''ਹੁਰਰਰਰ...
ਹੇਹੇਹੇਹੇਹੇ... ਹੌ... ਹੇਹੇਹੇਹੇ... ਹੌ...''
ਸੂਰਜ ਨੇ ਡਰਾਉਣੀ ਜਿਹੀ ਦਿਲ ਚੀਰਵੀਂ ਅਵਾਜ਼ ਕੱਢੀ ਦੇ ਵੇਖਦੇ ਹੀ ਵੇਖਦੇ ਬਾਗ਼ ਵਿੱਚੋਂ ਦੀ ਉੱਡਦੇ ਪੰਛੀਆਂ ਨੇ ਪੂਰਾ ਅਸਮਾਨ ਭਰ ਦਿੱਤਾ। ਸੂਰਜ ਨਾਖ਼ਾਂ ਦੇ ਇਸ ਬਾਗ਼ ਦੀ ਰਾਖੀ ਕਰਦਾ ਹੈ ਤੇ ਬਾਗ਼ ਵਿੱਚ ਫਲ ਖਾਣ ਦੀ ਨੀਅਤ ਨਾਲ਼ ਆਉਣ ਵਾਲ਼ੇ ਪੰਛੀਆਂ ਨੂੰ ਇਹੋ-ਜਿਹੀ ਡਰਾਉਣੀਆਂ ਅਵਾਜ਼ਾਂ ਕੱਢ ਕੇ ਜਾਂ ਫਿਰ ਗੁਲੇਲ ਦੀ ਮਦਦ ਨਾਲ਼ ਢੀਂਡਾ (ਰੋੜਾ) ਮਾਰ ਭਜਾਉਂਦਾ ਹੈ।
ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਤਰਨ ਤਾਰਨ ਜ਼ਿਲ੍ਹੇ ਦਾ ਸ਼ਹਿਰ ਪੱਟੀ ਇੱਕ ਸਰਹੱਦੀ ਕਸਬਾ ਹੈ। ਇਹ ਇਲਾਕਾ ਬਾਗ਼ਾਂ ਲਈ ਜਾਣਿਆ ਜਾਂਦਾ ਹੈ। ਨਾਖਾਂ ਤੇ ਆੜੂਆਂ ਦੇ ਬਾਗ਼ਾਂ ਦੀ ਰਾਖੀ ਵਾਸਤੇ ਹਰ ਸਾਲ ਪ੍ਰਵਾਸੀ ਮਜ਼ਦੂਰ ਬੁਲਾਏ ਜਾਂਦੇ ਹਨ। ਬਾਗ਼ਾਂ ਦੀ ਰਾਖੀ ਦਾ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ ਫ਼ਲ ਖਾਣ ਦੀ ਨੀਅਤ ਨਾਲ਼ ਆਉਣ ਵਾਲ਼ੇ ਪੰਛੀਆਂ ਤੋਂ ਇਨ੍ਹਾਂ ਫਲਾਂ ਨੂੰ ਬਚਾਉਣਾ। ਭੋਜਨ ਦੀ ਭਾਲ਼ ਵਿੱਚ ਉੱਡਦੇ ਪੰਛੀਆਂ ਦੀਆਂ ਢਾਣੀਆਂ ਜਦੋਂ ਵੀ ਕਿਸੇ ਬਾਗ਼ 'ਤੇ ਧਾਵਾ ਬੋਲਦੀਆਂ ਹਨ ਤਾਂ ਇੱਕ ਵਾਰੀਂ ਤਾਂ ਰਾਖੇ ਦਾ ਬੌਂਦਲ ਜਾਣਾ ਸੁਭਾਵਕ ਹੋ ਜਾਂਦਾ ਹੈ। ਇਹ ਪੰਛੀ ਚੁੰਝਾਂ ਮਾਰ-ਮਾਰ ਕੇ ਫਲ ਤੋੜਦੇ ਹਨ ਤੇ ਕੁਝ ਹਿੱਸਾ ਖਾ ਕੇ ਬਾਕੀ ਦਾ ਹੇਠਾਂ ਸੁੱਟਦੇ ਰਹਿੰਦੇ ਹਨ। ਇਨ੍ਹਾਂ ਰਾਖਿਆਂ ਦਾ ਕੰਮ ਕੋਈ ਸੁਖ਼ਾਲਾ ਨਹੀਂ ਹੁੰਦਾ।
ਸੂਰਜ ਬਹਰਦਾਰ ਦੀ ਉਮਰ 15 ਸਾਲ ਹੈ ਤੇ ਦੋਏਕੜ (ਕਿੱਲੇ) ਦੇ ਇਸ ਨਾਖ਼ਾਂ ਦੇ ਬਾਗ਼ ਵਿੱਚ ਰਾਖੀ ਦਾ ਕੰਮ ਕਰਨ ਆਇਆ ਹੈ। ਬਾਗ਼ ਵਿੱਚ ਲੱਗੇ ਨਾਖ਼ਾਂ ਦੇ ਇਨ੍ਹਾਂ 144 ਬੂਟਿਆਂ ਦਾ ਉਹ ਇਕੱਲਾ ਰਾਖਾ ਹੈ। ਇਹ ਕੰਮ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਚੱਲਦਾ ਹੈ ਤੇ ਉਹਨੂੰ ਹਰ ਮਹੀਨੇ 8,000 ਰੁਪਏ ਬਤੌਰ ਤਨਖ਼ਾਹ ਮਿਲ਼ਦੇ ਹਨ।
