾਬਾਦ ਦੇ ਵਾਸੀ ਨਹੀਂ ਹਨ।''
ਅਗਰਵਾਲ ਦਾ ਕਹਿਣਾ ਦਰੁੱਸਤ ਹੈ।
ਤੁਲਜਾ ਭਵਾਨੀ ਮੰਦਰ ਦੇ ਇੱਕ ਮਹੰਤ (ਸੀਨੀਅਰ ਪੁਜਾਰੀ) ਤੁਕੋਜੀਬੁਆ ਨੂੰ ਕਰੀਬ 20 ਫ਼ੋਨ (ਪੂਰੇ ਦੇਸ਼ ਵਿੱਚੋਂ) ਰੋਜ਼ ਆਉਂਦੇ ਹਨ ਅਤੇ ਲੋਕ ਮੰਦਰ ਨੂੰ ਦੋਬਾਰਾ ਖੋਲ੍ਹੇ ਜਾਣ ਨੂੰ ਲੈ ਕੇ ਸਵਾਲ ਪੁੱਛਦੇ ਹਨ। ਉਹ ਕਹਿੰਦੇ ਹਨ,''ਮੈਂ ਉਨ੍ਹਾਂ ਲੋਕਾਂ ਨੂੰ ਕਹਿੰਦਾ ਹਾਂ ਕਿ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਮੰਨ ਲਓ ਕਿ ਅਸੀਂ ਸਾਲ 2020 ਅਤੇ 2021 ਨੂੰ ਸਿਹਤ ਲਈ ਸਮਰਪਿਤ ਕਰ ਵੀ ਦੇਈਏ ਤਾਂ ਵੀ ਵਾਇਰਸ ਤੁਹਾਡੇ ਅਤੇ ਤੁਹਾਡੀ ਸ਼ਰਧਾ ਵਿਚਾਲੇ ਨਹੀਂ ਆ ਸਕਦਾ। ਤੁਸੀਂ ਜਿੱਥੇ ਹੋ, ਉੱਥੇ ਹੀ ਰਹਿੰਦਿਆਂ ਦੇਵੀ ਦੀ ਪੂਜਾ ਕਰ ਸਕਦੇ ਹੋ।''
ਮਹੰਤ ਦੱਸਦੇ ਹਨ ਕਿ ਤੁਲਜਾ ਭਵਾਨੀ ਦੇ ਭਗਤ ਉਨ੍ਹਾਂ ਦੇ ਦਰਸ਼ਨ ਕਰਨਾ ਲੋਚਦੇ ਹਨ ਜਾਂ ਘੱਟੋ-ਘੱਟ ਮੰਦਰ ਦੇ ਬੂਹੇ ਤੋਂ ਹੀ ਮੱਥਾ ਟੇਕ ਲੈਣਾ ਚਾਹੁੰਦੇ ਹਨ।
ਜਿਵੇਂ ਕਿ ਤੁਕੋਜੀਬੂਆ ਆਪਣੀ ਗੱਲ ਮੁਕਾਉਂਦੇ ਹਨ, ਉਨ੍ਹਾਂ ਦਾ ਫ਼ੋਨ ਵੱਜਣ ਲੱਗਦਾ ਹੈ। ਇਹ ਫ਼ੋਨ ਤੁਲਜਾਪੁਰ ਤੋਂ ਕਰੀਬ 300 ਕਿ.ਮੀ ਦੂਰ, ਪੂਨੇ ਦੇ ਇੱਕ ਭਗਤ ਦਾ ਹੈ।
'' ਸ਼ਾਂਸ਼ਟਾਂਗ ਨਮਸਕਾਰ, '' ਭਗਤ ਨੇ ਅਦਬ ਨਾਲ਼ ਕਿਹਾ।
''ਤੁਹਾਡਾ ਕੀ ਹਾਲ ਹੈ?'' ਮਹੰਤ ਨੇ ਪੁੱਛਿਆ।
ਪੂਨੇ ਤੋਂ ਫ਼ੋਨ ਕਰਨ ਵਾਲ਼ੇ ਨੇ ਕਿਹਾ,''ਮੰਦਰ ਨੂੰ ਛੇਤੀ ਹੀ ਖੋਲ੍ਹਣ ਦੀ ਲੋੜ ਹੈ। ਸਾਨੂੰ ਸਕਾਰਾਤਮਕ ਸੋਚਣ ਦੀ ਲੋੜ ਹੈ। ਪਰਮਾਤਮਾ ਕਦੇ ਵੀ ਸਾਡੇ ਨਾਲ਼ ਮਾੜਾ ਨਹੀਂ ਕਰਦਾ। ਅਸੀਂ ਜੋ ਵੀ ਹਾਂ, ਤੁਲਜਾ ਭਵਾਨੀ ਦੇ ਕਾਰਨ ਹੀ ਹਾਂ। ਇੱਥੋਂ ਤੱਕ ਕਿ ਡਾਕਟਰ ਸਾਨੂੰ ਰੱਬ 'ਤੇ ਭਰੋਸਾ ਰੱਖਣ ਲਈ ਕਹਿੰਦੇ ਹਨ।''
ਤੁਕੋਜੀਬੂਆ ਉਨ੍ਹਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਉਹ ਮੰਦਰ ਦੀ ਪੂਜਾ ਨੂੰ ਆਨਲਾਈਨ ਦੇਖ ਲਿਆ ਕਰਨ। ਤਾਲਾਬੰਦੀ ਤੋਂ ਬਾਅਦ ਤੋਂ ਹੀ ਮੰਦਰ ਆਪਣੀ ਪੂਜਾ (ਆਰਤੀ) ਦਾ ਸਿੱਧਾ ਪ੍ਰਸਾਰਣ ਕਰ ਰਿਹਾ ਹੈ।
ਪਰ ਭਗਤ ਇਸ ਗੱਲੋਂ ਸੰਤੁਸ਼ਟ ਨਹੀਂ ਹੋਇਆ। ਉਹ ਪੁਜਾਰੀ ਨੂੰ ਕਹਿੰਦਾ ਹੈ,''ਕਰੋਨਾ ਮੰਦਰ ਦੀ ਭੀੜ ਨਾਲ਼ ਕਦੇ ਨਹੀਂ ਫ਼ੈਲੇਗਾ।'' ਉਹਦਾ ਕਹਿਣਾ ਹੈ ਕਿ ਮੰਦਰ ਖੁੱਲ੍ਹਦਿਆਂ ਹੀ ਉਹ ਪੈਦਲ 300 ਕਿ.ਮੀ ਤੁਰ ਕੇ ਦੇਵੀ ਦੇ ਦਰਸ਼ਨ ਕਰਨ ਆਵੇਗਾ।
ਤਰਜਮਾ: ਕਮਲਜੀਤ ਕੌਰ