ਸੂਰਜ ਦੱਸਦਾ ਹੈ,''ਜਦੋਂ ਨਾਖ਼ਾਂ ਦੇ ਇਨ੍ਹਾਂ ਬੂਟਿਆਂ ਨੂੰ ਫੁੱਲ ਲੱਗਣ ਲੱਗਦੇ ਹਨ ਤਾਂ ਇਨ੍ਹਾਂ ਬਾਗ਼ਾਂ ਦੇ ਮਾਲਕ ਆਪੋ-ਆਪਣੇ ਬਾਗ਼ਾਂ ਨੇ ਠੇਕੇ 'ਤੇ ਦੇ ਦਿੰਦੇ ਹਨ। ਇਨ੍ਹਾਂ ਬਾਗ਼ਾਂ ਨੂੰ ਠੇਕੇ 'ਤੇ ਲੈਣ ਵਾਲ਼ੇ ਠੇਕੇਦਾਰ ਇਨ੍ਹਾਂ ਦੀ ਰਾਖੀ ਵਾਸਤੇ ਰਾਖੇ ਰੱਖਦੇ ਹਨ।'' ਇਹ ਰਾਖੇ ਅਕਸਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਉਣ ਵਾਲ਼ੇ ਪ੍ਰਵਾਸੀ ਮਜ਼ਦੂਰ ਹੀ ਹੁੰਦੇ ਹਨ।
ਸੂਰਜ, ਬਿਹਾਰ ਦਾ ਰਹਿਣ ਵਾਲ਼ਾ ਹੈ ਤੇ ਕਰੀਬ 2,000 ਕਿਲੋਮੀਟਰ ਸਫ਼ਰ ਤੈਅ ਕਰਕੇ ਇੱਥੇ ਕੰਮ ਕਰਨ ਆਇਆ ਹੈ। ਪੱਟੀ ਤੱਕ ਅਪੜਨ ਵਾਸਤੇ ਪਹਿਲਾਂ ਸੂਰਜ ਨੂੰ ਬਿਹਾਰ ਦੇ ਅਰੱਰੀਆ ਜ਼ਿਲ੍ਹੇ ਦੇ ਭਾਗਪਰਵਾਹਾ ਪਿੰਡੋਂ 144 ਕਿਲੋਮੀਟਰ ਦੂਰ ਸਥਿਤ ਸਹਰਸਾ ਜਾਣਾ ਪਿਆ। ਉਸ ਤੋਂ ਬਾਅਦ ਉਹ ਰੇਲ 'ਤੇ ਸਵਾਰ ਹੋ 1732 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਹੋਇਆ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ। ਜਿੱਥੋਂ ਫਿਰ ਉਹ ਬਾਗ਼ਾਂ ਦੇ ਮਾਲਕਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਭੇਜੀ ਬੱਸ ਵਿੱਚ ਸਵਾਰ ਹੋਇਆ ਤੇ ਫਿਰ ਇੱਕ ਘੰਟੇ ਦਾ ਸਫ਼ਰ ਤੈਅ ਕਰਦਾ ਹੋਇਆ ਅਖ਼ੀਰ ਪੱਟੀ ਪਹੁੰਚਿਆ।
*****
ਸੂਰਜ, ਬਹਰਦਾਰ ਜਾਤੀ ਨਾਲ਼ ਸਬੰਧ ਰੱਖਦਾ ਹੈ, ਜੋ ਬਿਹਾਰ ਅੰਦਰ ਅਤਿ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਉਹਨੇ ਅੱਠਵੀਂ ਤੀਕਰ ਪੜ੍ਹਾਈ ਕੀਤੀ ਸੀ, ਪਰ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹ ਅੱਗੇ ਪੜ੍ਹਾਈ ਜਾਰੀ ਨਾ ਰੱਖ ਸਕਿਆ। ਬੜੇ ਹਿਰਖੇ ਮਨ ਨਾਲ਼ ਸੂਰਜ ਕਹਿੰਦਾ ਹੈ,''ਮਜ਼ਬੂਰੀ ਹੀ ਮੈਨੂੰ ਇੱਥੇ ਖਿੱਚ ਲਿਆਈ। ਪਰ, ਹੁਣ ਜਦੋਂ ਵੀ ਮੈਂ ਘਰ ਮੁੜਾਂਗਾ, ਆਪਣੀ ਕਮਾਈ ਨਾਲ਼ ਅੱਗੇ ਪੜ੍ਹਾਈ ਕਰੂੰਗਾ।''
ਪੱਟੀ, ਪੰਜਾਬ ਦੇ ਮਾਝਾ ਖਿੱਤੇ ਵਿੱਚ ਆਉਂਦਾ ਹੈ ਤੇ ਤਰਨ ਤਾਰਨ ਤੋਂ ਕੋਈ 22 ਕਿਲੋਮੀਟਰ ਦੂਰ (ਦੱਖਣ ਵੱਲ) ਸਥਿਤ ਹੈ। ਇੱਥੋਂ ਤੱਕ ਕਿ ਪੱਟਿਓਂ ਲਾਹੌਰ ਸ਼ਹਿਰ ਵੀ 36 ਮੀਲ਼ ਹੀ ਦੂਰ ਹੈ। ਇੱਥੋਂ ਦੇ ਬਾਗ਼ਾਂ ਦੇ ਬਹੁਤੇਰੇ ਮਾਲਕ ਪੰਜਾਬ ਦੇ ਅਖੌਤੀ ਤੌਰ 'ਤੇ ਉੱਚੇ ਮੰਨੇ ਜਾਂਦੇ ਜੱਟ ਭਾਈਚਾਰੇ ਦੇ ਹੁੰਦੇ ਹਨ। ਇਨ੍ਹਾਂ ਮਾਲਕਾਂ ਕੋਲ਼ ਬਾਗ਼ ਦੀ ਜ਼ਮੀਨ ਤੋਂ ਇਲਾਵਾ ਅਨਾਜ ਵਾਸਤੇ ਅੱਡ ਤੋਂ ਜ਼ਮੀਨ ਵੀ ਹੁੰਦੀ ਹੈ।
ਜਿੱਥੇ ਨਾਖ਼ਾਂ ਅਤੇ ਆੜੂਆਂ ਦੇ ਬਾਗ਼ਾਂ ਦੀ ਰਾਖੀ ਸਾਲ ਵਿੱਚ ਸਿਰਫ਼ ਇੱਕੋ ਵਾਰ ਹੀ ਕਰਨ ਦੀ ਲੋੜ ਪੈਂਦੀ ਹੈ, ਉੱਥੇ ਅਮਰੂਦ ਦੇ ਬਾਗ਼ਾਂ ਦੀ ਰਾਖੀ ਸਾਲ ਵਿੱਚ ਦੋ ਵਾਰੀਂ ਕਰਨੀ ਪੈਂਦੀ ਹੈ। ਸੋ ਅਜਿਹੇ ਸਮੇਂ ਜਾਂ ਤਾਂ ਪੱਟੀ ਅਤੇ ਇਹਦੇ ਨੇੜਲੇ ਪਿੰਡਾਂ ਦੇ ਮਜ਼ਦੂਰ ਇਨ੍ਹਾਂ ਬਾਗ਼ਾਂ ਦੀ ਰਾਖੀ ਕਰਦੇ ਹਨ ਜਾਂ ਫਿਰ ਇੱਥੇ ਵਿਖੇ ਹੀ ਵੱਸ ਚੁੱਕੇ ਪ੍ਰਵਾਸੀ ਮਜ਼ਦੂਰ ਇਸ ਕੰਮ ਲਈ ਤਾਇਨਾਤ ਕੀਤੇ ਜਾਂਦੇ ਹਨ।
ਅਕਸਰ ਬਾਗ਼ਾਂ ਦੀ ਰਾਖੀ ਵਾਸਤੇ ਪ੍ਰਵਾਸ ਕਰਕੇ ਆਉਣ ਵਾਲ਼ੇ ਮਜ਼ਦੂਰ ਸੂਰਜ ਨਾਲ਼ੋਂ ਕਿਤੇ ਵਡੇਰੀ ਉਮਰ ਦੇ ਹੁੰਦੇ ਹਨ, ਇਸਲਈ ਇੰਨੀ ਛੋਟੀ ਉਮਰ ਦੇ ਰਾਖੇ ਦਾ ਇੰਝ ਬਾਗ਼ ਦੀ ਰਾਖੀ ਕਰਦੇ ਦੇਖਿਆ ਜਾਣਾ ਕੋਈ ਆਮ ਗੱਲਨਹੀਂ ਸੀ। ਕਦੇ ਸੂਰਜ ਪੰਛੀਆਂ ਦਾ ਉਡਾਉਂਦਾ ਨਜ਼ਰੀਂ ਪੈਂਦਾ, ਕਦੇ ਖਾਣਾ ਬਣਾ ਰਿਹਾ ਹੁੰਦਾ ਅਤੇ ਕਦੇ ਧੁੱਪੇ ਆਪਣੇ ਕੱਪੜੇ ਸੁੱਕਣੇ ਪਾ ਰਿਹਾ ਹੁੰਦਾ। ਸੂਰਜ ਮੁਤਾਬਕ, ਬਾਗ਼ ਦੇ ਮਾਲਕ ਉਸ ਕੋਲ਼ੋਂ ਆਪਣੇ ਘਰ ਦੀ ਸਾਫ਼-ਸਫ਼ਾਈ ਵੀ ਕਰਵਾਉਂਦੇ ਤੇ ਸਮਾਨ ਵਗੈਰਾ ਲੈਣ ਬਜ਼ਾਰ ਵੀ ਭੇਜਦੇ ਰਹਿੰਦੇ ਸਨ। ਬਿਹਾਰ ਵਾਪਸ ਮੁੜ ਗਏ ਸੂਰਜ ਨਾਲ਼ ਜਦੋਂ ਫ਼ੋਨ 'ਤੇ ਗੱਲ ਹੋਈ ਤਾਂ ਉਹਨੇ ਕਿਹਾ,''ਜੇ ਮੈਨੂੰ ਪਤਾ ਹੁੰਦਾ ਕਿ ਬਾਗ਼ ਦੀ ਰਾਖੀ ਦੇ ਨਾਮ 'ਤੇ ਮੇਰੇ ਕੋਲ਼ੋਂ ਇੰਨਾ ਕੰਮ ਲਿਆ ਜਾਵੇਗਾ ਤਾਂ ਮੈਂ ਕਦੇ ਵੀ ਉੱਥੇ (ਪੱਟੀ) ਨਾ ਆਉਂਦਾ।''
ਬਾਗ਼ਾਂ ਦੀ ਰਾਖੀ ਵਾਸਤੇ ਪੱਟੀ ਆਉਣ ਵਾਲ਼ੇ ਇਹ ਮਜ਼ਦੂਰ ਅਪ੍ਰੈਲ ਮਹੀਨੇ ਵਿੱਚ ਆਉਂਦੇ ਹਨ ਜਦੋਂ ਬੂਟਿਆਂ ਨੂੰ ਫੁੱਲ ਪੈਂਦੇ ਹਨ ਤੇ ਅਗਸਤ ਤੱਕ ਇੱਥੇ ਹੀ ਰਹਿੰਦੇ ਹਨ ਜਦੋਂ ਫ਼ਲਾਂ ਦੀ ਤੁੜਾਈ ਦਾ ਕੰਮ ਮੁਕੰਮਲ ਹੋ ਜਾਂਦਾ ਹੈ। ਇਨ੍ਹਾਂ 5 ਮਹੀਨਿਆਂ ਦਾ ਪੂਰਾ ਸਮਾਂ ਉਨ੍ਹਾਂ ਨੂੰ ਬਾਗ਼ ਵਿੱਚ ਰਹਿ ਕੇ ਹੀ ਗੁਜ਼ਾਰਨਾ ਪੈਂਦਾ ਹੈ। ਉਨ੍ਹਾਂ ਦੇ ਰਹਿਣ ਦੀ ਕੋਈ ਪੱਕੀ ਥਾਂ ਨਹੀਂ ਹੁੰਦੀ। ਬਾਗ਼ ਵਿੱਚ ਨਿਕਲ਼ਣ ਵਾਲ਼ੇ ਜ਼ਹਿਰੀਲੇ ਜਾਨਵਰਾਂ ਦੇ ਡਰ ਨੂੰ ਜਾਣਦੇ-ਸਮਝਦੇ ਹੋਇਆਂ ਵੀ ਮਜ਼ਬੂਰੀਵੱਸ ਉਨ੍ਹਾਂ ਨੂੰ ਬਾਗ਼ ਦੇ ਐਨ ਵਿਚਕਾਰ ਜਿਹੇ ਕਰਕੇ ਆਰਜ਼ੀ ਝੌਂਪੜੀ ਬਣਾ ਕੇ ਰਹਿਣਾ ਪੈਂਦਾ ਹੈ। ਇਹ ਝੌਂਪੜੀਆਂ ਬਾਂਸ ਦੀਆਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ 'ਤੇ ਤਿਰਪਾਲ ਦੀ ਛੱਤ ਪਾ ਲਈ ਜਾਂਦੀ ਹੈ। ਗਰਮੀ ਤੇ ਹੁੰਮਸ ਦੌਰਾਨ ਸੱਪ ਜਿਹੇ ਜ਼ਹਿਰੀਲੇ ਜੀਵਾਂ ਦਾ ਨਿਕਲ਼ਣਾ ਆਮ ਗੱਲ ਹੈ।
ਸੂਰਜ ਕਹਿੰਦਾ ਹੈ,''ਢਿੱਡ ਭਰਨਾ ਇੰਨੀ ਵੱਡੀ ਲੋੜ ਹੁੰਦੀ ਹੈ ਜਿਸ ਅੱਗੇ ਇਨ੍ਹਾਂ ਜਾਨਲੇਵਾ ਜੀਵਾਂ ਦਾ ਡਰ ਵੀ ਛੋਟਾ ਪੈ ਜਾਂਦਾ ਹੈ।'' ਪਰ ਹੁਣ ਕੰਮ ਛੱਡ ਕੇ ਬਦਰੰਗ ਹੱਥੀਂ ਘਰ ਮੁੜਨਾ ਬੜਾ ਔਖ਼ਾ ਕੰਮ ਹੈ।
*****
ਪੱਟੀ ਦੇ ਰਹਿਣ ਵਾਲ਼ੇ ਸ਼ਿੰਗਾਰਾ ਸਿੰਘ ਨੇ ਤਿੰਨਏਕੜ (ਕਿੱਲੇ) ਵਿੱਚ ਫ਼ੈਲਿਆ ਅਮਰੂਦ ਦਾ ਬਾਗ਼ ਠੇਕੇ 'ਤੇ ਲਿਆ ਹੈ। ਉਹ ਅਤੇ ਉਨ੍ਹਾਂ ਦੀ ਪਤਨੀ, ਪਰਮਜੀਤ ਕੌਰ ਦੋਵੇਂ ਰਲ਼ ਕੇ ਬਾਗ਼ ਦੀ ਰਾਖੀ ਕਰਦੇ ਹਨ। 49 ਸਾਲਾ ਸ਼ਿੰਗਾਰਾ ਸਿੰਘ ਮਹਿਰੇ ਸਿੱਖ ਹਨ, ਜੋ ਪੰਜਾਬ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਉਨ੍ਹਾਂ ਨੇ ਇਹ ਬਾਗ਼ ਦੋ ਸਾਲਾਂ ਲਈ ਠੇਕੇ 'ਤੇ ਲਿਆ ਹੈ ਤੇ ਬਦਲੇ ਵਿੱਚ 1 ਲੱਖ 10 ਹਜ਼ਾਰ ਰੁਪਏ ਅਦਾ ਕੀਤੇ ਹਨ। ਸ਼ਿੰਗਾਰਾ ਸਿੰਘ ਮੁਤਾਬਕ,''ਮੈਨੂੰ ਇਹ ਬਾਗ਼ ਬੜਾ ਸੁਵੱਲਾ ਮਿਲ਼ ਗਿਆ, ਕਿਉਂਕਿ ਮਾਲਕ ਨੇ ਜ਼ਮੀਨ ਦੇ ਹਿਸਾਬ ਨਾਲ਼ ਨਹੀਂ ਸਗੋਂ ਬੂਟਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਠੇਕੇ ਦੀ ਰਕਮ ਤੈਅ ਕੀਤੀ ਹੈ।''
ਉਹ ਦੱਸਦੇ ਹਨ ਕਿ ਵੈਸੇ ਤਾਂ ਅਮਰੂਦ ਦੇ ਇੱਕਏਕੜ (ਕਿੱਲੇ) ਬਾਗ਼ ਵਿੱਚ 55-56 ਬੂਟੇ ਲਾਏ ਜਾਂਦੇ ਹਨ ਪਰ ਉਨ੍ਹਾਂ ਨੇ ਜੋ ਬਾਗ਼ ਠੇਕੇ 'ਤੇ ਲਿਆ ਹੈ ਉਸ ਅੰਦਰ ਸਿਰਫ਼ 60 ਕੁ ਬੂਟੇ ਹੀ ਲੱਗੇ ਹੋਏ ਹਨ। ਮੰਡੀ ਵਿੱਚ ਅਮਰੂਦ ਵੇਚ ਕੇ ਉਨ੍ਹਾਂ ਨੂੰ ਸਾਲ ਦੀ ਸਿਰਫ਼ 50,000-55,000 ਰੁਪਏ ਦੀ ਹੀ ਕਮਾਈ ਹੁੰਦੀ ਹੈ। ਅੱਗੇ ਉਹ ਕਹਿੰਦੇ ਹਨ,''ਹੁਣ ਤੁਸੀਂ ਆਪ ਹੀ ਸੋਚੋ ਇੰਨੀ ਮਾਮੂਲੀ ਕਮਾਈ ਵਿੱਚ ਅਸੀਂ ਕਿਸੇ ਰਾਖੇ ਨੂੰ ਰੱਖਣ ਬਾਰੇ ਸੋਚ ਵੀ ਕਿਵੇਂ ਸਕਦੇ ਹਾਂ।''
ਸ਼ਿੰਗਾਰਾ ਸਿੰਘ ਨੇ ਕਿਹਾ,''ਹੁਣ ਆਉਂਦੇ ਦੋ ਸਾਲਾਂ ਲਈ ਇਹ ਜ਼ਮੀਨ ਸਾਡੀ ਹੈ। ਸਿਆਲਾਂ ਵਿੱਚ ਅਸੀਂ, ਇੱਥੇ ਅਮਰੂਦਾਂ ਦੇ ਨਾਲ਼ ਹੇਠਾਂ ਖ਼ਾਲੀ ਪਈ ਜ਼ਮੀਨ 'ਤੇ ਸਬਜ਼ੀਆਂ ਵਗੈਰਾ ਬੀਜ ਲੈਂਦੇ ਹਾਂ ਤੇ ਮੰਡੀ ਵਿੱਚ ਜਾ ਕੇ ਵੇਚਦੇ ਹਾਂ। ਪਰ ਗਰਮੀ ਰੁੱਤੇ ਸਾਡੀ ਆਮਦਨੀ ਸਿਰਫ਼ ਤੇ ਸਿਰਫ਼ ਅਮਰੂਦਾਂ ਸਿਰ ਹੀ ਨਿਰਭਰ ਰਹਿੰਦੀ ਹੈ।''
ਬਾਗ਼ ਦੀ ਰਾਖੀ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਉਹ ਕਹਿੰਦੇ ਹਨ,''ਪੰਛੀਆਂ ਵਿੱਚ ਵੀ ਤੋਤੇ ਸਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੇ ਹਨ। ਅਮਰੂਦ ਉਨ੍ਹਾਂ ਦਾ ਮਨਪਸੰਦ ਫਲ ਹੈ। ਹਾਂ, ਪਰ ਜੇ ਪੂਰਾ ਫ਼ਲ ਖਾਣਾ ਹੋਵੇ ਤਾਂ ਅੱਡ ਗੱਲ ਹੈ, ਕਿਉਂਕਿ ਉਨ੍ਹਾਂ ਨੇ ਸਿਰਫ਼ ਬੀਜ਼ ਹੀ ਖਾਣਾ ਹੁੰਦਾ ਹੈ ਤੇ ਇੰਝ ਉਹ ਬਾਕੀ ਦਾ ਪੂਰਾ ਫ਼ਲ ਟੁੱਕ-ਟੁੱਕ ਹੇਠਾਂ ਸੁੱਟਦੇ ਰਹਿੰਦੇ ਹਨ।''
ਤੋਤਿਆਂ ਵਿੱਚ ਵੀ ਇੱਕ ਨਸਲ ਅਜਿਹੀ ਹੈ ਜੋ ਬਹੁਤ ਜ਼ਿਆਦਾ ਬਦਮਾਸ਼ੀ ਕਰਦੀ ਹੈ। ਇਸ ਬਾਰੇ ਸ਼ਿੰਗਾਰਾ ਸਿੰਘ ਦੱਸਦੇ ਹਨ,''ਤੋਤਿਆਂ ਵਿੱਚ ਵੀ ਅਲੈਗਜ਼ੈਂਡਰੀਨ (ਪਹਾੜੀ) ਨਸਲ ਦਾ ਤੋਤਾ ਸਭ ਤੋਂ ਵੱਧ ਤਬਾਹੀ ਮਚਾਉਂਦਾ ਹੈ। ਜੇ ਕਿਤੇ ਇਨ੍ਹਾਂ ਦੀ ਪੂਰੀ ਟੋਲੀ ਦਾਅਵਤ ਉਡਾਉਣ ਦੀ ਨੀਅਤ ਨਾਲ਼ ਬਾਗ਼ ਅੰਦਰ ਆ ਗਈ ਤਾਂ ਆਪਣਾ ਪੂਰਾ ਬਾਗ਼ ਤਬਾਹ ਸਮਝੋ।'' ਫਿਰ ਅਜਿਹੇ ਮੌਕਿਆਂ ਵੇਲ਼ੇ, ਇਨ੍ਹਾਂ ਰਾਖਿਆਂ ਨੂੰ ਉਨ੍ਹਾਂ ਹੀ ਦਿਲ-ਚੀਰਵੀਆਂ ਅਵਾਜ਼ਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਸੂਰਜ ਕੱਢਿਆ ਕਰਦਾ।
ਸੂਰਜ ਵਰਗੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਮੁਕਾਮੀ ਮਜ਼ਦੂਰਾਂ ਦੇ ਮੁਕਾਬਲੇ ਘੱਟ ਤਨਖ਼ਾਹ 'ਤੇ ਰੱਖਿਆ ਜਾਂਦਾ ਹੈ। ਸ਼ਿੰਗਾਰਾ ਸਿੰਘ ਕਹਿੰਦੇ ਹਨ,''ਯੂਪੀ-ਬਿਹਾਰ ਦੇ ਮਜ਼ਦੂਰ ਘੱਟ ਤਨਖ਼ਾਹ ਲੈ ਕੇ ਵੀ ਰਾਖੀ ਦਾ ਕੰਮ ਕਰਨ ਨੂੰ ਰਾਜ਼ੀ ਹੋ ਜਾਂਦੇ ਹਨ ਤੇ ਨਾਲ਼ੇ ਠੇਕੇਦਾਰਾਂ ਨੂੰ ਉਨ੍ਹਾਂ ਦੇ ਪੰਜੀਕਰਨ ਵਗੈਰਾ ਕਰਾਉਣ ਦੇ ਚੱਕਰਾਂ ਵਿੱਚ ਪੈਣ ਤੋਂ ਵੀ ਛੁੱਟੀ ਮਿਲ਼ ਜਾਂਦੀ ਹੈ।''
ਸਾਲ 2011 ਦੀ ਮਰਦਮਸ਼ੁਮਾਰੀ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਕੰਮ ਦੀ ਤਲਾਸ਼ ਵਿੱਚ ਪ੍ਰਵਾਸ ਕਰਨ ਵਾਲ਼ੇ ਮਜ਼ਦੂਰਾਂ ਦਾ ਅੰਕੜਾ ਸਭ ਤੋਂ ਵੱਧ ਪਾਇਆ ਗਿਆ। ਇਨ੍ਹਾਂ ਵਿੱਚੋਂ ਬਹੁਤੇਰੇ ਮਜ਼ਦੂਰ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਪਿਛੜੀਆਂ ਜਾਤਾਂ ਨਾਲ਼ ਤਾਅਲੁੱਕ ਰੱਖਦੇ ਹਨ ਅਤੇ ਫ਼ੈਕਟਰੀਆਂ, ਖੇਤਾਂ, ਇੱਟ-ਭੱਠਿਆਂ ਤੇ ਬਾਗ਼ਾਂ ਵਿੱਚ ਮਜ਼ਦੂਰੀ ਕਰਦੇ ਹਨ। ਕਿਸੇ ਵੀ ਸਰਕਾਰੀ ਸੰਸਥਾ ਦੇ ਕੋਲ਼ ਇਨ੍ਹਾਂ ਪ੍ਰਵਾਸ ਕਰਕੇ ਆਏ/ਗਏ ਮਜ਼ਦੂਰਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਅਤੇ ਨਾ ਹੀ ਮਜ਼ਦੂਰਾਂ ਵਿਚਾਲੇ ਕੰਮ ਕਰਨ ਵਾਲ਼ੀ ਕਿਸੇ ਟ੍ਰੇਡ-ਯੂਨੀਅਨ ਜਾਂ ਸੰਗਠਨ ਕੋਲ਼ ਇੰਨੇ ਵਸੀਲੇ ਹੀ ਹੁੰਦੇ ਹਨ ਕਿ ਉਹ ਇਨ੍ਹਾਂ ਮਜ਼ਦੂਰਾਂ ਦੇ ਅੰਕੜੇ ਇਕੱਠੇ ਕਰ ਸਕੇ।
ਸਮਾਜਿਕ ਕਾਰਕੁੰਨ ਕੰਵਲਜੀਤ ਸਿੰਘ ਇਹ ਨੁਕਤਾ ਚੁੱਕਦੇ ਹਨ ਤੇ ਕਹਿੰਦੇ ਹਨ,''ਪ੍ਰਵਾਸੀ ਮਜ਼ਦੂਰ ਦੂਹਰੀ ਮਾਰ ਝੱਲਦੇ ਹਨ। ਅੰਤਰ-ਰਾਜੀ ਪ੍ਰਵਾਸੀ ਮਜ਼ਦੂਰ ਐਕਟ ਇਨ੍ਹਾਂ ਮਜ਼ਦੂਰਾਂ ਅਤੇ ਉਨ੍ਹਾਂ ਕੋਲ਼ੋਂ ਕੰਮ ਲੈਣ ਵਾਲ਼ਿਆਂ ਦਾ ਪੰਜੀਕਰਨ ਲਾਜ਼ਮੀ ਬਣਾਉਂਦਾ ਹੈ, ਫਿਰ ਵੀ ਸ਼ਾਇਦ ਹੀ ਇਸ ਕਨੂੰਨ ਦੀ ਕਿਤੇ ਵੀ ਕੋਈ ਪਾਲਣਾ ਕੀਤੀ ਜਾਂਦੀ ਹੋਵੇ।'' ਕੰਵਲਜੀਤ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਹਨ। ਉਹ ਅੱਗੇ ਕਹਿੰਦੇ ਹਨ,''ਫ਼ਲਸਰੂਪ ਇੱਥੇ ਪ੍ਰਵਾਸ ਕਰਕੇ ਆਉਣ ਵਾਲ਼ੇ ਇਨ੍ਹਾਂ ਮਜ਼ਦੂਰਾਂ ਦਾ ਕਿਤੇ ਕੋਈ ਅੰਕੜਾ ਨਹੀਂ ਮਿਲ਼ਦਾ। ਇਨ੍ਹਾਂ ਸਭ ਕਾਰਨਾਂ ਕਰਕੇ, ਉਹ ਆਪਣੇ ਲਈ ਬਣੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਹਾ ਚੁੱਕਣੋਂ ਵੀ ਵਾਂਝੇ ਰਹਿ ਜਾਂਦੇ ਹਨ।''
*****
ਦੋਏਕੜ (ਕਿੱਲੇ) ਦੇ ਇਸ ਬਾਗ਼ ਅੰਦਰ ਨਾਖ਼ਾਂ ਦੇ 144 ਬੂਟੇ ਹਨ। 15 ਸਾਲਾ ਸੂਰਜ ਇਨ੍ਹਾਂ ਸਾਰੇ ਬੂਟਿਆਂ ਦੀ ਰਾਖੀ ਕਰਨ ਵਾਲ਼ਾ ਇਕੱਲਾ ਰਾਖਾ ਹੈ। ਰਾਖੀ ਦਾ ਉਹਦਾ ਕੰਮ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਚੱਲਣਾ ਹੈ ਜਿਸ ਬਦਲੇ ਉਹਨੂੰ 8,000 ਰੁਪਿਆ ਮਹੀਨਾ ਦਿੱਤਾ ਜਾਂਦਾ ਹੈ
ਸੂਰਜ ਦੇ ਪਿਤਾ, 37 ਸਾਲਾ ਅਨੀਰੁੱਧ ਬਹਰਦਾਰ ਅਰੱਰੀਆ ਜ਼ਿਲ੍ਹੇ ਦੇ ਭਾਗਪਰਵਾਹਾ ਪਿੰਡ ਵਿਖੇ ਪਟਵਾਰੀ ਦੇ ਸਹਾਇਕ ਵਜੋਂ ਕੰਮ ਕਰਦੇ ਹਨ। ਇਸ ਕੰਮ ਬਦਲੇ ਉਨ੍ਹਾਂ ਨੂੰ ਮਹੀਨੇ ਦਾ 12,000 ਰੁਪਿਆ ਮਿਲ਼ਦਾ ਹੈ- ਇਹੀ ਕਮਾਈ ਹੀ ਪਰਿਵਾਰ ਦੀ ਬੱਝੀ ਆਮਦਨੀ ਹੈ। ਸੂਰਜ ਮੁਤਾਬਕ, ਉਹਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਕਮਾਈ ਵਾਸਤੇ ਇੰਨੀ ਦੂਰ ਜਾਵੇ, ਪਰ ਪਰਿਵਾਰ ਕੋਲ਼ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਸੂਰਜ ਕਹਿੰਦਾ ਹੈ,''ਮੈਂ ਆਪਣੇ ਇੱਕ ਰਿਸ਼ਤੇਦਾਰ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ਉੱਥੇ ਬੜਾ ਪੈਸਾ ਮਿਲ਼ਦਾ ਹੈ।'' ਇਸੇ ਲਈ ਉਹਨੇ ਪੰਜਾਬ ਆਉਣ ਲਈ ਆਪਣਾ ਮਨ ਪੱਕਾ ਕਰ ਲਿਆ।
ਸੂਰਜ ਦਾ ਘਰ ਕੱਚਾ ਹੈ ਅਤੇ ਛੱਤ ਖਪਰੈਲ਼ ਦੀ ਬਣੀ ਹੋਈ ਹੈ। ਉਹਦੀ ਮਾਂ ਸੂਰਤੀ ਦੇਵੀ ਦੱਸਦੀ ਹਨ,''ਮੀਂਹ ਦੇ ਦਿਨੀਂ ਪਾਣੀ ਘਰ ਦੇ ਅੰਦਰ ਵੜ੍ਹ ਜਾਂਦਾ ਹੈ। ਸਾਡੇ ਪਿੰਡ ਦੇ ਸਾਰੇ ਘਰ ਕੱਚੇ ਹੀ ਹਨ, ਬੱਸ ਕੁਝ ਕੁ ਘਰਾਂ ਦੀਆਂ ਛੱਤਾਂ ਟੀਨ ਦੀਆਂ ਹਨ।'' ਸੂਰਜ ਨੇ ਪੰਜਾਬ ਵਿੱਚ ਰਹਿ ਕੇ ਜੋ ਪੈਸਾ ਕਮਾਇਆ ਸੀ ਉਹ ਘਰ ਦੀ ਮੁਰੰਮਤ 'ਤੇ ਹੀ ਖ਼ਰਚ ਹੋ ਗਿਆ ਤੇ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਯੋਜਨਾ ਨੂੰ ਸਿਰੇ ਨਾ ਚਾੜ੍ਹ ਸਕਿਆ। ਘਰ ਮੁੜ ਚੁੱਕੇ ਸੂਰਜ ਨੇ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਕਿਹਾ,''ਜਾਪਦਾ ਹੈ ਨਾ ਚਾਹੁੰਦੇ ਹੋਏ ਵੀ ਮੈਨੂੰ ਦੋਬਾਰਾ ਪੰਜਾਬ ਆਉਣਾ ਪਊਗਾ।''
35 ਸਾਲਾ ਸੂਰਤੀ ਦੇਵੀ ਘਰ-ਬਾਰ ਸਾਂਭਦੀ ਹਨ ਤੇ ਲੋੜ ਪੈਣ 'ਤੇ ਮਜ਼ਦੂਰੀ ਵੀ ਕਰ ਲੈਂਦੀ ਹਨ। ਸੂਰਜ ਦੇ ਤਿੰਨੋਂ ਭਰਾ ਸਰਕਾਰੀ ਸਕੂਲ ਪੜ੍ਹਦੇ ਹਨ। 13 ਸਾਲਾ ਨੀਰਜ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ, 11 ਸਾਲਾ ਵਿਪਿਨ ਚੌਥੀ ਜਮਾਤ ਵਿੱਚ ਤੇ ਸਭ ਤੋਂ ਛੋਟਾ ਭਰਾ 6 ਸਾਲਾ ਆਸ਼ੀਸ਼ ਅਜੇ ਨਰਸਰੀ ਵਿੱਚ ਹੀ ਹੈ। ਪਰਿਵਾਰ ਨੇ 2.5ਏਕੜ (ਕਿੱਲੇ) ਦੇ ਕਰੀਬ ਜ਼ਮੀਨ ਠੇਕੇ 'ਤੇ ਲਈ ਹੋਈ ਹੈ, ਜਿਸ ਵਿੱਚੋਂ 1.5 ਏਕੜ (ਕਿੱਲੇ) ਵਿੱਚ ਪੋਖਰ (ਛਪੜੀ) ਬਣਾ ਕੇ ਮੱਛੀਆਂ ਪਾਲਣ ਦਾ ਕੰਮ ਕੀਤਾ ਜਾਂਦਾ ਹੈ। ਬਾਕੀ ਦੇ ਇੱਕ ਏਕੜ (ਕਿੱਲੇ) ਵਿੱਚ ਪਰਿਵਾਰ ਝੋਨਾ ਤੇ ਸਬਜ਼ੀਆਂ ਉਗਾਉਂਦਾ ਹੈ। ਸੂਰਜ ਜਦੋਂ ਘਰ ਹੁੰਦਾ ਤਾਂ ਖੇਤ ਵਿੱਚ ਉੱਗਣ ਵਾਲ਼ੀ ਮਾੜੀ-ਮੋਟੀ ਸਬਜ਼ੀ ਵੇਚਣ ਵਾਸਤੇ ਮੰਡੀ ਲੈ ਜਾਂਦਾ। ਇਹ ਸਾਰੇ ਓਹੜ-ਪੋਹੜ ਕਰਕੇ ਵੀ ਪਰਿਵਾਰ ਸਾਲ ਦਾ ਮਸਾਂ 20,000 ਰੁਪਿਆ ਹੀ ਕਮਾ ਪਾਉਂਦਾ ਹੈ, ਪਰ ਇਹ ਕਮਾਈ ਵੀ ਕੋਈ ਬੱਝੀ ਕਮਾਈ ਨਹੀਂ ਹੈ।
ਹਾਲ ਦੀ ਘੜੀ ਸੂਰਜ ਆਪਣੇ ਪਿੰਡ ਹੀ ਰਹਿ ਰਿਹਾ ਹੈ ਤੇ ਭਵਿੱਖ ਦੀਆਂ ਫ਼ਿਕਰਾਂ ਨੇ ਉਹਨੂੰ ਘੇਰਾ ਪਾਇਆ ਹੋਇਆ ਹੈ। ਇੰਝ ਲੱਗਦਾ ਹੈ ਕਿ ਕਮਾਈ ਵਾਸਤੇ ਉਹਨੂੰ ਇੱਕ ਵਾਰੀਂ ਫਿਰ ਤੋਂ ਪੰਜਾਬ ਦਾ ਰਾਹ ਫੜ੍ਹਨਾ ਪੈਣਾ ਹੈ। ਹਾਲਾਂਕਿ, ਉਹ ਪੜ੍ਹਾਈ ਕਰਨੀ ਚਾਹੁੰਦਾ ਹੈ: ''ਬਾਕੀ ਬੱਚਿਆਂ ਨੂੰ ਸਕੂਲ ਜਾਂਦੇ ਦੇਖ ਮੇਰਾ ਵੀ ਸਕੂਲ ਜਾਣ ਦਾ ਮਨ ਕਰਦਾ ਹੈ।''